ਪ੍ਰਵਾਸੀਆਂ ਵੱਲੋਂ ਜਾਇਦਾਦਾਂ ਵੇਚਣ ਅਤੇ ਖਰੀਦਣ ਦੇ ਬਦਲਦੇ ਰੁਝਾਨ

05/11/2022 2:34:29 PM

ਦਰਬਾਰਾ ਸਿੰਘ ਕਾਹਲੋਂ

ਨਵੀਂ ਦਿੱਲੀ- ਆਦਿ ਕਾਲ ਤੋਂ ਪ੍ਰਵਾਸ ਮਨੁੱਖੀ ਜਾਤੀ ਦਾ ਇਕ ਸਥਾਪਿਤ ਵਰਤਾਰਾ ਹੈ। ਆਪਣੇ ਚੰਗੇ ਬਦਲਵੇਂ ਅਤੇ ਸੁਰੱਖਿਅਤ ਭਵਿੱਖ ਲਈ ਹਮੇਸ਼ਾ ਪ੍ਰਵਾਸ ਦਾ ਸਹਾਰਾ ਲੈਂਦਾ ਰਿਹਾ ਹੈ। ਇਹ ਰੁਝਾਨ ਅਜੋਕੇ ਆਧੁਨਿਕ ਯੁੱਗ ’ਚ ਵੀ ਲਗਾਤਾਰ ਕਾਇਮ ਹੈ। ਇਸ ਰੁਝਾਨ ’ਚ ਦੇਸ਼ ਅਤੇ ਵਿਦੇਸ਼ ਦੋਵੇਂ ਸ਼ਾਮਲ ਹਨ। ਭਾਰਤ ਦੀ ਮਿਸਾਲ ਲੈ ਲਈਏ। ਇਹ ਇਕ ਵਿਸ਼ਾਲ ਦੇਸ਼ ਹੈ ਜੋ ਆਬਾਦੀ ਪੱਖੋਂ ਚੀਨ ਬਾਅਦ ਵਿਸ਼ਵ ਦਾ ਦੂਜਾ ਵੱਡਾ ਦੇਸ਼ ਹੈ ਜਦਕਿ ਆਰਥਿਕ ਸ਼ਕਤੀ ਵਜੋਂ ਤੇਜ਼ੀ ਨਾਲ ਉਭਰ ਰਿਹਾ ਹੈ। ਇਸ ਦੇਸ਼ ਅੰਦਰ ਹਰ ਸਾਲ ਕਰੋੜਾਂ ਕਾਮੇ ਦੂਜੇ ਰਾਜਾਂ, ਮੈਟਰੋ ਸ਼ਹਿਰਾਂ ਅਤੇ ਸਨਅਤੀ ਇਲਾਕਿਆਂ ’ਚ ਰੋਜ਼ਗਾਰ ਲਈ ਪ੍ਰਵਾਸ ਕਰਦੇ ਹਨ। ਬਹੁਤੇ ਉਨ੍ਹਾਂ ਇਲਾਕਿਆਂ ’ਚ ਸਥਾਈ ਤੌਰ ’ਤੇ ਵੱਸ ਜਾਂਦੇ ਹਨ ਜਦਕਿ ਵੱਡੇ ਪੱਧਰ ’ਤੇ ਮਿੱਟੀ ਦੇ ਮੋਹ ਅਤੇ ਆਪਣੇ ਭਾਈਚਾਰੇ ’ਚ ਬੁਢਾਪਾ ਗੁਜ਼ਾਰਨ ਲਈ ਵਾਪਸੀ ਵੀ ਕਰਦੇ ਹਨ। ਜਿੱਥੋਂ ਤੱਕ ਸਨਅਤਕਾਰਾਂ ਅਤੇ ਕਾਰੋਬਾਰੀਆਂ ਦਾ ਸਬੰਧ ਹੈ ਉਹ ਜਿੱਥੇ ਉਨ੍ਹਾਂ ਦਾ ਕੰਮ ਜੰਮ ਜਾਵੇ ਉੱਥੇ ਹੀ ਵੱਸ ਜਾਂਦੇ ਹਨ। ਵੈਸੇ ਉਹ ਕਈ ਵਾਰ ਆਪਣੇ ਰਹਿਣ ਬਸੇਰੇ ਦੇਸ਼-ਵਿਦੇਸ਼ ’ਚ ਕਈ ਥਾਈਂ ਉਸਾਰ ਰੱਖਦੇ ਹਨ।

