ਆਈ. ਆਈ. ਟੀ. ਦੇ ਵਿਦਿਆਰਥੀਆਂ ਵੱਲੋਂ ਆਤਮਹੱਤਿਆ ਦੇ ਮਾਮਲੇ ਚਿੰਤਾਜਨਕ

09/04/2023 3:23:31 AM

ਦਿੱਲੀ ਦੇ ਭਾਰਤੀ ਟੈਕਨਾਲੋਜੀ ਅਦਾਰੇ (ਆਈ. ਆਈ. ਟੀ.) ’ਚ ਬੀ. ਟੈੱਕ. ਆਖਰੀ ਸਾਲ ਦਾ 21 ਸਾਲ ਦਾ ਵਿਦਿਆਰਥੀ ਅਨਿਲ ਕੁਮਾਰ 1 ਸਤੰਬਰ ਦੀ ਸ਼ਾਮ ਨੂੰ ਆਪਣੇ ਹੋਸਟਲ ਦੇ ਕਮਰੇ ’ਚ ਮ੍ਰਿਤਕ ਮਿਲਿਆ। ਪੁਲਸ ਕੰਟ੍ਰੋਲ ਰੂਮ ਨੂੰ ਸ਼ਾਮ 6 ਵਜੇ ਇਕ ਫੋਨ ਰਾਹੀਂ ਉਸ ਦੀ ਮੌਤ ਦੀ ਸੂਚਨਾ ਦਿੱਤੀ ਗਈ।

ਕੈਂਪਸ ਦੇ ਵਿਦਿਆਰਥੀ ਸੰਗਠਨ ‘ਅੰਬੇਡਕਰ ਫੂਲੇ ਪੇਰੀਆਰ ਸਟੂਡੈਂਟ ਸਰਕਲ’ ਨੇ ਇਕ ਬਿਆਨ ’ਚ ਕਿਹਾ, ‘‘ਅਨੁਸੂਚਿਤ ਜਾਤੀ ਦਾ ਇਕ ਹੋਰ ਵਿਦਿਆਰਥੀ ਵਿਧਿਆਂਚਲ ਹੋਸਟਲ ’ਚ ਮ੍ਰਿਤਕ ਮਿਲਿਆ।’’

ਇਹ ਵੀ ਪਤਾ ਲੱਗਾ ਹੈ ਕਿ ਮ੍ਰਿਤਕ ਗਣਿਤ ਅਤੇ ਕੰਪਿਊਟਿੰਗ ’ਚ ਬੀ. ਟੈੱਕ. (2019-2023) ਕਰ ਰਿਹਾ ਸੀ। ਉਹ ਹੋਸਟਲ ’ਚ 6 ਮਹੀਨਿਆਂ ਦੀ ਐਕਸਟੈਂਸ਼ਨ ’ਤੇ ਸੀ ਕਿਉਂਕਿ ਉਹ ਕੁਝ ਵਿਸ਼ੇ ਕਲੀਅਰ ਨਹੀਂ ਕਰ ਸਕਿਆ ਸੀ। ਪੁਲਸ ਨੇ ਇਸ ਮਾਮਲੇ ’ਚ ਕਿਸੇ ਤਰ੍ਹਾਂ ਦੀ ਗੜਬੜ ਤੋਂ ਇਨਕਾਰ ਕੀਤਾ ਹੈ ਅਤੇ ਜਾਂਚ ਕਰ ਰਹੀ ਹੈ।

ਆਈ. ਆਈ. ਟੀ. ਵਰਗੇ ਅਦਾਰਿਆਂ ’ਚ ਪੜ੍ਹ ਰਹੇ ਵਿਦਿਆਰਥੀਆਂ ਦੇ ਸੁਸਾਈਡ ਦੇ ਮਾਮਲੇ ਚਿੰਤਾਜਨਕ ਹਨ। ਆਈ. ਆਈ. ਟੀ. ਦਿੱਲੀ ’ਚ ਇਹ ਆਤਮਹੱਤਿਆ ਦੀ ਦੂਜੀ ਅਤੇ ਇਸ ਸਾਲ ਵੱਖ-ਵੱਖ ਆਈ. ਆਈ. ਟੀ. ’ਚ ਇੰਜੀਨੀਅਰਿੰਗ ਵਿਦਿਆਰਥੀਆਂ ਦੀ ਆਤਮਹੱਤਿਆ ਦੀ ਛੇਵੀਂ ਘਟਨਾ ਹੈ। ਫਰਵਰੀ ’ਚ ਆਈ. ਆਈ. ਟੀ. ਬਾਂਬੇ ਦੇ ਵਿਦਿਆਰਥੀ ਦਰਸ਼ਨ ਸੋਲੰਕੀ ਨੇ ਹੋਸਟਲ ਦੀ 7ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਆਤਮਹੱਤਿਆ ਕਰ ਲਈ ਅਤੇ ਉਸ ਤੋਂ ਬਾਅਦ ਆਈ. ਆਈ. ਟੀ. ਮਦਰਾਸ ਦੇ 3 ਵਿਦਿਆਰਥੀਆਂ ਨੇ ਆਤਮਹੱਤਿਆ ਕਰ ਲਈ ਸੀ।

ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਧਿਆਨ ’ਚ ਰੱਖਦਿਆਂ ਇਹ ਸਵਾਲ ਉੱਠਦਾ ਹੈ ਕਿ ਕੀ ਇਹ ਸਿੱਖਿਆ ਦਾ ਦਬਾਅ ਹੈ ਜਾਂ ਤਣਾਅ, ਇਕੱਲੇਪਨ ਦਾ ਨਤੀਜਾ ਹੈ ਜਾਂ ਇਸ ਪਿੱਛੇ ਕੋਈ ਹੋਰ ਕਾਰਨ ਹੈ? ਕੀ ਵਿਦਿਆਰਥੀ ਦੇ ਮਾਤਾ-ਪਿਤਾ ਵੱਲੋਂ ਦਬਾਅ ਪਾਇਆ ਗਿਆ ਸੀ ਜਾਂ ਉਸ ਦੇ ਅਨੁਸੂਚਿਤ ਜਾਤੀ ਨਾਲ ਸਬੰਧ ਰੱਖਣ ਅਤੇ ਰਿਜ਼ਰਵੇਸ਼ਨ ਆਦਿ ਕਾਰਨ ਕੋਈ ਦਬਾਅ ਸੀ?

ਕੁਝ ਸਮਾਂ ਪਹਿਲਾਂ ਇਹ ਨਿਰਦੇਸ਼ ਦਿੱਤੇ ਗਏ ਸਨ ਕਿ ਕਿਸੇ ਵਿਦਿਆਰਥੀ ਕੋਲੋਂ ਉਸ ਦੀ ਫੀਸ ਆਦਿ ਸਬੰਧੀ ਨਹੀਂ ਪੁੱਛਿਆ ਜਾਵੇਗਾ ਤਾਂ ਜੋ ਇਹ ਪਤਾ ਨਾ ਲੱਗ ਸਕੇ ਕਿ ਉਹ ਅਨੁਸੂਚਿਤ ਜਾਤੀ ਨਾਲ ਸਬੰਧ ਰੱਖਦਾ ਹੈ ਜਾਂ ਜਨਰਲ ਵਰਗ ਨਾਲ।

ਜੋ ਵੀ ਹੋਵੇ, ਹਰ ਹਾਲਤ ’ਚ ਸਾਨੂੰ ਆਪਣੀ ਸਿੱਖਿਆ ਪ੍ਰਣਾਲੀ ਨੂੰ ਵਧੇਰੇ ਸਿਹਤਮੰਦ ਬਣਾਉਣ ਦੀ ਲੋੜ ਹੈ, ਉਸ ਨੂੰ ਸਿਰਫ ਡਾਟਾ ਓਰੀਐਂਟਿਡ ਹੀ ਨਹੀਂ ਸਗੋਂ ਵਧੇਰੇ ਅਨੁਕੂਲ ਬਣਾਉਣ ਦੀ ਲੋੜ ਹੈ। ਪਿਛਲੇ ਦਿਨੀਂ ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਵਿੱਦਿਅਕ ਅਦਾਰਿਆਂ ਦੇ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਆਦਿ ਦੀ ਜਾਂਚ ਕੀਤੀ ਜਾਇਆ ਕਰੇਗੀ ਪਰ ਅਜੇ ਤੱਕ ਅਜਿਹਾ ਕੁਝ ਨਹੀਂ ਕੀਤਾ ਗਿਆ।


Mukesh

Content Editor

Related News