ਤਿੰਨਾਂ ਸੀਟਾਂ ’ਤੇ ਬੰਗਾਲ ਉਪ-ਚੋਣਾਂ ’ਚ ਹਾਰ, ਭਾਜਪਾ ਸੁਚੇਤ ਹੋਵੇ

11/30/2019 1:33:25 AM

2014 ਦੀਆਂ ਚੋਣਾਂ ’ਚ ਵੱਡੀ ਸਫਲਤਾ ਤੋਂ ਬਾਅਦ ਭਾਜਪਾ ਬੜੀ ਤੇਜ਼ੀ ਨਾਲ ਅੱਗੇ ਵਧੀ ਅਤੇ ਵਿਸ਼ਵ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਬਣ ਗਈ। ਸੰਨ 2017 ਤਕ ਪਹੁੰਚਦੇ-ਪਹੁੰਚਦੇ ਦੇਸ਼ ਦੇ 21 ਸੂਬਿਆਂ ਅਤੇ 72 ਫੀਸਦੀ ਆਬਾਦੀ ਵਾਲੇ ਖੇਤਰ ’ਤੇ ਇਸ ਦਾ ਅਤੇ ‘ਰਾਜਗ’ ਵਿਚ ਸ਼ਾਮਿਲ ਇਸ ਦੀਆਂ ਸਹਿਯੋਗੀ ਪਾਰਟੀਆਂ ਦਾ ਸ਼ਾਸਨ ਸਥਾਪਿਤ ਹੋ ਗਿਆ।

ਪਰ ਕਈ ਕਾਰਣਾਂ ਕਰਕੇ ਭਾਜਪਾ ਦੀ ਬੜ੍ਹਤ ਦੀ ਇਹ ਰਫਤਾਰ ਬਰਕਰਾਰ ਨਾ ਰਹੀ ਅਤੇ ਵੱਖ-ਵੱਖ ਸੂਬਿਆਂ ਅਤੇ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿਚ ਹਾਰ ਕਾਰਣ ਲੋਕਾਂ ’ਤੇ ਇਸ ਦੀ ਪਕੜ ਕਮਜ਼ੋਰ ਪੈਣ ਲੱਗੀ।

ਅੱਜ ਦੀ ਤਰੀਕ ’ਚ ਹਾਲਤ ਇਹ ਹੈ ਕਿ ਭਾਜਪਾ ਅਤੇ ਸਹਿਯੋਗੀ ਪਾਰਟੀਆਂ ਦਾ ਸ਼ਾਸਨ 21 ਸੂਬਿਆਂ ਤੋਂ ਘਟ ਕੇ 17 ਸੂਬਿਆਂ ਤਕ ਸਿਮਟ ਗਿਆ ਹੈ, ਜਿਨ੍ਹਾਂ ’ਚੋਂ 13 ਸੂਬਿਆਂ ਵਿਚ ਭਾਜਪਾ ਅਤੇ 4 ਸੂਬਿਆਂ ਵਿਚ ਸਹਿਯੋਗੀ ਪਾਰਟੀਆਂ ਦੇ ਮੁੱਖ ਮੰਤਰੀ ਹਨ ਅਤੇ ਹੁਣ ਦੇਸ਼ ਦੀ 41 ਫੀਸਦੀ ਆਬਾਦੀ ਵਾਲੇ ਖੇਤਰ ’ਤੇ ਹੀ ਭਾਜਪਾ ਅਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਦਾ ਸ਼ਾਸਨ ਰਹਿ ਗਿਆ ਹੈ।

