ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਲਚਕੀਲਾ ਰਵੱਈਆ ਅਪਣਾ ਕੇ ਗੱਠਜੋੜ ਨੂੰ ਬਚਾਉਣ

01/22/2020 1:45:31 AM

1998 ਤੋਂ 2004 ਤਕ ਪ੍ਰਧਾਨ ਮੰਤਰੀ ਰਹੇ ਸ਼੍ਰੀ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਹੇਠ ਭਾਜਪਾ ਦੇ ਗੱਠਜੋੜ ਸਹਿਯੋਗੀ ਤੇਜ਼ੀ ਨਾਲ ਵਧੇ ਅਤੇ ਉਨ੍ਹਾਂ ਨੇ ਰਾਜਗ ਦੇ ਸਿਰਫ 3 ਪਾਰਟੀਆਂ ਦੇ ਗੱਠਜੋੜ ਨੂੰ ਵਧਾਉਂਦੇ ਹੋਏ 26 ਪਾਰਟੀਆਂ ਤਕ ਪਹੁੰਚਾ ਦਿੱਤਾ।ਸ਼੍ਰੀ ਵਾਜਪਾਈ ਨੇ ਆਪਣੇ ਕਿਸੇ ਵੀ ਗੱਠਜੋੜ ਸਹਿਯੋਗੀ ਨੂੰ ਕਦੇ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ ਪਰ ਉਨ੍ਹਾਂ ਦੇ ਸਿਆਸਤ ਤੋਂ ਹਟਣ ਪਿੱਛੋਂ ਭਾਜਪਾ ਦੀਆਂ ਕਈ ਸਹਿਯੋਗੀ ਪਾਰਟੀਆਂ ਵੱਖ-ਵੱਖ ਮੁੱਦਿਆਂ ’ਤੇ ਅਸਹਿਮਤੀ ਕਾਰਣ ਇਸ ਨੂੰ ਛੱਡ ਗਈਆਂ। ਹੁਣੇ ਜਿਹੇ ਭਾਜਪਾ ਦਾ ਸਭ ਤੋਂ ਵੱਧ 35 ਸਾਲ ਪੁਰਾਣਾ ਗੱਠਜੋੜ ਸਹਿਯੋਗੀ ‘ਸ਼ਿਵ ਸੈਨਾ’ ਮੱਤਭੇਦਾਂ ਕਾਰਣ ਭਾਜਪਾ ਨਾਲੋਂ ਅੱਡ ਹੋ ਗਿਆ ਅਤੇ ਹੁਣ 1998 ਤੋਂ ਭਾਜਪਾ ਨਾਲ ਚੱਲੇ ਆ ਰਹੇ ਦੂਜੇ ਸਭ ਤੋਂ ਵੱਧ ਪੁਰਾਣੇ ਗੱਠਜੋੜ ਸਹਿਯੋਗੀ ਸ਼੍ਰੋਮਣੀ ਅਕਾਲੀ ਦਲ ਨਾਲ ਵੀ ਇਸ ਦੇ ਸਬੰਧਾਂ ਵਿਚ ਤਰੇੜ ਆ ਰਹੀ ਹੈ। ਐੱਨ. ਆਰ. ਸੀ. ਅਤੇ ਸੀ. ਏ. ਏ. ਉੱਤੇ ਦੇਸ਼ ਵਿਚ ਮਚੇ ਘਮਾਸਾਣ ਦਰਮਿਆਨ ਦੋਹਾਂ ਪਾਰਟੀਆਂ ਵਿਚਾਲੇ ਦੂਰੀ ਵਧਣ ਦਾ ਪਹਿਲਾ ਸੰਕੇਤ ਪਿਛਲੇ ਮਹੀਨੇ ਉਦੋਂ ਮਿਲਿਆ, ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਐੱਨ. ਆਰ. ਸੀ. ਨਾਲ ਪੂਰੀ ਤਰ੍ਹਾਂ ਅਸਹਿਮਤੀ ਪ੍ਰਗਟਾਉਂਦਿਆਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸੀ. ਏ. ਏ. ਵਿਚ ਮੁਸਲਮਾਨਾਂ ਨੂੰ ਸ਼ਾਮਿਲ ਕਰਨ ਦੀ ਅਪੀਲ ਕੀਤੀ।

