‘ਤ੍ਰਿਣਮੂਲ ਦੇ ਦਲ-ਬਦਲੂਆਂ ਤੋਂ ਭਾਜਪਾ ਦੀ ਤੌਬਾ’‘ਬੰਗਾਲ ’ਚ ਸ਼ਹਿ ਅਤੇ ਮਾਤ ਦਾ ਖੇਡ ਜਾਰੀ’
Friday, Feb 05, 2021 - 02:01 AM (IST)

ਇਸ ਸਮੇਂ ਜਦਕਿ ਪੱਛਮੀ ਬੰਗਾਲ ਦੀਆਂ ਚੋਣਾਂ ’ਚ ਤਿੰਨ ਮਹੀਨੇ ਦਾ ਹੀ ਸਮਾਂ ਬਚਿਆ ਹੈ, ਇਕ ਪਾਸੇ ਭਾਜਪਾ ਨੇ ਮਮਤਾ ਬੈਨਰਜੀ ਨੂੰ ਸੱਤਾ ਤੋਂ ਲਾਂਭੇ ਕਰਨ ਦੇ ਲਈ ਅੱਡੀ-ਚੋਟੀ ਦਾ ਜ਼ੋਰ ਲਗਾਇਆ ਹੋਇਆ ਹੈ ਤੇ ਦੂਸਰੇ ਪਾਸੇ ਭਾਜਪਾ ਲੀਡਰਸ਼ਿਪ ਵਲੋਂ ਅੰਨ੍ਹੇਵਾਹ ਤ੍ਰਿਣਮੂਲ ਕਾਂਗਰਸ ਦੇ ਦਲ-ਬਦਲੂਆਂ ਨੂੰ ਪਾਰਟੀ ’ਚ ਸ਼ਾਮਲ ਕਰਨ ਦੇ ਵਿਰੁੱਧ ਪਾਰਟੀ ’ਚ ਬਗਾਵਤ ਅਤੇ ਰੋਸ ਭੜਕ ਉੱਠਿਆ ਹੈ।
ਇਸੇ ਮੁੱਦੇ ਨੂੰ ਲੈ ਕੇ 21 ਜਨਵਰੀ ਨੂੰ ਆਸਨਸੋਲ ’ਚ ਭਾਜਪਾ ਦਫਤਰ ’ਚ ਕੇਂਦਰੀ ਮੰਤਰੀ ਬਾਬੁਲ ਸੁਪ੍ਰਿਓ ਦੇ ਸਾਹਮਣੇ ਪਾਰਟੀ ਦੇ ਪੁਰਾਣੇ ਅਤੇ ਤ੍ਰਿਣਮੂਲ ਕਾਂਗਰਸ ’ਚੋਂ ਆਏ ਨਵੇਂ ਪਾਰਟੀ ਵਰਕਰਾਂ ਦੇ ਦਰਮਿਆਨ ਖੁੱਲ੍ਹ ਕੇ ਕੁੱਟਮਾਰ ਹੋਈ।
ਇਸੇ ਦਿਨ ਬਰਦਵਾਨ ’ਚ ਵੀ ਪੁਰਾਣੇ ਭਾਜਪਾ ਵਰਕਰਾਂ ਨੇ ਦਫਤਰ ’ਚ ਵੜ ਕੇ ਜ਼ਿਲਾ ਪਾਰਟੀ ਪ੍ਰਧਾਨ ਸੰਦੀਪ ਨੰਦੀ ਦੇ ਵਿਰੁੱਧ ਨਾਅਰੇਬਾਜ਼ੀ ਅਤੇ ਹੰਗਾਮਾ ਕੀਤਾ। ਇਸ ਦੇ ਬਾਅਦ ਪਾਰਟੀ ਦੇ ਪੁਰਾਣੇ ਅਤੇ ਨਵੇਂ ਵਰਕਰਾਂ ਦੇ ਦਰਮਿਆਨ ਜ਼ਬਰਦਸਤ ਲੜਾਈ ਅਤੇ ਪੱਥਰਬਾਜ਼ੀ ਦੇ ਨਤੀਜੇ ਵਜੋਂ ਅੱਧੀ ਦਰਜਨ ਤੋਂ ਵੱਧ ਭਾਜਪਾ ਵਰਕਰ ਜ਼ਖਮੀ ਹੋ ਗਏ।
ਭਾਜਪਾ ਦੇ ਪੁਰਾਣੇ ਵਰਕਰਾਂ ਦਾ ਦੋਸ਼ ਹੈ ਕਿ ਸੰਦੀਪ ਨੰਦੀ ਉਨ੍ਹਾਂ ਦੀ ਅਣਦੇਖੀ ਕਰਕੇ ਦਲ-ਬਦਲੂਆਂ ਨੂੰ ਤਵੱਜੋਂ ਦੇ ਰਹੇ ਹਨ ਅਤੇ ਇਕ ਸੀਨੀਅਰ ਨੇਤਾ ਨੇ ਰੋਸ ਪ੍ਰਗਟ ਕਰਦੇ ਹੋਏ ਕਿਹਾ ਕਿ, ‘‘ਜੇਕਰ ਭਾਜਪਾ ਟੀ. ਐੱਮ. ਸੀ. (ਤ੍ਰਿਣਮੂਲ ਕਾਂਗਰਸ) ਦੇ ਲੋਕਾਂ ਨਾਲ ਭਰ ਜਾਵੇਗੀ ਤਾਂ ਇਹ ਉਸ ਦੀ ਬੀ ਟੀਮ ਵਰਗੀ ਨਜ਼ਰ ਆਵੇਗੀ।’’
ਦਲ-ਬਦਲੂਆਂ ਨੂੰ ਸ਼ਾਮਲ ਕਰਨ ਦੇ ਵਿਰੁੱਧ ਭਾਜਪਾ ਵਰਕਰਾਂ ’ਚ ਪੈਦਾ ਅਸੰਤੋਸ਼ ਨੂੰ ਦੇਖਦੇ ਹੋਏ ਪ੍ਰਦੇਸ਼ ਪਾਰਟੀ ਪ੍ਰਧਾਨ ਦਿਲੀਪ ਘੋਸ਼ ਨੂੰ ਇਹ ਕਹਿਣ ਲਈ ਮਜਬੂਰ ਹੋਣਾ ਪਿਆ ਕਿ ‘‘ਇਹ ਜ਼ਰੂਰੀ ਨਹੀਂ ਹੈ ਕਿ ਤ੍ਰਿਣਮੂਲ ਕਾਂਗਰਸ ਤੋਂ ਦਲ ਬਦਲ ਕੇ ਆਉਣ ਵਾਲਿਆਂ ਨੂੰ ਕੋਈ ਅਹੁਦਾ ਦਿੱਤਾ ਜਾਵੇਗਾ।’’
ਹੁਣ ਤਾਂ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀਯ ਨੇ ਵੀ ਕਹਿ ਦਿੱਤਾ ਹੈ ਕਿ ‘‘ਅਸੀਂ ਨਹੀਂ ਚਾਹੁੰਦੇ ਕਿ ਭਾਜਪਾ ਤ੍ਰਿਣਮੂਲ ਕਾਂਗਰਸ ਦੀ ਬੀ ਟੀਮ ਵਰਗੀ ਦਿਖਾਈ ਦੇਣ ਲੱਗੇ। ਅਸੀਂ ਅਜਿਹੇ ਲੋਕਾਂ ਨੂੰ ਪਾਰਟੀ ’ਚ ਸ਼ਾਮਲ ਨਹੀਂ ਕਰਾਂਗੇ ਜਿਨ੍ਹਾਂ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਹਨ ਜਾਂ ਜੋ ਅਨੈਤਿਕ ਅਤੇ ਨਾਜਾਇਜ਼ ਸਰਗਰਮੀਆਂ ’ਚ ਸ਼ਾਮਲ ਰਹੇ ਹਨ।’’
‘‘ਹੁਣ ਅਸੀਂ ਚੋਣਵੇਂ ਆਧਾਰ ’ਤੇ ਪੂਰੀ ਤਰ੍ਹਾਂ ਜਾਂਚ-ਪੜਤਾਲ ਦੇ ਬਾਅਦ ਹੀ ਕਿਸੇ ਨੂੰ ਪਾਰਟੀ ’ਚ ਸ਼ਾਮਲ ਕਰਾਂਗੇ ਕਿਉਂਕਿ ਪਾਰਟੀ ਦੀਆਂ ਵੱਖ-ਵੱਖ ਜ਼ਿਲਾ ਸ਼ਾਖਾਵਾਂ ਦੇ ਨੇਤਾ ਅੱਖਾਂ ਬੰਦ ਕਰਕੇ ਥੋਕ ਦੇ ਭਾਅ ਲੋਕਾਂ ਨੂੰ ਪਾਰਟੀ ’ਚ ਸ਼ਾਮਲ ਕਰਨ ਤੋਂ ਖੁਸ਼ ਨਹੀਂ ਹਨ।’’
