ਨਹੀਂ ਰੁਕ ਰਿਹਾ ਸਰਕਾਰੀ ਹਸਪਤਾਲਾਂ ਵਿਚ ਮਾੜੇ ਪ੍ਰਬੰਧਨ ਅਤੇ ਲਾਪਰਵਾਹੀ ਦਾ ਸਿਲਸਿਲਾ

Saturday, May 18, 2024 - 03:42 AM (IST)

ਲੋਕਾਂ ਨੂੰ ਸਸਤੀ ਅਤੇ ਚੰਗੀ ਸਿੱਖਿਆ ਅਤੇ ਸਿਹਤ, ਸਾਫ ਪੀਣ ਵਾਲਾ ਪਾਣੀ ਅਤੇ ਲਗਾਤਾਰ ਬਿਜਲੀ ਮੁਹੱਈਆ ਕਰਵਾਉਣੀ ਸਾਡੀਆਂ ਕੇਂਦਰ ਅਤੇ ਸੂਬਾ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਪਰ ਇਹ ਦੋਵੇਂ ਹੀ ਇਸ ’ਚ ਨਾਕਾਮ ਰਹੀਆਂ ਹਨ।

ਇਸ ਲਈ ਸਰਕਾਰੀ ਸਕੂਲਾਂ ’ਚ ਆਪਣੇ ਬੱਚਿਆਂ ਨੂੰ ਪੜ੍ਹਾਉਣ ਅਤੇ ਸਰਕਾਰੀ ਹਸਪਤਾਲਾਂ ’ਚ ਇਲਾਜ ਦੌਰਾਨ ਹੋਣ ਵਾਲੀਆਂ ਲਾਪ੍ਰਵਾਹੀਆਂ ਕਾਰਨ ਲੋਕ ਉਥੇ ਇਲਾਜ ਲਈ ਜਾਣ ਤੋਂ ਸੰਕੋਚ ਕਰਦੇ ਹਨ। ਸਰਕਾਰੀ ਹਸਪਤਾਲਾਂ ’ਚ ਇਲਾਜ ਦੌਰਾਨ ਵਰਤੀਆਂ ਗਈਆਂ ਲਾਪ੍ਰਵਾਹੀਆਂ ਦੇ ਕਾਰਨ ਹੋਣ ਵਾਲੀਆਂ ਕੁਝ ਤਾਜ਼ਾ ਦੁਖਦਾਈ ਘਟਨਾਵਾਂ ਹੇਠਾਂ ਦਰਜ ਹਨ :

* 7 ਫਰਵਰੀ, 2024 ਨੂੰ ਉੱਤਰ ਪ੍ਰਦੇਸ਼ ਦੇ ਪੀਲੀਭੀਤ ਸਥਿਤ ਸਰਕਾਰੀ ਜ਼ਿਲ੍ਹਾ ਹਸਪਤਾਲ ’ਚ ਐਮਰਜੈਂਸੀ ਡਿਊਟੀ ’ਤੇ ਤਾਇਨਾਤ ਡਾਕਟਰ ਵਲੋਂ ਗਰਭਵਤੀ ਔਰਤ ਨੂੰ ਭਰਤੀ ਕਰਨ ਤੋਂ ਨਾਂਹ ਕਰਨ ਅਤੇ ਸਮੇਂ ’ਤੇ ਇਲਾਜ ਨਾ ਮਿਲਣ ’ਤੇ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਉਥੇ ਬੈਂਚ ’ਤੇ ਲਿਟਾ ਦਿੱਤਾ। ਬੈਂਚ ’ਤੇ ਹੀ ਔਰਤ ਨੇ ਇਕ ਬੱਚੇ ਨੂੰ ਜਨਮ ਦਿੱਤਾ ਪਰ ਜਨਮ ਦੇ ਤੁਰੰਤ ਬਾਅਦ ਬੱਚੇ ਦੀ ਮੌਤ ਹੋ ਗਈ।

