ਹੁਣ ਚੀਨ ਬਣਿਆ ‘ਦੁਕਾਨਦਾਰਾਂ ਦਾ ਦੇਸ਼’ ਪਾਕਿਸਤਾਨ ਰਾਹੀਂ ਯੂਕ੍ਰੇਨ ਨੂੰ ਦੇ ਰਿਹਾ ਹਥਿਆਰ
Monday, May 29, 2023 - 01:41 AM (IST)
1811 ’ਚ ਸਾਰੇ ਯੂਰਪ ’ਤੇ ਜਿੱਤ ਹਾਸਲ ਕਰਨ ਅਤੇ ਇੰਗਲੈਂਡ ਦੀ ਸਮੁੰਦਰੀ ਫੌਜ ਅਤੇ ਉਨ੍ਹਾਂ ਦੇ ਉਦਯੋਗੀਕਰਨ ਕਾਰਨ ਉਨ੍ਹਾਂ ਨੂੰ ਨਾ ਹਰਾ ਸਕਣ ’ਤੇ ਨੈਪੋਲੀਅਨ ਕਿਹਾ ਕਰਦਾ ਸੀ ਕਿ ਮੈਂ ਇਸ ਦੁਕਾਨਦਾਰਾਂ ਦੇ ਦੇਸ਼ ਨੂੰ ਗੋਡਿਆਂ ਭਾਰ ਕਰ ਦੇਵਾਂਗਾ। ਉਸ ਦੇ ਸਿੱਟੇ ਵਜੋਂ ਉਸ ਨੇ ਯੂਰਪ ’ਚ ਅੰਗਰੇਜ਼ੀ ਸਾਮਾਨ ’ਤੇ ਪਾਬੰਦੀ ਲਾ ਦਿੱਤੀ ਪਰ ਯੂਰਪੀਅਨ ਦੇਸ਼ ਇੰਗਲੈਂਡ ਦੀਆਂ ਵਸਤਾਂ ’ਤੇ ਨਿਰਭਰ ਸਨ, ਇਸ ਲਈ ਉਹ ਲੁਕ ਕੇ ਵਸਤਾਂ ਖਰੀਦਦੇ ਸਨ।
ਹੁਣ ਚੀਨ ‘ਦੁਕਾਨਦਾਰਾਂ ਦਾ ਦੇਸ਼’ ਬਣ ਗਿਆ ਹੈ। ਦੁਨੀਆ ਦਾ ਕੋਈ ਵੀ ਦੇਸ਼ ਭਾਵੇਂ ਉਸ ਦੀ ਚੀਨ ਨਾਲ ਦੋਸਤੀ ਹੋਵੇ ਜਾਂ ਦੁਸ਼ਮਣੀ, ਚੀਨ ’ਚ ਬਣੇ ਸਾਮਾਨ ਨੂੰ ਖਰੀਦਣਾ ਬੰਦ ਨਹੀਂ ਕਰ ਸਕਦਾ। ਰੂਸ ਵੀ ਇਸ ਵਿਸ਼ੇ ’ਚ ਚੀਨ ਨੂੰ ਕੁਝ ਨਹੀਂ ਕਹਿ ਰਿਹਾ ਕਿ ਉਹ ਉਸ ਦੇ ਦੁਸ਼ਮਣ ਨੂੰ ਹਥਿਆਰ ਕਿਉਂ ਸਪਲਾਈ ਕਰ ਰਿਹਾ ਹੈ।
ਮੰਨਿਆ ਜਾਂਦਾ ਹੈ ਕਿ ਯੂਕ੍ਰੇਨ ਦੀ ਜੰਗ ’ਚ ਚੀਨ ਅਤੇ ਰੂਸ ਇਕ ਪਾਸੇ ਹਨ ਅਤੇ ਰੂਸ ਉਸ ਦੀ ਹਮਾਇਤ ਨਾਲ ਹੀ ਸਭ ਕੁਝ ਕਰ ਰਿਹਾ ਹੈ ਪਰ ਇਸ ਦੌਰਾਨ ਇਕ ਖਬਰ ਮੁਤਾਬਕ ਹਥਿਆਰ ਬਣਾਉਣ ਵਾਲੀ ਇਕ ਚੀਨੀ ਕੰਪਨੀ ਨੇ ਪਾਕਿਸਤਾਨ ’ਚ ਆਪਣਾ ਲਿੰਕ ਕਾਇਮ ਕੀਤਾ ਹੈ ਅਤੇ ਚੀਨ ’ਚ ਬਣੇ ਹਥਿਆਰਾਂ ਨੂੰ ਰੂਸ ਵਿਰੁੱਧ ਵਰਤਣ ਲਈ ਪੋਲੈਂਡ ਰਾਹੀਂ ਪਾਕਿਸਤਾਨ ਵੱਲੋਂ ਯੂਕ੍ਰੇਨ ਨੂੰ ਸਪਲਾਈ ਕੀਤਾ ਜਾ ਰਿਹਾ ਹੈ।