ਫਿਰ 24-25 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਨਰੇਸ਼ ਗੁਜਰਾਲ ਨੇ ਐੱਨ. ਆਰ. ਸੀ. ਖਤਮ ਕਰਨ ਦੀ ਮੰਗ ਦੁਹਰਾਈ ਅਤੇ ਕਿਹਾ, ‘‘ਮੁਸਲਮਾਨਾਂ ਨੂੰ ਸੀ. ਏ. ਏ. ਵਿਚ ਸ਼ਾਮਿਲ ਕਰਨਾ ਅਤੇ ਐੱਨ. ਆਰ. ਸੀ. ਨੂੰ ਖਤਮ ਕਰਨਾ ਚਾਹੀਦਾ ਹੈ।’’ ਦੋਹਾਂ ਪਾਰਟੀਆਂ ਵਿਚਾਲੇ ਮੱਤਭੇਦਾਂ ਦੀ ਇਹ ਤਰੇੜ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਦੇ ਐਲਾਨ ਤੋਂ ਬਾਅਦ ਹੋਰ ਵਧ ਗਈ, ਜਦੋਂ ਭਾਜਪਾ ਆਗੂਆਂ ਮੁਤਾਬਿਕ ਸ਼੍ਰੋਮਣੀ ਅਕਾਲੀ ਦਲ ਵਲੋਂ ਜ਼ਿਆਦਾ ਸੀਟਾਂ ਮੰਗਣ ਨਾਲ ਸੀਟਾਂ ਦੀ ਵੰਡ ’ਤੇ ਡੈੱਡਲਾਕ ਕਾਰਣ ਦੋਹਾਂ ਦਰਮਿਆਨ ਤਣਾਅ ਪੈਦਾ ਹੋ ਗਿਆ, ਜਦਕਿ ਕੁਝ ਲੋਕਾਂ ਮੁਤਾਬਿਕ ਇਸ ਦੀ ਅਸਲੀ ਵਜ੍ਹਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਡੀ. ਐੱਸ. ਜੀ. ਐੱਮ. ਸੀ. ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵਲੋਂ ਸੀ. ਏ. ਏ. ਦੇ ਵਿਰੋਧ ਵਿਚ ਦਿੱਤਾ ਗਿਆ ਬਿਆਨ ਹੈ।ਦਿੱਲੀ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਮਨਜਿੰਦਰ ਸਿੰਘ ਸਿਰਸਾ ਮੁਤਾਬਿਕ, ‘‘ਭਾਜਪਾ ਵਲੋਂ ਸ਼੍ਰੋਮਣੀ ਅਕਾਲੀ ਦਲ ਉੱਤੇ ਵਾਰ-ਵਾਰ ਸੀ. ਏ. ਏ. ਦੇ ਸਮਰਥਨ ਲਈ ਦਬਾਅ ਪਾਇਆ ਜਾ ਰਿਹਾ ਸੀ, ਜਦਕਿ ਸ਼੍ਰੋਮਣੀ ਅਕਾਲੀ ਦਲ ਇਸ ਦੇ ਵਿਰੁੱਧ ਹੈ। ਮੁਸਲਮਾਨਾਂ ਨੂੰ ਧਰਮ ਦੇ ਨਾਂ ’ਤੇ ਬਾਹਰ ਕੱਢਣਾ ਠੀਕ ਨਹੀਂ ਹੈ। ਦਿੱਲੀ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਵੀ ਉਮੀਦਵਾਰ ਵਿਧਾਨ ਸਭਾ ਦੀ ਚੋਣ ਨਹੀਂ ਲੜੇਗਾ।’’ਸ਼੍ਰੋਮਣੀ ਅਕਾਲੀ ਦਲ ਦੇ ਇਕ ਹੋਰ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਅਨੁਸਾਰ, ‘‘ਭਾਜਪਾ ਨੇ ਸੀ. ਏ. ਏ. ਉੱਤੇ ਸਟੈਂਡ ਬਦਲਣ ਲਈ ਕਿਹਾ ਸੀ ਪਰ ਸ਼੍ਰੋਮਣੀ ਅਕਾਲੀ ਦਲ ਨੇ ਅਜਿਹਾ ਨਹੀਂ ਕੀਤਾ ਅਤੇ ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਦਿੱਲੀ ਦੀਆਂ ਚੋਣਾਂ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ ਹੈ।’’

