ਸੱਤਾ ''ਚ ਆਉਣ ਲਈ ''ਭਾਜਪਾ'' ਅਤੇ ''ਆਪ'' ਦੋਹਾਂ ਨੇ ਮੇਰਾ ਇਸਤੇਮਾਲ ਕੀਤਾ : ਅੰਨਾ

02/07/2019 3:41:58 AM

ਸਮੇਂ-ਸਮੇਂ 'ਤੇ ਸਿਆਸਤਦਾਨਾਂ ਵਲੋਂ ਆਪਣੇ ਸੁਆਰਥਾਂ ਦੀ ਪੂਰਤੀ ਲਈ ਸਮਾਜ ਸੇਵਕਾਂ ਦੇ ਇਸਤੇਮਾਲ 'ਤੇ ਸਵਾਲ ਉਠਾਏ ਜਾਂਦੇ ਰਹੇ ਹਨ, ਜਿਨ੍ਹਾਂ 'ਚ ਲੋਕਨਾਇਕ ਜੈਪ੍ਰਕਾਸ਼ ਨਾਰਾਇਣ ਤੋਂ ਲੈ ਕੇ ਅੰਨਾ ਹਜ਼ਾਰੇ ਤਕ ਸ਼ਾਮਿਲ ਹਨ। 
ਜ਼ਿਕਰਯੋਗ ਹੈ ਕਿ 81 ਸਾਲਾ ਸੋਸ਼ਲ ਵਰਕਰ ਅੰਨਾ ਹਜ਼ਾਰੇ ਨੇ 1970 'ਚ ਉਮਰ ਭਰ ਵਿਆਹ ਨਾ ਕਰਵਾਉਣ ਦਾ ਸੰਕਲਪ ਲਿਆ ਤੇ ਸਵਾਮੀ ਵਿਵੇਕਾਨੰਦ ਦੀ ਕਿਤਾਬ 'ਕਾਲ ਟੂ ਦਿ ਯੂਥ ਫਾਰ ਨੇਸ਼ਨ' ਪੜ੍ਹਨ ਤੋਂ ਬਾਅਦ ਉਨ੍ਹਾਂ ਨੇ ਆਪਣਾ ਜੀਵਨ ਸਮਾਜ ਸੇਵਾ ਨੂੰ ਸਮਰਪਿਤ ਕਰ ਦਿੱਤਾ। 
ਭ੍ਰਿਸ਼ਟਾਚਾਰ ਵਿਰੁੱਧ ਆਪਣੇ ਅੰਦੋਲਨ ਨਾਲ ਆਮ ਆਦਮੀ ਨੂੰ ਜੋੜਨ ਵਾਲੇ ਅੰਨਾ ਹਜ਼ਾਰੇ ਦਾ ਮੰਨਣਾ ਹੈ ਕਿ ਦੇਸ਼ 'ਚ ਭ੍ਰਿਸ਼ਟਾਚਾਰ ਵਧਿਆ ਹੈ। 'ਸਿਆਸੀ ਪਾਰਟੀਆਂ' ਦੀ ਜਗ੍ਹਾ ਜੇ ਸਹੀ 'ਵਿਅਕਤੀ' ਚੁਣੇ ਜਾਂਦੇ ਤਾਂ ਭ੍ਰਿਸ਼ਟਾਚਾਰ ਓਨਾ ਨਾ ਵਧਦਾ ਅਤੇ ਫਿਰਕਾਪ੍ਰਸਤੀ, ਗੁੰਡਾਗਰਦੀ ਅਤੇ ਲੁੱਟਮਾਰ ਵਰਗੀਆਂ ਸਾਰੀਆਂ ਬੁਰਾਈਆਂ ਵੀ ਪੈਦਾ ਨਾ ਹੁੰਦੀਆਂ। 
'ਸੂਚਨਾ ਦੇ ਅਧਿਕਾਰ' ਲਈ ਕੰਮ ਕਰਨ ਵਾਲਿਆਂ 'ਚ ਮੋਹਰੀ ਅੰਨਾ ਹਜ਼ਾਰੇ ਨੇ ਕੇਂਦਰ ਸਰਕਾਰ ਤੋਂ ਸਖਤ ਸਜ਼ਾ ਪ੍ਰਬੰਧਾਂ ਵਾਲਾ ਜਨ-ਲੋਕਪਾਲ ਬਿੱਲ ਪਾਸ ਕਰਵਾਉਣ ਲਈ ਪਹਿਲੀ ਵਾਰ 16 ਅਗਸਤ 2011 ਨੂੰ ਨਵੀਂ ਦਿੱਲੀ 'ਚ ਭੁੱਖ ਹੜਤਾਲ ਰੱਖੀ, ਜਿਸ 'ਚ ਉਨ੍ਹਾਂ ਨਾਲ ਅਰਵਿੰਦ ਕੇਜਰੀਵਾਲ, ਕਿਰਨ ਬੇਦੀ, ਪ੍ਰਸਿੱਧ ਵਕੀਲ ਪਿਓ-ਪੁੱਤ ਸ਼ਾਂਤੀ ਭੂਸ਼ਣ ਅਤੇ ਪ੍ਰਸ਼ਾਂਤ ਭੂਸ਼ਣ ਆਦਿ ਸ਼ਾਮਿਲ ਸਨ। 
