ਨੇਤਾਵਾਂ ਵਲੋਂ ਕਿਸੇ ਦੇ ਵਿਰੁੱਧ ‘ਕੁਝ ਵੀ ਬੋਲ ਦੇਣਾ’ ਅੱਜ ਬਣ ਗਿਆ ਹੈ ‘ਇਕ ਫੈਸ਼ਨ’

09/19/2019 11:09:23 PM

ਇਸ ਨੂੰ ਤ੍ਰਾਸਦੀ ਹੀ ਕਿਹਾ ਜਾਵੇਗਾ ਕਿ ਖ਼ੁਦ ਨੂੰ ਸੱਭਿਅਕ ਅਖਵਾਉਣ ਵਾਲੇ ਸਾਡੇ ਨੇਤਾ ਇਕ-ਦੂਜੇ ਨੂੰ ਨੀਵਾਂ ਦਿਖਾਉਣ ਲਈ ਨੈਤਿਕਤਾ ਤੋਂ ਡਿੱਗੀ ਹੋਈ ਬਿਆਨਬਾਜ਼ੀ ਕਰਨ ’ਚ ਵੀ ਸੰਕੋਚ ਨਹੀਂ ਕਰਦੇ। ਨਤੀਜੇ ਦੀ ਚਿੰਤਾ ਕੀਤੇ ਬਿਨਾਂ ਉਹ ਉਲਟੇ-ਪੁਲਟੇ ਬਿਆਨ ਦੇ ਕੇ ਸਮਾਜ ’ਚ ਨਫਰਤ ਦੇ ਬੀਜ ਬੀਜ ਰਹੇ ਹਨ :

* 08 ਸਤੰਬਰ ਨੂੰ ਕਰਨਾਟਕ ਕਾਂਗਰਸ ਦੇ ਨੇਤਾ ਰਾਮਨਾਥ ਰਾਏ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੁਲਨਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਕਰ ਦਿੱਤੀ ਅਤੇ ਕਿਹਾ ਕਿ ‘‘ਨਰਿੰਦਰ ਮੋਦੀ ਤੇ ਇਮਰਾਨ ਖਾਨ ਇਕ ਹੀ ਮਾਂ ਦੇ ਬੇਟੇ ਹਨ। ਦੋਵੇਂ ਇਕ ਹੀ ਤਰ੍ਹਾਂ ਦੇ ਨੇਤਾ ਹਨ ਅਤੇ ਚੋਣ ਜਿੱਤਣ ਲਈ ਇਕ-ਦੂਸਰੇ ਦੇ ਵਿਰੁੱਧ ਬਿਆਨਬਾਜ਼ੀ ਕਰਦੇ ਹਨ।’’

* 14 ਸਤੰਬਰ ਨੂੰ ਕੇਂਦਰੀ ਮੰਤਰੀ ਸੰਤੋਸ਼ ਗੰਗਵਾਰ ਨੇ ਉੱਤਰ ਭਾਰਤ ਦੇ ਨੌਜਵਾਨਾਂ ਦੀ ਯੋਗਤਾ ’ਤੇ ਇਹ ਕਹਿ ਕੇ ਸਵਾਲੀਆ ਚਿੰਨ੍ਹ ਲਗਾ ਦਿੱਤਾ ਕਿ ‘‘ਦੇਸ਼ ਵਿਚ ਰੋਜ਼ਗਾਰ ਦੀ ਨਹੀਂ, ਯੋਗਤਾ ਦੀ ਕਮੀ ਹੈ।’’ ਖਾਸ ਤੌਰ ’ਤੇ ਉੱਤਰ ਭਾਰਤ ਦਾ ਵਰਣਨ ਕਰਦਿਆਂ ਉਨ੍ਹਾਂ ਕਿਹਾ, ‘‘ਰੋਜ਼ਗਾਰ ਤਾਂ ਬਹੁਤ ਹਨ ਪਰ ਇਸ ਖੇਤਰ (ਉੱਤਰ ਭਾਰਤ) ’ਚ ਚੰਗੀ ਸਿੱਖਿਆ ਦੀ ਘਾਟ ਕਾਰਨ ਯੋਗ ਉਮੀਦਵਾਰ ਨਹੀਂ ਮਿਲਦੇ।’’

* 15 ਸਤੰਬਰ ਨੂੰ ਕਰਨਾਟਕ ਦੇ ਦਿਹਾਤੀ ਵਿਕਾਸ ਅਤੇ ਪੰਚਾਇਤ ਰਾਜ ਮੰਤਰੀ ਈਸ਼ਵਰੱਪਾ (ਭਾਜਪਾ) ਨੇ ਸੂਬੇ ਦੇ ਕਾਂਗਰਸੀ ਵਿਧਾਇਕਾਂ ਦੀ ਤੁਲਨਾ ਹਿਜੜਿਆਂ ਨਾਲ ਕੀਤੀ ਅਤੇ ਕਿਹਾ, ‘‘ਕੇਵਲ ਦੇਸ਼ਭਗਤ ਮੁਸਲਮਾਨ ਹੀ ਭਾਜਪਾ ਦੇ ਪੱਖ ਵਿਚ ਵੋਟਾਂ ਪਾਉਣਗੇ ਅਤੇ ਜੋ ਦੇਸ਼ਧ੍ਰੋਹੀ ਅਤੇ ਪਾਕਿਸਤਾਨ ਦੇ ਨਾਲ ਚੱਲਣ ਵਾਲੇ ਹਨ, ਉਹ ਸੰਕੋਚ ਕਰਨਗੇ।’’

