ਮਿਲਾਵਟੀ ਖੁਰਾਕੀ ਵਸਤੂਆਂ ਦਾ ਧੰਦਾ ਜ਼ੋਰਾਂ ’ਤੇ, ਨਮਕ, ਜੀਰਾ ਅਤੇ ਚਾਹਪੱਤੀ ਵੀ ਨਕਲੀ
Tuesday, Nov 15, 2022 - 02:31 AM (IST)

ਦੇਸ਼ ਭਰ ’ਚ ਆਏ ਦਿਨ ਵੱਖ-ਵੱਖ ਵਸਤੂਆਂ ਦੇ ਨਾਲ-ਨਾਲ ਖੁਰਾਕੀ ਵਸਤੂਆਂ ’ਚ ਮਿਲਾਵਟ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਨਕਲੀ ਖੁਰਾਕੀ ਵਸਤੂਆਂ ਦੇ ਵਪਾਰੀਆਂ ਨੇ ਰਸੋਈ ਘਰ ’ਚ ਕੰਮ ਆਉਣ ਵਾਲੀਆਂ ਬੁਨਿਆਦੀ ਚੀਜ਼ਾਂ ਨਮਕ, ਜੀਰਾ ਅਤੇ ਚਾਹਪੱਤੀ ਤਕ ’ਚ ਮਿਲਾਵਟ ਸ਼ੁਰੂ ਕਰ ਦਿੱਤੀ ਹੈ।
* 26 ਮਈ, 2022 ਨੂੰ ਨੋਇਡਾ ’ਚ ਦਾਦਰੀ ਥਾਣੇ ਦੀ ਪੁਲਸ ਨੇ ਇਕ ਮਸ਼ਹੂਰ ਕੰਪਨੀ ਦਾ ਨਕਲੀ ਨਮਕ ਬਣਾਉਣ ਵਾਲੀ ਫੈਕਟਰੀ ਤੋਂ 15 ਲੱਖ ਰੁਪਏ ਦਾ 60,000 ਕਿਲੋ ਨਕਲੀ ਨਮਕ ਤੇ 20,000 ਰੈਪਰ ਜ਼ਬਤ ਕਰ ਕੇ ਦੋ ਲੋਕ ਗ੍ਰਿਫਤਾਰ ਕੀਤੇ ਸਨ।
* 19 ਅਕਤੂਬਰ, 2022 ਨੂੰ ਦਿੱਲੀ ਪੁਲਸ ਦੀ ਅਪਰਾਧ ਸ਼ਾਖਾ ਅਤੇ ਦਿੱਲੀ ਸਰਕਾਰ ਦੇ ਫੂਡ ਐਂਡ ਸੇਫਟੀ ਵਿਭਾਗ ਦੇ ਅਧਿਕਾਰੀਆਂ ਨੇ ਇਕ ਸਾਂਝੀ ਮੁਹਿੰਮ ਦੌਰਾਨ ਦਿੱਲੀ ਦੇ ਕੰਝਾਵਾਲਾ ਇਲਾਕੇ ਦੀ ਇਕ ਫੈਕਟਰੀ ’ਚ ਸੁੱਕੀ ਘਾਹ, ਚੂਨਾ ਪੱਥਰ ਅਤੇ ਗੁੜ ਦੇ ਸ਼ੀਰੇ ਦੀ ਵਰਤੋਂ ਨਾਲ ਬਣਾਇਆ ਜਾ ਰਿਹਾ 28,210 ਕਿਲੋ ਤੋਂ ਵੱਧ ਨਕਲੀ ਜੀਰਾ ਫੜਿਆ।
* ਅਤੇ ਹੁਣ 13 ਨਵੰਬਰ ਨੂੰ ਪੰਜਾਬ ਦੇ ਫਗਵਾੜਾ ਸ਼ਹਿਰ ’ਚ ਦੇਸ਼ ਦੀ ਇਕ ਵੱਡੀ ਕੰਪਨੀ ਦੇ ਨਾਂ ’ਤੇ ਕਥਿਤ ਤੌਰ ’ਤੇ ਨਕਲੀ ਚਾਹਪੱਤੀ ਵਿਕਰੀ ਕਰਨ ਵਾਲੇ ਦੁਕਾਨਦਾਰਾਂ ਦਾ ਪਰਦਾਫਾਸ਼ ਹੋਇਆ ਹੈ। ਸ਼ਿਕਾਇਤ ਦੇ ਆਧਾਰ ’ਤੇ ਥਾਣਾ ਸਿਟੀ ਦੀ ਪੁਲਸ ਨੇ ਕਾਰਵਾਈ ਕਰ ਕੇ ਸਬਜ਼ੀ ਮੰਡੀ ਦੇ ਦੋ ਦੁਕਾਨਦਾਰਾਂ ਦੇ ਵਿਰੁੱਧ ਥਾਣਾ ਸਿਟੀ ਫਗਵਾੜਾ ’ਚ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ। ਐੱਸ.ਪੀ. ਫਗਵਾੜਾ ਮੁਖਤਿਆਰ ਰਾਏ ਅਨੁਸਾਰ ਮੁਲਜ਼ਮ ਦੁਕਾਨਦਾਰਾਂ ਕੋਲੋਂ ਭਾਰੀ ਮਾਤਰਾ ’ਚ ਪ੍ਰਸਿੱਧ ਬ੍ਰਾਂਡ ਦੀ ਨਕਲੀ ਚਾਹਪੱਤੀ ਬਰਾਮਦ ਕੀਤੀ ਗਈ ਹੈ ਜੋ ਸਥਾਨਕ ਪੱਧਰ ’ਤੇ ਹੀ ਤਿਆਰ ਕੀਤੀ ਜਾ ਰਹੀ ਸੀ।
ਨਕਲੀ ਖੁਰਾਕ ਪਦਾਰਥਾਂ ਦਾ ਧੰਦਾ ਇਕ ਵੱਡਾ ਫਰਾਡ ਹੀ ਨਹੀਂ ਸਗੋਂ ਲੱਖਾਂ ਲੋਕਾਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਵੀ ਹੈ ਕਿਉਂਕਿ ਇਨ੍ਹਾਂ ’ਚ ਹਾਨੀਕਾਰਕ ਤੱਤ ਵੀ ਹੋ ਸਕਦੇ ਹਨ। ਮਿਲਾਵਟੀ ਖੁਰਾਕ ਪਦਾਰਥਾਂ ਨਾਲ ਲੋਕਾਂ ਦਾ ਜੀਵਨ ਖਤਰੇ ’ਚ ਪਾਉਣਾ ਹੱਤਿਆ ਤੋਂ ਘੱਟ ਗੰਭੀਰ ਅਪਰਾਧ ਨਹੀਂ ਹੈ। ਇਸ ਲਈ ਅਜਿਹਾ ਕਰਨ ਵਾਲਿਆਂ ’ਤੇ ਉਸੇ ਲਿਹਾਜ਼ ਨਾਲ ਕਾਨੂੰਨ ਦੇ ਅਨੁਸਾਰ ਕਾਰਵਾਈ ਕਰ ਕੇ ਇਰਾਦਾ ਕਤਲ ਵਰਗੀਆਂ ਧਾਰਾਵਾਂ ’ਚ ਕੇਸ ਚਲਾ ਕੇ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ।
–ਵਿਜੇ ਕੁਮਾਰ