4 ਧੀਆਂ ਦੇ ਪਿਤਾ ਇਕ ‘ਬਾਬਾ’ ਨੇ ਕੀਤਾ ‘120 ਔਰਤਾਂ-ਨਾਬਾਲਿਗਾਂ ਦਾ ਸੈਕਸ ਸ਼ੋਸ਼ਣ ’
Thursday, Jan 12, 2023 - 02:04 AM (IST)
ਸੰਤ-ਮਹਾਤਮਾ ਦੇਸ਼ ਅਤੇ ਸਮਾਜ ਨੂੰ ਮਾਰਗਦਰਸ਼ਨ ਮੁਹੱਈਆ ਕਰਦੇ ਹਨ ਪਰ ਕੁਝ ਅਖੌਤੀ ਸੰਤ-ਮਹਾਤਮਾ ਅਤੇ ਬਾਬਾ ਇਸ ਦੇ ਉਲਟ ਆਚਰਨ ਕਰ ਕੇ ਅਸਲੀ ਸੰਤ-ਮਹਾਤਮਾਵਾਂ ਦੀ ਬਦਨਾਮੀ ਦਾ ਕਾਰਨ ਬਣ ਰਹੇ ਹਨ।
ਇਸੇ ਸਿਲਸਿਲੇ ’ਚ ਆਸਾਰਾਮ ਬਾਪੂ, ਫਲਾਹਾਰੀ ਬਾਬਾ, ਗੁਰਮੀਤ ਰਾਮ ਰਹੀਮ ਸਿੰਘ, ਬਾਬਾ ਵੈਰਾਗਯਾ ਨੰਦ ਗਿਰਿ ਉਰਫ ‘ਮਿਰਚੀ ਬਾਬਾ’ ਅਤੇ ਲਿੰਗਾਇਤ ਸਾਧੂ ‘ਸ਼ਿਵਮੂਰਤੀ ਮੁਰੂਘਾ ਸ਼ਰਣਾਰੂ’ ਆਦਿ ਨੂੰ ਔਰਤਾਂ ਤੇ ਬੱਚਿਆਂ ਦੇ ਸੈਕਸ ਸ਼ੋਸ਼ਣ ਆਦਿ ਦੇ ਦੋਸ਼ਾਂ ’ਚ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਅਤੇ ਹੁਣ 10 ਜਨਵਰੀ ਨੂੰ ਫਤਿਹਾਬਾਦ ਦੇ ਵਧੀਕ ਜ਼ਿਲਾ ਅਤੇ ਸੈਸ਼ਨ ਜੱਜ ਸ਼੍ਰੀ ਬਲਵੰਤ ਸਿੰਘ ਦੀ ਫਾਸਟਟ੍ਰੈਕ ਅਦਾਲਤ ਨੇ ਔਰਤਾਂ ਨਾਲ ਜਬਰ-ਜ਼ਨਾਹ ਕਰਨ ਵਾਲੇ ਅਖੌਤੀ ‘ਜਲੇਬੀ ਬਾਬਾ’ ਉਰਫ ‘ਅਮਰਪੁਰੀ’ ਉਰਫ ‘ਬਿੱਲੂ’ ਨੂੰ 14 ਸਾਲ ਕੈਦ ਅਤੇ 35,000 ਰੁਪਏ ਜੁਰਮਾਨੇ ਦੀ ਸਜ਼ਾ ਦੇ ਇਲਾਵਾ ਹੋਰਨਾਂ ਮਾਮਲਿਆਂ ’ਚ 7-7 ਸਾਲ ਅਤੇ 5 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਸਾਰੀਆਂ ਸਜ਼ਾਵਾਂ ਇਕੱਠੀਆਂ ਚੱਲਣਗੀਆਂ।
ਝਾੜ-ਫੂਕ ਦੀ ਆੜ ’ਚ ਔਰਤਾਂ ਦਾ ਸਰੀਰਕ ਸ਼ੋਸ਼ਣ ਕਰਨ ਵਾਲਾ 63 ਸਾਲਾ ‘ਜਲੇਬੀ ਬਾਬਾ’ 4 ਧੀਆਂ ਅਤੇ 2 ਪੁੱਤਰਾਂ ਦਾ ਪਿਤਾ ਹੈ।
ਇਸ ਦੇ ਵਿਰੁੱਧ 19 ਜੁਲਾਈ, 2018 ਨੂੰ ਮਾਮਲਾ ਦਰਜ ਕੀਤਾ ਗਿਆ ਸੀ, ਜਦੋਂ ਟੋਹਾਣਾ ਸ਼ਹਿਰ ਦੀ ਇਕ ਕਾਲੋਨੀ ਦੀ ਰਹਿਣ ਵਾਲੀ ਔਰਤ ਨੇ ਆਫਿਸਰ ਕਾਲੋਨੀ ਦੇ ‘ਜਲੇਬੀ ਬਾਬਾ’ ’ਤੇ ਅਸ਼ਲੀਲ ਵੀਡੀਓ ਬਣਾ ਕੇ 3 ਸਾਲ ਤੱਕ ਉਸ ਨਾਲ ਜਬਰ-ਜ਼ਨਾਹ ਦਾ ਦੋਸ਼ ਲਗਾਇਆ ਸੀ।
