ਜ਼ਿਆਦਾ ਰਕਮ ਦੇ ਬਿਜਲੀ ਬਿੱਲਾਂ ਕਾਰਨ ਪ੍ਰੇਸ਼ਾਨ ਹੋ ਰਹੇ ਖਪਤਕਾਰ

02/10/2019 5:09:50 AM

ਸਾਡੇ ਸਰਕਾਰੀ ਮਹਿਕਮੇ ਸਮੇਂ-ਸਮੇਂ 'ਤੇ ਅਜਿਹੇ 'ਕਾਰਨਾਮੇ' ਕਰਦੇ ਰਹਿੰਦੇ ਹਨ, ਜਿਨ੍ਹਾਂ ਨਾਲ ਆਮ ਆਦਮੀ ਨੂੰ ਭਾਰੀ ਪ੍ਰੇਸ਼ਾਨੀ ਹੁੰਦੀ ਹੈ। ਵੱਖ-ਵੱਖ ਸੂਬਿਆਂ ਦੇ ਬਿਜਲੀ ਮਹਿਕਮਿਆਂ ਵਲੋਂ ਖਪਤਕਾਰਾਂ ਨੂੰ ਬਿਜਲੀ ਦੀ ਅਸਲੀ ਖਪਤ ਨਾਲੋਂ ਕਿਤੇ ਜ਼ਿਆਦਾ ਰਕਮ ਦੇ ਬਿੱਲ ਭੇਜ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ :
* ਜੂਨ 2018 'ਚ ਪਾਨੀਪਤ ਦੇ ਇਕ ਖਪਤਕਾਰ ਨੂੰ 8 ਲੱਖ ਰੁਪਏ ਦਾ ਬਿੱਲ ਭੇਜਿਆ ਗਿਆ। ਬਿੱਲ ਠੀਕ ਕਰਵਾ ਕੇ ਉਸ ਨੇ 5000 ਰੁਪਏ ਜਮ੍ਹਾ ਕਰਵਾਏ ਤਾਂ ਦਸੰਬਰ 'ਚ ਉਸ ਨੂੰ 42,000 ਰੁਪਏ ਅਤੇ ਫਿਰ ਅਗਲਾ ਬਿੱਲ 45,000 ਰੁਪਏ ਦਾ ਭੇਜਿਆ ਗਿਆ। ਕਈ ਦਿਨ ਗੇੜੇ ਮਾਰ ਕੇ ਬਿੱਲ ਠੀਕ ਕਰਵਾਇਆ ਤਾਂ 29,000 ਰੁਪਏ ਦਾ ਬਿੱਲ ਫੜਾ ਦਿੱਤਾ। 
* 16 ਨਵੰਬਰ 2018 ਨੂੰ ਮੁਜ਼ੱਫਰਪੁਰ 'ਚ ਸਥਿਤ ਐੱਸ. ਕੇ. ਐੱਮ. ਕਾਲਜ ਅਤੇ ਹਸਪਤਾਲ ਨੂੰ ਬਿਜਲੀ ਦਾ ਤਿੰਨ ਮਹੀਨਿਆਂ ਦਾ ਬਿੱਲ 3 ਕਰੋੜ ਰੁਪਏ ਭੇਜਿਆ ਗਿਆ, ਜਦਕਿ ਇਸ ਤੋਂ ਪਹਿਲਾਂ ਇਸ ਦਾ ਬਿੱਲ 5 ਲੱਖ ਰੁਪਏ ਮਾਸਿਕ ਆਉਂਦਾ ਸੀ। 
* 15 ਦਸੰਬਰ 2018 ਨੂੰ ਲਖਨਊ ਦੇ ਆਜ਼ਾਦ ਨਗਰ ਵਾਸੀ ਬਿਜਲੀ ਖਪਤਕਾਰ ਨੂੰ 60,000 ਰੁਪਏ ਦਾ ਬਿੱਲ ਭੇਜਿਆ ਗਿਆ, ਜਦਕਿ ਪਹਿਲਾਂ ਉਸ ਦਾ ਬਿੱਲ 800 ਤੋਂ 1000 ਰੁਪਏ ਦੇ ਦਰਮਿਆਨ ਆਉਂਦਾ ਸੀ। 
