ਆਸਟਰੇਲੀਆ ਦੇ ਪ੍ਰਧਾਨ ਮੰਤਰੀ ਨੂੰ ਲਾਈਫ ਜੈਕੇਟ ਨਾ ਪਹਿਨਣ ''ਤੇ ਜੁਰਮਾਨਾ

12/31/2017 7:43:04 AM

ਆਸਟਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਦੀ ਰਿਹਾਇਸ਼ ਸਿਡਨੀ ਬੰਦਰਗਾਹ ਦੇ ਨੇੜੇ ਹੀ ਹੈ ਅਤੇ ਬੀਤੇ ਦਿਨ ਉਹ ਆਪਣੀ ਰਿਹਾਇਸ਼ ਦੇ ਨੇੜੇ ਹੀ ਸਮੁੰਦਰ 'ਚ ਲਾਈਫ ਜੈਕੇਟ ਪਹਿਨੇ ਬਿਨਾਂ ਕਿਸ਼ਤੀ 'ਤੇ ਸਵਾਰੀ ਕਰਦੇ ਫੜੇ ਗਏ। 
ਉਨ੍ਹਾਂ ਦੇ ਦੋਸ਼ੀ ਸਿੱਧ ਹੋਣ 'ਤੇ ਆਸਟਰੇਲੀਅਨ ਮੈਰੀਟਾਈਮ ਅਧਿਕਾਰੀਆਂ ਨੇ 250 ਡਾਲਰ ਜੁਰਮਾਨਾ ਕਰ ਦਿੱਤਾ। ਬਿਨਾਂ ਲਾਈਫ ਜੈਕੇਟ ਦੇ ਸਵਾਰੀ ਕਰਦਿਆਂ ਦੀ ਉਨ੍ਹਾਂ ਦੀ ਇਕ ਫੋਟੋ ਵੀ ਵਾਇਰਲ ਹੋ ਗਈ, ਜਿਸ ਵਿਚ ਦਿਖਾਇਆ ਗਿਆ ਹੈ ਕਿ ਉਨ੍ਹਾਂ ਨੇ ਟੀ-ਸ਼ਰਟ ਪਹਿਨੀ ਹੋਈ ਹੈ ਪਰ ਉਸ ਉਪਰ ਲਾਈਫ ਜੈਕੇਟ ਨਹੀਂ ਪਹਿਨੀ ਹੈ, ਜੋ ਉਥੋਂ ਦੇ ਕਾਨੂੰਨ ਦੇ ਵਿਰੁੱਧ ਹੈ। 
ਹਾਲਾਂਕਿ ਟਰਨਬੁਲ ਨੇ ਇਸ 'ਤੇ ਆਪਣੀ ਸਫਾਈ ਦਿੱਤੀ ਕਿ ਉਹ ਸਮੁੰਦਰੀ ਤੱਟ ਤੋਂ ਸਿਰਫ 20 ਮੀਟਰ ਦੀ ਦੂਰੀ 'ਤੇ ਹੀ ਬੋਟਿੰਗ ਕਰ ਰਹੇ ਸਨ ਪਰ ਐੱਨ. ਐੱਸ. ਡਬਲਯੂ. ਮੈਰੀਟਾਈਮ ਸਰਵਿਸ ਨੇ ਮਾਮਲੇ ਦੀ ਜਾਂਚ ਕਰ ਕੇ ਉਨ੍ਹਾਂ ਨੂੰ ਜੁਰਮਾਨੇ ਦਾ ਨੋਟਿਸ ਭੇਜ ਦਿੱਤਾ। 
ਟਰਨਬੁਲ ਦੇ ਬੁਲਾਰੇ ਨੇ ਕਿਹਾ ਕਿ ਜੁਰਮਾਨੇ ਦੀ ਰਕਮ ਦਾ ਭੁਗਤਾਨ ਕਰ ਦਿੱਤਾ ਜਾਵੇਗਾ, ਜਦਕਿ ਟਰਨਬੁਲ ਨੇ ਇਸ ਦੀ ਪ੍ਰਤੀਕਿਰਿਆ ਵਜੋਂ ਆਪਣੇ ਫੇਸਬੁੱਕ ਪੇਜ 'ਤੇ ਲਿਖਿਆ ਹੈ ਕਿ ''ਕੁਝ ਨਿਯਮ ਕਦੇ-ਕਦੇ ਬਹੁਤ ਗੁੰਝਲਦਾਰ ਲੱਗਦੇ ਹਨ ਪਰ ਇਹ ਸਾਡੀ ਸੁਰੱਖਿਆ ਲਈ ਹੀ ਹੁੰਦੇ ਹਨ ਤੇ ਸਾਨੂੰ ਸਾਰਿਆਂ ਨੂੰ ਇਨ੍ਹਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਇਸ ਲਈ ਮੈਨੂੰ ਇਹ ਸਿੱਖਿਆ ਮਿਲੀ ਹੈ ਕਿ ਮੈਂ ਹੁਣ ਹਮੇਸ਼ਾ ਲਾਈਫ ਜੈਕੇਟ ਪਹਿਨਾ, ਚਾਹੇ ਮੈਂ ਸਮੁੰਦਰੀ ਤੱਟ ਦੇ ਕਿੰਨਾ ਵੀ ਨੇੜੇ ਕਿਉਂ ਨਾ ਰਹਾਂ।''
ਐੱਨ. ਐੱਸ. ਡਬਲਯੂ. ਮੈਰੀਟਾਈਮ ਦੇ ਕਾਰਜਕਾਰੀ ਨਿਰਦੇਸ਼ਕ ਨੇ ਕਿਹਾ ਕਿ ਇਹ ਇਕ ਤਰ੍ਹਾਂ ਨਾਲ ਨਾਗਰਿਕਾਂ ਲਈ ਸਬਕ ਵੀ ਹੈ ਕਿ ਕਾਨੂੰਨ ਦੀ ਉਲੰਘਣਾ ਕਰਨ 'ਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। 
ਕੀ ਭਾਰਤ ਵਿਚ ਸਾਡੇ ਅਧਿਕਾਰੀ ਕਿਸੇ ਪ੍ਰਧਾਨ ਮੰਤਰੀ, ਮੁੱਖ ਮੰਤਰੀ ਜਾਂ ਮੰਤਰੀ ਦੇ ਮਾਮਲੇ ਵਿਚ ਅਜਿਹਾ ਕਰਨ ਦੀ ਹਿੰਮਤ ਕਰ ਸਕਦੇ ਹਨ? ਅਜਿਹੀ ਸਥਿਤੀ ਵਿਚ ਲੋਕ ਪ੍ਰੇਰਨਾ ਲਈ ਕਿਸ ਵੱਲ ਦੇਖਣ? ਹੁਣ ਤਾਂ ਸਾਡੇ ਸਿਆਸਤਦਾਨਾਂ ਦਾ ਰਵੱਈਆ ਇੰਨਾ ਵਿਗੜ ਗਿਆ ਹੈ ਕਿ ਉਹ ਮੂੰਹ 'ਚ ਜੋ ਵੀ ਆਵੇ, ਬੋਲ ਦਿੰਦੇ ਹਨ ਤੇ ਅਧਿਕਾਰੀਆਂ ਨੂੰ ਥੱਪੜ ਤਕ ਮਾਰਨ ਲੱਗ ਪਏ ਹਨ।                                  
—ਵਿਜੇ ਕੁਮਾਰ


Vijay Kumar Chopra

Chief Editor

Related News