ਪੁਲਸ ਨੂੰ ਮੁਖਬਰ ਨੇ ਉਕਤ ਬਾਬਾ ਦੀ ਅਸ਼ਲੀਲ ਵੀਡੀਓ ਦਿਖਾਉਂਦੇ ਹੋਏ ਦੱਸਿਆ ਸੀ ਕਿ ਇਹ ਝਾੜ-ਫੂਕ ਦੀ ਆੜ ’ਚ ਔਰਤਾਂ ਦਾ ਸਰੀਰਕ ਸ਼ੋਸ਼ਣ ਕਰ ਕੇ ਉਨ੍ਹਾਂ ਨੂੰ ਬਲੈਕਮੇਲ ਕਰਦਾ ਹੈ। ਇਸ ਦੇ ਬਾਅਦ ਪੁਲਸ ਨੇ ਜਾਂਚ ਸ਼ੁਰੂ ਕੀਤੀ ਤਾਂ ਬਾਬਾ ਦੇ ਡੇਰੇ ਦੀ ਤਲਾਸ਼ੀ ਦੌਰਾਨ ਉੱਥੇ ਤੰਤਰ ਵਿਦਿਆ ਦਾ ਸਾਮਾਨ, ਨਸ਼ੀਲੀਆਂ ਗੋਲੀਆਂ ਤੇ ਵੱਖ-ਵੱਖ ਔਰਤਾਂ ਦੇ ਨਾਲ ਇਤਰਾਜ਼ਯੋਗ ਸਥਿਤੀ ’ਚ 120 ਵੀਡੀਓ ਬਰਾਮਦ ਹੋਈਆਂ ਤੇ ਡੀ. ਐੱਸ. ਪੀ. ਨੇ ‘ਜਲੇਬੀ ਬਾਬਾ’ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਦਿੱਤੇ।
‘ਜਲੇਬੀ ਬਾਬਾ’ ਮੂਲ ਤੌਰ ’ਤੇ ਪੰਜਾਬ ਦੇ ਮਾਨਸਾ ਦਾ ਰਹਿਣ ਵਾਲਾ ਹੈ। ਪਹਿਲੀ ਵਾਰ ਉਹ 1984 ’ਚ ਮਾਨਸਾ ਤੋਂ ਟੋਹਾਣਾ ਆਇਆ ਸੀ ਅਤੇ ਇੱਥੇ 13 ਸਾਲ ਤੱਕ ਜਲੇਬੀਆਂ ਦੀ ਰੇੜ੍ਹੀ ਲਗਾਉਂਦਾ ਰਿਹਾ। ਕੁਝ ਸਾਲਾਂ ਲਈ ਉਹ ਟੋਹਾਣਾ ਤੋਂ ਗਾਇਬ ਹੋ ਗਿਆ ਤੇ ਲਗਭਗ 20 ਸਾਲ ਬਾਅਦ ਬਾਬਾ ਬਣ ਕੇ ਪਰਤ ਆਇਆ।
ਇਸ ਦੌਰਾਨ ਪਤਨੀ ਦੀ ਮੌਤ ਦੇ ਬਾਅਦ ਉਸ ਨੇ ਕਥਿਤ ਤੌਰ ’ਤੇ ਪੰਜਾਬ ਜਾ ਕੇ ਤੰਤਰ-ਮੰਤਰ ਸਿੱਖਿਆ ਅਤੇ ਫਿਰ ਟੋਹਾਣਾ ਪਰਤ ਕੇ ਔਰਤਾਂ ਨੂੰ ਆਪਣੇ ਜਾਲ ’ਚ ਫਸਾਉਣਾ ਅਤੇ ਉਨ੍ਹਾਂ ਦਾ ਰੇਪ ਕਰ ਕੇ ਅਸ਼ਲੀਲ ਵੀਡੀਓ ਬਣਾਉਣੇ ਸ਼ੁਰੂ ਕਰ ਦਿੱਤੇ।
ਉਸ ਨੇ ਟੋਹਾਣਾ ’ਚ ਇਕ ਮਕਾਨ ਲੈ ਕੇ ਉਸ ਨੂੰ ਡੇਰੇ ਦੀ ਸ਼ਕਲ ਦੇ ਦਿੱਤੀ, ਜਿਸ ਦੇ ਬਾਅਦ ਉਹ ‘ਜਲੇਬੀ ਬਾਬਾ’ ਦੇ ਨਾਂ ਨਾਲ ਮਸ਼ਹੂਰ ਹੋ ਗਿਆ। ਇਸੇ ਡੇਰੇ ਦੇ ਅੰਦਰ ਉਸ ਨੇ ਆਪਣੇ ਇਕ ਜਾਣ-ਪਛਾਣ ਵਾਲੇ ਦੀ ਪਤਨੀ ਦਾ ਵੀ ਜਬਰ-ਜ਼ਨਾਹ ਕੀਤਾ ਸੀ।