* 21 ਜਨਵਰੀ 2019 ਨੂੰ ਜੋਧਪੁਰ ਡਿਸਕਾਮ ਨੇ ਇਕ ਕਿਸਾਨ ਦੇ ਘਰ ਦਾ 21 ਲੱਖ, 68,732 ਰੁਪਏ ਦਾ ਬਿਜਲੀ ਦਾ ਬਿੱਲ ਭੇਜ ਦਿੱਤਾ। 
* 22 ਜਨਵਰੀ ਨੂੰ ਭਿੰਡ ਵਿਖੇ ਨੀਰਪੁਰਾ ਪਿੰਡ ਦੇ 50 ਤੋਂ ਜ਼ਿਆਦਾ ਕਿਸਾਨਾਂ ਨੇ ਬਿਨਾਂ ਕੁਨੈਕਸ਼ਨ ਦਿੱਤਿਆਂ ਹੀ ਉਨ੍ਹਾਂ ਨੂੰ ਬਿੱਲ ਫੜਾ ਦੇਣ ਦੇ ਵਿਰੁੱਧ ਕੰਪਨੀ ਦਫਤਰ ਦਾ ਘਿਰਾਓ ਕਰ ਕੇ ਧਰਨਾ ਦਿੱਤਾ। 
* 23 ਜਨਵਰੀ ਨੂੰ ਕੰਨੌਜ ਜ਼ਿਲੇ 'ਚ ਅਬਦੁਲ ਬਾਸਿਤ ਨਾਮੀ ਖਪਤਕਾਰ ਵਲੋਂ 178 ਯੂਨਿਟ ਬਿਜਲੀ ਖਪਤ ਕਰਨ ਦਾ ਬਿੱਲ 23 ਕਰੋੜ, 67 ਲੱਖ, 71524 ਰੁਪਏ ਭੇਜਿਆ ਗਿਆ। 
* 24 ਜਨਵਰੀ ਨੂੰ ਯੂ. ਪੀ. 'ਚ ਲਖੀਮਪੁਰ ਦੇ ਬਰਸੋਲਾ ਕਲਾਂ ਪਿੰਡ 'ਚ ਬਿਜਲੀ ਮਹਿਕਮੇ ਨੇ ਬਿਨਾਂ ਕੁਨੈਕਸ਼ਨ ਜੋੜੇ 13185 ਰੁਪਏ ਦਾ ਬਿੱਲ ਭੇਜ ਦਿੱਤਾ। 
* 31 ਜਨਵਰੀ ਨੂੰ ਹਿਸਾਰ ਦੇ ਆਰੀਆ ਨਗਰ 'ਚ ਅਧਿਕਾਰੀਆਂ ਵਲੋਂ ਆਯੋਜਿਤ ਖੁੱਲ੍ਹੇ ਦਰਬਾਰ 'ਚ ਸਭ ਤੋਂ ਵੱਧ ਸ਼ਿਕਾਇਤਾਂ ਬਿਜਲੀ ਦੇ ਗਲਤ ਬਿੱਲਾਂ ਕਾਰਨ ਪ੍ਰੇਸ਼ਾਨ ਲੋਕਾਂ ਵਲੋਂ ਆਈਆਂ, ਜਿਨ੍ਹਾਂ ਨੇ ਕਿਹਾ ਕਿ ਪਹਿਲਾਂ ਤਾਂ ਮਹਿਕਮਾ ਗਲਤ ਬਿੱਲ ਭੇਜਦਾ ਹੈ ਤੇ ਫਿਰ ਉਨ੍ਹਾਂ ਨੂੰ ਸਹੀ ਕਰਵਾਉਣ ਦੇ ਨਾਂ 'ਤੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਹੈ। 
* 31 ਜਨਵਰੀ ਨੂੰ ਹੀ ਸੋਨੀਪਤ 'ਚ ਗਲਤ ਬਿੱਲ ਭੇਜੇ ਜਾਣ ਦੇ ਵਿਰੋਧ 'ਚ ਕਈ ਲੋਕਾਂ ਨੇ ਇੰਡਸਟ੍ਰੀਅਲ ਏਰੀਆ ਸਬ-ਡਵੀਜ਼ਨ ਦਫਤਰ 'ਚ ਪਹੁੰਚ ਕੇ ਰੋਸ ਪ੍ਰਗਟਾਇਆ।
