ਸਕੂਲਾਂ, ਹਸਪਤਾਲਾਂ, ਹਵਾਈ ਅੱਡਿਆਂ, ਜੇਲਾਂ ਨੂੰ ਧਮਕੀਆਂ ਭੇਜਣ ਦਾ ਸਿਲਸਿਲਾ ਜਾਰੀ
Wednesday, May 15, 2024 - 03:11 AM (IST)
ਅੱਜਕਲ ਦੇਸ਼ ’ਚ ਆਖਰੀ ਪੜਾਅ ਵੱਲ ਵਧ ਰਹੀਆਂ ਚੋਣਾਂ ਜਿੱਥੇ ਮਜ਼ੇਦਾਰ ਬਣਦੀਆਂ ਜਾ ਰਹੀਆਂ ਹਨ ਉੱਥੇ ਮਾਹੌਲ ਵਿਗਾੜਨ, ਪ੍ਰਸ਼ਾਸਨ ’ਚ ਅਫਰਾ-ਤਫਰੀ ਫੈਲਾਉਣ ਅਤੇ ਲੋਕਾਂ ’ਚ ਡਰ ਪੈਦਾ ਕਰਨ ਲਈ ਸਮਾਜ ਵਿਰੋਧੀ ਅਨਸਰਾਂ ਵਲੋਂ ਧਮਕੀ ਭਰੀਆਂ ਈ-ਮੇਲਜ਼ ਸਕੂਲਾਂ, ਹਸਪਤਾਲਾਂ, ਹਵਾਈ ਅੱਡਿਆਂ, ਜੇਲਾਂ ਆਦਿ ਭੀੜ-ਭਾੜ ਵਾਲੇ ਸਥਾਨਾਂ ਦੇ ਪ੍ਰਬੰਧਕਾਂ ਨੂੰ ਭੇਜਣ ਦਾ ਸਿਲਸਿਲਾ ਵੀ ਜਾਰੀ ਹੈ, ਜਿਨ੍ਹਾਂ ਦੀਆਂ ਉਦਾਹਰਣਾਂ ਹੇਠਾਂ ਲਿਖੀਆਂ ਹਨ :
* 30 ਅਪ੍ਰੈਲ, 2024 ਨੂੰ ਦਿੱਲੀ ਸਥਿਤ ‘ਚਾਚਾ ਨਹਿਰੂ ਹਸਪਤਾਲ’ ਦੇ ਪ੍ਰਬੰਧਕਾਂ ਨੂੰ ਭੇਜੀ ਗਈ ਈ-ਮੇਲ ’ਚ ਹਸਪਤਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ।
* 1 ਮਈ ਨੂੰ ਦਿੱਲੀ-ਐੱਨ.ਸੀ.ਆਰ. ਦੇ 100 ਤੋਂ ਵੱਧ ਸਕੂਲਾਂ ’ਚ ਬੰਬ ਰੱਖੇ ਹੋਣ ਦੀ ਈ-ਮੇਲ ਭੇਜੀ ਗਈ ਜੋ ਬਾਅਦ ’ਚ ਪੁਲਸ ਜਾਂਚ ’ਚ ਫਰਜ਼ੀ ਪਾਈ ਗਈ।
* 6 ਮਈ ਨੂੰ ਗੁਜਰਾਤ ਦੇ ਅਹਿਮਦਾਬਾਦ ’ਚ ਲਗਭਗ ਅੱਧਾ ਦਰਜਨ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਈ-ਮੇਲ ਰਾਹੀਂ ਭੇਜੀ ਗਈ ਧਮਕੀ ਨਾਲ ਹੜਕੰਪ ਮਚ ਗਿਆ।
