‘ਸਾਵਧਾਨ ਰਹੋ’ ਤੁਹਾਡੇ ਕੋਲੋਂ ਕੋਈ ਓ. ਟੀ. ਪੀ. ਤਾਂ ਨਹੀਂ ਮੰਗ ਰਿਹਾ
Monday, May 24, 2021 - 03:22 AM (IST)
ਇੰਟਰਨੈੱਟ ਅਤੇ ਮੋਬਾਇਲ ਦੀ ਮਦਦ ਨਾਲ ਸੋਸ਼ਲ ਮੀਡੀਆ ਨੇ ਸਾਰੀ ਦੁਨੀਆ ਨੂੰ ਇਕ-ਦੂਸਰੇ ਦੇ ਬਹੁਤ ਨੇੜੇ ਲਿਆ ਦਿੱਤਾ ਹੈ। ਪਲ-ਪਲ ਦੀ ਜਾਣਕਾਰੀ ਤੁਸੀਂ ਆਪਣੇ ਜਾਣਕਾਰਾਂ ਅਤੇ ਦੋਸਤਾਂ ਨਾਲ ਸ਼ੇਅਰ ਕਰ ਸਕਦੇ ਹੋ ਪਰ ਹਾਲ ਦੇ ਦਿਨਾਂ ’ਚ ਅਕਾਊਂਟਸ ਹੈਕ ਹੋਣ ਦੀਆਂ ਘਟਨਾਵਾਂ ’ਚ ਬਹੁਤ ਤੇਜ਼ੀ ਨਾਲ ਵਾਧਾ ਹੋਇਆ ਹੈ।
ਹਾਲ ਹੀ ’ਚ ਏਅਰ ਇੰਡੀਆ ਸਮੇਤ ਦੁਨੀਆ ਦੀਆਂ ਕਈ ਏਅਰਲਾਈਨਜ਼ ਕੰਪਨੀਆਂ ’ਤੇ ਇਕ ਵੱਡਾ ਸਾਈਬਰ ਅਟੈਕ ਹੋਇਆ ਹੈ ਜਿਸ ’ਚ ਏਅਰ ਇੰਡੀਆ ਦੇ ਹੀ 45 ਲੱਖ ਯੂਜ਼ਰਸ ਦਾ ਡਾਟਾ ਲੀਕ ਹੋ ਗਿਆ ਅਤੇ 26 ਅਗਸਤ, 2011 ਤੋਂ 3 ਫਰਵਰੀ, 2021 ਦੇ ਦਰਮਿਆਨ ਲਗਭਗ 10 ਸਾਲਾਂ ਦੇ ਅਰਸੇ ’ਚ ਰਜਿਸਟਰਡ ਏਅਰ ਇੰਡੀਆ ਦੇ ਯਾਤਰੀਆਂ ਦਾ ਮੁਕੰਮਲ ਨਿੱਜੀ ਡਾਟਾਬੇਸ ਹੈਕ ਕਰ ਲਿਆ ਗਿਆ।
ਏਅਰ ਇੰਡੀਆ ਦੇ ਅਨੁਸਾਰ ਯਾਤਰੀਆਂ ਦੀ ਨਿੱਜੀ ਜਾਣਕਾਰੀ ਨੂੰ ਸੰਭਾਲ ਕੇ ਰੱਖਣ ਵਾਲੀ ਯਾਤਰਾ ਸੇਵਾ ਪ੍ਰਣਾਲੀ ਦਾ ‘ਐੱਸ. ਆਈ. ਟੀ. ਏ. ਪੀ. ਐੱਸ. ਐੱਸ.’ ਡਾਟਾ ਪ੍ਰੋਸੈੱਸਰ ਸਾਈਬਰ ਹਮਲੇ ਦੀ ਲਪੇਟ ’ਚ ਆ ਗਿਆ।
