ਹਸਪਤਾਲ ਦੀ ਘੋਰ ਲਾਪ੍ਰਵਾਹੀ, ਪਤੀ ਦੀ ਬਜਾਏ ਕਿਸੇ ਹੋਰ ਦੇ ਸ਼ੁਕਰਾਣੂਆਂ ਨਾਲ ਕੀਤਾ ਗਰਭ ਧਾਰਨ
Wednesday, Jun 28, 2023 - 04:24 AM (IST)

ਡਾਕਟਰਾਂ ਕੋਲ ਲੋਕ ਆਪਣੇ ਦਰਦ ਤੋਂ ਮੁਕਤੀ ਪਾਉਣ ਲਈ ਜਾਂਦੇ ਹਨ ਪਰ ਕੁਝ ਡਾਕਟਰ ਆਪਣੀ ਲਾਪ੍ਰਵਾਹੀ ਨਾਲ ਉਨ੍ਹਾਂ ਦੀ ਸਮੱਸਿਆ ਦਾ ਹੱਲ ਕਰਨ ਦੀ ਬਜਾਏ ਉਲਟਾ ਉਨ੍ਹਾਂ ਦੇ ਦਰਦ ਨੂੰ ਹੋਰ ਵਧਾ ਦਿੰਦੇ ਹਨ।
ਅਜਿਹੀ ਹੀ ਲਾਪ੍ਰਵਾਹੀ ਦੇ ਸ਼ਿਕਾਰ ਇਕ ਬੇਔਲਾਦ ਜੋੜੇ ਦਾ ਕੇਸ ਸਾਹਮਣੇ ਆਇਆ ਹੈ। ‘ਰਾਸ਼ਟਰੀ ਖਪਤਕਾਰ ਵਿਵਾਦ ਨਿਵਾਰਨ ਕਮਿਸ਼ਨ’ ਨੇ ਇਕ ਮਹਿਲਾ ਨੂੰ ਗਰਭ ਧਾਰਨ ’ਚ ਮਦਦ ਲਈ ਉਸ ਦੇ ਪਤੀ ਦੀ ਬਜਾਏ ਕਿਸੇ ਹੋਰ ਵਿਅਕਤੀ ਦੇ ਸ਼ੁਕਰਾਣੂਆਂ ਦੀ ਵਰਤੋਂ ਕਰ ਕੇ ਪ੍ਰਜਨਣ ਪ੍ਰਕਿਰਿਆ ਸਬੰਧੀ ਗੜਬੜੀ ਲਈ ਦਿੱਲੀ ਦੇ ਇਕ ਨਿੱਜੀ ਹਸਪਤਾਲ ਦੇ ਨਿਰਦੇਸ਼ਕ ਅਤੇ ਪ੍ਰਕਿਰਿਆ ’ਚ ਸ਼ਾਮਲ 3 ਡਾਕਟਰਾਂ ਨੂੰ 1.5 ਕਰੋੜ ਰੁਪਏ ਦਾ ਜੁਰਮਾਨਾ ਲਾਇਆ ਹੈ।
ਮਹਿਲਾ ਨੇ ਜੂਨ 2009 ’ਚ ਏ. ਆਰ. ਟੀ. ਪ੍ਰਕਿਰਿਆ ਰਾਹੀਂ ਜੌੜੇ ਬੱਚਿਆਂ ਨੂੰ ਜਨਮ ਦਿੱਤਾ ਸੀ, ਜਿਨ੍ਹਾਂ ਦੇ ਡੀ. ਐੱਨ. ਏ. ਪ੍ਰੋਫਾਈਲ ਦੀ ਜਾਂਚ ਤੋਂ ਪਤਾ ਲੱਗਾ ਕਿ ਮਹਿਲਾ ਦਾ ਪਤੀ ਉਨ੍ਹਾਂ ਦਾ ਜੈਵਿਕ ਪਿਤਾ ਨਹੀਂ ਸੀ। ਇਸ ’ਤੇ ਜੋੜੇ ਨੇ 2 ਕਰੋੜ ਰੁਪਏ ਦੇ ਮੁਆਵਜ਼ੇ ਦਾ ਦਾਅਵਾ ਕਰਦੇ ਹੋਏ ਕਮਿਸ਼ਨ ਨੂੰ ਅਪੀਲ ਕੀਤੀ ਸੀ।
ਇਸ ਦੇ ਨਾਲ ਹੀ ਕਮਿਸ਼ਨ ਨੇ ਏ. ਆਰ. ਟੀ. ਕਲੀਨਿਕਾਂ ਵਿਰੁੱਧ ਸਖਤ ਟਿੱਪਣੀ ਕਰਦੇ ਹੋਏ ਕਿਹਾ ਕਿ ‘‘ਹਾਲ ਹੀ ’ਚ ਇਨ੍ਹਾਂ ਦੀ ਗਿਣਤੀ ’ਚ ਵਾਧੇ ਦੇ ਨਾਲ-ਨਾਲ ਇਨ੍ਹਾਂ ’ਚ ਅਨੈਤਿਕ ਪ੍ਰਕਿਰਿਆਵਾਂ ਵੀ ਬਹੁਤ ਵਧ ਗਈਆਂ ਹਨ।’’