ਭਾਜਪਾ ਲੀਡਰਸ਼ਿਪ ਵਲੋਂ ਅਜਿਹਾ ਕਹਿਣ ਦੇ ਬਾਵਜੂਦ ਦਲ-ਬਦਲੂਆਂ ਨੂੰ ਪਾਰਟੀ ’ਚ ਸ਼ਾਮਲ ਕਰਨਾ ਅਜੇ ਵੀ ਰੁਕਿਆ ਨਹੀਂ ਹੈ ਅਤੇ ਮਾਰ-ਕੁਟਾਈ ਦੇ ਦੋਸ਼ੀ ਤ੍ਰਿਣਮੂਲ ਕਾਂਗਰਸ ਵਿਧਾਇਕ ਦੀਪਕ ਹਲਦਰ ਨੂੰ ਭਾਜਪਾ ’ਚ ਸ਼ਾਮਲ ਕਰ ਲਿਆ ਗਿਆ ਹੈ।
ਮਮਤਾ ਬੈਨਰਜੀ ਨੇ ਤ੍ਰਿਣਮੂਲ ਕਾਂਗਰਸ ਛੱਡਣ ਵਾਲਿਆਂ ਨੂੰ ਸੱਤਾ ਦੇ ਲੋਭੀ, ਸਵਾਰਥੀ ਅਤੇ ਲਾਲਚੀ ਦੱਸਿਆ ਅਤੇ ਕਿਹਾ ਹੈ ਕਿ ਸਾਰੇ ਸੜੇ ਹੋਏ ਤੱਤ ਪਾਰਟੀ ਛੱਡ ਕੇ ਜਾ ਰਹੇ ਹਨ। ਉਨ੍ਹਾਂ ਨੇ ਨਾਂ ਲਏ ਬਿਨਾਂ ਹਾਲ ਹੀ ’ਚ ਪਾਰਟੀ ਛੱਡ ਕੇ ਭਾਜਪਾ ’ਚ ਜਾਣ ਵਾਲੇ ਜੰਗਲਾਤ ਮੰਤਰੀ ਰਾਜੀਵ ਬੈਨਰਜੀ ਵੱਲ ਇਸ਼ਾਰਾ ਕਰਦੇ ਹੋਏ ਦੋਸ਼ ਲਗਾਇਆ ਕਿ :
‘‘ਇਕ ਵਿਅਕਤੀ ਜਿਸ ’ਤੇ ਜੰਗਲਾਤ ਵਿਭਾਗ ’ਚ ਭਰਤੀ ਦੀ ਜ਼ਿੰਮੇਵਾਰੀ ਸੀ ਉਹ ਭ੍ਰਿਸ਼ਟ ਸਰਗਰਮੀਆਂ ’ਚ ਸ਼ਾਮਲ ਪਾਇਆ ਗਿਆ ਹੈ। ਚੋਰੀ ਕਰਨ ਤੋਂ ਬਾਅਦ ਉਹ ਭਾਜਪਾ ’ਚ ਚਲੇ ਗਏ ਹਨ। ਅਸੀਂ ਭ੍ਰਿਸ਼ਟਾਚਾਰ ਕਰਕੇ ਭਾਜਪਾ ’ਚ ਸ਼ਾਮਲ ਹੋਣ ਵਾਲਿਆਂ ਦੀ ਜਾਂਚ ਕਰਵਾਵਾਂਗੇ। ਇਨ੍ਹਾਂ ਲੋਕਾਂ ਨੇ ਇਸ ਲਈ ਪਾਰਟੀ ਛੱਡੀ ਹੈ ਕਿਉਂਕਿ ਇਨ੍ਹਾਂ ਨੂੰ ਪਤਾ ਸੀ ਕਿ ਇਨ੍ਹਾਂ ਨੂੰ ਹੁਣ ਪਾਰਟੀ ਦੀ ਟਿਕਟ ਮਿਲਣ ਵਾਲੀ ਨਹੀਂ ਹੈ।’’
