ਏਅਰ ਇੰਡੀਆ ਦੇ ਜਹਾਜ਼ਾਂ ''ਚ ਚੂਹੇ ''ਭੋਜਨ ''ਚ ਕਾਕ੍ਰੋਚ ਤੇ ਕਿਰਲੀਆਂ''

08/02/2015 6:40:58 AM

ਹਾਲਾਂਕਿ ਏਅਰ ਇੰਡੀਆ ਨੂੰ ਭਾਰਤ ਦੀ ਕੌਮੀ ਹਵਾਈ ਸੇਵਾ ਹੋਣ ਦਾ ਮਾਣ ਹਾਸਲ ਹੈ ਪਰ ਮੈਨੇਜਮੈਂਟ ਦੀਆਂ ਬੇਨਿਯਮੀਆਂ, ਭ੍ਰਿਸ਼ਟਾਚਾਰ, ਹੜਤਾਲਾਂ, ਪਾਇਲਟਾਂ ਅਤੇ ਹੋਰ ਸਟਾਫ ਦੀ ਮਨਮਰਜ਼ੀ, ਉਡਾਣਾਂ ''ਚ ਦੇਰੀ, ਬੋਗਸ ਓਵਰ ਟਾਈਮ ਬਿੱਲਾਂ, ਭੋਜਨ ''ਚ ਕਮੀਆਂ ਤੇ ਜਹਾਜ਼ਾਂ ਅੰਦਰ ਚੂਹਿਆਂ ਦੇ ਟੱਪਣ ਕਰਕੇ ਹੁਣ ਇਹ ਆਪਣਾ ''ਕੌਮੀ ਮਾਣ'' ਵਾਲਾ ਦਰਜਾ ਗੁਆਉਂਦੀ ਜਾ ਰਹੀ ਹੈ।
* 7 ਅਗਸਤ 2014 ਨੂੰ ਕੋਲਕਾਤਾ ਤੋਂ ਦਿੱਲੀ ਆ ਰਹੀ ਏਅਰਬੱਸ ਏ-321 ''ਚ ਇਕ ਚੂਹਾ ਵੜ ਗਿਆ। ਇਸ ਦਾ ਪਤਾ ਪਾਇਲਟ ਨੂੰ ਜਹਾਜ਼ ਦੇ ਦਿੱਲੀ ਪਹੁੰਚਣ ''ਤੇ ਲੱਗਾ ਤਾਂ ਜਹਾਜ਼ ਨੂੰ ''ਫਿਊਮੀਗੇਸ਼ਨ'' (ਕੀਟਾਣੂ ਰਹਿਤ ਕਰਨ ਲਈ ਉਸ ''ਚ ਛਿੜਕਾਅ ਕਰਨਾ) ਲਈ ਭੇਜ ਦਿੱਤਾ ਗਿਆ।
* 26 ਮਈ 2015 ਨੂੰ ਲੇਹ ਤੋਂ ਦਿੱਲੀ ਜਾਣ ਲਈ ਤਿਆਰ ਏਅਰ ਇੰਡੀਆ ਦੀ ਏਅਰਬੱਸ ਏ-320 ਨੂੰ ਕਿਸੇ ਤਕਨੀਕੀ ਖਰਾਬੀ ਕਾਰਨ ਨਹੀਂ ਸਗੋਂ ਜਹਾਜ਼ ਅੰਦਰ ''ਖਰੂਦ'' ਮਚਾਉਂਦੇ ਚੂਹਿਆਂ ਨੂੰ ਦੇਖ ਕੇ ਹਵਾਈ ਅੱਡੇ ''ਤੇ ਹੀ ਰੋਕਣਾ ਪਿਆ।
* 13 ਜੂਨ 2015 ਨੂੰ ਨਵੀਂ ਦਿੱਲੀ ਤੋਂ ਲੰਡਨ ਜਾ ਰਹੇ ਏਅਰ ਇੰਡੀਆ ਦੇ ਬੋਇੰਗ-787 ਡ੍ਰੀਮ ਲਾਈਨਰ ਜਹਾਜ਼ ਦੇ ਭੋਜਨ ''ਚ ਕਿਰਲੀ ਮਿਲਣ ਦੇ ਦੋਸ਼ ਲੱਗੇ।