* 12 ਮਈ ਨੂੰ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਦੇ ਟਰਮੀਨਲ-3 ਅਤੇ ਬੁਰਾੜੀ ਹਸਪਤਾਲ, ਸੰਜੇ ਗਾਂਧੀ ਮੈਮੋਰੀਅਲ ਹਸਪਤਾਲ, ਗੁਰੂ ਤੇਗ ਬਹਾਦਰ ਹਸਪਤਾਲ, ਬਾੜਾ ਹਿੰਦੂ ਰਾਵ ਹਸਪਤਾਲ, ਜਨਕਪੁਰੀ ਸੁਪਰ-ਸਪੈਸ਼ਲਿਟੀ ਹਸਪਤਾਲ, ਦੀਨ ਦਿਆਲ ਉਪਾਧਿਆਏ ਹਸਪਤਾਲ, ਦਾਦਾ ਦੇਵ ਹਸਪਤਾਲ, ਅਰੁਣਾ ਆਸਿਫ ਅਲੀ ਹਸਪਤਾਲ ਸਮੇਤ 21 ਹਸਪਤਾਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਈ-ਮੇਲ ਰਾਹੀਂ ਭੇਜੀ ਗਈ।
* 12 ਮਈ ਨੂੰ ਹੀ ਸੀ.ਆਈ.ਐੱਸ.ਐੱਫ. ਦੀ ਅਧਿਕਾਰਕ ਆਈ.ਡੀ. ’ਤੇ ਈ-ਮੇਲ ਰਾਹੀਂ ਭੇਜੀ ਗਈ ਧਮਕੀ ’ਚ ਕਿਹਾ ਗਿਆ ਕਿ ਦਿੱਲੀ, ਜੈਪੁਰ, ਅਹਿਮਦਾਬਾਦ, ਗੁਹਾਟੀ, ਜੰਮੂ, ਲਖਨਊ, ਪਟਨਾ, ਅਗਰਤਲਾ, ਔਰੰਗਾਬਾਦ, ਬਾਗਡੋਗਰਾ, ਭੋਪਾਲ ਅਤੇ ਕਾਲੀਕਟ ਹਵਾਈ ਅੱਡਿਆਂ ਦੀਆਂ ਇਮਾਰਤਾਂ ’ਚ ਬੰਬ ਲੁਕਾਏ ਗਏ ਹਨ। ਈ-ਮੇਲ ’ਚ ਇਹ ਵੀ ਕਿਹਾ ਗਿਆ ਕਿ ਇਸ ਮੇਲ ਨੂੰ ਧਮਕੀ ਨਾ ਮੰਨੋ। ਕੁਝ ਹੀ ਘੰਟਿਆਂ ’ਚ ਧਮਾਕੇ ਹੋਣਗੇ।
* 12 ਮਈ ਨੂੰ ਹੀ ਉੱਤਰ ਰੇਲਵੇ ਦੇ ਮੁੱਖ ਜਨਸੰਪਰਕ ਅਧਿਕਾਰੀ (ਸੀ.ਪੀ.ਆਰ.ਓ.) ਦੇ ਦਫਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭੇਜੀ ਗਈ।
* 13 ਮਈ ਨੂੰ ਭੇਜੀ ਗਈ ਈ-ਮੇਲ ਰਾਹੀਂ ਲਖਨਊ ਦੇ 4 ਸਕੂਲਾਂ ’ਚ ਬੰਬ ਹੋਣ ਦੀ ਧਮਕੀ ਦਿੱਤੀ ਗਈ। ਇਸ ਤੋਂ ਬਾਅਦ ਸਕੂਲਾਂ ’ਚ ਤੁਰੰਤ ਛੁੱਟੀ ਕਰ ਕੇ ਬੱਚਿਆਂ ਨੂੰ ਸਕੂਲਾਂ ’ਚੋਂ ਬਾਹਰ ਕੱਢ ਕੇ ਉਨ੍ਹਾਂ ਦੇ ਮਾਪਿਆਂ ਨੂੰ ਸੰਦੇਸ਼ ਭੇਜ ਦਿੱਤਾ ਗਿਆ ਕਿ ਉਹ ਆਪਣੇ ਬੱਚਿਆਂ ਨੂੰ ਆ ਕੇ ਲੈ ਜਾਣ।