‘ਜਲੇਬੀ ਬਾਬਾ’ ਉਰਫ ਅਮਰਪੁਰੀ ਔਰਤਾਂ ਨੂੰ ਕਹਿੰਦਾ ਸੀ ਕਿ ਉਨ੍ਹਾਂ ’ਤੇ ਭੂਤਾਂ ਦਾ ਸਾਇਆ ਹੈ। ਡਰਦੇ ਮਾਰੇ ਔਰਤਾਂ ਉਸ ਦੀਆਂ ਗੱਲਾਂ ’ਚ ਆ ਜਾਂਦੀਆਂ ਅਤੇ ਭੂਤਾਂ ਤੋਂ ਪਿੱਛਾ ਛੁਡਾਉਣ ਦੀ ਆਸ ’ਚ ਉਸ ਦੀਆਂ ਤਾਂਤਰਿਕ ਕਿਰਿਆਵਾਂ ਦਾ ਹਿੱਸਾ ਬਣਨ ਲੱਗਦੀਆਂ।
ਉਹ ਤੰਤਰ-ਮੰਤਰ ਨਾਲ ਭੂਤਾਂ ਦੇ ਸਾਏ ਤੋਂ ਮੁਕਤ ਕਰਨ ਦੇ ਨਾਂ ’ਤੇ ਔਰਤਾਂ ਨੂੰ ਕਿਸੇ ਪੀਣ ਦੀ ਵਸਤੂ ’ਚ ਨਸ਼ੀਲੇ ਪਦਾਰਥ ਦੇ ਕੇ ਉਨ੍ਹਾਂ ਦੇ ਬੇਹੋਸ਼ ਹੋਣ ਦੇ ਬਾਅਦ ਉਨ੍ਹਾਂ ਦਾ ਜਬਰ-ਜ਼ਨਾਹ ਕਰ ਕੇ ਵੀਡੀਓ ਬਣਾ ਲੈਂਦਾ ਤੇ ਫਿਰ ਬਲੈਕਮੇਲ ਕਰ ਕੇ ਕਥਿਤ ਤੌਰ ’ਤੇ ਉਨ੍ਹਾਂ ਕੋਲੋਂ ਮੋਟੀ ਰਕਮ ਵੀ ਵਸੂਲ ਲੈਂਦਾ ਸੀ।
ਹਾਲਾਂਕਿ ਸਾਰੇ ਸੰਤ ਅਜਿਹੇ ਨਹੀਂ ਹਨ ਪਰ ਯਕੀਨਨ ਹੀ ਅਜਿਹੀਆਂ ਘਟਨਾਵਾਂ ਸੰਤ ਸਮਾਜ ਦੀ ਬਦਨਾਮੀ ਦਾ ਕਾਰਨ ਬਣ ਰਹੀਆਂ ਹਨ ਪਰ ਇਸ ਦੇ ਲਈ ਕਿਸੇ ਹੱਦ ਤੱਕ ਔਰਤਾਂ ਵੀ ਦੋਸ਼ੀ ਹਨ, ਜੋ ਇਨ੍ਹਾਂ ਅਖੌਤੀ ਨਾਮਧਰੀਕ ਬਾਬਿਆਂ ਦੀ ਭਾਸ਼ਣ ਕਲਾ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਦੇ ਝਾਂਸੇ ’ਚ ਆ ਜਾਂਦੀਆਂ ਹਨ ਅਤੇ ਔਲਾਦ ਪ੍ਰਾਪਤੀ, ਘਰੇਲੂ ਸਮੱਸਿਆ ਨਿਵਾਰਨ ਆਦਿ ਦੇ ਲੋਭ ’ਚ ਆਪਣਾ ਸਭ ਕੁਝ ਲੁਟਾ ਬੈਠਦੀਆਂ ਹਨ।
ਲਿਹਾਜ਼ਾ ਇਸ ਮਾਮਲੇ ’ਚ ਔਰਤਾਂ ਨੂੰ ਵੀ ਸਾਵਧਾਨੀ ਵਰਤਣ ਦੀ ਲੋੜ ਹੈ। ਘਰ ਦੇ ਵੱਡੇ ਬਜ਼ੁਰਗਾਂ ਨੂੰ ਵੀ ਪਰਿਵਾਰ ਦੀਆਂ ਔਰਤਾਂ ਅਤੇ ਬੱਚੀਆਂ ਨੂੰ ਖਾਸ ਤੌਰ ’ਤੇ ਬਿਨਾਂ ਜਾਂਚੇ-ਪਰਖੇ ਇਸ ਤਰ੍ਹਾਂ ਦੇ ਬਾਬਿਆਂ ਦੇ ਜਾਲ ’ਚ ਫਸਣ ਤੋਂ ਬਚਣ ਦੇ ਲਈ ਸੁਚੇਤ ਅਤੇ ਜਾਗਰੂਕ ਕਰਨਾ ਚਾਹੀਦਾ ਹੈ।
- ਵਿਜੇ ਕੁਮਾਰ