ਤਾਜ਼ਾ ਸੰਦਰਭ ’ਚ ਦੇਖੀਏ ਤਾਂ ਪਿਛਲੇ ਦਿਨੀਂ ਹੋਈਆਂ ਕਰਨਾਟਕ ਦੀਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ ’ਚ ਹਾਰ ਤੋਂ ਬਾਅਦ ਰਾਜਸਥਾਨ ਵਿਚ ਹੋਈਆਂ ਸਥਾਨਕ ਸਰਕਾਰਾਂ ਚੋਣਾਂ ’ਚ ਵੀ ਭਾਜਪਾ ਨੂੰ ਪਛਾੜਦੇ ਹੋਏ ਕਾਂਗਰਸ ਨੇ 49 ਲੋਕਲ ਬਾਡੀਜ਼ ’ਚੋਂ 37 ’ਤੇ ਸਫਲਤਾ ਪ੍ਰਾਪਤ ਕਰ ਲਈ, ਜਦਕਿ ਭਾਜਪਾ 12 ਲੋਕਲ ਬਾਡੀਜ਼ ’ਤੇ ਹੀ ਕਬਜ਼ਾ ਕਰ ਸਕੀ।

ਭਾਜਪਾ ਨੇ ਹਰਿਆਣਾ ਵਿਚ ਤਾਂ ਵਿਚਾਰਕ ਧਰਾਤਲ ’ਤੇ ਆਪਣੀ ਵਿਰੋਧੀ ਪਾਰਟੀ ਜਜਪਾ ਨਾਲ ਮਿਲ ਕੇ ਅਤੇ ਉਸ ਦੇ ਨੇਤਾ ਦੁਸ਼ਯੰਤ ਚੌਟਾਲਾ ਨੂੰ ਉਪ-ਮੁੱਖ ਮੰਤਰੀ ਦਾ ਅਹੁਦਾ ਦੇ ਕੇ ਕਿਸੇ ਤਰ੍ਹਾਂ ਆਪਣੀ ਸਰਕਾਰ ਬਣਾ ਲਈ ਪਰ ਮਹਾਰਾਸ਼ਟਰ ਵਿਚ ਗੱਠਜੋੜ ਸਹਿਯੋਗੀ ਸ਼ਿਵ ਸੈਨਾ ਦੀ ਨਾਰਾਜ਼ਗੀ ਤੋਂ ਬਾਅਦ ਜਲਦਬਾਜ਼ੀ ਵਿਚ ਸਰਕਾਰ ਬਣਾਉਣ ਅਤੇ ਗੁਆਉਣ ਨਾਲ ਇਸ ਦਾ ਅਕਸ ਪ੍ਰਭਾਵਿਤ ਹੋਇਆ ਹੈ।

ਇੰਨਾ ਹੀ ਨਹੀਂ, ਬੰਗਾਲ ’ਚ ਹੋਈਆਂ 3 ਵਿਧਾਨ ਸਭਾ ਦੀਆਂ ਉਪ-ਚੋਣਾਂ ਵਿਚ ਵੀ ਭਾਜਪਾ ਨੂੰ ਨਿਰਾਸ਼ਾ ਹੀ ਹੱਥ ਲੱਗੀ ਅਤੇ ਉਥੇ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਨੇ ਆਪਣਾ ਗਲਬਾ ਕਾਇਮ ਰੱਖਦੇ ਹੋਏ ਸਾਰੀਆਂ 3 ਸੀਟਾਂ ’ਤੇ ਜਿੱਤ ਪ੍ਰਾਪਤ ਕਰ ਲਈ।

ਇਨ੍ਹਾਂ ਤਿੰਨਾਂ ਸੀਟਾਂ ’ਚੋਂ ਤ੍ਰਿਣਮੂਲ ਕਾਂਗਰਸ ਨੇ ਖੜਗਪੁਰ ਸਦਰ ਸੀਟ ਭਾਜਪਾ ਤੋਂ ਅਤੇ ਕਾਲੀਆਗੰਜ ਸੀਟ ਕਾਂਗਰਸ ਤੋਂ ਖੋਹੀ, ਜਦਕਿ ਕਰੀਮਪੁਰ ਸੀਟ ’ਤੇ ਆਪਣਾ ਕਬਜ਼ਾ ਕਾਇਮ ਰੱਖਿਆ। ਮਮਤਾ ਬੈਨਰਜੀ ਨੇ ਇਸ ਨੂੰ ਐੱਨ. ਆਰ. ਸੀ. (ਨੈਸ਼ਨਲ ਰਜਿਸਟਰ ਆਫ ਸਿਟੀਜ਼ਨਜ਼) ਅਤੇ ਭਾਜਪਾ ਨੇਤਾਵਾਂ ਵਿਰੁੱਧ ਸੂਬੇ ਦੀ ਜਨਤਾ ਦਾ ਫਤਵਾ ਕਰਾਰ ਦਿੱਤਾ ਹੈ।