* 13 ਮਈ ਨੂੰ ਹੀ ਸਵੇਰੇ-ਸਵੇਰੇ ਰਾਜਸਥਾਨ ’ਚ ਜੈਪੁਰ ਦੇ 68 ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਇਕ ਹੀ ਸਮੇਂ ’ਤੇ ਈ-ਮੇਲ ਰਾਹੀਂ ਸਕੂਲਾਂ ਨੂੰ ਬੰਬ ਨਾਲ ਉਡਾ ਦੇਣ ਦੀ ਧਮਕੀ ਮਿਲੀ ਜਿਸ ਦੇ ਤੁਰੰਤ ਬਾਅਦ ਸਾਰੇ ਸਕੂਲਾਂ ਨੂੰ ਖਾਲੀ ਕਰਵਾ ਲਿਆ ਗਿਆ। ਇਸ ਚਿਤਾਵਨੀ ਨੇ ਰਾਜਸਥਾਨ ਦੇ ਲੋਕਾਂ ’ਚ ਦਹਿਸ਼ਤ ਭਰ ਦਿੱਤੀ ਕਿਉਂਕਿ 16 ਸਾਲ ਪਹਿਲਾਂ 13 ਮਈ, 2008 ਦੇ ਦਿਨ ਜੈਪੁਰ ’ਚ 15 ਮਿੰਟਾਂ ਦੇ ਅੰਦਰ ਹੋਏ 9 ਬੰਬ ਧਮਾਕਿਆਂ ’ਚ 71 ਲੋਕਾਂ ਦੀ ਮੌਤ ਅਤੇ 216 ਤੋਂ ਵੱਧ ਲੋਕ ਜ਼ਖਮੀ ਹੋ ਗਏ ਸਨ।
* 13 ਮਈ ਨੂੰ ਹੀ ਕਰਨਾਟਕ ਦੇ ਬੈਂਗਲੁਰੂ ’ਚ 6 ਪ੍ਰਾਈਵੇਟ ਹਸਪਤਾਲਾਂ ਨੂੰ ਵੀ ਧਮਕੀ ਭਰੀਆਂ ਈ-ਮੇਲ ਮਿਲੀਆਂ, ਜਿਨ੍ਹਾਂ ’ਚ ਚਿਤਾਵਨੀ ਦਿੱਤੀ ਗਈ ਕਿ ‘‘ਤੁਹਾਡੀ ਇਮਾਰਤ ’ਚ ਧਮਾਕਾਖੇਜ਼ ਲਗਾ ਦਿੱਤੇ ਗਏ ਹਨ ਜੋ ਅਗਲੇ ਕੁਝ ਘੰਟਿਆਂ ’ਚ ਫਟ ਜਾਣਗੇ।’’
* 14 ਮਈ ਨੂੰ ਈ-ਮੇਲ ਰਾਹੀਂ ਦਿੱਲੀ ’ਚ ਫਿਰ 4 ਹਸਪਤਾਲਾਂ-ਗੁਰੂ ਤੇਗ ਬਹਾਦਰ ਹਸਪਤਾਲ, ਦਾਦਾ ਦੇਵ ਹਸਪਤਾਲ, ਹੈਡਗੇਵਾਰ ਹਸਪਤਾਲ ਅਤੇ ਦੀਪ ਚੰਦ ਬੰਧੂ ਹਸਪਤਾਲ ਤੋਂ ਇਲਾਵਾ ਤਿਹਾੜ ਜੇਲ੍ਹ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਜਿਸ ਤੋਂ ਬਾਅਦ ਤਿਹਾੜ ਜੇਲ ਦਾ ਪ੍ਰਸ਼ਾਸਨ ਅਲਰਟ ਮੋਡ ’ਤੇ ਆ ਗਿਆ।
