ਭਾਜਪਾ ਨੇਤਾਵਾਂ ਦੀ ਬਿਆਨਬਾਜ਼ੀ ਤੇ ਟਕਰਾਅ ਨਾਲ ਜਾ ਰਿਹੈ ਜਨਤਾ ''ਚ ਗਲਤ ਸੰਦੇਸ਼

Monday, Jun 27, 2016 - 03:02 PM (IST)

ਭਾਜਪਾ ਨੇਤਾਵਾਂ ਦੀ ਬਿਆਨਬਾਜ਼ੀ ਤੇ ਟਕਰਾਅ ਨਾਲ ਜਾ ਰਿਹੈ ਜਨਤਾ ''ਚ ਗਲਤ ਸੰਦੇਸ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਵਲੋਂ ਭਾਜਪਾ ਨੇਤਾਵਾਂ ਨੂੰ ਆਪਣੇ ਭਾਸ਼ਣਾਂ ਤੇ ਬਿਆਨਾਂ ਵਿਚ ਸੰਜਮ ਵਰਤਣ ਦੀ ਨਸੀਹਤ ਦੇਣ ਦੇ ਬਾਵਜੂਦ ਪਾਰਟੀ ਦੇ ''ਬਿੱਗ ਮਾਊਥ'' ਨੇਤਾਵਾਂ ਵਲੋਂ ਵਾਦ-ਵਿਵਾਦ ਵਾਲੇ ਅਤੇ ਗ਼ੈਰ-ਲੋੜੀਂਦੇ ਬਿਆਨ ਦੇਣ ਤੇ ਟਿੱਪਣੀਆਂ ਕਰਨ ਦਾ ਸਿਲਸਿਲਾ ਰੁਕਣ ''ਚ ਨਹੀਂ ਆ ਰਿਹਾ।
ਕੁਝ ਸਮਾਂ ਪਹਿਲਾਂ ਤਕ ਕਾਂਗਰਸ ਵਿਰੁੱਧ ਮੋਰਚਾ ਖੋਲ੍ਹ ਰਹੇ ਭਾਜਪਾ ਦੇ ਰਾਜ ਸਭਾ ਮੈਂਬਰ ਸੁਬਰਾਮਣੀਅਮ ਸਵਾਮੀ ਨੇ ਹੁਣ ਆਪਣੀ ਹੀ ਪਾਰਟੀ ਦੀ ਸਰਕਾਰ ਦੀ ਅਫਸਰਸ਼ਾਹੀ ਅਤੇ ਨੇਤਾਵਾਂ ਵਿਰੁੱਧ ਮੋਰਚਾ ਖੋਲ੍ਹਿਆ ਹੋਇਆ ਹੈ।
ਸਭ ਤੋਂ ਪਹਿਲਾਂ ਉਨ੍ਹਾਂ ਰਿਜ਼ਰਵ ਬੈਂਕ ਦੇ ਗਵਰਨਰ ਰਘੂਰਾਮ ਰਾਜਨ ਨੂੰ ਭ੍ਰਿਸ਼ਟਾਚਾਰ ਦੇ ਸ਼ੱਕ ਦੇ ਦਾਇਰੇ ਵਿਚ ਲਿਆਉਣ ਦਾ ਯਤਨ ਕੀਤਾ, ਜਿਸ ''ਤੇ ਡਾ. ਰਘੂਰਾਮ ਰਾਜਨ ਨੇ ਰਿਜ਼ਰਵ ਬੈਂਕ ਦੇ ਗਵਰਨਰ ਦਾ ਆਪਣਾ ਕਾਰਜਕਾਲ ਖਤਮ ਹੋਣ ਤੋਂ 2 ਮਹੀਨੇ ਪਹਿਲਾਂ ਹੀ ਸੇਵਾ-ਵਿਸਤਾਰ ਨਾ ਲੈਣ ਅਤੇ ਅਧਿਆਪਨ ਵਿਚ ਪਰਤ ਜਾਣ ਦੇ ਫੈਸਲੇ ਦਾ ਐਲਾਨ ਕਰ ਦਿੱਤਾ।