ਉਹ ਬੋਲੀ, ‘‘ਭਾਜਪਾ ਭ੍ਰਿਸ਼ਟਾਚਾਰੀਆਂ ਦਾ ਦਾਗ ਧੋਣ ਵਾਲੀ ਵਾਸ਼ਿੰਗ ਮਸ਼ੀਨ ਅਤੇ ਅਜਿਹਾ ਗੈਸ ਦਾ ਗੁਬਾਰਾ ਹੈ ਜੋ ਸਿਰਫ ਮੀਡੀਆ ’ਚ ਹੀ ਜ਼ਿੰਦਾ ਹੈ। ਇਸ ਦੇ ਕੋਲ ਪ੍ਰਵਾਸੀ ਮਜ਼ਦੂਰਾਂ ਦੀ ਯਾਤਰਾ ਦਾ ਖਰਚਾ ਚੁੱਕਣ ਲਈ ਧਨ ਨਹੀਂ ਹੈ ਪਰ ਇਨ੍ਹਾਂ ਭ੍ਰਿਸ਼ਟ ਨੇਤਾਵਾਂ ਦੀ ਯਾਤਰਾ ਦਾ ਪ੍ਰਬੰਧ ਕਰਨ ਲਈ ਧਨ ਖਰਚ ਕਰਨ ਤੋਂ ਪ੍ਰਹੇਜ਼ ਨਹੀਂ ਹੈ।’’
ਮਮਤਾ ਨੇ ਤ੍ਰਿਣਮੂਲ ਕਾਂਗਰਸ ਛੱਡਣ ਵਾਲੇ ਨੇਤਾਵਾਂ ਨੂੰ ਭਾਜਪਾ ’ਚ ਸ਼ਾਮਲ ਕਰਨ ਲਈ ਇਕ ਚਾਰਟਰਡ ਜਹਾਜ਼ ਭੇਜਣ ਨੂੰ ਲੈ ਕੇ ਵੀ ਭਾਜਪਾ ’ਤੇ ਨਿਸ਼ਾਨਾ ਸਾਧਿਆ ਅਤੇ ਕੇਂਦਰ ਸਰਕਾਰ ’ਤੇ ਪੈਸੇ ਦੇ ਜ਼ੋਰ ’ਤੇ ਭ੍ਰਿਸ਼ਟ ਨੇਤਾਵਾਂ ਨੂੰ ਖਰੀਦਣ ਦਾ ਦੋਸ਼ ਲਗਾਇਆ।
ਵਰਣਨਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 7 ਫਰਵਰੀ ਨੂੰ ਆਪਣੇ ਬੰਗਾਲ ਦੌਰੇ ਦੇ ਦੌਰਾਨ ਵੋਟਰਾਂ ਨੂੰ ਭਰਮਾਉਣ ਲਈ ਬੰਗਾਲ ਨੂੰ 4742 ਕਰੋੜ ਰੁਪਏ ਤੋਂ ਵੱਧ ਦੇ ਪ੍ਰਾਜੈਕਟਾਂ ਦਾ ਤੋਹਫਾ ਦੇਣ ਜਾ ਰਹੇ ਹਨ।
2007 ’ਚ ਖੱਬੇਪੱਖੀ ਸਰਕਾਰ ਵਲੋਂ ਨੰਦੀਗ੍ਰਾਮ ’ਚ ਜਬਰੀ ਜ਼ਮੀਨ ਐਕਵਾਇਰ ਕਰਨ ਦੇ ਵਿਰੁੱਧ ਅੰਦੋਲਨ ਦੇ ਦੌਰਾਨ, ਜਿਸ ’ਚ 14 ਵਿਅਕਤੀ ਮਾਰੇ ਗਏ ਸਨ, ਮਮਤਾ ਬੈਨਰਜੀ ਅਤੇ ਉਨ੍ਹਾਂ ਦੇ ਉਸ ਸਮੇਂ ਦੇ ਭਰੋਸੇਮੰਦ ਸਾਥੀ ਸ਼ੁਭੇਂਦੂ ਅਧਿਕਾਰੀ, ਜੋ ਹੁਣ ਭਾਜਪਾ ’ਚ ਸ਼ਾਮਲ ਹੋ ਗਏ ਹਨ, ਨੇ ਮਿਲ ਕੇ ਖੱਬੇਪੱਖੀ ਸਰਕਾਰ ਦੇ ਵਿਰੁੱਧ ਸੰਘਰਸ਼ ਕੀਤਾ ਸੀ।