ਰੋਜ਼ਗਾਰ ਅਤੇ ਵਧੀਆ ਭਵਿੱਖ ਲਈ 20ਵੀਂ ਸਦੀ ’ਚ ਪੰਜਾਬ, ਕੇਰਲ, ਗੁਜਰਾਤ ਆਦਿ ਰਾਜਾਂ ’ਚੋਂ ਬਹੁਤ ਸਾਰੇ ਚੰਗੇ ਪਰਿਵਾਰਾਂ ਦੇ ਬੱਚਿਆਂ ਜਾਂ ਨਵੇਂ ਸ਼ਾਦੀਸ਼ੁਦਾ ਜੋੜਿਆਂ ਵੱਲੋਂ ਬਰਤਾਨੀਆ, ਅਮਰੀਕਾ, ਕੈਨੇਡਾ, ਸਿੰਗਾਪੁਰ, ਮਲਾਇਆ ਵੱਲ ਜਾਣ ਦਾ ਰੁਝਾਨ ਵੇਖਣ ਨੂੰ ਮਿਲਿਆ। ਫਿਰ ਅਰਬ ਦੇਸ਼ਾਂ ਦੀਆਂ ਵਿਕਸਿਤ ਆਰਥਿਕਤਾਵਾਂ ਜਿੱਥੇ ਡੁਬਈ, ਕਤਰ, ਅਰਬ ਅਮੀਰਾਤ ਆਦਿ ਵੱਲ ਜਾਣ ਦਾ ਰੁਝਾਨ ਵੀ ਵੇਖਣ ਨੂੰ ਮਿਲਿਆ ਪਰ ਇਨ੍ਹਾਂ ਲੋਕਾਂ ਦਾ ਮੁੱਖ ਮੰਤਵ ਵਿਦੇਸ਼ਾਂ ’ਚੋਂ ਧਨ ਕਮਾ ਕੇ ਆਪਣੇ ਦੇਸ਼ ’ਚ ਵਧੀਆ ਮਕਾਨ ਉਸਾਰਨਾ, ਜ਼ਮੀਨਾਂ-ਜਾਇਦਾਦਾਂ ਖਰੀਦਣਾ, ਲੋੜਵੰਦਾਂ ਦੀ ਸੇਵਾ-ਸਹਾਇਤਾ ਕਰਨਾ, ਗੁਰਧਾਮਾਂ ਜਾਂ ਧਾਰਮਿਕ ਅਸਥਾਨਾਂ ਦੀ ਉਸਾਰੀ ’ਚ ਯੋਗਦਾਨ ਪਾਉਣਾ ਆਦਿ ਵੇਖਣ ਨੂੰ ਮਿਲਦਾ ਰਿਹਾ। ਇਹ ਪ੍ਰਵਾਸੀ ਦੇਸ਼ ਵਿਚ ਖੇਡ ਮੁਕਾਬਲਿਆਂ ’ਚ ਵੀ ਦਿਲਚਸਪੀ ਲੈਂਦੇ ਵਿਖਾਈ ਦਿੰਦੇ ਸਨ। ਫਿਰ ਘਰੇਲੂ ਦੇਸ਼ ਅਤੇ ਸੂਬਿਆਂ ’ਚ ਵਿੱਤੀ, ਸਮਾਜਿਕ, ਧਾਰਮਿਕ ਪੱਧਰਾਂ ’ਤੇ ਪੈਦਾ ਹੁੰਦੀਆਂ ਦੁਖਦਾਈ ਘਟਨਾਵਾਂ ਕਰ ਕੇ ਉਨ੍ਹਾਂ ਆਪਣੀਆਂ ਜ਼ਮੀਨ-ਜਾਇਦਾਦਾਂ ਵੇਚ ਕੇ ਬਾਹਰਲੇ ਦੇਸ਼ਾਂ ’ਚ ਸਥਾਈ ਤੌਰ ’ਤੇ ਵਾਸ ਕਰਨ ਨੂੰ ਤਰਜੀਹ ਦੇਣੀ ਸ਼ੁਰੂ ਕਰ ਦਿੱਤੀ। ਪੰਜਾਬ, ਕੇਰਲ, ਗੁਜਰਾਤ ਆਦਿ ਸੂਬਿਆਂ ਦੇ ਪ੍ਰਵਾਸੀਆਂ ਵਿਚ ਵੱਡੇ ਪੱਧਰ ’ਤੇ ਅਜਿਹਾ ਰੁਝਾਨ ਵੇਖਣ ਨੂੰ ਮਿਲਿਆ। ਇਸ ਕਰ ਕੇ ਬ੍ਰਿਟੇਨ, ਕੈਨੇਡਾ, ਅਮਰੀਕਾ ਆਦਿ ਦੇਸ਼ਾਂ ’ਚ ਜ਼ਮੀਨ-ਜਾਇਦਾਦਾਂ ਅਤੇ ਖਾਸ ਕਰ ਕੇ ਘਰਾਂ ਅਤੇ ਕਿਰਾਏ ਦੇ ਘਰਾਂ, ਫਲੈਟਾਂ, ਬੇਸਮੈਂਟ ਦੇ ਰੇਟ ਅਾਸਮਾਨ ਛੂੰਹਦੇ ਦਿਸਣ ਲੱਗੇ।

9/11 ਅਮਰੀਕਾ ਅੰਦਰ ਅੱਤਵਾਦੀ ਹਮਲਿਆਂ, ਸੰਨ 2008 ਦੀ ਆਰਥਿਕ ਮੰਦਹਾਲੀ, ਕੋਵਿਡ-19 ਮਹਾਮਾਰੀ ਦੇ ਬਾਵਜੂਦ ਕੈਨੇਡਾ ਜੋ ਭਾਰਤੀ ਅਤੇ ਖਾਸ ਕਰ ਕੇ ਪੰਜਾਬ ’ਚੋਂ ਪ੍ਰਵਾਸ ਦਾ ਮੁੱਖ ਕੇਂਦਰ ਹੈ, ਅੰਦਰ ਘਰਾਂ ਦੀਆਂ ਕੀਮਤਾਂ, ਫਲੈਟਾਂ, ਬੇਸਮੈਂਟਾਂ ਦੇ ਕਿਰਾਇਆਂ ’ਚ ਲਗਾਤਾਰ ਉਛਾਲ ਵੇਖਣ ਨੂੰ ਮਿਲਿਆ, ਜੋ ਅੱਜ ਵੀ ਜਾਰੀ ਹੈ। ਮੁੱਖ ਕਾਰਨ ਇਹ ਹੈ ਕਿ ਸਾਲਾਨਾ ਓਨੇ ਘਰ ਨਹੀਂ ਉਸਾਰੇ ਜਾ ਰਹੇ ਜਿੰਨਿਆਂ ਦੀ ਮੰਗ ਹੁੰਦੀ ਹੈ। ਸੰਨ 2020 ’ਚ ਮੁੱਖ ਕੈਨੇਡੀਅਨ ਸ਼ਹਿਰੀ ਇਲਾਕਿਆਂ ’ਚ ਘਰਾਂ ਦੀਆਂ ਕੀਮਤਾਂ ’ਚ ਵਾਧਾ 9.36 ਫੀਸਦੀ ਵੇਖਣ ਨੂੰ ਮਿਲਿਆ। ਇਕ ਪਰਿਵਾਰ ਲਈ ਇਕ ਮੰਜ਼ਿਲੇ ਘਰ ਦੀ ਕੀਮਤ ਸੰਨ 2020 ’ਚ 15.9, ਦੋ ਮੰਜ਼ਿਲੇ ਇਕ ਪਰਿਵਾਰ ਦੇ ਘਰ ਲਈ 16.5, ਟਾਊਨ ਹਾਊਸ ਦੀ 10.9 ਫੀਸਦੀ, ਫਲੈਟ ਦੀ 4.2 ਫੀਸਦੀ ਵਧਦੀ ਦੇਖੀ ਗਈ। ਰਾਜਧਾਨੀ ਓਟਾਵਾ ’ਚ ਘਰਾਂ ਦੀਆਂ ਕੀਮਤਾਂ ’ਚ ਵਾਧਾ ਸੰਨ 2020 ’ਚ 19.69, ਹੈਲੀਫੈਕਸ ’ਚ 16.32, ਹੈਮਿਲਟਨ ’ਚ 15.06, ਟੋਰਾਂਟੋ ’ਚ 10.27, ਵਿਕਟੋਰੀਆ ’ਚ 4.56, ਵੈਨਕੂਵਰ ’ਚ 7.06, ਵਿੰਨੀਪੈਗ ’ਚ 5.73, ਕਿਊਬੈਕ ’ਚ 4.51, ਜਦਕਿ ਐਡਮੰਟਨ ’ਚ 1.26 ਫੀਸਦੀ ਵੇਖਣ ਨੂੰ ਮਿਲਿਆ। ਕੀਮਤਾਂ ’ਚ ਉਛਾਲ ਰੋਕਣ ਲਈ ਦਸੰਬਰ 2020 ’ਚ ਵਿਦੇਸ਼ੀ ਲੋਕਾਂ ਵੱਲੋਂ ਘਰ ਖਰੀਦਣ ਲਈ ਨਵਾਂ ਟੈਕਸ ਵੀ ਲਗਾਇਆ ਗਿਆ ਪਰ ਇਸ ਦਾ ਕੋਈ ਵੱਡਾ ਅਸਰ ਵੇਖਣ ਨੂੰ ਨਹੀਂ ਮਿਲਿਆ।

ਜਨਵਰੀ, 2022 ’ਚ ਕੈਨੇਡਾ ਅੰਦਰ ਘਰਾਂ ਦੀਆਂ ਕੀਮਤਾਂ ’ਚ ਉਛਾਲ ਨੇ ਪਿਛਲੇ ਸਾਰੇ ਰਿਕਾਰਡ ਤੋੜ ਿਦੱਤੇ ਹਨ। ਔਸਤਨ ਘਰ ਦੀ ਕੈਨੇਡਾ ਅੰਦਰ ਕੀਮਤ 748439 ਡਾਲਰ ਹੈ, ਭਾਵ ਪਿਛਲੇ ਸਾਲ ਨਾਲੋਂ 20 ਫੀਸਦੀ ਵੱਧ। ਐੱਮ. ਐੱਲ. ਐੱਸ. ਬੈਂਚਮਾਰਕ ਕੀਮਤ ਜਨਵਰੀ 2022 ’ਚ ਘਰ ਲਈ 825800 ਡਾਲਰ ਭਾਵ ਸਾਲ ਦਰ ਸਾਲ ਦੀ ਕੀਮਤ ’ਚ ਸਭ ਤੋਂ ਵੱਧ ਉਛਾਲ 23 ਫੀਸਦੀ ਦਰਜ ਕੀਤਾ ਗਿਆ। ਬਰੰਜਵਿਕ ਸੂਬੇ ’ਚ 32 ਫੀਸਦੀ ਵਾਧੇ ਨਾਲ 275000, ਨੋਵਾ ਸ਼ਕੋਸ਼ੀਆ ’ਚ 23 ਫੀਸਦੀ ਵਾਧੇ ਨਾਲ 392828 ਡਾਲਰ, ਪ੍ਰਿੰਸ ਐਡਵਰਡ ਜਜ਼ੀਰੇ ’ਚ 18 ਫੀਸਦੀ ਵਾਧੇ ਨਾਲ 351890 ਜਦਕਿ ਨਿਊ ਫਾਊਂਡਲੈਂਡ ਲੈਬਰਾਡਾਰ ਅੰਦਰ 12 ਫੀਸਦੀ ਵਾਧੇ ਨਾਲ 324800 ਡਾਲਰ ਦਰਜ ਕੀਤੀ ਗਈ। ਹੈਰਾਨਗੀ ਦੀ ਗੱਲ ਇਹ ਹੈ ਕਿ ਭਾਰਤ ’ਚੋਂ ਜਿੰਨੇ ਪ੍ਰਵਾਸੀ ਸਾਲਾਨਾ ਕੈਨੇਡਾ ਜਾਂਦੇ ਹਨ ਉਨ੍ਹਾਂ ’ਚੋਂ 40 ਫੀਸਦੀ ਟੋਰਾਂਟੋ ਗ੍ਰੇਟਰ ਏਰੀਏ ’ਚ ਵਸ ਜਾਂਦੇ ਹਨ। ਪਿਛਲੇ 25 ਸਾਲ ’ਚ ਇਸ ਇਲਾਕੇ ’ਚ ਘਰਾਂ ਦੀਆਂ ਕੀਮਤਾਂ ’ਚ ਅਥਾਹ ਵਾਧਾ ਦਰਜ ਕੀਤਾ ਗਿਆ ਹੈ। ਸੰਨ 1996 ’ਚ ਜਿਸ ਘਰ ਦੀ ਕੀਮਤ 1981.50 ਡਾਲਰ ਸੀ, ਅੱਜ 1095475 ਡਾਲਰ ਹੈ। ਰੀ/ਮੈਕਸ ਕੈਨੇਡਾ ਰਿਪੋਰਟ ਅਨੁਸਾਰ ਸੰਨ 1996 ਤੋਂ ਅੱਜ ਤੱਕ ਇਹ ਵਾਧਾ 453 ਫੀਸਦੀ ਦਰਜ ਕੀਤਾ ਗਿਆ ਹੈ। ਸੰਨ 1996 ਤੋਂ 2021 ਤੱਕ ਦੋ ਮਿਲੀਅਨ ਘਰ ਵੇਚੇ ਗਏ। ਇਸ ਨਾਲ ਰੀਅਲ ਐਸਟੇਟ ਖੇਤਰ ’ਚ 1.1 ਟ੍ਰਿਲੀਅਨ ਡਾਲਰ ਉਛਾਲ ਦਰਜ ਕੀਤਾ ਗਿਆ।

ਕੋਵਿਡ-19 ਦੇ ਬਾਵਜੂਦ ਕੈਨੇਡੀਅਨ ਸਰਕਾਰ ਨੇ ਸੰਨ 2021 ’ਚ 4 ਲੱਖ ਪ੍ਰਵਾਸੀਆਂ ਨੂੰ ਸਥਾਈ ਰਿਹਾਇਸ਼ ਮੁਹੱਈਆ ਕਰਨ ਦਾ ਐਲਾਨ ਕੀਤਾ। ਸੰਨ 2022 ’ਚ ਇਹ ਅੰਕੜਾ 4 ਲੱਖ 20 ਹਜ਼ਾਰ ਜਦਕਿ ਸੰਨ 2023 ’ਚ 4 ਲੱਖ 30 ਹਜ਼ਾਰ ਹੋਵੇਗਾ। ਫੋਬਰਜ਼ ਅਨੁਸਾਰ ਇਨ੍ਹਾਂ ’ਚੋਂ 40 ਫੀਸਦੀ ਜੀ. ਟੀ. ਏ. ’ਚ ਵਸ ਜਾਣਗੇ ਭਾਵ 1,60,000 ਤੋਂ 1,70,000 ਲੋਕ। ਇਨ੍ਹਾਂ ਲਈ 50 ਤੋਂ 60 ਹਜ਼ਾਰ ਨਵੇਂ ਘਰਾਂ ਦੀ ਉਸਾਰੀ ਲੋੜੀਂਦੀ ਹੋਵੇਗੀ। ਪਿਛਲੇ 10 ਸਾਲ ’ਚ ਹਰ ਸਾਲ 40,000 ਨਵੇਂ ਘਰ ਉਸਾਰੇ ਜਾਂਦੇ ਰਹੇ ਹਨ। ਅਗਲੇ 25 ਸਾਲ ਘਰਾਂ ਦੀ ਕੀਮਤ ’ਚ ਕਮੀ ਦਾ ਕੋਈ ਸਵਾਲ ਨਹੀਂ। ਇਨ੍ਹਾਂ ਦੀ ਕੀਮਤ ਮਹਿੰਗਾਈ ਦਰ ਤੋਂ ਵੀ ਉਪਰ ਰਹੇਗੀ। ਸੋ ਪ੍ਰਵਾਸੀਆਂ ਲਈ ਆਪਣਾ ਘਰ ਖਰੀਦਣਾ ਸੁਪਨਾ ਬਣ ਕੇ ਰਹਿ ਜਾਵੇਗਾ। ਦੂਜੇ ਪਾਸੇ ਇਕ ਵੱਖਰੀ ਤਸਵੀਰ ਭਾਰਤ ਅੰਦਰ ਉੱਭਰ ਰਹੀ ਹੈ। ਪੰਜਾਬ ਵਰਗਾ ਸੂਬਾ ਜੋ ਕਦੇ ਪ੍ਰਤੀ ਜੀਅ ਆਮਦਨ ਪੱਖੋਂ ਦੇਸ਼ ਦਾ ਨੰਬਰ ਇਕ ਸੂਬਾ ਸੀ, ਅੱਜ 18ਵੇਂ ਥਾਂ ਖਿਸਕ ਚੁੱਕਾ ਹੈ। ਸੰਨ 1980 ਤੋਂ ਬਾਅਦ ਇਸ ਦੀ ਇਕ ਪੀੜ੍ਹੀ ਅੱਤਵਾਦ, ਦੂਜੀ ਨਸ਼ਿਆਂ ਅਤੇ ਅੱਜ ਤੀਜੀ ਪੀੜ੍ਹੀ ਅਤਿ ਦੀ ਬੇਰੋਜ਼ਗਾਰੀ, ਭ੍ਰਿਸ਼ਟਾਚਾਰ, ਭਵਿੱਖੀ ਅੰਧਕਾਰ ਕਰ ਕੇ ਵਿਦੇਸ਼ ਭੱਜ ਰਹੀ ਹੈ ਪਰ ਇਸ ਸਮੇਂ ਵਿਸ਼ਵ ਅੰਦਰ ਵਧਦੀ ਮਹਿੰਗਾਈ, ਘੱਟ ਉਜਰਤਾਂ, ਮਹਿੰਗੇ ਘਰਾਂ, ਮਹਿੰਗੇ ਕਿਰਾਏ ਦੇ ਮਕਾਨਾਂ, ਨਸਲੀ ਭੇਦਭਾਵ ਕਰ ਕੇ ਪ੍ਰਵਾਸੀਆਂ ਦਾ ਜਿਊਣਾ ਮੁਹਾਲ ਹੋ ਰਿਹਾ ਹੈ। ਕਈ ਦੇਸ਼ਾਂ ਦੇ ਲੋਕ ਇਸ ਕਰ ਕੇ ਪ੍ਰਵਾਸੀਆਂ ਨਾਲ ਨਫਰਤ ਕਰਦੇ ਹਨ ਕਿ ਉਹ ਉਨ੍ਹਾਂ ਦੀਆਂ ਭਵਿੱਖੀ ਪੀੜ੍ਹੀਆਂ ਦੇ ਰੋਜ਼ਗਾਰ ਚੋਰੀ ਕਰ ਰਹੇ ਹਨ। ਮਹਿੰਗਾਈ ’ਚ ਲੱਕ-ਤੋੜਵੇਂ ਵਾਧੇ ਕਰ ਕੇ ਸਟੋਰਾਂ, ਘਰਾਂ, ਗੱਡੀਆਂ ’ਚੋਂ ਚੋਰੀਆਂ, ਲੁੱਟਾਂ-ਖੋਹਾਂ, ਧੋਖਾਦੇਹੀਆਂ ਦੇ ਕੇਸਾਂ ’ਚ ਵਾਧਾ ਹੋ ਰਿਹਾ ਹੈ। ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਸਬੰਧੀ ਕੌਮਾਂਤਰੀ ਤਾਕਤਵਰ ਗੈਂਗ ਰੋਜ਼ਾਨਾ ਕਤਲੋਗਾਰਤ ’ਚ ਸ਼ਾਮਲ ਹਨ। ਸਰਕਾਰੀ ਜਾਂ ਪ੍ਰਾਈਵੇਟ ਖੇਤਰਾਂ ’ਚ ਸਨਮਾਨਜਨਕ ਨੌਕਰੀਆਂ ਤੋਂ ਪ੍ਰਵਾਸੀ ਵਾਂਝੇ ਰੱਖੇ ਜਾਂਦੇ ਹਨ।

ਸੋ, ਬਹੁਤ ਸਾਰੇ ਪ੍ਰਵਾਸੀ ਹੁਣ ਭਾਰਤ ਵਾਪਸ ਪਰਤ ਰਹੇ ਹਨ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਪਿਛਲੇ ਦਿਨੀਂ ਇਕ ਗੱਲਬਾਤ ’ਚ ਕਿਹਾ ਸੀ ਕਿ ਵਿਦੇਸ਼ਾਂ ’ਚ ਭਾਰਤ ਨਾਲੋਂ ਮਹਿੰਗਾਈ ਵੱਧ ਹੈ। ਇਹ 100 ਫੀਸਦੀ ਸੱਚ ਹੈ। ਆਮ ਪ੍ਰਵਾਸੀ ਦਾ ਵਿਦੇਸ਼ ’ਚ ਰਹਿਣਾ ਮੁਸ਼ਕਲ ਹੋ ਰਿਹਾ ਹੈ। ਮਹਿੰਗਾਈ, ਬੇਰੋਜ਼ਗਾਰੀ ਜਾਂ ਘੱਟ ਉਜਰਤ ਤੇ ਰੋਜ਼ਗਾਰ ਟੈਕਸਾਂ ਦੀ ਭਰਮਾਰ, ਦੇਸ਼ ਅਤੇ ਮਿੱਟੀ ਦਾ ਮੋਹ, ਬੁਢਾਪਾ ਇਕੱਲਤਾ ਦੀ ਥਾਂ ਆਪਣੇ ਭਾਈਚਾਰੇ ਜਾਂ ਦੇਸ਼ ਵਿਚ ਗੁਜ਼ਾਰਨ ਦੀ ਸਿੱਕ ਕਰ ਕੇ ਹੁਣ ਉਹ ਮੋੜਾ ਪਾ ਰਹੇ ਹਨ। ਵਾਪਸ ਪਰਤਣ ਵਾਲਿਆਂ ’ਚ ਅਮਰੀਕਾ, ਬ੍ਰਿਟੇਨ, ਕੈਨੇਡਾ, ਸਾਊਥ ਅਫਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ, ਮਲੇਸ਼ੀਆ, ਮੱਧ ਪੂਰਬ ’ਚ ਵਸਦੇ ਭਾਰਤੀ ਸ਼ਾਮਲ ਹਨ। ਇਨ੍ਹਾਂ ’ਚੋਂ 78 ਫੀਸਦੀ ਆਪਣੇ ਹੋਮ ਟਾਊਨ, 58 ਫੀਸਦੀ ਬੈਂਗਲੁਰੂ, ਅਹਿਮਦਾਬਾਦ, ਪੁਣੇ, ਗਾਜ਼ੀਆਬਾਦ, ਫਰੀਦਾਬਾਦ, ਮੁੰਬਈ, ਤਿਰੂਵਨੰਤਪੁਰਮ, ਚੰਡੀਗੜ੍ਹ ਆਦਿ ਵਿਖੇ ਵਸਣ ਨੂੰ ਤਰਜੀਹ ਦਿੰਦੇ ਹਨ। ਕੁਝ ਜ਼ਮੀਨਾਂ, ਸਨਅਤ ਜਾਂ ਕਾਰੋਬਾਰ ’ਚ ਧਨ ਨਿਵੇਸ਼ ਕਰਨਾ ਚਾਹੁੰਦੇ ਹਨ। ਜੇਕਰ ਭਾਰਤ ਅੰਦਰ ਵਧੀਆ ਕਾਨੂੰਨ ਜਾਂ ਰਾਜ, ਭ੍ਰਿਸ਼ਟਾਚਾਰ ਮੁਕਤ ਸ਼ਾਸਨ-ਪ੍ਰਸ਼ਾਸਨ ਸਥਾਪਿਤ ਹੋ ਜਾਵੇ, ਰੋਜ਼ਗਾਰ ਦੇ ਮੌਕੇ ਵਧ ਜਾਣ, ਵਧੀਆ ਸਿਹਤ ਸਹੂਲਤਾਂ ਯਕੀਨੀ ਬਣਾਈਆਂ ਜਾਣ ਤਾਂ ਵਿਦੇਸ਼ਾਂ ’ਚੋਂ ਵੱਡੇ ਪੱਧਰ ’ਤੇ ਪ੍ਰਵਾਸੀ ਭਾਰਤੀ ਵਤਨ ਪਰਤ ਸਕਦੇ ਹਨ।


cherry

Content Editor

Related News