ਹੋਣਾ ਇਕ ਉਦਯੋਗਿਕ ਘਰਾਣੇ ਦੇ ਮਾਲਕ ਦਾ ਬੇਟੇ ਦੇ ਹੱਥੋਂ ਮੁਥਾਜ!

08/18/2017 4:30:59 AM

ਆਪਣੀ ਗ੍ਰਹਿਸਥੀ ਬਣ ਜਾਣ ਤੋਂ ਬਾਅਦ ਜ਼ਿਆਦਾਤਰ ਔਲਾਦਾਂ ਆਪਣੇ ਬਜ਼ੁਰਗਾਂ ਤੋਂ ਉਨ੍ਹਾਂ ਦੀ ਜ਼ਮੀਨ-ਜਾਇਦਾਦ ਆਪਣੇ ਨਾਂ ਲਿਖਵਾ ਕੇ ਆਪਣੇ ਮਾਤਾ-ਪਿਤਾ ਵੱਲੋਂ ਅੱਖਾਂ ਫੇਰ ਕੇ ਉਨ੍ਹਾਂ ਨੂੰ ਆਪਣੇ ਹਾਲ 'ਤੇ ਇਕੱਲੇ ਛੱਡ ਦਿੰਦੀਆਂ ਹਨ। ਇਸੇ ਲਈ ਅਸੀਂ ਆਪਣੇ ਲੇਖਾਂ ਵਿਚ ਵਾਰ-ਵਾਰ ਇਹ ਲਿਖਦੇ ਰਹਿੰਦੇ ਹਾਂ ਕਿ ਮਾਤਾ-ਪਿਤਾ ਆਪਣੀ ਜਾਇਦਾਦ ਦੀ ਵਸੀਅਤ ਤਾਂ ਕਰ ਦੇਣ ਪਰ ਉਸ ਨੂੰ ਟਰਾਂਸਫਰ ਨਾ ਕਰਨ। 
ਆਮ ਲੋਕਾਂ ਦੀ ਗੱਲ ਤਾਂ ਇਕ ਪਾਸੇ, ਵੱਡੇ ਅਮੀਰ ਪਰਿਵਾਰਾਂ ਦੇ ਮੈਂਬਰ ਵੀ ਆਪਣੀ ਔਲਾਦ ਹੱਥੋਂ ਪੀੜਤ ਹੋ ਰਹੇ ਹਨ। ਇਸੇ ਬਾਰੇ ਕੁਝ ਸਾਲ ਪਹਿਲਾਂ ਪੰਜਾਬ-ਹਰਿਆਣਾ ਹਾਈਕੋਰਟ ਦੇ ਇਕ ਸਾਬਕਾ ਜੱਜ ਦਾ ਕੇਸ ਮੀਡੀਆ ਵਿਚ ਬਹੁਤ ਚਰਚਿਤ ਹੋਇਆ ਸੀ, ਜਿਨ੍ਹਾਂ ਨੂੰ ਉਨ੍ਹਾਂ ਦੇ ਬੇਟੇ ਤੋਂ ਉਨ੍ਹਾਂ ਦੇ ਮਕਾਨ ਦਾ ਕਬਜ਼ਾ ਦਿਵਾਉਣ ਲਈ ਅਦਾਲਤ ਨੂੰ ਦਖ਼ਲ ਦੇਣਾ ਪਿਆ ਸੀ। 
ਇਸੇ ਤਰ੍ਹਾਂ ਦੇਸ਼ ਦੇ ਇਕ ਵੱਡੇ ਕਾਰੋਬਾਰੀ ਪਰਿਵਾਰ 'ਸ਼ਾਪਰਜ਼ ਸਟਾਪ' ਦੇ ਬਾਨੀ ਗੋਪਾਲ ਰਹੇਜਾ ਦਾ ਪਰਿਵਾਰਕ ਜਾਇਦਾਦ ਨੂੰ ਲੈ ਕੇ ਝਗੜਾ ਵੀ ਦੇਸ਼ ਵਿਚ ਕਾਫੀ ਚਰਚਿਤ ਰਿਹਾ ਅਤੇ ਹੁਣ ਦੇਸ਼ ਦੇ ਇਕ ਹੋਰ ਵੱਡੇ ਉਦਯੋਗਿਕ ਪਰਿਵਾਰ ਦੀ ਜਾਇਦਾਦ ਖੁੱਸਣ ਦਾ ਵਿਵਾਦ ਅਦਾਲਤ ਵਿਚ ਹੈ। 
ਦੇਸ਼ ਦੇ ਸਭ ਤੋਂ ਅਮੀਰ ਵਿਅਕਤੀਆਂ 'ਚੋਂ ਇਕ ਅਤੇ ਆਪਣੇ ਬੇਟੇ ਗੌਤਮ ਨੂੰ ਆਪਣਾ ਕਾਰੋਬਾਰ ਸੌਂਪਣ ਤੋਂ ਪਹਿਲਾਂ ਆਪਣੇ ਘਰਾਣੇ ਨੂੰ ਦੇਸ਼ ਦੇ ਸਭ ਤੋਂ ਵੱਡੇ ਪਹਿਰਾਵਾ ਬ੍ਰਾਂਡ 'ਚੋਂ ਇਕ ਬਣਾਉਣ ਵਾਲੇ ਡਾ. ਵਿਜੇਪਤ ਸਿੰਘਾਨੀਆ ਅੱਜ ਇਕ 'ਦੁਖੀ' ਵਿਅਕਤੀ ਹਨ। 
2005 ਤੋਂ 2006 ਤਕ ਮੁੰਬਈ ਦੇ ਸ਼ੈਰਿਫ ਰਹਿ ਚੁੱਕੇ ਡਾ. ਸਿੰਘਾਨੀਆ ਇਕ ਉਦਯੋਗਪਤੀ ਹੀ ਨਹੀਂ, ਸਰਗਰਮ ਹਵਾਬਾਜ਼ ਵੀ ਹਨ ਤੇ ਦੁਨੀਆ ਵਿਚ ਸਭ ਤੋਂ ਵੱਧ ਉੱਚਾਈ 'ਤੇ ਗਰਮ ਹਵਾ ਦੇ ਗੁਬਾਰੇ ਵਿਚ ਸਫਰ ਕਰਨ ਦਾ ਵਰਲਡ ਰਿਕਾਰਡ ਵੀ ਬਣਾ ਚੁੱਕੇ ਹਨ। 
2006 ਵਿਚ 'ਪਦਮ ਭੂਸ਼ਣ' ਨਾਲ ਸਨਮਾਨਿਤ ਡਾ. ਸਿੰਘਾਨੀਆ ਨੇ 'ਏਂਜਲਸ ਇਨ ਦਿ ਕਾਕਪਿਟ' ਨਾਮੀ ਕਿਤਾਬ ਵੀ ਲਿਖੀ ਹੈ, ਜਿਸ ਵਿਚ ਉਨ੍ਹਾਂ ਨੇ 1988 ਵਿਚ ਮਾਈਕ੍ਰੋਲਾਈਟ ਜਹਾਜ਼ ਵਿਚ ਇੰਗਲੈਂਡ ਤੋਂ ਭਾਰਤ ਤਕ ਦੀ ਆਪਣੀ ਯਾਤਰਾ ਦਾ ਵੇਰਵਾ ਦਰਜ ਕੀਤਾ ਹੈ। 
ਇੰਨੀ ਵੱਡੀ ਨਾਮੀ ਹਸਤੀ ਹੋਣ ਦੇ ਬਾਵਜੂਦ ਸ਼੍ਰੀ ਸਿੰਘਾਨੀਆ ਅੱਜ ਦੱਖਣੀ ਮੁੰਬਈ ਦੀ ਗ੍ਰੈਂਡ ਪਾਰਾਡੀ ਸੋਸਾਇਟੀ 'ਚ ਕਿਰਾਏ ਦੇ ਇਕ ਮਕਾਨ ਵਿਚ ਰਹਿਣ ਲਈ ਮਜਬੂਰ ਹਨ। 
ਮਾਲਾਬਾਰ ਹਿੱਲਜ਼ ਵਿਚ ਮੁੜ ਵਿਕਸਿਤ ਕੀਤੀ ਗਈ 36 ਮੰਜ਼ਿਲਾ 'ਇਮਾਰਤ' ਵਿਚ ਇਕ ਡੁਪਲੈਕਸ ਦਾ ਕਬਜ਼ਾ ਲੈਣ ਲਈ ਬੰਬੇ ਹਾਈਕੋਰਟ ਵਿਚ ਉਨ੍ਹਾਂ ਦੇ ਵਕੀਲ ਨੇ ਪਟੀਸ਼ਨ ਦਾਇਰ ਕਰਨ ਤੋਂ ਬਾਅਦ ਕਿਹਾ ਕਿ ਉਨ੍ਹਾਂ ਦੇ ਮੁਵੱਕਿਲ ਨੂੰ ਉਨ੍ਹਾਂ ਦੇ ਬੇਟੇ ਨੇ ਇਕ-ਇਕ ਪੈਸੇ ਲਈ ਮੁਥਾਜ ਬਣਾ ਦਿੱਤਾ ਹੈ ਤੇ ਉਨ੍ਹਾਂ ਨੂੰ ਆਪਣਾ ਘਰ ਵੀ ਛੱਡਣਾ ਪਿਆ ਹੈ। 