2016 ’ਚ ਸ਼ੁਭੇਂਦੂ ਅਧਿਕਾਰੀ ਇਥੋਂ ਚੋਣ ਜਿੱਤ ਕੇ ਮਮਤਾ ਸਰਕਾਰ ’ਚ ਮੰਤਰੀ ਬਣੇ ਅਤੇ ਹੁਣ ਇਕ ਵਾਰ ਫਿਰ ਇਥੋਂ ਚੋਣ ਲੜ ਰਹੇ ਹਨ ਪਰ ਇਸ ਵਾਰ ਮਮਤਾ ਅਤੇ ਉਨ੍ਹਾਂ ਦੇ ਰਾਹ ਵੱਖਰੇ ਹੋ ਚੁੱਕੇ ਹਨ ਅਤੇ ਮਮਤਾ ਨੇ ਉਨ੍ਹਾਂ ਦੇ ਵਿਰੁੱਧ ਚੋਣ ਲੜਨ ਦਾ ਐਲਾਨ ਕਰ ਕੇ ਮੁਕਾਬਲੇ ਨੂੰ ਦਿਲਚਸਪ ਬਣਾ ਦਿੱਤਾ। ਸ਼ੁਭੇਂਦੂ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਜੇਕਰ ਉਨ੍ਹਾਂ ਨੇ ਮਮਤਾ ਨੂੰ 50,000 ਵੋਟਾਂ ਨਾਲ ਨਾ ਹਰਾਇਆ ਤਾਂ ਉਹ ਸਿਆਸਤ ਛੱਡ ਦੇਣਗੇ।
ਕੁਲ ਮਿਲਾ ਕੇ ਭਾਜਪਾ ਤੇ ਤ੍ਰਿਣਮੂਲ ਕਾਂਗਰਸ ਦੋਵੇਂ ਹੀ ਇਕ-ਦੂਸਰੇ ਨੂੰ ਝਟਕੇ ’ਤੇ ਝਟਕਾ ਦੇ ਰਹੇ ਹਨ। ਇਸ ਦੀ ਤਾਜ਼ਾ ਉਦਾਹਰਣ 3 ਫਰਵਰੀ ਨੂੰ ਮਿਲੀ ਜਦੋਂ ਤ੍ਰਿਣਮੂਲ ’ਚੋਂ ਭਾਜਪਾ ’ਚ ਗਏ ਸਾਬਕਾ ਮੰਤਰੀ ਮੁਕੁਲ ਰਾਏ ਦੇ ਸਾਲੇ ਸਿਰਜਨ ਰਾਏ ਦੇ ਇਲਾਵਾ ਸੀਨੀਅਰ ਵਕੀਲ ਜੋਤੀ ਪ੍ਰਕਾਸ਼ ਚੈਟਰਜੀ, ਅਭਿਨੇਤਰੀ ਨੀਲਾਂਜਨਾ ਮਜ਼ੂਮਦਾਰ, ਦਾਰਜੀਲਿੰਗ ਜ਼ਿਲੇ ਦੀ ਪ੍ਰਮੁੱਖ ਆਦਿਵਾਸੀ ਨੇਤਾ ਜੋਤੀ ਤਿਰਕੀ, ਉੱਤਰੀ ਬੰਗਾਲ ਦੇ ਪ੍ਰਮੁੱਖ ਟ੍ਰੇਡ ਯੂਨੀਅਨ ਨੇਤਾ ਅਲੋਕ ਚੱਕਰਵਰਤੀ ਅਤੇ ਪ੍ਰਮੁੱਖ ਕਾਰੋਬਾਰੀ ਮਾਨਵ ਜਾਇਸਵਾਲ ਤ੍ਰਿਣਮੂਲ ਕਾਂਗਰਸ ’ਚ ਸ਼ਾਮਲ ਹੋ ਗਏ ਹਨ।
ਬੰਗਾਲ ’ਚ ਭਾਜਪਾ ਅਤੇ ਤ੍ਰਿਣਮੂਲ ਕਾਂਗਰਸ ਦੋਵਾਂ ਹੀ ਪਾਰਟੀਆਂ ਦੇ ਦਰਮਿਆਨ ‘ਸ਼ਹਿ’ ਅਤੇ ‘ਮਾਤ’ ਦੀ ਖੇਡ ਕੁਝ ਇਸ ਤਰ੍ਹਾਂ ਪੂਰੇ ਜ਼ੋਰ-ਸ਼ੋਰ ਨਾਲ ਜਾਰੀ ਹੈ ਅਤੇ ਇਸ ’ਚ ਕਿਸ ਨੂੰ ਸਫਲਤਾ ਮਿਲਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
–ਵਿਜੇ ਕੁਮਾਰ