ਏਅਰ ਇੰਡੀਆ ਦੇ ਯਾਤਰੀਆਂ ਦੇ ਨਾਂ, ਜਨਮ ਮਿਤੀ, ਸੰਪਰਕ ਜਾਣਕਾਰੀ, ਪਾਸਪੋਰਟ ਦੀ ਜਾਣਕਾਰੀ, ਟਿਕਟ ਦੀ ਜਾਣਕਾਰੀ, ਸਟਾਰ ਅਲਾਇੰਸ ਅਤੇ ਏਅਰ ਇੰਡੀਆ ਦੇ ਫ੍ਰੀਕਵੈਂਟ ਫਲਾਇਰ ਡਾਟਾ ਵਰਗੇ ਨਿੱਜੀ ਡਾਟਾ ਲੀਕ ਹੋ ਗਏ ਹਨ। ਇੱਥੋਂ ਤੱਕ ਕਿ ਪ੍ਰਭਾਵਿਤ ਯੂਜ਼ਰਸ ਦੇ ਕ੍ਰੈਡਿਟ ਅਤੇ ਡੈਬਿਟ ਕਾਰਡ ਦੀ ਜਾਣਕਾਰੀ ਵੀ ਲੀਕ ਹੋਈ ਹੈ ਪਰ ਉਨ੍ਹਾਂ ਦੇ ਕਾਰਡ ਦੇ ਸੀ. ਵੀ. ਵੀ./ਸੀ. ਵੀ. ਸੀ. ਕੋਡ ਸੁਰੱਖਿਅਤ ਹਨ ਕਿਉਂਕਿ ਇਨ੍ਹਾਂ ਨੂੰ ਸਟੋਰ ਨਹੀਂ ਕੀਤਾ ਗਿਆ ਸੀ। ਨਾਲ ਹੀ ਕੋਈ ਪਾਸਵਰਡ ਡਾਟਾ ਵੀ ਲੀਕ ਨਹੀਂ ਹੋਇਆ ਹੈ।
ਏਅਰ ਇੰਡੀਆ ਦੇ ਯੂਜ਼ਰਸ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਤੁਰੰਤ ਆਪਣੇ ਸਾਰੇ ਅਕਾਊਂਟ ਪਾਸਵਰਡ ਬਦਲ ਲੈਣ। ਇਸ ’ਚ ਇੰਟਰਨੈੱਟ ਬੈਂਕਿੰਗ ਅਤੇ ਡੈਬਿਟ ਜਾਂ ਕ੍ਰੈਡਿਟ ਕਾਰਡ ਪਿਨ ਦੇ ਪਾਸਵਰਡ ਸ਼ਾਮਲ ਹਨ।
ਹੁਣ ਤਾਂ ਆਮ ਹੋਵੇ ਜਾਂ ਖਾਸ, ਸੋਸ਼ਲ ਮੀਡੀਆ ਅਕਾਊਂਟ ਵੀ ਆਸਾਨੀ ਨਾਲ ਹੈਕ ਕੀਤੇ ਜਾਣ ਲੱਗੇ ਹਨ। ਬੀਤੇ ਸਾਲ ਹੀ ਅਮਰੀਕਾ ’ਚ ਜੋਅ ਬਾਈਡੇਨ, ਬਰਾਕ ਓਬਾਮਾ ਅਤੇ ਬਿਲ ਗੇਟਸ ਤੱਕ ਦੇ ਟਵਿਟਰ ਅਕਾਊਂਟਸ ਹੈਕ ਕੀਤੇ ਜਾਣ ਦੀ ਖਬਰ ਆਈ ਸੀ।
ਉਂਝ ਤਾਂ ਸੋਸ਼ਲ ਮੀਡੀਆ ਪਲੇਟਫਾਰਮਸ ਸੁਰੱਖਿਆ ਦੇ ਕਈ ਫੀਚਰ ਮੁਹੱਈਆ ਕਰਵਾਉਂਦੇ ਹਨ ਪਰ ਸਾਈਬਰ ਸਕਿਓਰਿਟੀ ਦੀ ਜਾਣਕਾਰੀ ਰੱਖਣ ਵਾਲਿਆਂ ਦਾ ਮੰਨਣਾ ਹੈ ਕਿ ਹੈਕਿੰਗ ਦੇ ਲਈ ਕਿਸੇ ਅਕਾਊਂਟ ਨਾਲ ਜੁੜੀ ਬਹੁਤ ਘੱਟ ਸੂਚਨਾ ਹੀ ਕਾਫੀ ਹੋ ਸਕਦੀ ਹੈ। ਉਦਾਹਰਣ ਵਜੋਂ, ਜਿਸ ਦਾ ਅਕਾਊਂਟ ਹੈਕ ਕਰਨਾ ਹੈ, ਜੇਕਰ ਹੈਕਰ ਦੇ ਕੋਲ ਉਸ ਦਾ ਮੋਬਾਇਲ ਫੋਨ ਨੰਬਰ ਹੋਵੇ ਤਾਂ ਹੈਕਿੰਗ ਬਹੁਤ ਸੌਖੀ ਹੋ ਜਾਂਦੀ ਹੈ।