* 25 ਫਰਵਰੀ ਨੂੰ ਛੱਤੀਸਗੜ੍ਹ ਦੇ ‘ਕੋਰਿਆ’ ਦੇ ਸਰਕਾਰੀ ਹਸਪਤਾਲ ’ਚ ਡਾਕਟਰ ਨਾ ਹੋਣ ਦੇ ਕਾਰਨ ਨਰਸ ਨੇ ਇਕ ਔਰਤ ਦਾ ਜਣੇਪਾ ਕਰਵਾਇਆ ਪਰ ਉਸ ਦੇ ਬਾਅਦ ਦੋ ਦਿਨਾਂ ਤੱਕ ਕੋਈ ਦੇਖਭਾਲ ਨਾ ਹੋਣ ਦੇ ਕਾਰਨ ਔਰਤ ਦੇ ਨਵਜੰਮੇ ਬੱਚੇ ਦੀ ਮੌਤ ਹੋ ਗਈ। ਇਸ ਤੋਂ ਬਾਅਦ ਹਸਪਤਾਲ ਦੇ ਸਟਾਫ ਨੇ ਔਰਤ ਨੂੰ ਹਸਪਤਾਲ ਤੋਂ ਭਜਾ ਦਿੱਤਾ ਅਤੇ ਉਸ ਨਾਲ ਕੁੱਟਮਾਰ ਕੀਤੀ।

* 5 ਮਾਰਚ ਨੂੰ ਉੱਤਰ ਪ੍ਰਦੇਸ਼ ਦੇ ‘ਮਹੋਬਾ’ ਜ਼ਿਲੇ ਦੇ ਸਰਕਾਰੀ ਹਸਪਤਾਲ ’ਚ ਇਲਾਜ ਲਈ ਲਿਆਂਦੇ ਗਏ ਬੁਖਾਰ ਨਾਲ ਪੀੜਤ ਇਕ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਵਾਰਡ ’ਚ ਤਾਇਨਾਤ ਕਰਮਚਾਰੀ ਸ਼ਰਾਬ ਦੇ ਨਸ਼ੇ ’ਚ ਸੀ। ਇੰਜੈਕਸ਼ਨ ਲਗਾਉਣ ਲਈ ਜਦ ਨਸ ਮਿਲੀ ਤਾਂ ਉਸ ਨੇ 4-5 ਇੰਜੈਕਸ਼ਨ ਲਾ ਦਿੱਤੇ, ਜਿਸ ਨਾਲ ਮਾਸੂਮ ਦੀ ਹਾਲਤ ਹੋਰ ਵਿਗੜ ਜਾਣ ਨਾਲ ਉਸ ਦੀ ਮੌਤ ਹੋ ਗਈ।

* 3 ਮਈ ਨੂੰ ਮੁੰਬਈ ਦੇ ਇਕ ਸਰਕਾਰੀ ਮੈਟਰਨਿਟੀ ਹਸਪਤਾਲ ’ਚ ਬਿਜਲੀ ਚਲੇ ਜਾਣ ਤੋਂ ਬਾਅਦ ਲਗਭਗ 3 ਘੰਟਿਆਂ ਤੱਕ ਜਨਰੇਟਰ ਨਹੀਂ ਚਲਾਇਆ ਗਿਆ ਅਤੇ ਮੋਬਾਈਲ ਫੋਨ ਦੀ ਟਾਰਚ ਦੀ ਰੌਸ਼ਨੀ ’ਚ ਡਾਕਟਰਾਂ ਵਲੋਂ ਸਿਜ਼ੇਰੀਅਨ ਡਲਿਵਰੀ ਕਰਵਾਉਣ ਦੇ ਨਤੀਜੇ ਵਜੋਂ ਮਾਂ ਅਤੇ ਉਸ ਦੇ ਗਰਭ ’ਚ ਬੱਚੇ ਦੋਵਾਂ ਦੀ ਮੌਤ ਹੋ ਗਈ।