''ਸੁਬਰਾਮਣੀਅਮ ਸਵਾਮੀ'' ਨੇ ਇਸ ਤੋਂ ਬਾਅਦ ਮੁੱਖ ਆਰਥਿਕ ਸਲਾਹਕਾਰ ''ਅਰਵਿੰਦ ਸੁਬਰਾਮਣੀਅਨ'' ਉਤੇ ਇਹ ਦੋਸ਼ ਲਾਉਂਦੇ ਹੋਏ ਉਨ੍ਹਾਂ ਨੂੰ ਹਟਾਉਣ ਦੀ ਮੰਗ ਕੀਤੀ ਕਿ ਜਦੋਂ ਉਹ ਕੌਮਾਂਤਰੀ ਮੁਦਰਾ ਫੰਡ ਵਿਚ ਕੰਮ ਕਰਦੇ ਸਨ, ਉਦੋਂ ਉਨ੍ਹਾਂ ਨੇ ਭਾਰਤੀ ਹਿੱਤਾਂ ਵਿਰੁੱਧ ਕੰਮ ਕੀਤਾ ਸੀ। ''ਸੁਬਰਾਮਣੀਅਮ ਸਵਾਮੀ'' ਨੇ ਇਹ ਵੀ ਕਿਹਾ ਕਿ ਜੀ. ਐੱਸ. ਟੀ. ''ਤੇ ਆਪਣੀਆਂ ਧਾਰਾਵਾਂ ''ਤੇ ਅੜੀ ਰਹਿਣ ਲਈ ਅਰਵਿੰਦ ਸੁਬਰਾਮਣੀਅਨ ਨੇ ਹੀ ਕਾਂਗਰਸ ਨੂੰ ਉਕਸਾਇਆ।
ਇਸ ''ਤੇ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਉਨ੍ਹਾਂ ਨੂੰ ''ਅਰਵਿੰਦ'' ਉੱਤੇ ਪੂਰਾ ਭਰੋਸਾ ਹੈ ਅਤੇ ''''ਪਾਰਟੀ ਦੇ ਨੇਤਾਵਾਂ ਨੂੰ ਅਨੁਸ਼ਾਸਨ ਯਾਦ ਰੱਖਣਾ ਅਤੇ ਆਪਣੇ ਦਾਇਰੇ ਨੂੰ ਸਮਝਣਾ ਚਾਹੀਦਾ ਹੈ। ਅਰਵਿੰਦ ਸਰਕਾਰ ਦੇ ਮਹੱਤਵਪੂਰਨ ਸਲਾਹਕਾਰ ਹਨ ਅਤੇ ਸਰਕਾਰ ਉਨ੍ਹਾਂ ਦੀ ਸਲਾਹ ਦਾ ਸਨਮਾਨ ਕਰਦੀ ਹੈ।''''
ਭਾਜਪਾ ਤੇ ''ਸੰਘ'' ਲੀਡਰਸ਼ਿਪ ਵਲੋਂ ''ਸੁਬਰਾਮਣੀਅਮ ਸਵਾਮੀ'' ਦੇ ਬਿਆਨ ਨਾਲ ਅਸਹਿਮਤੀ ਜਤਾਉਣ ''ਤੇ ਵੀ ਉਨ੍ਹਾਂ ਦੇ ਤੇਵਰ ਢਿੱਲੇ ਨਹੀਂ ਪਏ ਅਤੇ ਉਨ੍ਹਾਂ ਨੇ ਆਰਥਿਕ ਮਾਮਲਿਆਂ ਦੇ ਸਕੱਤਰ ਸ਼ਕਤੀਕਾਂਤ ਦਾਸ ''ਤੇ ਮਹਾਬਲੀਪੁਰਮ ਵਿਚ ਬੇਹੱਦ ਮਹਿੰਗੀ ਜ਼ਮੀਨ ਹੜੱਪਣ ਵਿਚ ਸਾਬਕਾ ਕੇਂਦਰੀ ਮੰਤਰੀ ਪੀ. ਚਿਦਾਂਬਰਮ ਦੀ ਮਦਦ ਕਰਨ ਦਾ ਦੋਸ਼ ਲਾ ਦਿੱਤਾ।