* 20 ਜੂਨ 2015 ਨੂੰ ਪਟਨਾ ਤੋਂ ਦਿੱਲੀ ਉਡਾਣ ਦੌਰਾਨ ਏਅਰ ਇੰਡੀਆ ਦੇ ਭੋਜਨ ''ਚੋਂ ਕਾਕ੍ਰੋਚ ਨਿਕਲਿਆ, ਜਦਕਿ ਯਾਤਰੀ ਅੱਧਾ ਖਾਣਾ ਖਾ ਚੁੱਕਾ ਸੀ। ਯਾਤਰੀ ਨੇ ਉਸ ਦੀਆਂ ਫੋਟੋਆਂ ਖਿੱਚ ਕੇ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ, ਜਿਸ ''ਤੇ ਏਅਰ ਇੰਡੀਆ ਨੂੰ ਉਸ ਤੋਂ ਮੁਆਫੀ ਮੰਗਣੀ ਪਈ। ਯਾਤਰੀ ਦਾ ਕਹਿਣਾ ਸੀ ਕਿ ਉਹ ਹਮੇਸ਼ਾ ਏਅਰ ਇੰਡੀਆ ਦੇ ਜਹਾਜ਼ਾਂ ਰਾਹੀਂ ਹੀ ਸਫਰ ਕਰਦਾ ਸੀ ਪਰ ਹੁਣ ਉਸ ਨੂੰ ਸੋਚਣਾ ਪਵੇਗਾ।
* 28 ਜੁਲਾਈ ਨੂੰ ਮੁੰਬਈ ਤੋਂ ਨੇਵਾਰਕ (ਅਮਰੀਕਾ) ਜਾਣ ਵਾਲੇ ਏਅਰ ਇੰਡੀਆ ਦੇ ਜਹਾਜ਼ ਏ. ਆਈ.-191 ਨੇ ਆਪਣੀ ਉਡਾਣ ਮਿੱਥੇ ਸਮੇਂ ਤੋਂ 15 ਘੰਟੇ ਦੇਰੀ ਨਾਲ ਭਰੀ, ਜਿਸ ਕਾਰਨ ਕੁਝ ਮੁਸਾਫਿਰ ਤਾਂ ਆਪਣੀ ਬੁਕਿੰਗ ਰੱਦ ਕਰਕੇ ਘਰ ਵਾਪਸ ਚਲੇ ਗਏ। 
ਅਤੇ ਹੁਣ 30 ਜੁਲਾਈ ਨੂੰ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ 200 ਮੁਸਾਫਿਰਾਂ ਨੂੰ ਲੈ ਕੇ ਮਿਲਾਨ (ਇਟਲੀ) ਲਈ ਰਵਾਨਾ ਹੋਈ ਏਅਰ ਇੰਡੀਆ ਦੀ ਫਲਾਈਟ ਏ. ਆਈ.-123 ਨੂੰ ਇਕ ਚੂਹੇ ਕਾਰਨ ਲੱਗਭਗ 4 ਘੰਟਿਆਂ ਦੀ ਉਡਾਣ ਮਗਰੋਂ ਯਾਤਰਾ ਵਿਚੇ ਹੀ ਛੱਡ ਕੇ ਨਵੀਂ ਦਿੱਲੀ ਵਾਪਸ ਆਉਣਾ ਪਿਆ।
