ਕਰਨਾਟਕ ਦੇ ਮੁੱਖ ਮੰਤਰੀਯੇਦੀਯੁਰੱਪਾ ਦੇ ਵਿਰੁੱਧ ਭਾਜਪਾ ’ਚ ਵਧ ਰਹੀ ਬੇਚੈਨੀ

03/15/2020 1:42:15 AM

ਮਹਾਰਾਸ਼ਟਰ ’ਚ ਭਾਜਪਾ ਦੀ ਸਹਿਯੋਗੀ ਸ਼ਿਵ ਸੈਨਾ ਦੇ ਨਾਲ ਸੱਤਾ ਦੇ ਬਟਵਾਰੇ ’ਤੇ ਗੱਲ ਨਾ ਬਣਨ ਦੇ ਸਿੱਟੇ ਵਜੋਂ ਜਿਥੇ ਭਾਜਪਾ ਨੂੰ ਇਕ ਸਹਿਯੋਗੀ ਗੁਆਉਣਾ ਪਿਆ, ਉੱਥੇ ਹੀ ਭਾਜਪਾ ਮਹਾਰਾਸ਼ਟਰ ’ਚ ਸੱਤਾ ਤੋਂ ਵੀ ਵਾਂਝੀ ਹੋ ਗਈ।ਹੁਣ ਜਦਕਿ ਮਹਾਰਾਸ਼ਟਰ ਤੋਂ ਬਾਅਦ ਝਾਰਖੰਡ ’ਚ ਵੀ ਭਾਜਪਾ ਸੱਤਾ ਤੋਂ ਵਾਂਝੀ ਹੋ ਚੁੱਕੀ ਹੈ ਅਤੇ ਦਿੱਲੀ ’ਚ ਵੀ ਸੱਤਾ ’ਚ ਵਾਪਸੀ ਦਾ ਉਸ ਦਾ ਸੁਪਨਾ ਸਾਕਾਰ ਨਹੀਂ ਹੋ ਸਕਿਆ ਤਾਂ ਵੱਖ-ਵੱਖ ਕਾਰਣਾਂ ਕਰਕੇ ਪਾਰਟੀ ਦੇ ਅੰਦਰ ਬੇਚੈਨੀ ਦੇ ਸੁਰ ਤੇਜ਼ ਹੋ ਰਹੇ ਹਨ।ਜਿਥੇ ਭਾਜਪਾ ਮੱਧ ਪ੍ਰਦੇਸ਼ ’ਚ ਕਾਂਗਰਸ ਦੀ ਚੱੁਕ-ਥੱਲ ਦੇ ਦੋਸ਼ਾਂ ’ਚ ਘਿਰੀ ਹੈ, ਉੱਥੇ ਹੀ ਮਹਾਰਾਸ਼ਟਰ ਭਾਜਪਾ ਦੇ ਸੀਨੀਅਰ ਆਗੂ ਅਤੇ ਵਿਧਾਇਕ ਸੁਧੀਰ ਮੁਗੰਤਿਵਾਰ ਨੇ 12 ਮਾਰਚ ਨੂੰ ਇਕ ਹੈਰਾਨ ਕਰਨ ਵਾਲਾ ਬਿਆਨ ਦਿੰਦਿਆਂ ਕਿਹਾ ਕਿ ‘‘ਸਾਡੀ ਪਾਰਟੀ ਨੇ ਇਕ ਸਮੇਂ ਦੀ ਆਪਣੀ ਸਹਿਯੋਗੀ ਪਾਰਟੀ ਰਹੀ ਸ਼ਿਵ ਸੈਨਾ ਨੂੰ ਧੋਖਾ ਦਿੱਤਾ ਹੈ, ਜੋ ਗਲਤੀ ਸੀ।’’ਜਿਥੇ ਮੁਗੰਤਿਵਾਰ ਦੇ ਉਕਤ ਬਿਆਨ ਨਾਲ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਦੇ ਵਿਰੁੱਧ ਸੂਬਾਈ ਲੀਡਰਸ਼ਿਪ ’ਚ ਕੁਰਲਾ ਰਹੀ ਬੇਚੈਨੀ ਦਾ ਸੰਕੇਤ ਮਿਲਦਾ ਹੈ, ਉੱਥੇ ਹੀ ਕਰਨਾਟਕ ਭਾਜਪਾ ’ਚ ਵੀ ਸਭ ਠੀਕ ਨਹੀਂ ਚੱਲ ਰਿਹਾ।ਸੂਬੇ ’ਚ ਜਦ (ਸ) ਅਤੇ ਕਾਂਗਰਸ ਦੀ ਸਰਕਾਰ ਦੇ ਡਿਗਣ ਦਾ ਕਾਰਣ ਬਣਨ ਵਾਲੇ 11 ’ਚੋਂ 10 ਦਲ-ਬਦਲੂਆਂ ਨੂੰ ਜੋ ਭਾਜਪਾ ਨਾਲ ਜਾ ਮਿਲੇ ਸਨ, ਯੇਦੀਯੁਰੱਪਾ ਨੇ ਪਿਛਲੀ 6 ਫਰਵਰੀ ਨੂੰ ਕਰਨਾਟਕ ਮੰਤਰੀ ਮੰਡਲ ਦੇ ਵਿਸਤਾਰ ਦੇ ਮੌਕੇ ’ਤੇ ਮੰਤਰੀ ਮੰਡਲ ’ਚ ਸ਼ਾਮਲ ਕਰ ਕੇ ਸਨਮਾਨਿਆ ਸੀ, ਜਿਸ ਦੇ ਨਤੀਜੇ ਵਜੋਂ ਪੁਰਾਣੇ ਆਗੂਆਂ ਨੂੰ ਮੰਤਰੀ ਮੰਡਲ ਵਾਧੇ ’ਚ ਥਾਂ ਨਾ ਮਿਲ ਸਕੀ, ਜਿਸ ਨਾਲ ਉਨ੍ਹਾਂ ’ਚ ਬੇਚੈਨੀ ਭੜਕ ਉੱਠੀ ਹੈ।