ਅੰਨਾ ਹਜ਼ਾਰੇ ਦਾ ਕਹਿਣਾ ਹੈ ਕਿ ਲੋਕਪਾਲ ਦੀ ਨਿਯੁਕਤੀ ਹੋਣ 'ਤੇ ਕਾਫੀ ਘਪਲੇ ਰੁਕਣਗੇ ਅਤੇ ਪ੍ਰਧਾਨ ਮੰਤਰੀ ਵੀ ਇਸ ਦੇ ਅਧਿਕਾਰ ਖੇਤਰ 'ਚ ਆਉਣਗੇ। ਇਸੇ ਕੜੀ 'ਚ ਕੇਂਦਰ ਸਰਕਾਰ ਤੋਂ ਨਾਰਾਜ਼ ਅੰਨਾ ਹਜ਼ਾਰੇ ਇਕ ਵਾਰ ਫਿਰ 30 ਜਨਵਰੀ ਤੋਂ ਆਪਣੇ ਪਿੰਡ ਰਾਲੇਗਣ ਸਿੱਧੀ ਵਿਚ 'ਜਨ ਅੰਦੋਲਨ ਸੱਤਿਆਗ੍ਰਹਿ' ਦੇ ਬੈਨਰ ਹੇਠ ਕੇਂਦਰ 'ਚ ਲੋਕਪਾਲ ਅਤੇ ਸੂਬਿਆਂ 'ਚ ਲੋਕ-ਆਯੁਕਤ ਲਿਆਉਣ ਦੀ ਮੰਗ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ 'ਤੇ ਬੈਠ ਗਏ।
ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਮੰਗ ਨਾ ਮੰਨੇ ਜਾਣ 'ਤੇ ਉਹ ਭਾਰਤ ਸਰਕਾਰ ਵਲੋਂ ਦਿੱਤਾ ਗਿਆ 'ਪਦਮ ਭੂਸ਼ਣ' ਸਨਮਾਨ ਰਾਸ਼ਟਰਪਤੀ ਨੂੰ ਮੋੜ ਦੇਣਗੇ ਅਤੇ ਜੇ ਉਨ੍ਹਾਂ ਨੂੰ (ਅੰਨਾ ਨੂੰ) ਕੁਝ ਹੁੰਦਾ ਹੈ ਤਾਂ ਇਸ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਜ਼ਿੰਮੇਵਾਰ ਹੋਣਗੇ। ਸਰਕਾਰ 'ਤੇ 'ਜੁਮਲੇਬਾਜ਼' ਦੀ ਮੋਹਰ ਲਾਉਂਦਿਆਂ ਅੰਨਾ ਨੇ ਕਿਹਾ ਕਿ ਨਰਿੰਦਰ ਮੋਦੀ ਸਿਰਫ ਭਰੋਸੇ ਦੇਣ ਵਾਲੇ ਪੀ. ਐੱਮ. ਹਨ ਅਤੇ ਉਨ੍ਹਾਂ ਦੀ ਸਰਕਾਰ ਵਾਰ-ਵਾਰ  ਬਹਾਨੇਬਾਜ਼ੀ ਕਰਦੀ ਹੈ। 
ਆਪਣੇ ਪਿੰਡ ਰਾਲੇਗਣ ਸਿੱਧੀ 'ਚ 4 ਫਰਵਰੀ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅੰਨਾ ਹਜ਼ਾਰੇ ਨੇ ਕਿਹਾ, ''ਭਾਜਪਾ ਨੇ 2014 'ਚ ਸੱਤਾ ਵਿਚ ਆਉਣ ਲਈ ਮੇਰੇ ਜਨ-ਲੋਕਪਾਲ ਅੰਦੋਲਨ ਦੀ ਦੁਰਵਰਤੋਂ ਕੀਤੀ। 