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਲੀਡਰਸ਼ਿਪ ਨੂੰ ਸਪੱਸ਼ਟ ਕਹਿ ਦਿੱਤਾ ਸੀ ਕਿ ਦਿੱਲੀ ਦੀਆਂ ਚੋਣਾਂ ਉਹ ਆਪਣੇ ਚੋਣ ਨਿਸ਼ਾਨ ‘ਤੱਕੜੀ’ ਉੱਤੇ ਹੀ ਲੜੇਗਾ ਅਤੇ ਜੇ ਭਾਜਪਾ ਦੇ ਨੇਤਾ ਸੀ. ਏ. ਏ. ਅਤੇ ‘ਕਮਲ’ ਦੇ ਨਿਸ਼ਾਨ ਉੱਤੇ ਚੋਣਾਂ ਲੜਨ ਦੇ ਸਟੈਂਡ ਉੱਤੇ ਡਟੇ ਹੋਏ ਹਨ ਤਾਂ ਸ਼੍ਰੋਮਣੀ ਅਕਾਲੀ ਦਲ ਵੀ ਆਪਣੇ ਸਟੈਂਡ ’ਤੇ ਡਟਿਆ ਹੋਇਆ ਹੈ।ਇਸ ਸਾਰੇ ਘਟਨਾਚੱਕਰ ਨਾਲ ਜਿੱਥੇ ਦਿੱਲੀ ਵਿਚ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਗੱਠਜੋੜ ਨੂੰ ਲੈ ਕੇ ਭਰਮ ਵਾਲੀ ਸਥਿਤੀ ਪੈਦਾ ਹੋ ਗਈ ਹੈ, ਉਥੇ ਹੀ ਭਾਜਪਾ ਨੇ ਇਕ ਸੀਟ ਜਜਪਾ ਅਤੇ ਦੋ ਸੀਟਾਂ ਜਨਤਾ ਦਲ (ਯੂ) ਨੂੰ ਚੋਣਾਂ ਲੜਨ ਲਈ ਅਲਾਟ ਕਰ ਦਿੱਤੀਆਂ ਹਨ।ਦੋਹਾਂ ਪਾਰਟੀਆਂ ਵਿਚਾਲੇ ਪੈਦਾ ਹੋਏ ਮੱਤਭੇਦਾਂ ਦਰਮਿਆਨ ਸਿਆਸੀ ਆਬਜ਼ਰਵਰਾਂ ਦਾ ਕਹਿਣਾ ਹੈ ਕਿ ਜੇ ਸ਼੍ਰੋਮਣੀ ਅਕਾਲੀ ਦਲ ਨੇ ਸੀ. ਏ. ਏ. ਅਤੇ ਐੱਨ. ਆਰ. ਸੀ. ਦਾ ਵਿਰੋਧ ਕਰਨਾ ਹੀ ਸੀ ਤਾਂ ਸੰਸਦ ਵਿਚ ਕਿਉਂ ਨਹੀਂ ਕੀਤਾ ਅਤੇ ਹੁਣ ਸ਼੍ਰੋਮਣੀ ਅਕਾਲੀ ਦਲ ਵਲੋਂ ਕੀਤਾ ਜਾ ਰਿਹਾ ਇਹ ਵਿਰੋਧ ਆਪਣੀ ਸਥਿਤੀ ਨੂੰ ਕਮਜ਼ੋਰ ਦੇਖਦਿਆਂ ਦਬਾਅ ਵਾਲੀ ਸਿਆਸਤ ਦਾ ਹਿੱਸਾ ਹੈ। ਬੇਸ਼ੱਕ ਹੀ ਇਹ ਲਾਈਨਾਂ ਲਿਖੇ ਜਾਣ ਤਕ ਕਿਸੇ ਵੀ ਧਿਰ ਨੇ ਗੱਠਜੋੜ ਤੋੜਿਆ ਨਹੀਂ ਹੈ ਪਰ ਲੋਕਾਂ ਵਿਚ ਇਸ ਸਾਰੇ ਘਟਨਾਚੱਕਰ ਨਾਲ ਨਾਂਹ-ਪੱਖੀ ਸੰਦੇਸ਼ ਹੀ ਗਏ ਹਨ।