ਜਹਾਜ਼ ਉਦੋਂ ਪਾਕਿਸਤਾਨ ਦੇ ਉਪਰ ਉੱਡ ਰਿਹਾ ਸੀ, ਜਦੋਂ ਕੁਝ ਮੁਸਾਫਿਰਾਂ ਤੇ ਅਮਲੇ ਦੇ ਮੈਂਬਰਾਂ ਨੇ ਕੈਬਿਨ ''ਚ ਇਕ ਚੂਹਾ ਦੇਖਿਆ। ਇਸ ''ਤੇ ਸੁਰੱਖਿਆ ਦੇ ਨਜ਼ਰੀਏ ਤੋਂ ਜਹਾਜ਼ ਲਈ ਛੇਤੀ ਤੋਂ ਛੇਤੀ ਦਿੱਲੀ ਵਾਪਸ ਮੁੜਨਾ ਜ਼ਰੂਰੀ ਹੋ ਗਿਆ। ਜਹਾਜ਼ ''ਚ ਕਿਉਂਕਿ ਇਟਲੀ ਦੀ ਲੰਬੀ ਉਡਾਣ ਲਈ ਤੇਲ ਭਰਿਆ ਹੋਇਆ ਸੀ, ਇਸ ਲਈ ਪਾਇਲਟਾਂ ਨੇ ਜਹਾਜ਼ ਹਲਕਾ ਕਰਨ ਲਈ ਭਾਰੀ ਮਾਤਰਾ ''ਚ ਤੇਲ ਕੱਢ ਕੇ ਸੁੱਟ ਦਿੱਤਾ।
ਜਾਣਕਾਰਾਂ ਦਾ ਮੰਨਣਾ ਹੈ ਕਿ ਚੂਹੇ ਕਿਸੇ ਜਹਾਜ਼ ਲਈ ਗੰਭੀਰ ਖਤਰੇ ਦਾ ਕਾਰਨ ਬਣ ਸਕਦੇ ਹਨ ਕਿਉਂਕਿ ਉਹ ਜਹਾਜ਼ ''ਚ ਲੱਗੀਆਂ ਸੈਂਕੜੇ ਤਾਰਾਂ ''ਚੋਂ ਕਿਸੇ ਨੂੰ ਵੀ ਕੁਤਰ ਕੇ ਇਸ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਅਜਿਹੀ ਸਥਿਤੀ ''ਚ ਪਾਇਲਟਾਂ ਦਾ ਜਹਾਜ਼ ''ਤੇ ਕੰਟਰੋਲ ਨਹੀਂ ਰਹਿੰਦਾ, ਜਿਸ ਕਾਰਨ ਕੋਈ ਵੀ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ। 
ਪਿਛਲੇ ਕੁਝ ਸਾਲਾਂ ''ਚ ਅਜਿਹੇ ਕਈ ਮੌਕੇ ਆਏ ਹਨ, ਜਦੋਂ ਏਅਰ ਇੰਡੀਆ ਦੇ ਜਹਾਜ਼ਾਂ ''ਚ ਚੂਹਿਆਂ ਕਾਰਨ ਸਥਾਨਕ ਫਲਾਈਟਾਂ ਲੇਟ ਹੋਈਆਂ ਪਰ ਹੁਣ ਤਾਂ ਇਸ ਦੀਆਂ ਕੌਮਾਂਤਰੀ ਫਲਾਈਟਾਂ ''ਚ ਵੀ ਚੂਹੇ ਨਜ਼ਰ ਆਉਣ ਲੱਗੇ ਹਨ। ਨਿਯਮ ਅਨੁਸਾਰ ਕਿਸੇ ਵੀ ਜਹਾਜ਼ ''ਚ ਜਦੋਂ ਕੋਈ ਚੂਹਾ ਜਾਂ ਕੁਤਰਨ ਵਾਲਾ ਕੋਈ ਹੋਰ ਜੀਵ ਦਿਖਾਈ ਦਿੰਦਾ ਹੈ ਤਾਂ ''ਫਿਊਮੀਗੇਸ਼ਨ'' ਕਰਨੀ ਪੈਂਦੀ ਹੈ ਪਰ ਭਾਰਤ ਦੇ ਕਈ ਹਵਾਈ ਅੱਡਿਆਂ ''ਤੇ ਇਹ ਸਹੂਲਤ ਨਹੀਂ ਹੈ।
