ਭਾਰਤ ਦੇ ਵਿਰੁੱਧ ਚੀਨ ਦਾ ਦੁਸ਼ਮਣੀ ਵਾਲਾ ਏਜੰਡਾ ਲਗਾਤਾਰ ਜਾਰੀ
Thursday, Jul 02, 2020 - 03:05 AM (IST)

ਗੱਲਬਾਤ ਰਾਹੀਂ ਆਪਸੀ ਮੁੱਦੇ ਸੁਲਝਾਉਣ ਦੀ ਓਟ ’ਚ ਚੀਨੀ ਹਾਕਮ ਲਗਾਤਾਰ ਭਾਰਤ ਵਿਰੋਧੀ ਚਾਲਾਂ ਚੱਲ ਰਹੇ ਹਨ, ਜੋ ਹੇਠ ਲਿਖੀਅਾਂ ਉਦਾਹਰਣਾਂ ਤੋਂ ਸਪੱਸ਼ਟ ਹੈ :
* ਹਾਲ ਹੀ ’ਚ ਚੀਨੀ ਹਾਕਮਾਂ ਨੇ ਅਰੁਣਾਚਲ ਪ੍ਰਦੇਸ਼ ਦੀ ਸਰਹੱਦ ਦੇ ਨੇੜੇ ਭਾਰਤ ਦੇ ਮਿੱਤਰ ਦੇਸ਼ ਭੂਟਾਨ ਦੇ ਜੰਗਲੀ ਜੀਵ ਇਲਾਕੇ ’ਤੇ ਆਪਣਾ ਦਾਅਵਾ ਜਤਾ ਦਿੱਤਾ ਹੈ ਜਦਕਿ ਚੀਨ ਪਹਿਲਾਂ ਵੀ ਭੂਟਾਨ ਦੇ 3 ਇਲਾਕਿਅਾਂ ’ਤੇ ਆਪਣਾ ਦਾਅਵਾ ਜਤਾ ਚੁੱਕਾ ਹੈ ਅਤੇ ਇਹ ਚੌਥਾ ਇਲਾਕਾ ਹੈ ਜਿਸ ’ਤੇ ਇਸ ਨੇ ਦਾਅਵਾ ਜਤਾਇਆ ਹੈ।
* ਕਾਂਗਰਸ ਨੇਤਾ ਮਨੀਸ਼ ਤਿਵਾੜੀ ਨੇ ਭਾਜਪਾ ਸੰਸਦ ‘ਤਾਪਿਰ ਗਾਓ’ ਦੇ ਬਿਆਨ ਦਾ ਹਵਾਲਾ ਦਿੰਦੇ ਹੋਏ ਦੋਸ਼ ਲਗਾਇਆ ਹੈ ਕਿ ‘‘ਪੀਪਲਜ਼ ਲਿਬਰੇਸ਼ਨ ਆਰਮੀ ਨੇ ਅਰੁਣਾਚਲ ਪ੍ਰਦੇਸ਼ ਦੇ ਉਪਰੀ ਸੁਬਨਸਿਰੀ ਨਦੀ ਦੇ ਦੋਵਾਂ ਕੰਢਿਅਾਂ ’ਤੇ ਮੈਕਮੋਹਨ ਰੇਖਾ ਦੇ ਕਈ ਕਿਲੋਮੀਟਰ ਭਾਰਤੀ ਇਲਾਕੇ ’ਤੇ ਕਬਜ਼ਾ ਕਰ ਲਿਆ ਹੈ।’’
* ਹਿਮਾਚਲ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਯ ਨੇ ਹਿਮਾਚਲ ਪ੍ਰਦੇਸ਼ ’ਚ ਚੀਨੀ ਡਰੋਨਾਂ ਦੇ ਦਾਖਲੇ ਨਾਲ ਨਜਿੱਠਣ ਲਈ ਲੋੜੀਂਦੇ ਪ੍ਰਬੰਧ ਕਰਨ ਦੀ ਲੋੜ ਦੱਸਦੇ ਹੋਏ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਸੂਬੇ ’ਚ ਸੁਰੱਖਿਆ ਘੇਰਾ ਵਧਾਉਣ ਲਈ ਕਿਹਾ ਹੈ।
* ਚੀਨ ਸਰਕਾਰ ਦੀ ‘ਪੀਪਲਜ਼ ਲਿਬਰੇਸ਼ਨ ਆਰਮੀ’ ਦੀ ਹਵਾਈ ਫੌਜ ਨੇ ਹੁਣ ਪਾਕਿਸਤਾਨ ਨਾਲ ਲੱਗਦੀ ਰਾਜਸਥਾਨ ਸਰਹੱਦ ਨੇੜੇ ਸਰਗਰਮੀ ਵਧਾ ਦਿੱਤੀ ਹੈ ਅਤੇ ਪੀ.ਓ.ਕੇ ਸਥਿਤ ਏਅਰਬੇਸ ’ਤੇ ਵੀ ਜ਼ੋਰ-ਸ਼ੋਰ ਨਾਲ ਜੰਗੀ ਅਭਿਅਾਸ ’ਚ ਲੱਗ ਗਿਆ ਹੈ। ਉਨ੍ਹਾਂ ਨੇ ਪਾਕਿਸਤਾਨ ਦੇ ਨਾਜਾਇਜ਼ ਕਬਜ਼ੇ ਵਾਲੇ ਗਿਲਗਿਲ-ਬਾਲਿਤਸਤਾਨ ਸਥਿਤ ਸਕਰਦੂ ਏਅਰਬੇਸ ’ਤੇ ਲੜਾਕੂ ਜਹਾਜ਼ ਉਤਾਰ ਦਿੱਤੇ ਹਨ।