‘‘ਇਸ ਲਈ ਅਜਿਹੇ ਕਲੀਨਿਕਾਂ ਦੀ ਮਾਨਤਾ ਦੀ ਜਾਂਚ ਤੋਂ ਇਲਾਵਾ ਨਵਜੰਮੇ ਬੱਚਿਆਂ ਦੀ ਡੀ. ਐੱਨ. ਏ. ਪ੍ਰੋਫਾਈਲ ਜਾਰੀ ਕਰਨੀ ਲਾਜ਼ਮੀ ਕਰਨ ਦੀ ਲੋੜ ਹੈ।’’
ਹੁਕਮ ’ਚ ਇਹ ਵੀ ਕਿਹਾ ਗਿਆ ਹੈ ਕਿ ‘‘ਹਸਪਤਾਲ ਨੇ ਭਾਰਤੀ ਮੈਡੀਕਲ ਖੋਜ ਪ੍ਰੀਸ਼ਦ ਵੱਲੋਂ ਤੈਅ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ।’’
‘‘ਕਿਉਂਕਿ ਦੋਵੇਂ ਲੜਕੀਆਂ ਹੁਣ 14 ਸਾਲ ਦੀਆਂ ਹੋ ਗਈਆਂ ਹਨ ਅਤੇ ਇਨ੍ਹਾਂ ਦੇ ਮਾਤਾ-ਪਿਤਾ ਨੂੰ ਕਈ ਖਰਚ ਉਠਾਉਣੇ ਪੈਣਗੇ, ਇਸ ਲਈ ਉਹ ‘ਢੁੱਕਵੇਂ ਮੁਆਵਜ਼ੇ’ ਦੇ ਹੱਕਦਾਰ ਹਨ।’’
ਹਸਪਤਾਲਾਂ ਦੇ ਉੱਚ ਸਿੱਖਿਆ ਪ੍ਰਾਪਤ ਡਾਕਟਰਾਂ ਕੋਲੋਂ ਇਸ ਤਰ੍ਹਾਂ ਦੀ ਲਾਪ੍ਰਵਾਹੀ ਦੀ ਕਦੀ ਉਮੀਦ ਨਹੀਂ ਕੀਤੀ ਜਾਂਦੀ। ਆਖਿਰ ਉਨ੍ਹਾਂ ਨੇ ਜੋ ਸ਼ੁਕਰਾਣੂ ਲਏ ਹੋਣਗੇ ਉਸ ’ਤੇ ਦੇਣ ਵਾਲੇ ਦਾ ਨਾਂ ਅਤੇ ਹੋਰ ਜ਼ਰੂਰੀ ਵੇਰਵਾ ਲਿਖਿਆ ਹੋਇਆ ਹੋਵੇਗਾ।
ਮਹਿਲਾ ਦੇ ਪਤੀ ਦੇ ਸ਼ੁਕਰਾਣੂਆਂ ਦੀ ਥਾਂ ’ਤੇ ਕਿਸੇ ਹੋਰ ਦੇ ਸ਼ੁਕਰਾਣੂਆਂ ਨਾਲ ਉਸ ਦਾ ਗਰਭ ਧਾਰਨ ਕਰ ਕੇ ਜੋੜੇ ਨਾਲ ਭਾਰੀ ਧੋਖਾ ਕੀਤਾ ਗਿਆ ਹੈ। ਪਹਿਲਾਂ ਤਾਂ ਬੱਚਾ ਪੈਦਾ ਹੋ ਹੀ ਨਹੀਂ ਰਿਹਾ ਸੀ ਅਤੇ ਜਦ ਹੋਇਆ ਤਾਂ ਉਹ ਵੀ ਕਿਸੇ ਹੋਰ ਦਾ ਨਿਕਲਿਆ। ਅਜਿਹੀਆਂ ਭੁੱਲਾਂ ਲਈ ਡਾਕਟਰਾਂ ਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।
-ਵਿਜੇ ਕੁਮਾਰ