* 14 ਮਈ ਨੂੰ ਮੱਧ ਪ੍ਰਦੇਸ਼ ’ਚ ਭੋਪਾਲ ਸਥਿਤ ‘ਕਾਟਜੂ ਹਸਪਤਾਲ’ ’ਚ ਨਸਬੰਦੀ ਕਰਵਾਉਣ ਆਈ ਔਰਤ ਨੂੰ ਆਪ੍ਰੇਸ਼ਨ ਥੀਏਟਰ ’ਚ ਲਿਜਾ ਕੇ ਉਸ ਦੀ ਸਰਜਰੀ ਸ਼ੁਰੂ ਹੁੰਦਿਆਂ ਹੀ ਐਨੇਸਥੀਸੀਆ ਦੀ ਓਵਰਡੋਜ਼ ਦੇ ਕਾਰਨ ਸਿਹਤ ਖਰਾਬ ਹੋ ਜਾਣ ਨਾਲ ਮੌਤ ਹੋ ਗਈ।

* 15 ਮਈ ਨੂੰ ਮਹਾਰਾਸ਼ਟਰ ’ਚ ਨਾਗਪੁਰ ਸਥਿਤ ਸਰਕਾਰੀ ਹਸਪਤਾਲ ’ਚ ਗਲੇ ’ਚ ਗੰਢ ਦੇ ਆਪ੍ਰੇਸ਼ਨ ਦੌਰਾਨ ਇਕ ਔਰਤ ਦੀ ਮੌਤ ਹੋ ਜਾਣ ’ਤੇ ਮ੍ਰਿਤਕਾ ਦੇ ਪਤੀ ਵਲੋਂ ਆਪ੍ਰੇਸ਼ਨ ’ਚ ਲਾਪ੍ਰਵਾਹੀ ਵਰਤਣ ਦਾ ਦੋਸ਼ ਲਗਾਉਂਦੇ ਹੋਏ ਅਦਾਲਤ ’ਚ ਸ਼ਿਕਾਇਤ ਦਰਜ ਕਰਵਾਈ ਗਈ। ਇਸ ’ਤੇ ਸੁਣਵਾਈ ਤੋਂ ਬਾਅਦ ਅਦਾਲਤ ਦੇ ਹੁਕਮ ’ਤੇ ਹਸਪਤਾਲ ਦੇ ਡੀਨ ਸਮੇਤ 11 ਡਾਕਟਰਾਂ ’ਤੇ ਐੱਫ.ਆਈ.ਆਰ. ਦਰਜ ਕੀਤੀ ਗਈ।

* 16 ਮਈ ਨੂੰ ਕੇਰਲ ਦੇ ਕੋਝੀਕੋਡ ਸਥਿਤ ਸਰਕਾਰੀ ਮੈਡੀਕਲ ਕਾਲਜ ਦੇ ਮਾਂ ਅਤੇ ਬੱਚਾ ਦੇਖਭਾਲ ਕੇਂਦਰ ਹਸਪਤਾਲ ਦੇ ਡਾਕਟਰਾਂ ਨੇ 4 ਸਾਲਾਂ ਦੀ ਬੱਚੀ ਦੀ 6ਵੀਂ ਉਂਗਲ ਨੂੰ ਹਟਾਉਣ ਲਈ ਕੀਤੀ ਜਾਣ ਵਾਲੀ ਸਰਜਰੀ ਦੀ ਬਜਾਏ ਉਸ ਦੀ ਜੀਭ ਦਾ ਆਪ੍ਰੇਸ਼ਨ ਕਰ ਦਿੱਤਾ।

