ਲਾਕਡਾਊਨ ’ਚ ਇਕੱਲਾਪਨ, ਬੇਰੋਜ਼ਗਾਰੀ ਅਤੇ ਮਾਨਸਿਕ ਤਣਾਅ ਨਾਲ ਵਧੀਅਾਂ ਖੁਦਕੁਸ਼ੀਅਾਂ

06/03/2020 1:57:15 AM

ਭਾਰਤ ’ਚ 25 ਮਾਰਚ ਨੂੰ ਲਾਗੂ ਲਾਕਡਾਊਨ ਦੇ ਕਾਰਨ ਦੇਸ਼ਵਾਸੀਅਾਂ ਨੂੰ ਹਰੇਕ ਖੇਤਰ ’ਚ ਅਜਿਹੇ-ਅਜਿਹੇ ਕੌੜੇ ਤਜਰਬੇ ਹੋਏ ਹਨ ਜੋ ਪਿਛਲੇ 100 ਸਾਲਾ ’ਚ ਨਹੀਂ ਹੋਏ ਸਨ। ਜਿਥੇ ਉਦਯੋਗ-ਕਾਰੋਬਾਰ ਠੱਪ ਹੋਣ ਨਾਲ ਕਰੋੜਾਂ ਲੋਕ ਬੇਰੋਜ਼ਗਾਰ ਹੋ ਗਏ ਉਥੇ ਵੱਡੀ ਗਿਣਤੀ ’ਚ ਪੈਦਲ ਜਾਂ ਹੋਰ ਸਾਧਨਾਂ ਰਾਹੀਂ ਆਪਣੇ ਸੂਬਿਅਾਂ ਨੂੰ ਪਰਤਣ ਦੀ ਕੋਸ਼ਿਸ਼ ਦੇ ਦੌਰਾਨ ਵੱਖ-ਵੱਖ ਸੂਬਿਅਾਂ ’ਚ ਫਸੇ ਪ੍ਰਵਾਸੀ ਕਿਰਤੀ ਸੜਕ ਹਾਦਸਿਅਾਂ ’ਚ ਅਤੇ ਕਿਰਤੀਅਾਂ ਲਈ ਸਪੈਸ਼ਲ ਰੇਲਗੱਡੀਅਾਂ ’ਚ ਅਨੇਕ ਪ੍ਰਵਾਸੀ ਭਿਆਨਕ ਗਰਮੀ ਅਤੇ ਸਹੂਲਤਾਂ ਦੀ ਘਾਟ ਕਾਰਨ ਮਾਰੇ ਗਏ। ਇਕ ਅਧਿਐੱਨ ’ਚ ਦੱਸਿਆ ਗਿਆ ਕਿ ਲਾਕਡਾਊਨ ਦੇ ਕਾਰਨ ‘ਕੋਰੋਨਾ’ ਦੇ ਇਲਾਵਾ ਦੂਸਰੇ ਕਾਰਨਾਂ ਕਰਫਿਊ, ਇਕੱਲਾਪਨ, ਕੋਰੋਨਾ ਨਾਲ ਇਨਫੈਕਟਿਡ ਹੋਣ ਦਾ ਡਰ, ਆਰਥਿਕ ਮੰਦੀ ਦੇ ਕਾਰਨ ਈ. ਐੱਮ. ਆਈ. ਆਦਿ ਅਦਾ ਨਾ ਕਰ ਸਕਣ ਦੀ ਮਜਬੂਰੀ, ਭੁੱਖ ਅਤੇ ਆਰਥਿਕ ਸੰਕਟ, ਆਵਾਜਾਈ ’ਤੇ ਰੋਕ, ਇਲਾਜ ਨਾ ਮਿਲ ਸਕਣਾ, ਪਰਿਵਾਰ ਤੋਂ ਦੂਰੀ, ਤਣਾਅ ਆਦਿ ਕਾਰਨ ਅਨੇਕ ਲੋਕਾਂ ਨੇ ਖੁਦਕੁਸ਼ੀ ਕੀਤੀ। ਉੱਤਰ ਪ੍ਰਦੇਸ਼ ਦੇ ਇਕ ਵਿਅਕਤੀ ਨੇ ਆਪਣੇ ਖੁਦਕੁਸ਼ੀ ਨੋਟ ’ਚ ਲਿਖਿਆ ਕਿ ਉਸ ਦੇ ਕੋਲ ਪਰਿਵਾਰ ਦੇ ਪਾਲਣ-ਪੋਸ਼ਣ ਲਈ ਜ਼ਰੂਰੀ ਚੀਜ਼ਾਂ ਖਰੀਦਣ ਲਈ ਪੈਸੇ ਨਹੀਂ ਸਨ। ਬੇਰੋਜ਼ਗਾਰ ਹੋ ਜਾਣ ਦੇ ਕਾਰਨ ਉਹ ਆਪਣੀ ਬੀਮਾਰੀ ਮਾਂ ਦਾ ਇਲਾਜ ਕਰਵਾਉਣ ’ਚ ਵੀ ਅਸਮਰੱਥ ਸੀ ਅਤੇ ਜ਼ਿਲਾ ਪ੍ਰਸ਼ਾਸਨ ਨੇ ਵੀ ਉਸ ਨੂੰ ਕੋਈ ਸਹਾਇਤਾ ਨਹੀਂ ਦਿੱਤੀ। ਵਪਾਰੀ ਵਰਗ, ਵਿਦਿਆਰਥੀਅਾਂ, ਸੁਆਣੀਅਾਂ ਦੀ ਖੁਦਕੁਸ਼ੀ ਦਾ ਕਾਰਨ ਵੀ ਇਹ ਲਾਕਡਾਊਨ ਬਣਿਆ ਹੈ। ਹਿਮਾਚਲ ਦੇ ਕਾਂਗੜਾ ਜ਼ਿਲੇ ’ਚ ਹੀ ਲਾਕਡਾਊਨ ਦੇ 2 ਮਹੀਨਿਅਾਂ ਦੌਰਾਨ 19 ਵਿਅਕਤੀਅਾਂ ਨੇ ਜੀਵਨ ਲੀਲਾ ਸਮਾਪਤ ਕੀਤੀ ਜਿਨ੍ਹਾਂ ’ਚ ਕਈ ਛੋਟੇ ਵਪਾਰੀ ਹਨ। ਇਸੇ ਤਰ੍ਹਾਂ ਟੀ. ਵੀ. ਅਭਿਨੇਤਰੀ ਪ੍ਰੇਕਸ਼ਾ ਮਹਿਤਾ ਅਤੇ ਅਭਿਨੇਤਾ ਮਨਮੀਤ ਗਰੇਵਾਲ ਨੇ ਵੀ ਲਾਕਡਾਊਨ ਦੇ ਦਰਮਿਆਨ ਕੰਮ ਨਾ ਮਿਲਣ ਦੇ ਕਾਰਨ ਪੈਦਾ ਤਣਾਅ ਅਤੇ ਆਰਥਿਕ ਤੰਗੀ ਦੇ ਕਾਰਨ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜ਼ਾਹਿਰ ਹੈ ਕਿ ਇਕ ਪਾਸੇ ਕੋਰੋਨਾ ਅਨਮੋਲ ਜ਼ਿੰਦਗੀਅਾਂ ਖੋ ਰਿਹਾ ਹੈ ਤਾਂ ਦੂਸਰੇ ਪਾਸੇ ਇਸ ਕਾਰਨ ਠੱਪ ਹੋਏ ਕਾਰੋਬਾਰ, ਬੇਰੋਜ਼ਗਾਰੀ, ਘਰਬੰਦੀ ਆਦਿ ਲੋਕਾਂ ਦੇ ਪ੍ਰਾਣ ਲੈ ਰਹੀਅਾਂ ਹਨ। ਅਸਲ ’ਚ ਇਹ ਦੇਸ਼ਵਾਸੀਅਾਂ ਦੀ ਪ੍ਰੀਖਿਆ ਦੀ ਘੜੀ ਹੈ। ਹੌਸਲਾ ਅਤੇ ਸੰਜਮ ਵਰਤ ਕੇ ਅਤੇ ਕੋਰੋਨਾ ਤੋਂ ਬਚਾਅ ਦੇ ਨਿਯਮਾਂ ਦਾ ਸਖਤੀ ਨਾਲ ਪਾਲਣ ਕਰ ਕੇ ਹੀ ਇਸ ਸੰਕਟ ਦਾ ਸਾਹਮਣਾ ਕਰਨ ਦੀ ਲੋੜ ਹੈ। ਖੁਦਕੁਸ਼ੀ ਵਰਗਾ ਨਿਰਾਸ਼ਾਵਾਦੀ ਕਦਮ ਚੁੱਕ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਕੇ ਆਪਣੇ ਪਰਿਵਾਰ ਦਾ ਭਵਿੱਖ ਬਰਬਾਦ ਕਰਨਾ ਅਤੇ ਉਨ੍ਹਾਂ ਨੂੰ ਬੇਸਹਾਰਾ ਛੱਡ ਜਾਣਾ ਕਿਸੇ ਵੀ ਤਰ੍ਹਾਂ ਉਚਿਤ ਨਹੀਂ ਹੋਵੇਗਾ।

–ਵਿਜੇ ਕੁਮਾਰ


Bharat Thapa

Content Editor

Related News