ਮੋਬਾਇਲ ਨੰਬਰ ਦੀ ਮਦਦ ਨਾਲ ਹੀ ਹੋ ਰਹੀ ਇਕ ਹੈਕਿੰਗ ਇਨ੍ਹੀਂ ਦਿਨੀਂ ਸਭ ਤੋਂ ਵੱਧ ਵਰਤੇ ਜਾਣ ਵਾਲੇ ਚੈਟਿੰਗ ਐਪ ਵ੍ਹਟਸਐਪ ਦੇ ਯੂਜ਼ਰਸ ਨਾਲ ਦੇਖਣ ਨੂੰ ਮਿਲ ਰਹੀ ਹੈ।
ਵ੍ਹਟਸਐਪ ਦੇ ਵੱਲੋਂ ਓ. ਟੀ. ਪੀ. ਭੇਜਣ ਦੇ ਤਰੀਕੇ ਦੀ ਵਰਤੋਂ ਕਰ ਕੇ ਨਵਾਂ ਸਕੈਮ ਸਾਈਬਰ ਕ੍ਰਿਮੀਨਲਾਂ ਵੱਲੋਂ ਸ਼ੁਰੂ ਕੀਤਾ ਗਿਆ ਜਿੱਥੇ ਉਹ ਲੋਕਾਂ ਨਾਲ ਉਨ੍ਹਾਂ ਦੇ ਨੰਬਰ ’ਤੇ ਐੱਸ. ਐੱਮ. ਐੱਸ. ਦੇ ਰੂਪ ’ਚ ਆਏ ਓ. ਟੀ. ਪੀ. ਨੂੰ ਉਨ੍ਹਾਂ ਨੂੰ ਫਾਰਵਰਡ ਕਰਨ ਲਈ ਕਹਿੰਦੇ ਹਨ।
ਬੇਸ਼ੱਕ ਕਿਸੇ ਅਣਜਾਣ ਨੂੰ ਤਾਂ ਤੁਸੀਂ ਓ. ਟੀ. ਪੀ. ਦੱਸਣ ਤੋਂ ਰਹੇ ਪਰ ਉਸ ਹਾਲਾਤ ’ਚ ਕੀ ਜਦੋਂ ਤੁਹਾਨੂੰ ਆਪਣੇ ਕਿਸੇ ਪਰਿਵਾਰ ਵਾਲੇ ਜਾਂ ਜਾਣੂ ਵੱਲੋਂ ਵ੍ਹਟਸਐਪ ’ਤੇ ਮੈਸੇਜ ਆਉਂਦਾ ਹੈ ਕਿ ‘ਸੌਰੀ ਗਲਤੀ ਨਾਲ ਮੈਂ ਤੁਹਾਡੇ ਨੰਬਰ ’ਤੇ ਇਕ ਓ. ਟੀ. ਪੀ. ਭੇਜ ਦਿੱਤਾ ਹੈ, ਪਲੀਜ਼ ਉਹ ਮੈਨੂੰ ਫਾਰਵਰਡ ਕਰ ਦਿਓ।’’ ਜੇਕਰ ਤੁਸੀਂ ਉਨ੍ਹਾਂ ਨੂੰ ਫੋਨ ਕਰ ਕੇ ਇਸ ਬਾਰੇ ਪੁੱਛਣ ਦੀ ਕੋਸ਼ਿਸ਼ ਕਰੋਗੇ ਤਾਂ ਉਨ੍ਹਾਂ ਦਾ ਫੋਨ ਇੰਗੇਜ ਆਵੇਗਾ।