ਬੇਸ਼ੱਕ ਰੂਸ ਇਸ ਸਮੇਂ ਚੀਨ ਨੂੰ ਵੱਡਾ ਭਰਾ ਮੰਨਦਾ ਹੋਵੇ ਪਰ ਸਪੱਸ਼ਟ ਰੂਪ ਨਾਲ ਜਿੱਥੇ ਵਪਾਰ ਦੀ ਗੱਲ ਆਉਂਦੀ ਹੈ ਤਾਂ ਚੀਨ ਸਰਕਾਰ ਕਿਸੇ ਤਰ੍ਹਾਂ ਦਾ ਕੋਈ ਸਮਝੌਤਾ ਨਹੀਂ ਕਰਦੀ।
ਯੂਕ੍ਰੇਨ ਨੂੰ ਹਥਿਆਰਾਂ ਦੀ ਸਪਲਾਈ ਦੀ ਪ੍ਰਕਿਰਿਆ ਸੁਚਾਰੂ ਬਣਾਉਣ ਲਈ ਚੀਨ-ਪਾਕਿ ‘ਸਦਾਬਹਾਰ ਦੋਸਤੀ’ ਦੇ ਪਿਛੋਕੜ ’ਚ ਪਾਕਿਸਤਾਨ ਨੇ ਵਾਰਸਾ ’ਚ ਯੂਕ੍ਰੇਨ ਨੂੰ ਰੱਖਿਆ ਸਪਲਾਈ ਲਈ ਇਕ ਚੀਨੀ ਰੱਖਿਆ ਫਰਮ ‘ਬੀਜਿੰਗ ਹੇਵੀਓਂਗਤਾਈ’ ਦੇ ਨਾਲ ਭਾਈਵਾਲੀ ’ਚ ਇਕ ਰੱਖਿਆ ਵਪਾਰ ਫਰਮ ਦੀ ਸਥਾਪਨਾ ਵੀ ਕੀਤੀ ਹੈ।
ਪਾਕਿਸਤਾਨ ਬੀਤੇ ਸਾਲ ਤੋਂ ਯੂਕ੍ਰੇਨ ਨੂੰ ਹਥਿਆਰਾਂ ਅਤੇ ਰੱਖਿਆ ਉਪਕਰਨਾਂ ਦੀ ਨਿਯਮਿਤ ਸਪਲਾਈ ਕਰ ਰਿਹਾ ਹੈ। ਅਗਲੇ 3 ਮਹੀਨਿਆਂ ’ਚ ਪਾਕਿਸਤਾਨ ਦੇ ਅਾਯੁੱਧ ਕਾਰਖਾਨਿਆਂ ਵਲੋਂ ਕਰਾਚੀ ਪੋਰਟ ਤੋਂ ਪੋਲੈਂਡ ’ਚ ਡਾਂਸਕ ਪੋਰਟ ਤੱਕ ਖੇਪ ਭੇਜ ਦਿੱਤੀ ਜਾਵੇਗੀ ਅਤੇ ਬਾਅਦ ’ਚ ਇਸ ਨੂੰ ਯੂਕ੍ਰੇਨ ਲਿਜਾਇਆ ਜਾਵੇਗਾ।
ਵਰਨਣਯੋਗ ਹੈ ਕਿ ਬੀਤੇ ਸਾਲ ਇੰਗਲੈਂਡ ਨੇ ਵੀ ਯੂਕ੍ਰੇਨ ਨੂੰ ਹਥਿਆਰਾਂ ਦੀ ਸਪਲਾਈ ਕਰਨ ਲਈ ਪਾਕਿਸਤਾਨ ਨੂੰ ਹੀ ਮਾਧਿਅਮ ਬਣਾਇਆ ਸੀ। ਉਸ ਸਮੇਂ ਰਾਵਲਪਿੰਡੀ ਤੋਂ ਹੋ ਕੇ ਇਹ ਸਪਲਾਈ ਕੀਤੀ ਗਈ ਸੀ। ਅਜਿਹੀ ਹਾਲਤ ’ਚ ਇਹ ਮੰਨਣਾ ਗਲਤ ਨਹੀਂ ਹੋਵੇਗਾ ਕਿ ਦੇਸ਼ ਦੀਆਂ ਆਰਥਿਕ ਲੋੜਾਂ ਤੋਂ ਉਪਰ ਹੋਰ ਕੁਝ ਵੀ ਨਹੀਂ।