* ਚੀਨੀ ਫੌਜ ਨੇ ਪੈਂਗੋਂਗ ਝੀਲ ਦੇ ‘ਫਿੰਗਰ-4’ ਅਤੇ ‘ਫਿੰਗਰ-5’ ਇਲਾਕੇ ’ਚ ਜ਼ਮੀਨ ’ਤੇ ਆਪਣੇ ਦੇਸ਼ ਦਾ ਵੱਡਾ ਸਾਰਾ ਨਕਸ਼ਾ ਉੱਕਰ ਕੇ ਝੀਲ ਨੂੰ ਵਿਵਾਦਿਤ ਇਲਾਕਾ ਬਣਾਉਣ ਦੇ ਨਾਲ ਹੀ ਗਲਵਾਨ, ਡੇਪਸਾਂਗ ਅਤੇ ਹਾਟਸਪ੍ਰਿੰਗ ਦੇ ਚੰਗੇ ਖਾਸੇ ਇਲਾਕੇ ’ਤੇ ਆਪਣਾ ਦਾਅਵਾ ਜਤਾਇਆ ਹੈ ਅਤੇ 22 ਜੂਨ ਨੂੰ ਪਿੱਛੇ ਹਟਣ ’ਤੇ ਸਹਿਮਤੀ ਦੇ ਬਾਵਜੂਦ 81 ਮੀਟਰ ਲੰਬੇ ਅਤੇ 25 ਮੀਟਰ ਚੌੜੇ ਇਲਾਕੇ ’ਚ 185 ਢਾਂਚੇ ਖੜ੍ਹੇ ਕਰ ਦਿੱਤੇ ਹਨ।
* ਇਹੀ ਨਹੀਂ, ਚੀਨੀ ਫੌਜ ਨੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਦੇ ਨਾਲ ਰਲ ਕੇ ਜੰਮੂ-ਕਸ਼ਮੀਰ ’ਚ ਹਿੰਸਾ ਫੈਲਾਉਣ ਲਈ ਅੱਤਵਾਦੀ ਗਿਰੋਹ ‘ਅਲਬਦਰ’ ਨਾਲ ਗੱਲ ਕੀਤੀ ਹੈ ਅਤੇ ਇਹ ਜੰਮੂ-ਕਸ਼ਮੀਰ ’ਚ ਅੱਤਵਾਦੀ ਸਰਗਰਮੀਅਾਂ ਵਧਾਉਣ ਅਤੇ ‘ਬੈਟ ਆਪ੍ਰੇਸ਼ਨ’ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੀ ਹੈ।
ਇਸ ਤਰ੍ਹਾਂ ਦੇ ਘਟਨਾਕ੍ਰਮ ਦੇ ਵਰਤਾਰੇ ’ਚ ਭਾਰਤ ਲਈ ਚੀਨ ਦੇ ਕਬਜ਼ਿਅਾਂ ਬਾਰੇ ਸਖਤ ਸਟੈਂਡ ਲੈਣ ਦੀ ਉਸੇ ਕਿਸਮ ਦੀ ਲੋੜ ਹੈ ਜਿਸ ਤਰ੍ਹਾਂ ਭਾਰਤੀ ਫੌਜਾਂ ਨੇ ਬਾਲਾਕੋਟ ’ਚ ਕਾਰਵਾਈ ਕਰ ਕੇ ਆਪਣੀ ਭਰੋਸੇਯੋਗਤਾ ਬਹਾਲ ਕੀਤੀ ਹੈ।
ਭਾਰਤ ਅਤੇ ਚੀਨ ਦੋ ਪ੍ਰਾਚੀਨ ਸੱਭਿਅਤਾਵਾਂ ਹਨ। ਦੋਵਾਂ ਹੀ ਦੇਸ਼ਾਂ ਨੇ ਆਪਸੀ ਸਹਿਯੋਗ ਨਾਲ ਬਹੁਤ ਕੁਝ ਹਾਸਲ ਕੀਤਾ ਹੈ ਪਰ ਦੋਸਤੀ ’ਚ ਇਕ ਦੂਸਰੇ ਨਾਲ ਧੋਖੇ ਦੀ ਕੋਈ ਗੁੰਜਾਇਸ਼ ਨਹੀਂ ਹੁੰਦੀ ਅਤੇ ਚੀਨੀ ਹਾਕਮਾਂ ਨੂੰ ਇਹ ਸਪੱਸ਼ਟ ਕਰ ਦੇਣ ਦੀ ਲੋੜ ਹੈ ਕਿ ਦੋਸਤੀ ਇਕ-ਦੂਸਰੇ ਦਾ ਸਨਮਾਨ ਕਰਨ ’ਤੇ ਹੀ ਟਿਕਦੀ ਹੈ।
–ਵਿਜੇ ਕੁਮਾਰ