ਹਾਲਾਂਕਿ ਏਅਰ ਇੰਡੀਆ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਜਹਾਜ਼ਾਂ ''ਚ ਚੂਹੇ ''ਕੇਟਰਿੰਗ ਵੈਨਾਂ'' ਵਲੋਂ ਮੁਸਾਫਿਰਾਂ ਲਈ ਸਪਲਾਈ ਕੀਤੇ ਜਾਣ ਵਾਲੇ ਭੋਜਨ ਦੇ ਡੱਬਿਆਂ ਨੂੰ ਜਹਾਜ਼ ''ਚ ਲੱਦਣ ਸਮੇਂ ਉਨ੍ਹਾਂ ਦੇ ਨਾਲ ਆ ਜਾਂਦੇ ਹਨ ਪਰ ਚੂਹਿਆਂ ਤੋਂ ਜਹਾਜ਼ ਅਤੇ ਜਹਾਜ਼ ਦੇ ਮੁਸਾਫਿਰਾਂ ਨੂੰ ਖਤਰਾ ਹੋਣ ਦੀ ਜਾਣਕਾਰੀ ਦੇ ਬਾਵਜੂਦ ਜਹਾਜ਼ਾਂ ਦੀ ਸਮੁੱਚੀ ਜਾਂਚ ਨਾ ਕਰਨਾ ਸੁਰੱਖਿਆ ਸੰਬੰਧੀ ਕਈ ਸਵਾਲ ਖੜ੍ਹੇ ਕਰਦਾ ਹੈ।
ਇਸ ਸਮੇਂ 5547.47 ਕਰੋੜ ਰੁਪਏ ਦੇ ਘਾਟੇ ''ਚ ਚੱਲ ਰਹੀ ਏਅਰ ਇੰਡੀਆ ਲਈ ਹੁਣੇ-ਹੁਣੇ ਕੇਂਦਰ ਸਰਕਾਰ ਨੇ 800 ਕਰੋੜ ਰੁਪਏ ਦੀ ਰਕਮ ਮਨਜ਼ੂਰ ਕੀਤੀ ਹੈ ਪਰ ਜੇ ਇਸ ''ਚ ਇਸੇ ਤਰ੍ਹਾਂ ਬੇਨਿਯਮੀਆਂ ਹੁੰਦੀਆਂ ਰਹਿਣਗੀਆਂ ਤਾਂ ਫਿਰ ਇਸ ਨੂੰ ਜੀਵਤ ਰੱਖਣ ਲਈ ਚਾਹੇ ਜਿੰਨੀ ਮਰਜ਼ੀ ਸਹਾਇਤਾ ਦਿੱਤੀ ਜਾਵੇ, ਇਸ ਦੀ ਹਾਲਤ ਸੁਧਰਨ ਵਾਲੀ ਨਹੀਂ।
ਸਮਾਂਬੱਧ ਸੇਵਾਵਾਂ ਮੁਹੱਈਆ ਕਰਵਾਉਣ ਵਾਲੀਆਂ ਹਵਾਈ ਸੇਵਾਵਾਂ ''ਚ ਅੱਜ ਏਅਰ ਇੰਡੀਆ ਸਭ ਤੋਂ ਹੇਠਲੇ ਪੱਧਰ ''ਤੇ ਪਹੁੰਚ ਚੁੱਕੀ ਹੈ ਤੇ ਲਗਾਤਾਰ ਪੱਛੜਦੀ ਜਾ ਰਹੀ ਹੈ। ਅਜਿਹੀ ਸਥਿਤੀ ''ਚ ਜੇ ਇਸ ਦੀ ਮੈਨੇਜਮੈਂਟ ''ਚ ਛੇਤੀ ਸੁਧਾਰ ਨਾ ਕੀਤਾ ਗਿਆ ਤਾਂ ਸਾਡੀ ਇਹ ਕੌਮੀ ਹਵਾਈ ਸੇਵਾ ਕਿਤੇ ਇਤਿਹਾਸ ਬਣ ਕੇ ਨਾ ਰਹਿ ਜਾਵੇ।
—ਵਿਜੇ ਕੁਮਾਰ


Vijay Kumar Chopra

Chief Editor

Related News