ਦੋਹਾਂ ਪਾਰਟੀਆਂ ਦੇ ਇਕੱਠੇ ਹੋਣ ਨਾਲ ਅੱਤਵਾਦ ਪੀੜਤ ਪੰਜਾਬ ਵਿਚ ਭਾਈਚਾਰਾ ਮਜ਼ਬੂਤ ਹੋਇਆ ਪਰ ਇਹ ਵੀ ਤੈਅ ਹੈ ਕਿ ਦਿੱਲੀ ਵਿਚ ਗੱਠਜੋੜ ਟੁੱਟਣ ਦੀ ਸਥਿਤੀ ਵਿਚ ਇਸ ਦੀ ਪ੍ਰਤੀਕਿਰਿਆ ਵਜੋਂ ਪੰਜਾਬ ਵਿਚ ਵੀ, ਜਿੱਥੇ ਇਹ 1998 ਤੋਂ ਮਿਲ ਕੇ ਚੋਣਾਂ ਲੜਦੇ ਆ ਰਹੇ ਹਨ, ਗੱਠਜੋੜ ਪ੍ਰਭਾਵਿਤ ਹੋਵੇਗਾ ਅਤੇ ਫੁੱਟਪਾਊ ਤਾਕਤਾਂ ਨੂੰ ਸਿਰ ਚੁੱਕਣ ਦਾ ਮੌਕਾ ਮਿਲੇਗਾ।ਇਸ ਲਈ ਦਿੱਲੀ ਹੀ ਨਹੀਂ, ਸਗੋਂ ਪੰਜਾਬ ਵਿਚ ਵੀ ਦੋਹਾਂ ਪਾਰਟੀਆਂ ਦਾ ਗੱਠਜੋੜ ਬਣੇ ਰਹਿਣ ਵਿਚ ਹੀ ਦੇਸ਼ ਅਤੇ ਦੋਹਾਂ ਪਾਰਟੀਆਂ ਦੀ ਭਲਾਈ ਹੈ ਕਿਉਂਕਿ ਅੱਡੋ-ਅੱਡ ਚੋਣਾਂ ਲੜ ਕੇ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਨਾ ਪੰਜਾਬ ਵਿਚ ਸੱਤਾ ਵਿਚ ਆ ਸਕਣਗੇ ਅਤੇ ਨਾ ਹੀ ਦਿੱਲੀ ਵਿਚ। ਸਮੇਂ ਦੀ ਮੰਗ ਹੈ ਕਿ ਇਸ ਮਾਮਲੇ ਵਿਚ ਦੋਹਾਂ ਹੀ ਪਾਰਟੀਆਂ ਦੇ ਨੇਤਾ ਲਚਕੀਲਾ ਰਵੱਈਆ ਅਪਣਾ ਕੇ ਇਸ ਗੱਠਜੋੜ ਨੂੰ ਬਚਾਉਣ।

–ਵਿਜੇ ਕੁਮਾਰ\\\


Bharat Thapa

Content Editor

Related News