ਦਰਅਸਲ, ਜਿਸ ਪਰਿਵਾਰ ਵਾਲੇ ਜਾਂ ਜਾਣੂ ਵੱਲੋਂ ਤੁਹਾਡੇ ਕੋਲੋਂ ਓ. ਟੀ. ਪੀ. ਮੰਗਣ ਵਾਲਾ ਵ੍ਹਟਸਐਪ ਮੈਸੇਜ ਆਇਆ ਹੋਵੇਗਾ, ਉਸ ਦਾ ਅਕਾਊਂਟ ਪਹਿਲਾਂ ਹੀ ਹੈਕ ਹੋ ਚੁੱਕਿਆ ਹੋਵੇਗਾ। ਜਿਉਂ ਹੀ ਤੁਸੀਂ ਓ. ਟੀ. ਪੀ. ਉਨ੍ਹਾਂ ਨੂੰ ਭੇਜਦੇ ਹੋ, ਤੁਹਾਡਾ ਵੀ ਅਕਾਊਂਟ ਹੈਕ ਹੋ ਜਾਵੇਗਾ ਅਤੇ ਤੁਹਾਡੇ ਫੋਨ ’ਤੇ ਵ੍ਹਟਸਐਪ ਬੰਦ ਹੋ ਜਾਵੇਗਾ।
ਹਾਲਾਂਕਿ, ਤੁਹਾਨੂੰ ਇਸ ਹਾਲਤ ’ਚ ਸ਼ਾਂਤ ਰਹਿਣ ਦੀ ਲੋੜ ਹੈ ਕਿਉਂਕਿ ਹੈਕ ਕਰਨ ਵਾਲਾ ਤੁਹਾਡੇ ਮੈਸੇਜ ਨਹੀਂ ਦੇਖ ਸਕਦਾ ਪਰ ਤੁਹਾਡੇ ਵ੍ਹਟਸਐਪ ਅਕਾਊਂਟ ਦੇ ਸਾਰੇ ਕੰਟੈਕਟਸ ਅਤੇ ਨੰਬਰ ਹੈਕਰ ਦੀ ਪਹੁੰਚ ’ਚ ਆ ਜਾਣਗੇ ਅਤੇ ਉਹ ਤੁਹਾਡੇ ਜਾਣੂਆਂ ਦੇ ਵ੍ਹਟਸਐਪ ਨੂੰ ਵੀ ਇਸੇ ਤਰ੍ਹਾਂ ਨਾਲ ਹੈਕ ਕਰਨ ਦੀ ਕੋਸ਼ਿਸ਼ ਕਰਨਗੇ।
ਹੁਣ ਸਵਾਲ ਉੱਠਦਾ ਹੈ ਕਿ ਅਜਿਹਾ ਹੋਣ ਦੀ ਸੂਰਤ ’ਚ ਕੀ ਕੀਤਾ ਜਾ ਸਕਦਾ ਹੈ। ਸਭ ਤੋਂ ਪਹਿਲਾਂ ਤਾਂ ਆਪਣੇ ਵ੍ਹਟਸਐਪ ਨੂੰ ਰੀਸੈੱਟ ਕਰਨ ਦੀ ਕੋਸ਼ਿਸ਼ ਕਰੋ। ਤੁਹਾਨੂੰ ਤੁਰੰਤ ਵ੍ਹਟਸਐਪ ਸਪੋਰਟ ਦੀ ਆਈ. ਡੀ. support@whatsapp.com ’ਤੇ ਇਕ ਈ-ਮੇਲ ਕਰਨੀ ਹੋਵੇਗੀ ਕਿ ਮੇਰਾ ਫੋਨ ਹੈਕ ਹੋ ਗਿਆ ਹੈ, ਉਸ ਨੂੰ ਰੋਕ ਦਿਓ ਅਤੇ ਤੁਹਾਨੂੰ ਨਵਾਂ ਕੋਡ ਭੇਜ ਕੇ ਅਕਾਊਂਟ ਨੂੰ ਫਿਰ ਸ਼ੁਰੂ ਕਰਨ। ਉੱਥੋਂ ਕੋਡ ਆਉਣ ’ਤੇ ਤੁਸੀਂ ਉਸ ਦੀ ਮਦਦ ਨਾਲ ਆਪਣੇ ਅਕਾਊਂਟ ਨੂੰ ਫਿਰ ਤੋਂ ਹਾਸਲ ਕਰ ਸਕਦੇ ਹੋ।
ਦੂਸਰਾ ਜ਼ਰੂਰੀ ਕੰਮ ਹੈ ਕਿ ਆਪਣੇ ਦੋਸਤਾਂ ਨੂੰ ਤੁਹਾਨੂੰ ਸਾਰੇ ਵ੍ਹਟਸਐਪ ਗਰੁੱਪ ’ਚੋਂ ਕੱਢਣ ਨੂੰ ਕਹੋ। ਅਜਿਹਾ ਕਰਨ ਨਾਲ ਹੈਕਰ ਹੁਣ ਤੁਹਾਡੇ ਗਰੁੱਪਸ ਦੇ ਮੈਸੇਜ ਨਹੀਂ ਦੇਖ ਸਕੇਗਾ ਅਤੇ ਨਾ ਹੀ ਉਥੇ ਕੋਈ ਮੈਸੇਜ ਭੇਜ ਸਕੇਗਾ।
