ਧਰਮ ਗ੍ਰੰਥਾਂ ਦੀ ਬੇਅਦਬੀ ਦੁਆਰਾ ਪੰਜਾਬ ਦਾ ਮਾਹੌਲ ਵਿਗਾੜਣ ਦੀ ਕੋਸ਼ਿਸ਼

12/24/2021 3:32:30 AM

ਜਿਵੇਂ-ਜਿਵੇਂ ਚੋਣਾਂ ਨੇੜੇ ਆ ਰਹੀਆਂ ਹਨ, ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਲਈ ਦੇਸ਼ ਵਿਰੋਧੀ ਤੱਤਾਂ ਨੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾਉਣ ਦੀਆਂ ਨਾਪਾਕ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਕੁਝ ਦਿੱਨਾਂ ਤੋਂ ਸੂਬੇ ’ਚ ਵੱਖ-ਵੱਖ ਧਰਮਾਂ ਦੇ ਧਾਰਮਿਕ ਅਸਥਾਨਾਂ ਅਤੇ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਦੀਆਂ ਘਟਨਾਵਾਂ ਲਗਾਤਾਰ ਹੋ ਰਹੀਆਂ ਹਨ। ਇਨ੍ਹਾਂ ਦੀ ਸ਼ੁਰੂਆਤ ਅੰਮ੍ਰਿਤਸਰ ਤੋਂ ਹੋਈ ਜੋ ਬਾਅਦ ’ਚ ਚਾਰ-ਪੰਜ ਥਾਵਾਂ ’ਤੇ ਵੀ ਹੋ ਗਈ।

* 15 ਦਸੰਬਰ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਇਕ ਨੌਜਵਾਨ ’ਤੇ ਪਵਿੱਤਰ ਗੁਟਕਾ ਸਾਹਿਬ ਨੂੰ ਸਰੋਵਰ ’ਚ ਸੁੱਟਣ ਦਾ ਦੋਸ਼ ਲੱਗਾ।

* 18 ਦਸੰਬਰ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਇਕ ਨੌਜਵਾਨ, ਜੋ ਯੂ. ਪੀ. ਦਾ ਦੱਸਿਆ ਜਾਂਦਾ ਹੈ, ਸੱਚਖੰਡ ਸਾਹਿਬ ਦੇ ਨੇੜੇ ਜੰਗਲਾ ਟੱਪ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵੱਲ ਪਹੁੰਚ ਗਿਆ ਅਤੇ ਉਸ ਨੇ ਪਵਿੱਤਰ ਰੁਮਾਲਾ ਸਾਹਿਬ ਨੂੰ ਪੈਰਾਂ ਦੇ ਹੇਠਾਂ ਦਰੜਿਆ ਅਤੇ ਕਿਰਪਾਨ ਚੁੱਕ ਕੇ ਬੇਅਦਬੀ ਕੀਤੀ।

ਇਸ ਨੌਜਵਾਨ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ’ਚ ਬੈਠੇ ਸੇਵਾਦਾਰਾਂ ਨੇ ਫੜ ਕੇ ਟਾਸਕ ਫੋਰਸ ਦੇ ਹਵਾਲੇ ਕਰ ਿਦੱਤਾ ਪਰ ਗੁੱਸੇ ’ਚ ਆਈ ਭੀੜ ਨੇ ਕੁੱਟ-ਕੁੱਟ ਕੇ ਉਸ ਨੂੰ ਮਾਰ ਦਿੱਤਾ। ਨੌਜਵਾਨ ਨੇ ਗੁਰਦੁਆਰਾ ਸਾਹਿਬ ’ਚ ਲੰਗਰ ਵੀ ਛਕਿਆ ਸੀ।

ਐੱਸ. ਜੀ. ਪੀ. ਸੀ. ਦੇ ਪ੍ਰਧਾਨ ਸ. ਹਰਜਿੰਦਰ ਸਿੰਘ ਧਾਮੀ ਨੇ ਇਸ ਘਟਨਾ ਨੂੰ ਮੰਦਭਾਗੀ ਦੱਸਦੇ ਹੋਏ ਕਿਹਾ, ‘‘ਇਹ ਸਿਰਫ ਕੌਮ ਨੂੰ ਉਤੇਜਿਤ ਅਤੇ ਮਾਹੌਲ ਨੂੰ ਖਰਾਬ ਕਰਨ ਵਾਲੀ ਘਟਨਾ ਹੈ। ਅਸੀਂ ਆਪਣੀ 6 ਮੈਂਬਰੀ ‘ਸਿਟ’ ਬਣਾ ਕੇ ਮਾਮਲੇ ਦੀ ਜਾਂਚ ਕਰਾਂਗੇ।’’

* 19 ਦਸੰਬਰ ਨੂੰ ਕਪੂਰਥਲਾ ’ਚ ਪਿੰਡ ਨਿਜ਼ਾਮਪੁਰ ਦੇ ਗੁਰਦੁਆਰਾ ਸਾਹਿਬ ’ਚ ਇਕ ਨੌਜਵਾਨ ਨੂੰ ਿਨਸ਼ਾਨ ਸਾਹਿਬ ਨਾਲ ਛੇੜਛਾੜ ਕਰਨ ਦੇ ਦੋਸ਼ ’ਚ ਗੁੱਸੇ ’ਚ ਆਈ ਭੀੜ ਨੇ ਕੁੱਟ-ਕੁੱਟ ਕੇ ਮਾਰ ਦਿੱਤਾ।