ਇਸ ਸਾਲ ਦੇ ਸ਼ੁਰੂ ਵਿਚ ਲੋਕ ਸਭਾ ਦੀਆਂ ਚੋਣਾਂ ’ਚ ਭਾਜਪਾ ਨੇ ਖੜਗਪੁਰ ਸਦਰ ਵਿਧਾਨ ਸਭਾ ਖੇਤਰ ’ਚ 46,000 ਅਤੇ ਕਾਲੀਆਗੰਜ ਵਿਚ 57,000 ਵੋਟਾਂ ਦੀ ਬੜ੍ਹਤ ਹਾਸਿਲ ਕੀਤੀ ਸੀ, ਜਦਕਿ ਇਨ੍ਹਾਂ ਉਪ-ਚੋਣਾਂ ਵਿਚ ਤਿੰਨਾਂ ਸੀਟਾਂ ’ਤੇ ਉਸ ਦੀ ਹਾਰ ਇਸ ਦੇ ਜਨ-ਆਧਾਰ ’ਚ ਕਮੀ ਦੀ ਚਿਤਾਵਨੀ ਦੇ ਰਹੀ ਹੈ।

ਜਿੱਥੇ ਭਾਜਪਾ ਮਹਾਰਾਸ਼ਟਰ ਵਿਚ ਸਰਕਾਰ ਬਣਾਉਣ ਵਿਚ ਅਸਫਲ ਰਹੀ ਹੈ, ਉਥੇ ਹੀ ਝਾਰਖੰਡ ਵਿਚ 30 ਨਵੰਬਰ ਤੋਂ 20 ਦਸੰਬਰ ਤਕ ਪੰਜ ਗੇੜਾਂ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਲੀਡਰਸ਼ਿਪ ਵਿਚ ਚਿੰਤਾ ਫੈਲੀ ਹੋਈ ਹੈ।

ਝਾਰਖੰਡ ਵਰਗੇ ਛੋਟੇ ਸੂਬੇ ’ਚ ਪੰਜ ਗੇੜਾਂ ਵਿਚ ਚੋਣਾਂ ਕਰਵਾਉਣ ਪਿੱਛੇ ਇਹੋ ਕਾਰਣ ਦੱਸਿਆ ਜਾ ਰਿਹਾ ਹੈ ਕਿਉਂਕਿ ਉਥੇ ਆਪਣੀ ਸਰਕਾਰ ਬਰਕਰਾਰ ਰੱਖਣ ਨੂੰ ਲੈ ਕੇ ਹੀ ਭਾਜਪਾ ਲੀਡਰਸ਼ਿਪ ਖਦਸ਼ੇ ਵਿਚ ਹੈ।

ਜਿਸ ਤਰ੍ਹਾਂ ਭਾਜਪਾ ਦੇ ‘ਚਾਣੱਕਿਆ’ ਅਮਿਤ ਸ਼ਾਹ ਨੇ ਹਰਿਆਣਾ ਵਿਚ ‘75 ਪਾਰ’ ਦਾ ਟੀਚਾ ਦਿੱਤਾ ਸੀ, ਉਨ੍ਹਾਂ ਨੇ ਇਸ ਵਾਰ ਝਾਰਖੰਡ ਲਈ ਕੋਈ ਟੀਚਾ ਤੈਅ ਨਹੀਂ ਕੀਤਾ ਹੈ। ਝਾਰਖੰਡ ਵਿਚ ਜਿੱਥੇ ਭਾਜਪਾ ਦੇ ਕੁਝ ਸਾਥੀ ਇਸ ਨਾਲੋਂ ਨਾਰਾਜ਼ ਹੋ ਕੇ ਵੱਖ ਹੋ ਗਏ ਹਨ, ਉਥੇ ਹੀ ਮੁੱਖ ਮੰਤਰੀ ਰਘੁਵਰ ਦਾਸ ਦੇ ਕਈ ਸਾਥੀ ਬਾਗ਼ੀ ਹੋ ਕੇ ਚੋਣ ਲੜ ਰਹੇ ਹਨ।