ਆਪਣੇ ਦੋਸਤ ਨੂੰ ਇਹ ਹਦਾਇਤ ਜ਼ਰੂਰ ਦਿਓ ਕਿ ਉਹ ਗਰੁੱਪ ’ਚ ਇਹ ਮੈਸੇਜ ਨਾ ਪਾਵੇ ਕਿ ਤੁਹਾਡਾ ਵ੍ਹਟਸਐਪ ਹੈਕ ਹੋ ਗਿਆ ਹੈ ਕਿਉਂਕਿ ਅਜਿਹਾ ਹੋਣ ’ਤੇ ਹੈਕਰ ਇਸ ਤਰ੍ਹਾਂ ਦਾ ਮੈਸੇਜ ਪਾਉਣ ਵਾਲੇ ਨੂੰ ਹੀ ਤੁਰੰਤ ਗਰੁੱਪ ’ਚੋਂ ਕੱਢ ਸਕਦਾ ਹੈ ਤਾਂ ਕਿ ਹੋਰਾਂ ਨੂੰ ਇਸ ਬਾਰੇ ’ਚ ਪਤਾ ਨਾ ਲੱਗ ਸਕੇ।
ਧਿਆਨ ਰੱਖੋ ਕਿ ਸਕੈਮ ਕਰਨ ਵਾਲੇ ਤੁਹਾਡੇ ਰਿਸ਼ਤੇਦਾਰ ਜਾਂ ਜਾਣੂ ਬਣ ਕੇ ਹੀ ਤੁਹਾਡੇ ਕੋਲੋਂ ਲੁੱਟ ਕਰਦੇ ਹਨ। ਅਜਿਹੇ ’ਚ ਚੰਗਾ ਹੋਵੇਗਾ ਕਿ ਜਿਸ ਨਾਂ ਤੋਂ ਮਦਦ ਮੰਗੀ ਜਾ ਰਹੀ ਹੋਵੇ ਉਸ ਨੂੰ ਕਿਸੇ ਦੂਸਰੇ ਨੰਬਰ ਤੋਂ ਕਾਲ ਕਰੋ ਅਤੇ ਕਿਸੇ ਵੀ ਓ. ਟੀ. ਪੀ. ਨੂੰ ਕਿਸੇ ਵੀ ਹਾਲਤ ’ਚ ਕਿਸੇ ਨਾਲ ਸ਼ੇਅਰ ਨਾ ਕਰੋ।
ਹਾਲਾਂਕਿ ਵ੍ਹਟਸਐਪ ਹੈਕਿੰਗ ਅਜੇ ਸ਼ਾਇਦ ਉਸ ਪੱਧਰ ’ਤੇ ਨਹੀਂ ਪਹੁੰਚੇਗੀ ਜਿਸ ਨਾਲ ਉਹ ਤੁਹਾਡੀਆਂ ਗੱਲਾਂ ਪੜ੍ਹ ਸਕੇ ਪਰ ਬਚਾਅ ਦੇ ਤੌਰ ’ਤੇ ਇਹ ਚੰਗਾ ਹੋਵੇਗਾ ਕਿ ਤੁਸੀਂ ਆਪਣੀ ਬੈਂਕ ਡਿਟੇਲਸ, ਪਾਸਵਰਡ ਅਤੇ ਪਾਸਪੋਰਟ ਦੀ ਡਿਟੇਲ ਵ੍ਹਟਸਐਪ ’ਤੇ ਸੇਵ ਨਾ ਕਰੋ। ਇਸ ਨੂੰ ਨੋਟਸ ਜਾਂ ਫਾਈਲਸ ’ਚ ਸੇਵ ਕਰੋ। ਇਸ ਦੇ ਇਲਾਵਾ ਦੋਹਰੀ ਸੁਰੱਖਿਆ ਪ੍ਰਣਾਲੀ ਦੀ ਵਰਤੋਂ ਕਰੋ ਿਜਸ ਵਿਚ ਓ. ਟੀ. ਪੀ. ਹੀ ਨਹੀਂ ਤੁਹਾਨੂੰ ਆਪਣਾ ਖੁਫੀਆ ਪਾਸਵਰਡ ਵੀ ਪਾਉਣਾ ਹੋਵੇਗਾ।