ਚੰਗੀ ਗੱਲ ਇਹ ਹੈ ਕਿ ਉਕਤ ਸਾਰੇ ਮਾਮਲਿਆਂ ’ਚ ਅਲਰਟ ਮੋਡ ’ਚ ਆ ਕੇ ਸੁਰੱਖਿਆ ਦਸਤਿਆਂ ਵਲੋਂ ਕੀਤੀ ਗਈ ਤੁਰੰਤ ਕਾਰਵਾਈ ’ਚ ਕੋਈ ਸ਼ੱਕੀ ਵਸਤੂ ਨਹੀਂ ਮਿਲੀ ਅਤੇ ਸਾਰੀਆਂ ਈ-ਮੇਲਜ਼ ਹੁਣ ਤੱਕ ਝੂਠੀਆਂ ਹੀ ਸਾਬਿਤ ਹੋਈਆਂ ਹਨ। ਜਾਂਚ ’ਚ ਬੰਬ ਡਿਸਪੋਜ਼ਲ ਸਕੁਐਡ, ਫਾਇਰ ਡਿਪਾਰਟਮੈਂਟ, ਬੰਬ ਡਿਟੈਕਸ਼ਨ ਟੀਮ, ਸਥਾਨਕ ਪੁਲਸ, ਏ.ਟੀ.ਐੱਸ. ਕਮਾਂਡੋ, ਡੌਗ ਸਕੁਐਡ ਆਦਿ ਸ਼ਾਮਲ ਸਨ।
ਹਾਲਾਂਕਿ ਭੀੜ-ਭਾੜ ਵਾਲੇ ਵੱਖ-ਵੱਖ ਸੰਸਥਾਨਾਂ ਨੂੰ ਭੇਜੀਆਂ ਗਈਆਂ ਇਨ੍ਹਾਂ ਧਮਕੀ ਭਰੀਆਂ ਈ-ਮੇਲਜ਼ ਨਾਲ ਸੁਰੱਖਿਆ ਦਸਤਿਆਂ ਦੀ ਅਲਰਟਨੈੱਸ ਦੀ ਜਾਂਚ ਹੋ ਗਈ ਹੈ ਪਰ ਇਸ ਤਰ੍ਹਾਂ ਦੀ ਈ-ਮੇਲ ਭੇਜ ਕੇ ਪ੍ਰਸ਼ਾਸਨ ’ਚ ਅਫਰਾ-ਤਫਰੀ ਅਤੇ ਲੋਕਾਂ ’ਚ ਡਰ ਪੈਦਾ ਕਰਨਾ ਬਿਲਕੁਲ ਗ਼ਲਤ ਅਤੇ ਦੇਸ਼ਧ੍ਰੋਹ ਦੇ ਅਨੁਸਾਰ ਭਿਆਨਕ ਨਾ-ਮੁਆਫੀਯੋਗ ਅਪਰਾਧ ਹੈ।
ਦੱਸਿਆ ਜਾਂਦਾ ਹੈ ਕਿ ਇਨ੍ਹਾਂ ਧਮਕੀਆਂ ਲਈ ਵੱਖ-ਵੱਖ ਮੇਲਿੰਗ ਸਰਵਿਸਿਜ਼ ਦੀ ਵਰਤੋਂ ਕੀਤੀ ਗਈ, ਜਿਨ੍ਹਾਂ ’ਚ ‘ਰੂਸੀ ਮੇਲਿੰਗ ਸਰਵਿਸ’ ਵੀ ਸ਼ਾਮਲ ਹੈ। ਇਸ ਲਈ ਇਨ੍ਹਾਂ ਦੇ ਸਰੋਤਾਂ ਦਾ ਪਤਾ ਕਰ ਕੇ ਇਨ੍ਹਾਂ ਲਈ ਜ਼ਿੰਮੇਵਾਰ ਲੋਕਾਂ ਜਾਂ ਗਿਰੋਹਾਂ ਨੂੰ ਤੁਰੰਤ ਸਖਤ ਸਜ਼ਾ ਦੇਣੀ ਜ਼ਰੂਰੀ ਹੈ। ਇਸ ਦੇ ਨਾਲ ਹੀ ਜਿੱਥੇ ਕਿਤੇ ਵੀ ਧਮਕੀਆਂ ਮਿਲੀਆਂ ਹਨ, ਉੱਥੇ ਚੌਕਸੀ ਪੱਕੇ ਤੌਰ ’ਤੇ ਮਜ਼ਬੂਤ ਕੀਤੀ ਜਾਣੀ ਚਾਹੀਦੀ ਹੈ।
-ਵਿਜੇ ਕੁਮਾਰ