ਇਸ ਦੌਰਾਨ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਸੂਬੇ ਵਿਚ ਨਕਸਲਵਾਦ ’ਚ ਕਮੀ ਸਬੰਧੀ ਰਘੁਵਰ ਦਾਸ ਦੇ ਦਾਅਵੇ ਤੋਂ ਅਣਜਾਣਤਾ ਜ਼ਾਹਿਰ ਕੀਤੀ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਬਾਰੇ ਸੂਬਾ ਸਰਕਾਰ ਵਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ।

ਭਾਜਪਾ ਸਾਹਮਣੇ ਪੈਦਾ ਹੋਈ ਇਸ ਸਥਿਤੀ ਦੇ ਪਿੱਛੇ ਜਿੱਥੇ ਉਸ ਵਲੋਂ ਸਥਾਨਕ ਮੁੱਦਿਆਂ ਨੂੰ ਨਜ਼ਰਅੰਦਾਜ਼ ਕਰਨ ਦਾ ਵੱਡਾ ਯੋਗਦਾਨ ਹੈ, ਉਥੇ ਹੀ ਸਾਥੀ ਪਾਰਟੀਆਂ ਦੀ ਨਾਰਾਜ਼ਗੀ ਦੀ ਵੀ ਇਸ ਵਿਚ ਮੁੱਖ ਭੂਮਿਕਾ ਹੈ, ਜਿਸ ਕਾਰਣ ਭਾਜਪਾ ਅਤੇ ਸਹਿਯੋਗੀ ਪਾਰਟੀਆਂ ’ਚ ਤਣਾਅ ਫੈਲਿਆ ਹੈ।

ਸਹਿਯੋਗੀ ਪਾਰਟੀਆਂ ਦੀ ਨਾ ਸੁਣਨ ਦੇ ਕਾਰਣ ਹੀ ਭਾਜਪਾ ਲੀਡਰਸ਼ਿਪ ਦੀ ‘ਰਾਜਗ’ ਉੱਤੇ ਪਕੜ ਕਮਜ਼ੋਰ ਹੋ ਰਹੀ ਹੈ। ਇਸ ਸਥਿਤੀ ਨੂੰ ਸੁਧਾਰਨ ਲਈ ਭਾਜਪਾ ਲੀਡਰਸ਼ਿਪ ਨੂੰ ਦੇਰ ਕੀਤੇ ਬਿਨਾਂ ਚਿੰਤਨ-ਮਨਨ ਕਰਨਾ ਪਵੇਗਾ ਕਿ ਜਿੱਥੇ ਦੂਜੀਆਂ ਪਾਰਟੀਆਂ ਆਪਣੀ ਆਪਸੀ ਦੁਸ਼ਮਣੀ ਅਤੇ ਮਤਭੇਦ ਭੁਲਾ ਕੇ ਇਕੱਠੀਆਂ ਹੋ ਰਹੀਆਂ ਹਨ, ਉਥੇ ਭਾਜਪਾ ਦੇ ਪੁਰਾਣੇ ਸਾਥੀ ਇਸ ਤੋਂ ਕਿਉਂ ਰੁੱਸ ਰਹੇ ਹਨ!

–ਵਿਜੇ ਕੁਮਾਰ\\\


Bharat Thapa

Content Editor

Related News