ਚੋਣਾਂ ਜਿੱਤਣ ਲਈ ਨੇਤਾ ਲਾ ਰਹੇ ਧਰਮ ਅਸਥਾਨਾਂ ਦੇ ਚੱਕਰ

05/05/2019 4:49:42 AM

         ਇਨ੍ਹੀਂ ਦਿਨੀਂ ਦੇਸ਼ 'ਚ ਚੋਣ ਬੁਖਾਰ ਜ਼ੋਰਾਂ 'ਤੇ ਹੈ ਅਤੇ ਸਾਡੇ ਨੇਤਾ ਚੋਣਾਂ ਜਿੱਤਣ ਲਈ ਧਾਰਮਿਕ ਯੱਗ, ਮੰਦਰਾਂ 'ਚ ਪੂਜਾ-ਪਾਠ ਅਤੇ ਦੁਸ਼ਮਣ ਦੇ ਨਾਸ਼ ਲਈ ਤੰਤਰ-ਮੰਤਰ, ਝਾੜ-ਫੂਕ ਤਕ ਕਰਵਾ ਰਹੇ ਹਨ। ਇਸੇ ਲ੦ਈ ਇਨ੍ਹੀਂ ਦਿਨੀਂ ਦੇਸ਼ 'ਚ ਮਨੋਕਾਮਨਾ ਸਿੱਧ ਕਰਨ ਲਈ ਪ੍ਰਸਿੱਧ ਧਰਮ ਅਸਥਾਨਾਂ 'ਤੇ ਚੋਣਾਂ 'ਚ ਖੜ੍ਹੇ ਉਮੀਦਵਾਰਾਂ ਦੀ ਖੂਬ ਭੀੜ ਦੇਖਣ ਨੂੰ ਮਿਲ ਰਹੀ ਹੈ।
ਕਈ ਮੰਦਰਾਂ 'ਚ ਉਮੀਦਵਾਰਾਂ ਨੇ ਹਵਨ ਆਦਿ ਲਈ ਬੁਕਿੰਗ ਕਰਵਾਈ ਹੋਈ ਹੈ ਅਤੇ ਆਪਣੇ ਇਸ਼ਟ ਦੇਵਤਿਆਂ ਅਤੇ ਪੁਜਾਰੀਆਂ ਤੋਂ ਸਫਲਤਾ ਦਾ ਆਸ਼ੀਰਵਾਦ ਮੰਗ ਰਹੇ ਹਨ ਤਾਂ ਕੁਝ ਉਮੀਦਵਾਰ ਗੁਪਤ ਪੂਜਾ-ਪਾਠ ਕਰਵਾ ਰਹੇ ਹਨ, ਆਪਣੇ ਗੁੱਟਾਂ 'ਤੇ ਵੱਖ-ਵੱਖ ਰੰਗਾਂ ਦੇ ਰੱਖਿਆ ਸੂਤਰ ਬੰਨ੍ਹੀ ਅਤੇ ਉਂਗਲਾਂ 'ਚ ਵੱਖ-ਵੱਖ ਤਰ੍ਹਾਂ ਦੇ ਨਗ ਪਹਿਨੀ ਨਜ਼ਰ ਆ ਰਹੇ ਹਨ।
ਜੋਧਪੁਰ ਤੋਂ ਚੋਣ ਲੜ ਰਹੇ ਕਾਂਗਰਸੀ ਉਮੀਦਵਾਰ ਵੈਭਵ ਗਹਿਲੋਤ ਨੇ ਇਕ ਆਸ਼ਰਮ 'ਚ ਜਾ ਕੇ ਆਸ਼ੀਰਵਾਦ ਲਿਆ ਤੇ ਝਾੜਾ ਵੀ ਲਗਵਾਇਆ। ਉਥੇ ਹੀ ਉਨ੍ਹਾਂ ਦੇ ਪਿਤਾ ਅਸ਼ੋਕ ਗਹਿਲੋਤ ਨੂੰ ਬੁਰੀ ਨਜ਼ਰ ਤੋਂ ਬਚਾਉਣ ਲਈ ਕਾਂਗਰਸੀ ਵਰਕਰਾਂ ਨੇ ਨਿੰਬੂ ਅਤੇ ਮਿਰਚ ਦਾ ਹਾਰ ਪਹਿਨਾਇਆ। ਦੂਜੇ ਪਾਸੇ ਵੈਭਵ ਦੇ ਮੁਕਾਬਲੇ ਖੜ੍ਹੇ ਭਾਜਪਾ ਦੇ ਗਜੇਂਦਰ ਸ਼ੇਖਾਵਤ ਦੇ ਸਹੁਰਾ ਪੱਖ ਨੇ ਉਨ੍ਹਾਂ ਦੀ ਜਿੱਤ ਲਈ ਯੱਗ ਕਰਵਾਇਆ।