* 18 ਸਤੰਬਰ ਨੂੰ ਯੂ. ਪੀ. ਤੋਂ ਭਾਜਪਾ ਦੇ ਵਿਧਾਇਕ ਵਿਕਰਮ ਸਿੰਘ ਬੋਲੇ, ‘‘ਸਾਡੇ ਪ੍ਰਧਾਨ ਮੰਤਰੀ ਜੀ ਦਾ ਧਿਆਨ ਸਿਰਫ ਇਸ ’ਤੇ ਹੈ ਕਿ ਦੇਸ਼ ਕਿਵੇਂ ਸ਼ਕਤੀਸ਼ਾਲੀ ਬਣੇ। ਨਹਿਰੂ ਤਾਂ ਅੱਯਾਸ਼ ਸੀ। ਅੰਗਰੇਜ਼ਾਂ ਦੇ ਚੱਕਰ ਵਿਚ ਦੇਸ਼ ਦਾ ਬਟਵਾਰਾ ਕਰਵਾ ਦਿੱਤਾ।’’

* 18 ਸਤੰਬਰ ਨੂੰ ਯੂ. ਪੀ. ਤੋਂ ਭਾਜਪਾ ਸੰਸਦ ਮੈਂਬਰ ਪ੍ਰੱਗਿਆ ਠਾਕੁਰ ਨੇ ਮੱਧ ਪ੍ਰਦੇਸ਼ ਦੇ ਸੀਹੋਰ ਸ਼ਹਿਰ ਦੇ ਸਾਰੇ ਪੱਤਰਕਾਰਾਂ ਨੂੰ ਬੇਈਮਾਨ ਦੱਸਦਿਆਂ ਕਿਹਾ, ‘‘ਇਕ ਵੀ ਈਮਾਨਦਾਰ ਨਹੀਂ। ਸੁਣੋ, ਤੁਹਾਡੀ ਤਾਰੀਫ, ਜਿੰਨੇ ਵੀ ਮੀਡੀਆ (ਹੱਸਦੇ ਹੋਏ) ਸੀਹੋਰ ਦੇ ਮੀਡੀਆ ਵਾਲੇ ਹਨ, ਉਹ ਸਭ ਬੇਈਮਾਨ ਹਨ।’’

* 18 ਸਤੰਬਰ ਨੂੰ ਭਾਜਪਾ ਦੀ ਸਹਿਯੋਗੀ ਸ਼ਿਵ ਸੈਨਾ ਦੇ ਸੁਪਰੀਮੋ ਊਧਵ ਠਾਕਰੇ ਬੋਲੇ, ‘‘ਰਾਹੁਲ ਗਾਂਧੀ ਬੇਵਕੂਫ ਹਨ।’’ ਇਸ ਤੋਂ ਇਲਾਵਾ ਉਨ੍ਹਾਂ ਨੇ ਕਾਂਗਰਸੀ ਆਗੂ ਮਣੀਸ਼ੰਕਰ ਅਈਅਰ ਦੇ ਬਾਰੇ ’ਚ ਕਿਹਾ, ‘‘ਉਨ੍ਹਾਂ ਦੀ ਜੁੱਤੀਆਂ ਨਾਲ ਕੁੱਟਮਾਰ ਕੀਤੀ ਜਾਣੀ ਚਾਹੀਦੀ ਹੈ।’’

ਇਸ ਤਰ੍ਹਾਂ ਦੇ ਬਿਆਨ ਯਕੀਨੀ ਹੀ ਕਿਸੇ ਸੱਭਿਅਕ ਅਖਵਾਉਣ ਵਾਲੇ ਦੇਸ਼ ਦੇ ਨੇਤਾਵਾਂ ਨੂੰ ਸ਼ੋਭਾ ਨਹੀਂ ਦਿੰਦੇ। ਕਿਸੇ ਦੇ ਵਿਰੁੱਧ ਕੋਈ ਨਿਰਾਦਰਯੋਗ ਟਿੱਪਣੀ ਕਰ ਦੇਣੀ ਅੱਜ ਇਕ ਫੈਸ਼ਨ ਬਣ ਗਿਆ ਹੈ।

ਹਾਲਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਨਾਲ ਜੁੜੇ ਲੋਕਾਂ ਨੂੰ ਬਿਨਾਂ ਸੋਚੇ-ਸਮਝੇ ਬਿਆਨ ਨਾ ਦੇਣ ਦੀ ਨਸੀਹਤ ਕੀਤੀ ਸੀ ਪਰ ਉਨ੍ਹਾਂ ਦੇ ਕਥਨ ਦਾ ਕੋਈ ਅਸਰ ਹੁੰਦਾ ਦਿਖਾਈ ਨਹੀਂ ਦਿੰਦਾ।

–ਵਿਜੇ ਕੁਮਾਰ


Bharat Thapa

Content Editor

Related News