ਉਨ੍ਹਾਂ ਦੇ ਵਕੀਲ ਦਿਨਯਾਰ ਮੈਡੋਨ ਵੱਲੋਂ ਅਦਾਲਤ ਵਿਚ ਦਿੱਤੇ ਬਿਆਨ ਅਨੁਸਾਰ, ''ਜਿੱਥੇ ਡਾ. ਸਿੰਘਾਨੀਆ ਨੇ ਆਪਣੀ ਸਾਰੀ ਜਾਇਦਾਦ ਆਪਣੇ ਬੇਟੇ ਗੌਤਮ ਨੂੰ ਦੇ ਦਿੱਤੀ ਹੈ, ਉਥੇ ਹੀ ਗੌਤਮ ਹੁਣ ਉਨ੍ਹਾਂ ਨੂੰ ਹਰ ਚੀਜ਼ ਤੋਂ ਵਾਂਝੇ ਕਰਦਾ ਜਾ ਰਿਹਾ ਹੈ।''
ਡਾ. ਸਿੰਘਾਨੀਆ ਦਾ ਕਹਿਣਾ ਹੈ ਕਿ ਉਹ ਆਪਣੇ ਬੇਟੇ ਦੇ ਪਿਆਰ ਵਿਚ ਅੰਨ੍ਹੇ ਹੋ ਗਏ, ਜਿਸ ਕਾਰਨ ਉਨ੍ਹਾਂ ਨੇ ਆਪਣਾ ਸਭ ਕੁਝ ਉਨ੍ਹਾਂ ਦੇ ਨਾਂ ਕਰ ਦਿੱਤਾ। ਮੈਡੋਨ ਅਨੁਸਾਰ ਡਾ. ਸਿੰਘਾਨੀਆ ਨੇ ਕੰਪਨੀ ਵਿਚ ਲੱਗਭਗ 1000 ਕਰੋੜ ਰੁਪਏ ਦੇ ਸਾਰੇ ਸ਼ੇਅਰ ਆਪਣੇ ਬੇਟੇ ਦੇ ਪੱਖ ਵਿਚ ਕਰ ਦਿੱਤੇ ਹਨ ਪਰ ਹੁਣ ਉਹ ਆਪਣੇ ਗੁਜ਼ਾਰੇ ਲਈ ਗੌਤਮ 'ਤੇ ਨਿਰਭਰ ਹੋ ਕੇ ਰਹਿ ਗਏ ਹਨ ਅਤੇ ਉਨ੍ਹਾਂ ਤੋਂ ਕਾਰ ਤੇ ਡਰਾਈਵਰ ਵਰਗੀਆਂ ਸਹੂਲਤਾਂ ਵੀ ਵਾਪਿਸ ਲੈ ਲਈਆਂ ਗਈਆਂ ਹਨ। 
ਮੈਡੋਨ ਨੇ ਹੋਰਨਾਂ ਗੱਲਾਂ ਤੋਂ ਇਲਾਵਾ ਕੰਪਨੀ ਵੱਲੋਂ ਉਨ੍ਹਾਂ ਨੂੰ ਹਰ ਮਹੀਨੇ 7 ਲੱਖ ਰੁਪਏ ਦਿਵਾਉਣ ਦੀ ਵੀ ਅਦਾਲਤ ਨੂੰ ਇਹ ਕਹਿੰਦਿਆਂ ਅਪੀਲ ਕੀਤੀ ਹੈ ਕਿ ਉਹ ਕੰਪਨੀ ਦੀ ਲਾਗਤ 'ਤੇ ਇਹ ਸਹੂਲਤਾਂ ਪ੍ਰਾਪਤ ਕਰਨ ਦੇ ਹੱਕਦਾਰ ਹਨ। ਵਕੀਲ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਕਿਰਾਏ ਦੇ ਮਕਾਨ ਲਈ 7 ਲੱਖ ਰੁਪਏ ਵੀ ਨਹੀਂ ਦਿੱਤੇ ਜਾ ਰਹੇ, ਜੋ ਕਿ ਸਮਝੌਤੇ ਦਾ ਹੀ ਇਕ ਹਿੱਸਾ ਹੈ। 