ਪਹਿਲਾਂ ਇਸ ਨੌਜਵਾਨ ਦੀ ਅਖਬਾਰਾਂ ’ਚ ਛਪੀ ਤਸਵੀਰ ਦੇਖ ਕੇ ਇਕ ਔਰਤ ਨੇ ਖਦਸ਼ਾ ਪ੍ਰਗਟਾਇਆ ਸੀ ਕਿ ਉਹ ਉਸ ਦਾ ਲਾਪਤਾ ਭਰਾ ਹੋ ਸਕਦਾ ਹੈ ਪਰ ਬਾਅਦ ’ਚ ਉਸ ਨੇ ਕਹਿ ਦਿੱਤਾ ਕਿ ਉਸ ਦਾ ਭਰਾ ਤਾਂ ਮਿਲ ਗਿਆ ਹੈ।

* 19 ਦਸੰਬਰ ਨੂੰ ਹੀ ਬਟਾਲਾ ਦੇ ਪਿੰਡ ਕੋਟਲੀ ਭਾਨ ਸਿੰਘ ਸਥਿਤ ਗੁਰਦੁਆਰਾ ਸਾਹਿਬ ’ਚ ਰਾਤ ਦੇ ਸਮੇਂ ਬੇਅਦਬੀ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਜਦੋਂ ਕੁਝ ਸ਼ੱਕੀਆਂ ਨੇ ਮੁੱਖ ਦਰਵਾਜ਼ੇ ਦੇ ਤਾਲੇ ਤੋੜ ਕੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਪਰ ਹੈੱਡ ਗ੍ਰੰਥੀ ਅਤੇ ਕਮੇਟੀ ਪ੍ਰਧਾਨ ਵੱਲੋਂ ਰੌਲਾ ਪਾਉਣ ’ਤੇ ਉਹ ਫਰਾਰ ਹੋ ਗਏ।

* 22 ਦਸੰਬਰ ਨੂੰ ਜਲੰਧਰ ’ਚ ਇਕ ਭੀੜ-ਭੜੱਕੇ ਵਾਲੇ ਚੌਕ ਦੇ ਨੇੜੇ ਕੁਝ ਸ਼ਰਾਰਤੀ ਤੱਤਾਂ ਨੇ ਇਸਾਈਆਂ ਦੇ ਗ੍ਰੰਥ ਬਾਈਬਲ ਦੇ ਕੁਝ ਪੰਨੇ ਮੋੜ ਕੇ ਸੜਕਾਂ ’ਤੇ ਸੁੱਟ ਦਿੱਤੇ।

* 22 ਦਸੰਬਰ ਨੂੰ ਹੀ ਅਜਨਾਲਾ ਦੇ ਲਕਸ਼ਮੀ ਨਾਰਾਇਣ ਮੰਦਰ ’ਚ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਮੂਰਤੀ, ਪਵਿੱਤਰ ਸ਼੍ਰੀਮਦ ਭਗਵਦ ਗੀਤਾ ਜੀ ਅਤੇ ਹੋਰ ਧਾਰਮਿਕ ਗ੍ਰੰਥਾਂ ਨੂੰ ਜ਼ਮੀਨ ’ਤੇ ਸੁੱਟ ਕੇ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ।

ਉਕਤ ਘਟਨਾਵਾਂ ਨੂੰ ਦੇਖਦੇ ਹੋਏ ਸੂਬੇ ’ਚ ਹਾਈ ਅਲਰਟ ਜਾਰੀ ਕਰਕੇ ਮੰਦਰਾਂ, ਗੁਰਦੁਆਰਿਆਂ ਅਤੇ ਹੋਰ ਧਾਰਮਿਕ ਅਸਥਾਨਾਂ ’ਤੇ ਚੌਕਸੀ ਵਧਾਉਣ, ਸੀ. ਸੀ. ਟੀ. ਵੀ. ਕੈਮਰੇ ਲਗਾਉਣ ਦੇ ਹੁਕਮ ਦਿੱਤੇ ਗਏ ਹਨ।

ਹੁਣ ਜਦਕਿ ਚੋਣਾਂ ਸਿਰ ’ਤੇ ਹਨ, ਸਮਾਜ ਵਿਰੋਧੀ ਤੱਤਾਂ ਨੂੰ ਸੂਬੇ ’ਚ ਭਾਈਚਾਰਾ ਭੰਗ ਕਰਨ ਦੀ ਇਜਾਜ਼ਤ ਕਿਸੇ ਵੀ ਕੀਮਤ ’ਤੇ ਨਹੀਂ ਦਿੱਤੀ ਜਾਣੀ ਚਾਹੀਦੀ ਅਤੇ ਇਸ ਦੇ ਲਈ ਜ਼ਰੂਰੀ ਹੈ ਕਿ ਇਨ੍ਹਾਂ ਮਾਮਲਿਆਂ ਦੀ ਜਾਂਚ ’ਚ ਤੇਜ਼ੀ ਲਿਆਂਦੀ ਜਾਵੇ ਅਤੇ ਆਉਣ ਵਾਲੇ ਖਤਰੇ ਨੂੰ ਮਹਿਸੂਸ ਕਰਦੇ ਹੋਏ ਸਥਿਤੀ ’ਤੇ ਕਾਬੂ ਪਾਉਣ ਲਈ ਸਰਕਾਰ ਸਖਤ ਤੋਂ ਸਖਤ ਪ੍ਰਬੰਧ ਕਰੇ ਤਾਂ ਕਿ ਲੋਕਾਂ ’ਚ ਸਦਭਾਵਨਾ ਬਣੀ ਰਹੇ।

-ਵਿਜੇ ਕੁਮਾਰ


Bharat Thapa

Content Editor

Related News