* 2 ਫਰਵਰੀ ਨੂੰ ਬਿਹਾਰ ਦੇ ਸਹਰਸਾ 'ਚ ਇਕ ਔਰਤ ਨੇ ਰੋਂਦੇ ਹੋਏ ਦੱਸਿਆ ਕਿ ਉਸ ਨੂੰ ਡੇਢ ਲੱਖ ਰੁਪਏ ਦਾ ਬਿਜਲੀ ਬਿੱਲ ਭੇਜਿਆ ਗਿਆ ਅਤੇ ਮਹਿਕਮੇ ਦੇ ਅਧਿਕਾਰੀਆਂ ਨੇ ਬਿੱਲ ਦੀ ਅਦਾਇਗੀ ਨਾ ਹੋਣ 'ਤੇ ਉਸ ਦੇ ਪਤੀ ਨੂੰ ਜੇਲ ਭਿਜਵਾ ਦਿੱਤਾ, ਜਿਸ ਨੂੰ ਜ਼ਮਾਨਤ 'ਤੇ ਰਿਹਾਅ ਕਰਵਾਉਣ ਲਈ ਉਸ ਨੂੰ ਵਿਆਜ 'ਤੇ ਪੈਸੇ ਲੈਣੇ ਪਏ।
* 5 ਫਰਵਰੀ ਨੂੰ ਮੁਰਾਦਾਬਾਦ ਦੇ ਇਕ ਵਿਅਕਤੀ ਨੂੰ 79953 ਰੁਪਏ ਬਿਜਲੀ ਬਿੱਲ ਜਮ੍ਹਾ ਕਰਵਾਉਣ ਲਈ ਕਿਹਾ ਗਿਆ, ਜਦਕਿ ਉਹ 14 ਸਤੰਬਰ 2011 ਨੂੰ ਆਪਣਾ ਕੁਨੈਕਸ਼ਨ ਕਟਵਾ ਚੁੱਕਾ ਸੀ। 
* 8 ਫਰਵਰੀ ਨੂੰ ਪੰਜਾਬ 'ਚ ਸੰਗਰੂਰ ਜ਼ਿਲੇ ਦੇ ਘਰਾਚੋਂ ਪਿੰਡ 'ਚ 'ਆਮ ਆਦਮੀ ਪਾਰਟੀ' ਵਲੋਂ ਸ਼ੁਰੂ ਕੀਤੇ ਗਏ 'ਬਿਜਲੀ ਅੰਦੋਲਨ' ਦੇ ਮੌਕੇ ਆਯੋਜਿਤ ਸਭਾ 'ਚ ਬੋਲਦਿਆਂ ਇਕ ਕਿਸਾਨ ਨੇ ਕਿਹਾ ਕਿ ਉਸ ਦੇ ਘਰ 'ਚ ਸਿਰਫ ਇਕ ਬੱਲਬ ਤੇ ਇਕ ਪੱਖਾ ਹੈ, ਜਿਸ ਦਾ ਉਸ ਨੂੰ 59752 ਰੁਪਏ ਬਿੱਲ ਭੇਜਿਆ ਗਿਆ ਹੈ। 
ਇਸੇ ਸਭਾ 'ਚ ਇਕ ਹੋਰ ਕਿਸਾਨ ਨੇ ਕਿਹਾ ਕਿ ਉਸ ਦੇ ਘਰ 'ਚ 2 ਪੱਖੇ ਅਤੇ 3 ਬੱਲਬ ਹਨ, ਜਿਨ੍ਹਾਂ ਦੀ ਖਪਤ ਦਾ 41240 ਰੁਪਏ ਬਿੱਲ ਇਸ ਸਾਲ 4 ਫਰਵਰੀ ਨੂੰ ਭੇਜਿਆ ਗਿਆ ਹੈ, ਜਦਕਿ ਸਰਦੀਆਂ ਹੋਣ ਕਾਰਨ ਉਹ ਪੱਖਿਆਂ ਦੀ ਵਰਤੋਂ ਵੀ ਨਹੀਂ ਕਰ ਰਹੇ। 