ਇਸ ਤੋਂ ਤੁਰੰਤ ਬਾਅਦ ਦਾਸ ਦੇ ਬਚਾਅ ਵਿਚ ਉਤਰੇ ਅਰੁਣ ਜੇਤਲੀ ਨੇ ਇਕ ਅਨੁਸ਼ਾਸਿਤ ਅਧਿਕਾਰੀ ''ਤੇ ਹਮਲਾ ਕਰਨਾ ਗਲਤ ਦੱਸਿਆ ਤਾਂ ਸੁਬਰਾਮਣੀਅਮ ਸਵਾਮੀ ਨੇ ਕਿਹਾ ਕਿ ''''ਬਿਨਾਂ ਮੰਗਿਆਂ ਮੈਨੂੰ ਅਨੁਸ਼ਾਸਨ ਅਤੇ ਸੰਜਮ ਦੀ ਸਲਾਹ ਦੇਣ ਵਾਲੇ ਇਹ ਨਹੀਂ ਸਮਝਦੇ ਕਿ ਜੇ ਮੈਂ ਅਨੁਸ਼ਾਸਨ ਤੋੜਿਆ ਤਾਂ ਖੂਨ-ਖਰਾਬਾ ਹੋ ਜਾਵੇਗਾ।''''
ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਭਾਜਪਾ ਨੂੰ ਆਪਣੇ ਮੰਤਰੀਆਂ ਨੂੰ ਵਿਦੇਸ਼ ਯਾਤਰਾ ਦੌਰਾਨ ਰਸਮੀ ਪਹਿਰਾਵਾ ਪਹਿਨਣ ਦਾ ਨਿਰਦੇਸ਼ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਟਾਈ-ਕੋਟ ਵਿਚ ਉਹ ਵੇਟਰ ਨਜ਼ਰ ਆਉਂਦੇ ਹਨ।
ਸਪੱਸ਼ਟ ਤੌਰ ''ਤੇ ਸਵਾਮੀ ਦੇ ਇਸ ਬਿਆਨ ਨੂੰ ਸ਼੍ਰੀ ਜੇਤਲੀ ਦੇ ਚੀਨ ਦੌਰੇ ਵਿਚ ''ਬੈਂਕ ਆਫ ਚਾਈਨਾ'' ਦੇ ਮੁਖੀ ਤੀਆਨ ਗੁਓਲੀ ਨਾਲ ਮੁਲਾਕਾਤ  ਮੌਕੇ ''ਲਾਊਂਜ ਸੂਟ'' ਪਹਿਨਣ ਨਾਲ ਜੋੜਿਆ ਜਾ ਰਿਹਾ ਹੈ ਅਤੇ ਇਸ ਨਾਲ ਸਰਕਾਰ ਵਿਚ ਨੰ. 2 ਅਰੁਣ ਜੇਤਲੀ ਅਤੇ ਸੁਬਰਾਮਣੀਅਮ ਸਵਾਮੀ ਵਿਚਾਲੇ ''ਠੰਡੀ ਜੰਗ'' ਵੀ ਖੁੱਲ੍ਹ ਕੇ ਸਾਹਮਣੇ ਆ ਗਈ ਹੈ।