ਬੰਬੇ ਹਾਈਕੋਰਟ ਦੇ ਜੱਜ ਸ਼੍ਰੀ ਗਿਰੀਸ਼ ਕੁਲਕਰਨੀ ਨੇ ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਉਨ੍ਹਾਂ ਨੂੰ ਇਹ ਮਾਮਲਾ ਆਪਸ ਵਿਚ ਨਿਪਟਾਉਣ ਦੀ ਸਲਾਹ ਦਿੰਦਿਆਂ ਕਿਹਾ ਹੈ ਕਿ ਅਜਿਹੀ ਮੁਕੱਦਮੇਬਾਜ਼ੀ ਅਦਾਲਤ ਵਿਚ ਬਿਲਕੁਲ ਆਉਣੀ ਹੀ ਨਹੀਂ ਚਾਹੀਦੀ ਤੇ ਇਸ ਨੂੰ ਅਦਾਲਤ ਤੋਂ ਬਾਹਰ ਹੀ ਸੁਲਝਾਇਆ ਜਾਣਾ ਚਾਹੀਦਾ ਹੈ, ਜਿਸ 'ਤੇ ਦੋਹਾਂ ਧਿਰਾਂ ਨੇ ਸਹਿਮਤੀ ਪ੍ਰਗਟਾਈ ਹੈ ਅਤੇ ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ ਦੀ ਅਗਲੀ ਤਰੀਕ 22 ਅਗਸਤ ਤੈਅ ਕਰ ਦਿੱਤੀ ਹੈ। 
ਇਸ ਮਾਮਲੇ 'ਤੇ ਅਦਾਲਤ ਦਾ ਜੋ ਵੀ ਫੈਸਲਾ ਹੋਵੇ, ਇਹ ਤਾਂ ਭਵਿੱਖ ਦੇ ਗਰਭ ਵਿਚ ਹੈ, ਮੈਂ ਇਹੋ ਕਹਿਣਾ ਚਾਹਾਂਗਾ ਕਿ ਇਕ ਬੇਟਾ ਹਾਸਿਲ ਕਰਨ ਲਈ ਮਾਂ-ਪਿਓ ਕੀ-ਕੀ ਨਹੀਂ ਕਰਦੇ! 
ਬੇਟਾ ਪੈਦਾ ਹੋਣ 'ਤੇ ਪੂਰਾ ਪਰਿਵਾਰ ਖੁਸ਼ੀ ਨਾਲ ਝੂਮ ਉੱਠਦਾ ਹੈ, ਖੁਸਰੇ ਨਚਾਏ ਜਾਂਦੇ ਹਨ, ਮਠਿਆਈਆਂ ਵੰਡੀਆਂ ਜਾਂਦੀਆਂ ਹਨ ਪਰ ਉਕਤ ਘਟਨਾ ਨੂੰ ਦੇਖਦਿਆਂ ਮਨ ਵਿਚ ਇਹ ਸਵਾਲ ਉੱਠਣਾ ਸੁਭਾਵਿਕ ਹੀ ਹੈ ਕਿ ਕੀ ਇਸੇ ਲਈ ਮਾਂ-ਪਿਓ ਬੇਟਾ ਮੰਗਦੇ ਹਨ ਕਿ ਉਹ ਵੱਡਾ ਹੋ ਕੇ ਉਨ੍ਹਾਂ ਨੂੰ ਅਦਾਲਤਾਂ ਦੇ ਗੇੜੇ ਮਾਰਨ ਲਈ ਮਜਬੂਰ ਕਰ ਦੇਵੇ?                                                              
—ਵਿਜੇ ਕੁਮਾਰ


Vijay Kumar Chopra

Chief Editor

Related News