ਵੱਖ-ਵੱਖ ਸੂਬਿਆਂ ਦੇ ਬਿਜਲੀ ਮਹਿਕਮਿਆਂ ਵਲੋਂ ਅਸਲੀ ਖਪਤ ਨਾਲੋਂ ਜ਼ਿਆਦਾ ਰਕਮ ਦੇ ਬਿੱਲ ਭੇਜ ਕੇ ਖਪਤਕਾਰਾਂ ਨੂੰ ਪ੍ਰੇਸ਼ਾਨ ਕਰਨ ਦੇ ਇਹ ਤਾਂ ਕੁਝ ਨਮੂਨੇ ਮਾਤਰ ਹਨ, ਇਨ੍ਹਾਂ ਤੋਂ ਇਲਾਵਾ ਵੀ ਇਸੇ ਮਿਆਦ 'ਚ ਪਤਾ ਨਹੀਂ ਕਿੰਨੇ ਅਜਿਹੇ ਮਾਮਲੇ  ਹੋਏ ਹੋਣਗੇ। 
ਲੋਕਾਂ ਦਾ ਦੋਸ਼ ਹੈ ਕਿ ਰੀਡਿੰਗ ਲੈਣ ਤੋਂ ਬਾਅਦ ਵੀ ਬਿਜਲੀ ਮਹਿਕਮੇ ਵਾਲੇ ਮਨਮਰਜ਼ੀ ਦੇ ਬਿੱਲ ਬਣਾ ਕੇ ਘਰਾਂ 'ਚ ਭੇਜ ਰਹੇ ਹਨ। ਲੋਕਾਂ ਨੂੰ ਜੁਰਮਾਨੇ ਤੋਂ ਬਚਣ ਲਈ ਪਹਿਲਾਂ ਤਾਂ ਜ਼ਿਆਦਾ ਬਿੱਲ ਭਰਨਾ ਪੈਂਦਾ ਹੈ ਅਤੇ ਫਿਰ ਉਸ ਨੂੰ ਠੀਕ ਕਰਵਾਉਣ ਲਈ ਸਬੰਧਤ ਦਫਤਰਾਂ ਦੇ ਗੇੜੇ ਮਾਰਨੇ ਪੈਂਦੇ ਹਨ। ਬਿਜਲੀ ਬਿੱਲਾਂ ਦਾ ਕੰਪਿਊਟਰੀਕਰਨ ਸ਼ੁਰੂ ਹੋਣ ਤੋਂ ਬਾਅਦ ਇਹ ਸ਼ਿਕਾਇਤ ਬਹੁਤ ਜ਼ਿਆਦਾ ਵਧ ਗਈ ਹੈ। 
ਇਕ ਸ਼ਿਕਾਇਤ ਇਹ ਵੀ ਹੈ ਕਿ ਕਈ ਮਾਮਲਿਆਂ 'ਚ ਪੀੜਤਾਂ ਵਲੋਂ ਬਿਜਲੀ ਦਫਤਰਾਂ ਦੇ ਗੇੜੇ ਲਾਉਣ ਦੇ ਬਾਵਜੂਦ ਉਨ੍ਹਾਂ ਦੇ ਬਿੱਲ ਛੇਤੀ ਠੀਕ ਨਹੀਂ ਕੀਤੇ ਜਾਂਦੇ, ਜਿਸ ਨਾਲ ਉਨ੍ਹਾਂ ਦੀ ਪ੍ਰੇਸ਼ਾਨੀ ਹੋਰ ਵੀ ਵਧ ਜਾਂਦੀ ਹੈ।
ਇਸ ਨੂੰ ਦੂਰ ਕਰਨ ਲਈ ਖਪਤਕਾਰਾਂ ਨੂੰ ਬਿੱਲ ਦੇਣ ਤੋਂ ਪਹਿਲਾਂ ਉਨ੍ਹਾਂ ਦੇ ਸਹੀ ਹੋਣ ਦੀ ਚੰਗੀ ਤਰ੍ਹਾਂ ਪੜਤਾਲ ਕਰ ਲੈਣੀ ਜ਼ਰੂਰੀ ਹੈ। ਫਿਰ ਵੀ ਜੇ ਅਜਿਹੀ ਗਲਤੀ ਹੁੰਦੀ ਹੈ ਤਾਂ ਇਸ ਦੇ ਲਈ ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।    

     –ਵਿਜੇ ਕੁਮਾਰ


KamalJeet Singh

Content Editor

Related News