* 16 ਮਈ ਨੂੰ ਹੀ ਮੇਰਠ ਮੈਡੀਕਲ ਕਾਲਜ ’ਚ ਹਸਪਤਾਲ ਦੇ ਹੀ ਇਕ ਰਿਟਾਇਰਡ ਕਰਮਚਾਰੀ ਦੀ ਇਲਾਜ ਅਧੀਨ ਪਤਨੀ ਦੀ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਉਸ ਦੇ ਇਲਾਜ ’ਚ ਲਾਪ੍ਰਵਾਹੀ ਵਰਤੀ ਗਈ ਅਤੇ ਜੋ ਆਕਸੀਜਨ ਸਿਲੰਡਰ ਮਰੀਜ਼ ਨੂੰ ਲਾਇਆ ਗਿਆ ਉਸ ’ਚ ਆਕਸੀਜਨ ਹੀ ਨਹੀਂ ਸੀ।

* 17 ਮਈ ਨੂੰ ਮੱਧ ਪ੍ਰਦੇਸ਼ ਦੇ ਸ਼ਹਡੋਲ ਜ਼ਿਲੇ ਦੇ ‘ਬਿਓਹਾਰੀ ਸਿਵਲ ਹਸਪਤਾਲ’ ਵਿਚ ਇਲਾਜ ਲਈ ਲਿਆਂਦੇ ਗਏ ਇਕ 6 ਸਾਲ ਦੇ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਡਿਊਟੀ ਡਾਕਟਰ ’ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਸ ਨੇ ਇਲਾਜ ਲਈ ਜਾਂਚ ਦੇ ਨਾਂ ’ਤੇ 1150 ਰੁਪਏ ਲੈਣ ਦੇ ਬਾਵਜੂਦ ਸਮੇਂ ’ਤੇ ਇਲਾਜ ਨਹੀਂ ਕੀਤਾ।

* 17 ਮਈ ਨੂੰ ਹੀ ਦਿੱਲੀ ਸਥਿਤ ‘ਸੰਜੇ ਗਾਂਧੀ ਹਸਪਤਾਲ’ ’ਚ ਜਣੇਪੇ ਤੋਂ ਬਾਅਦ ਇਕ ਔਰਤ ਦੀ ਮੌਤ ਹੋ ਗਈ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਡਾਕਟਰਾਂ ਨੇ ਬਿਨਾਂ ਦੱਸਿਆਂ ਮਹਿਲਾ ਨੂੰ ‘ਕਾਪਰ-ਟੀ’ ਲਗਾ ਦਿੱਤੀ ਜਿਸ ਦੇ ਨਤੀਜੇ ਵਜੋਂ ਬਲੀਡਿੰਗ ਸ਼ੁਰੂ ਹੋ ਜਾਣ ਕਾਰਨ ਮਹਿਲਾ ਦੀ ਹਾਲਤ ਵਿਗੜਣ ਨਾਲ ਉਸ ਦੀ ਜਾਨ ਚਲੀ ਗਈ।

ਉਕਤ ਉਦਾਹਰਣਾਂ ਤੋਂ ਸਹਿਜੇ ਹੀ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਸਾਡੇ ਸਰਕਾਰੀ ਹਸਪਤਾਲ ਕਿਸ ਤਰ੍ਹਾਂ ਬਦਹਾਲੀ ਦੇ ਸ਼ਿਕਾਰ ਹੋ ਚੁੱਕੇ ਹਨ। ਸਰਕਾਰੀ ਹਸਪਤਾਲਾਂ ਦੀ ਇਹ ਦੁਰਦਸ਼ਾ ਯਕੀਨਨ ਹੀ ਇਕ ਭੱਖਦੀ ਸਮੱਸਿਆ ਹੈ, ਜੋ ਦੂਰ ਹੋਣੀ ਚਾਹੀਦੀ ਹੈ, ਨਹੀਂ ਤਾਂ ਇਸੇ ਤਰ੍ਹਾਂ ਹਸਪਤਾਲਾਂ ’ਚ ਅਣਸੁਖਾਵੀਆਂ ਘਟਨਾਵਾਂ ਹੁੰਦੀਆਂ ਰਹਿਣਗੀਆਂ।

–ਵਿਜੇ ਕੁਮਾਰ


Harpreet SIngh

Content Editor

Related News