'ਭਾਜਪਾ' ਅਤੇ 'ਆਪ' ਦੋਵੇਂ ਹੀ ਲੋਕਪਾਲ ਅਤੇ ਲੋਕ-ਆਯੁਕਤ ਬਿੱਲ ਲਈ ਮੇਰੇ ਚਲਾਏ ਹੋਏ ਅੰਦੋਲਨ ਦੀ ਲਹਿਰ 'ਤੇ ਸਵਾਰ ਹੋ ਕੇ ਸੱਤਾ 'ਚ ਆਏ ਪਰ ਉਨ੍ਹਾਂ ਨੇ ਲੋਕਪਾਲ ਅਤੇ ਲੋਕ-ਆਯੁਕਤ ਨਿਯੁਕਤ ਨਾ ਕਰ ਕੇ ਮੇਰੇ ਨਾਲ ਧੋਖਾ ਕੀਤਾ ਹੈ।''
''ਸੱਤਾਧਾਰੀ ਭਾਜਪਾ ਦੇ ਨੇਤਾ ਇਸ ਮਾਮਲੇ 'ਤੇ ਚੁੱਪ ਹੋ ਗਏ ਹਨ। ਲੱਗਦਾ ਹੈ ਕਿ ਉਨ੍ਹਾਂ ਨੂੰ ਲੋਕਪਾਲ ਅਤੇ ਲੋਕ-ਆਯੁਕਤਾਂ ਦੀ ਨਿਯੁਕਤੀ ਤੋਂ ਐਲਰਜੀ ਹੋ ਗਈ ਹੈ। ਮੋਦੀ ਸਰਕਾਰ ਸੰਵਿਧਾਨਿਕ ਮਾਨਤਾਵਾਂ ਦੀ ਪਾਲਣਾ ਨਹੀਂ ਕਰ ਰਹੀ ਅਤੇ ਇਹ ਤਾਨਾਸ਼ਾਹੀ 'ਚ ਬਦਲਦੀ ਜਾ ਰਹੀ ਹੈ। ਮੇਰਾ ਕੇਂਦਰ ਅਤੇ ਸੂਬਾਈ (ਮਹਾਰਾਸ਼ਟਰ) ਦੋਹਾਂ ਹੀ ਸਰਕਾਰਾਂ ਉੱਤੋਂ ਭਰੋਸਾ ਉੱਠ ਗਿਆ ਹੈ ਤੇ ਇਨ੍ਹਾਂ ਪ੍ਰਤੀ ਮੇਰੇ ਮਨ 'ਚ ਕੋਈ ਸਨਮਾਨ ਨਹੀਂ ਰਿਹਾ।''
''ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਸਿਰਫ ਦੇਸ਼ਵਾਸੀਆਂ ਨੂੰ ਗੁੰਮਰਾਹ ਕਰ ਰਹੀ ਹੈ ਅਤੇ ਦੇਸ਼ ਨੂੰ 'ਏਕਤੰਤਰ' (1utocracy) ਵੱਲ ਲਿਜਾ ਰਹੀ ਹੈ। ਇਸੇ ਤਰ੍ਹਾਂ ਮਹਾਰਾਸ਼ਟਰ ਦੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ 4 ਸਾਲਾਂ ਤੋਂ ਝੂਠ ਬੋਲਦੀ ਆ ਰਹੀ ਹੈ। ਇਹ ਝੂਠ ਕਦੋਂ ਤਕ ਚੱਲੇਗਾ? ਸਰਕਾਰ ਨੇ ਦੇਸ਼ਵਾਸੀਆਂ ਨੂੰ ਨੀਚਾ ਦਿਖਾਇਆ ਹੈ।''
''ਕੇਂਦਰ ਸਰਕਾਰ ਕਹਿੰਦੀ ਹੈ ਕਿ ਇਸ ਨੇ ਮੇਰੀਆਂ 90 ਫੀਸਦੀ ਮੰਗਾਂ ਮੰਨ ਲਈਆਂ ਹਨ। ਇਹ ਕਿਹੋ ਜਿਹਾ ਧੋਖਾ ਹੈ? ਜੇ ਇਸ ਨੇ ਮੇਰੀਆਂ ਮੰਗਾਂ ਮੰਨ ਲਈਆਂ ਹੁੰਦੀਆਂ ਤਾਂ ਮੈਨੂੰ ਭੁੱਖ ਹੜਤਾਲ 'ਤੇ ਬੈਠਣ ਦੀ ਕੀ ਲੋੜ ਸੀ?''
''ਆਉਣ ਵਾਲੀਆਂ ਚੋਣਾਂ 'ਚ ਜੇ ਮੋਦੀ ਸਰਕਾਰ ਦੀ ਬਜਾਏ ਕਾਂਗਰਸ ਦੀ ਸਰਕਾਰ ਵੀ ਆ ਜਾਵੇ ਤਾਂ ਇਸ ਨਾਲ ਕੋਈ ਖਾਸ ਫਰਕ ਪੈਣ ਵਾਲਾ ਨਹੀਂ ਹੈ। ਜੇ ਭਾਜਪਾ ਦੀ ਅਗਵਾਈ ਵਾਲੀ (ਐੱਨ. ਡੀ. ਏ.) ਸਰਕਾਰ ਭ੍ਰਿਸ਼ਟਾਚਾਰ ਅਤੇ ਲੋਕਪਾਲ ਲਾਗੂ ਨਾ ਕਰਨ ਦੇ ਮਾਮਲੇ 'ਚ ਗ੍ਰੈਜੂਏਟ ਹੈ ਤਾਂ ਇਸ ਦੀ ਥਾਂ ਆਉਣ ਵਾਲੇ ਦੂਜਿਆਂ ਨੇ (ਕਾਂਗਰਸ ਦੀ ਅਗਵਾਈ ਵਾਲੀ ਯੂ. ਪੀ. ਏ. ਸਰਕਾਰ) ਇਸ ਮਾਮਲੇ 'ਚ ਡਾਕਟਰੇਟ ਕੀਤੀ ਹੋਈ ਹੈ।''
ਆਪਣੇ ਪੁਰਾਣੇ ਸਾਥੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਵਿਅੰਗ ਕੱਸਦਿਆਂ ਉਨ੍ਹਾਂ ਕਿਹਾ, ''ਉਹ ਤਾਂ ਹੁਣ ਲੋਕਪਾਲ ਅਤੇ ਲੋਕ-ਆਯੁਕਤ ਨੂੰ ਭੁੱਲ ਹੀ ਗਏ ਹੋਣਗੇ ਕਿਉਂਕਿ ਕੁਰਸੀ 'ਤੇ ਬੈਠਣ ਤੋਂ ਬਾਅਦ ਹਰ ਕੋਈ ਭੁੱਲ ਜਾਂਦਾ ਹੈ, ਜਿਸ ਤਰ੍ਹਾਂ ਨਰਿੰਦਰ ਮੋਦੀ ਕੁਰਸੀ 'ਤੇ ਬੈਠਣ ਤੋਂ ਬਾਅਦ ਭੁੱਲ ਗਏ ਹਨ।''
ਹੁਣ 5 ਫਰਵਰੀ ਨੂੰ ਅੰਨਾ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ 2 ਕੇਂਦਰੀ ਮੰਤਰੀਆਂ ਨਾਲ ਮੀਟਿੰਗ ਤੋਂ ਬਾਅਦ ਭੁੱਖ ਹੜਤਾਲ ਖਤਮ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੇ ਇਹ ਫੈਸਲਾ ਉਨ੍ਹਾਂ ਨਾਲ ਤਸੱਲੀਬਖਸ਼ ਗੱਲਬਾਤ ਤੋਂ ਬਾਅਦ ਕੀਤਾ ਹੈ।
ਅੰਨਾ ਨੂੰ ਦਿੱਤਾ ਗਿਆ ਭਰੋਸਾ ਕਿੰਨਾ ਸਫਲ ਹੁੰਦਾ ਹੈ, ਇਹ ਤਾਂ ਭਵਿੱਖ ਦੇ ਗਰਭ 'ਚ ਹੈ ਪਰ ਜਿੰਨੀ ਛੇਤੀ ਕੇਂਦਰ ਸਰਕਾਰ ਲੋਕਪਾਲ ਅਤੇ ਲੋਕ-ਆਯੁਕਤ ਕਾਨੂੰਨ ਲਿਆਏਗੀ, ਦੇਸ਼ ਦੇ ਹਿੱਤ 'ਚ ਓਨਾ ਹੀ ਚੰਗਾ ਹੋਵੇਗਾ।                            –ਵਿਜੇ ਕੁਮਾਰ


Related News