ਸੁਬਰਾਮਣੀਅਮ ਸਵਾਮੀ ਵਲੋਂ ਦੇਸ਼ ਦੇ ਮਹੱਤਵਪੂਰਨ ਨੀਤੀ ਨਿਰਮਾਤਾਵਾਂ ਅਤੇ ਅਰੁਣ ਜੇਤਲੀ ਵਿਰੁੱਧ ਲਗਾਤਾਰ ਜਾਰੀ ਬਿਆਨਬਾਜ਼ੀ ਨਾਲ ਭਾਜਪਾ ਤੇ ਸੰਘ ਲੀਡਰਸ਼ਿਪ ਨਾਰਾਜ਼ ਹੈ ਅਤੇ ਲਗਾਤਾਰ ਅਸਹਿਜ ਮਹਿਸੂਸ ਕਰ ਰਹੀ ਹੈ ਕਿਉਂਕਿ ''ਸੁਬਰਾਮਣੀਅਮ ਸਵਾਮੀ'' ਦੇ ਅਜਿਹੇ ਆਚਰਣ ਨਾਲ ਇਕ ਪਾਸੇ ਸਰਕਾਰ ਵਿਚ ਗ਼ੈਰ-ਜ਼ਰੂਰੀ ਕੁੜੱਤਣ ਪੈਦਾ ਹੋ ਰਹੀ ਹੈ ਤਾਂ ਦੂਜੇ ਪਾਸੇ ਅਫਸਰਸ਼ਾਹੀ ਵਿਚ ਵੀ ਭੈਅ ਪਣਪ ਰਿਹਾ ਹੈ।
ਕਾਂਗਰਸ ਨੇ ਜਿਥੇ ਸੁਬਰਾਮਣੀਅਮ ਸਵਾਮੀ ''ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਗ਼ੈਰ-ਸਰਕਾਰੀ ਬੁਲਾਰਾ ਹੋਣ ਦਾ ਦੋਸ਼ ਲਾਇਆ ਹੈ, ਉਥੇ ਹੀ ਭਾਜਪਾ ਲੀਡਰਸ਼ਿਪ ਦਾ ਇਕ ਵਰਗ ਇਸ ਦੁਚਿੱਤੀ ਵਿਚ ਹੈ ਕਿ ''ਸੁਬਰਾਮਣੀਅਮ ਸਵਾਮੀ'' ਨਾਲ ਕਿਸ ਤਰ੍ਹਾਂ ਨਜਿੱਠਿਆ ਜਾਵੇ।
ਇਸ ਸਮੇਂ ਤਾਂ ਇਹੀ ਲੱਗਦਾ ਹੈ ਕਿ ਭਾਜਪਾ ਜੋ ਕਦੇ ਖੁਦ ਨੂੰ ''ਏ ਪਾਰਟੀ ਵਿਦ ਡਿਫਰੈਂਸ'' ਕਿਹਾ ਕਰਦੀ ਸੀ, ਹੁਣ ''ਪਾਰਟੀ ਵਿਦ ਡਿਫਰੈਂਸਿਜ਼'' ਬਣ ਕੇ ਰਹਿ ਗਈ ਹੈ। ਇਸ ਤੋਂ ਇਹ ਵੀ ਸਪੱਸ਼ਟ ਹੈ ਕਿ ਪਾਰਟੀ ਦੇ ਉੱਚ ਨੇਤਾਵਾਂ ਵਲੋਂ ਵੀ ਆਪਣੇ ਮੈਂਬਰਾਂ ਨੂੰ ਸੰਜਮ ਵਰਤਣ ਦੀ ਸਲਾਹ ਦਾ ਉਨ੍ਹਾਂ ''ਤੇ ਕੋਈ ਅਸਰ ਨਹੀਂ ਹੋ ਰਿਹਾ। ਇਸ ਨਾਲ ਜਨਤਾ ਵਿਚ ਗਲਤ ਸੰਦੇਸ਼ ਜਾ ਰਿਹਾ ਹੈ ਅਤੇ ਆਖਿਰ ਇਸ ਨਾਲ ਨਾ ਸਿਰਫ ਪਾਰਟੀ ਦਾ ਸਗੋਂ ਦੇਸ਼ ਦਾ ਵੀ ਨੁਕਸਾਨ ਹੀ ਹੋਵੇਗਾ।
-ਵਿਜੇ ਕੁਮਾਰ


author

Vijay Kumar Chopra

Chief Editor

Related News