ਇਸ ਸਿਲਸਿਲੇ ’ਚ ਪਿਛਲੇ ਹੀ ਮਹੀਨੇ ਦੋ ਭਾਜਪਾ ਵਿਧਾਇਕਾਂ ਨੇ ਸਾਬਕਾ ਮੁੱਖ ਮੰਤਰੀ ਅਤੇ ਜੇ. ਡੀ. ਅੈੱਸ. ਨੇਤਾ ਐੱਚ. ਡੀ. ਕੁਮਾਰਸਵਾਮੀ ਨਾਲ ਮੁਲਾਕਾਤ ਵੀ ਕੀਤੀ ਸੀ ਅਤੇ ਹੁਣ 12 ਮਾਰਚ ਨੂੰ ਹੋਈ ਭਾਜਪਾ ਦੇ ਵਿਧਾਇਕਾਂ ਦੀ ਬੈਠਕ ’ਚ 16 ਭਾਜਪਾ ਵਿਧਾਇਕਾਂ ਨੇ ਖੁੱਲ੍ਹੇ ਤੌਰ ’ਤੇ ਮੁੱਖ ਮੰਤਰੀ ਬੀ. ਐੱਸ. ਯੇਦੀਯੁਰੱਪਾ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ ਅਤੇ ਉਨ੍ਹਾਂ ਦੇ ਕੰਮਕਾਜ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇਨ੍ਹਾਂ ਵਿਧਾਇਕਾਂ ਨੇ ਪ੍ਰਸ਼ਾਸਨ ਦੇ ਕੰਮਕਾਜ ’ਚ ਯੇਦੀਯੁਰੱਪਾ ਦੇ ਪਰਿਵਾਰ ਦੇ ਦਖਲ ਨੂੰ ਲੈ ਕੇ ਵੀ ਯੇਦੀਯੁਰੱਪਾ ’ਤੇ ਨਿਸ਼ਾਨਾ ਵਿੰਨ੍ਹਿਆ। ਬੈਠਕ ’ਚ ਇੰਨੀ ਗਰਮਾ-ਗਰਮੀ ਦਾ ਮਾਹੌਲ ਬਣਿਆ ਕਿ ਯੇਦੀਯੁਰੱਪਾ ਕੁਝ ਬੋਲ ਹੀ ਨਾ ਸਕੇ ਅਤੇ ਜਲਦ ਹੀ ਬੈਠਕ ਨੂੰ ਖਤਮ ਕਰ ਦਿੱਤਾ ਗਿਆ। ਹਾਲਾਂਕਿ ਇਨ੍ਹਾਂ ਵਿਧਾਇਕਾਂ ਨੇ ਕਿਹਾ ਹੈ ਕਿ ਉਹ ਖੁੱਲ੍ਹੇ ਮੰਚ ’ਤੇ ਯੇਦੀਯੁਰੱਪਾ ਦੇ ਵਿਰੁੱਧ ਕੁਝ ਨਹੀਂ ਬੋਲਣਗੇ। ਇਸ ਘਟਨਾਚੱਕਰ ਤੋਂ ਇਹ ਤਾਂ ਸਪੱਸ਼ਟ ਹੋ ਹੀ ਗਿਆ ਹੈ ਕਿ ਪਾਰਟੀ ਵਿਚ ਸਭ ਠੀਕ ਨਹੀਂ ਹੈ ਅਤੇ ਜੇਕਰ ਉੱਚ ਭਾਜਪਾ ਲੀਡਰਸ਼ਿਪ ਨੇ ਪਾਰਟੀ ’ਚ ਪੈਦਾ ਹੋਈ ਇਸ ਬੇਚੈਨੀ ਨੂੰ ਕੰਟਰੋਲ ਕਰਨ ਦੀ ਦਿਸ਼ਾ ਵਿਚ ਅਸਰਦਾਇਕ ਕਦਮ ਨਾ ਚੁੱਕੇ ਤਾਂ ਯਕੀਨਨ ਹੀ ਉਸ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ।

-ਵਿਜੇ ਕੁਮਾਰ


Bharat Thapa

Content Editor

Related News