ਮੱਧ ਪ੍ਰਦੇਸ਼ ਦੇ ਇਕ ਮੰਦਰ 'ਚ ਕਈ ਨੇਤਾ ਦੁਸ਼ਮਣ ਦੇ ਨਾਸ਼ ਦਾ ਆਸ਼ੀਰਵਾਦ ਲੈਣ ਲਈ ਸਿਰ ਝੁਕਾ ਰਹੇ ਹਨ। ਚੋਣ ਨਦੀ ਪਾਰ ਕਰਨ ਲਈ ਤੀਰਥ ਨਗਰੀ ਉੱਜੈਨ ਦੇ ਮਹਾਕਾਲ ਮੰਦਰ 'ਚ ਵੀ ਸ਼ਰਧਾਲੂ ਪਹੁੰਚ ਰਹੇ ਹਨ।
ਇਸੇ ਦਰਮਿਆਨ ਮੱਧ ਪ੍ਰਦੇਸ਼ ਦੇ ਭੋਪਾਲ 'ਚ ਜਿੱਥੇ ਭਾਜਪਾ ਨੇ ਕਾਂਗਰਸ ਦੇ ਦਿੱਗਵਿਜੇ ਸਿੰਘ ਦੇ ਮੁਕਾਬਲੇ ਭਗਵਾਧਾਰੀ ਸਾਧਵੀ ਪ੍ਰੱਗਿਆ ਠਾਕੁਰ ਨੂੰ ਉਮੀਦਵਾਰ ਬਣਾਇਆ ਹੈ, ਉਥੇ ਹੀ ਕੁਝ ਦਿਨਾਂ ਤੋਂ ਦਿੱਗਵਿਜੇ ਸਿੰਘ ਦੇ ਪੱਖ 'ਚ ਭਗਵਾਧਾਰੀ ਸਾਧੂ ਦਿਖਾਈ ਦੇਣ ਲੱਗੇ ਹਨ।
ਦਿੱਗਵਿਜੇ ਸਿੰਘ ਦੇ ਪੱਖ 'ਚ ਉਤਰੇ ਮਹਾਮੰਡਲੇਸ਼ਵਰ ਵੈਰਾਗਯਾਨੰਦ ਮਹਾਰਾਜ ਨੇ ਉਨ੍ਹਾਂ ਦੀ ਜਿੱਤ ਲਈ 5 ਕੁਇੰਟਲ ਮਿਰਚਾਂ ਨਾਲ ਦੁਸ਼ਮਣ ਦੇ ਨਾਸ਼ ਲਈ ਕੀਤਾ ਜਾਣ ਵਾਲਾ 'ਮਿਰਚੀ ਯੱਗ' ਕਰਨ ਦਾ ਐਲਾਨ ਕੀਤਾ ਹੈ ਅਤੇ ਕਿਹਾ ਹੈ ਕਿ ਜੇ ਦਿੱਗਵਿਜੇ ਹਾਰੇ ਤਾਂ ਉਹ ਹਵਨ ਵਾਲੀ ਥਾਂ 'ਤੇ ਹੀ ਸਮਾਧੀ ਲੈ ਲੈਣਗੇ।
ਹਾਲਾਂਕਿ ਅਜਿਹੇ ਬਹੁਤ ਸਾਰੇ ਕਿੱਸੇ ਹਨ ਪਰ ਇਹ ਸਿੱਧ ਕਰਨ ਲਈ ਉਕਤ ਕੁਝ ਮਿਸਾਲਾਂ ਹੀ ਕਾਫੀ ਹਨ ਕਿ ਆਪਣਾ ਸੁਆਰਥ ਸਿੱਧ ਕਰਨ ਲਈ ਸਾਡੇ ਸਿਆਸਤਦਾਨ ਵੀ ਕੀ-ਕੀ ਨਹੀਂ ਕਰਦੇ।

                                                                                          –ਵਿਜੇ ਕੁਮਾਰ


KamalJeet Singh

Content Editor

Related News