‘ਸ਼੍ਰੀ ਰਾਮ ਮੰਦਰ’ ਨੂੰ ਲੈ ਕੇ ਉਮੜੀਆਂ ਅਡਵਾਨੀ ਜੀ ਦੇ ‘ਮਨ ਦੀਆਂ ਭਾਵਨਾਵਾਂ’

01/14/2024 4:19:33 AM

ਹਿੰਦੂਆਂ ਦੀ ਮਾਨਤਾ ਹੈ ਕਿ ਅਯੁੱਧਿਆ ’ਚ ਭਗਵਾਨ ਸ਼੍ਰੀ ਰਾਮ ਦੇ ਜਨਮ ਸਥਾਨ ’ਤੇ ਇਕ ਵਿਸ਼ਾਲ ਮੰਦਰ ਬਿਰਾਜਮਾਨ ਸੀ, ਜਿਸ ਨੂੰ 1528 ’ਚ ਮੁਗਲ ਹਮਲਾਵਰ ਬਾਬਰ ਦੇ ਸੈਨਾਪਤੀ ਮੀਰ ਬਾਕੀ ਨੇ ਤੁੜਵਾ ਕੇ ਉੱਥੇ ‘ਬਾਬਰੀ ਮਸਜਿਦ’ ਬਣਵਾ ਦਿੱਤੀ ਜਿਸ ਦੇ ਵਿਰੁੱਧ 1885 ਤੋਂ ਕਾਨੂੰਨੀ ਲੜਾਈ ਜਾਰੀ ਸੀ।

ਸੀਨੀਅਰ ਭਾਜਪਾ ਆਗੂ ਸ਼੍ਰੀ ਲਾਲ ਕ੍ਰਿਸ਼ਨ ਅਡਵਾਨੀ ਨੇ ਰਾਮ ਮੰਦਰ ਅੰਦੋਲਨ ਦੌਰਾਨ 25 ਸਤੰਬਰ, 1990 ਨੂੰ ‘ਰਾਮ ਰੱਥ ਯਾਤਰਾ’ ਸੋਮਨਾਥ ਤੋਂ ਸ਼ੁਰੂ ਕੀਤੀ ਸੀ ਅਤੇ ਇਸ ਦਾ ਸਮਾਪਨ 30 ਅਕਤੂਬਰ ਨੂੰ ਅਯੁੱਧਿਆ ’ਚ ਹੋਣਾ ਸੀ ਪਰ ਉਨ੍ਹਾਂ ਨੂੰ ਬਿਹਾਰ ਦੇ ਸਮਸਤੀਪੁਰ ’ਚ 23 ਅਕਤੂਬਰ ਦੀ ਸਵੇਰ ਨੂੰ ਗ੍ਰਿਫਤਾਰ ਕਰ ਲਿਆ ਗਿਆ।

‘ਰਾਮ ਰੱਥ ਯਾਤਰਾ’ ਦੇ ਕੁਝ ਹੀ ਸਮੇਂ ਪਿੱਛੋਂ 6 ਦਸੰਬਰ, 1992 ਨੂੰ ਹਜ਼ਾਰਾਂ ਕਾਰ ਸੇਵਕਾਂ ਨੇ ਅਯੁੱਧਿਆ ਪਹੁੰਚ ਕੇ ਬਾਬਰੀ ਮਸਜਿਦ ਦਾ ਵਿਵਾਦਤ ਢਾਂਚਾ ਢਾਹ ਦਿੱਤਾ, ਜਿਸ ਪਿੱਛੋਂ ਉੱਥੇ ਇਕ ਅਸਥਾਈ ਰਾਮ ਮੰਦਰ ਬਣਾ ਦਿੱਤਾ ਗਿਆ।

ਅਖੀਰ 9 ਨਵੰਬਰ, 2019 ਨੂੰ ਸੁਪਰੀਮ ਕੋਰਟ ਨੇ ਸਰਬਸੰਮਤੀ ਨਾਲ ‘ਰਾਮ ਲੱਲਾ ਬਿਰਾਜਮਾਨ’ ਦੇ ਹੱਕ ’ਚ ਆਪਣਾ ਇਤਿਹਾਸਕ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਵਿਵਾਦਤ ਜ਼ਮੀਨ ’ਤੇ ਹੀ ਮੰਦਰ ਬਣੇਗਾ। ਇਸ ਪਿੱਛੋਂ 5 ਅਗਸਤ, 2020 ਨੂੰ ਅਯੁੱਧਿਆ ’ਚ ਮੰਦਰ ਦੇ ਨਿਰਮਾਣ ਦਾ ਪਹਿਲਾ ਪੜਾਅ ਸ਼ੁਰੂ ਹੋਇਆ ਅਤੇ ਹੁਣ 22 ਜਨਵਰੀ ਨੂੰ ਅਜੇ ਨਿਰਮਾਣ ਅਧੀਨ ਸ਼ਾਨਦਾਰ ਮੰਦਰ ਦਾ ਪ੍ਰਾਣ-ਪ੍ਰਤਿੱਸ਼ਠਾ ਸਮਾਰੋਹ ਹੋ ਰਿਹਾ ਹੈ।

ਇਸ ਅੰਦੋਲਨ ’ਚ ਸਭ ਤੋਂ ਅੱਗੇ ਰਹਿਣ ਵਾਲੇ ਸ਼੍ਰੀ ਲਾਲ ਕ੍ਰਿਸ਼ਨ ਅਡਵਾਨੀ ਅਤੇ ਸ਼੍ਰੀ ਮੁਰਲੀ ਮਨੋਹਰ ਜੋਸ਼ੀ ਨੂੰ 19 ਦਸੰਬਰ, 2023 ਨੂੰ ਇਕ ਪੱਤਰਕਾਰ ਸੰਮੇਲਨ ’ਚ ਰਾਮ ਜਨਮ ਭੂਮੀ ਤੀਰਥ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਉਨ੍ਹਾਂ ਦੀ ਵਡੇਰੀ ਉਮਰ ਕਾਰਨ ਸਮਾਰੋਹ ’ਚ ਨਾ ਆਉਣ ਦੀ ਬੇਨਤੀ ਕੀਤੀ ਸੀ ਪਰ ਇਸ ਬਾਰੇ ਚਰਚਾ ਕਾਰਨ 11 ਜਨਵਰੀ, 2024 ਨੂੰ ਸ਼੍ਰੀ ਅਡਵਾਨੀ ਅਤੇ ਸ਼੍ਰੀ ਮੁਰਲੀ ਮਨੋਹਰ ਨੂੰ ਸਮਾਗਮ ’ਚ ਸ਼ਾਮਲ ਹੋਣ ਦਾ ਸੱਦਾ ਦੇ ਦਿੱਤਾ ਗਿਆ ਜਿਸ ’ਤੇ ਸ਼੍ਰੀ ਅਡਵਾਨੀ ਨੇ ਸਹਿਮਤੀ ਪ੍ਰਗਟ ਵੀ ਕਰ ਦਿੱਤੀ ਹੈ।

ਇਸ ਦਰਮਿਆਨ 1998 ਤੋਂ 2004 ਤੱਕ ਭਾਰਤ ਦੇ ਗ੍ਰਹਿ ਮੰਤਰੀ ਰਹੇ ਸ਼੍ਰੀ ਲਾਲ ਕ੍ਰਿਸ਼ਨ ਅਡਵਾਨੀ ਨੇ ਦੇਸ਼ਵਾਸੀਆਂ ਨੂੰ ਵਧਾਈ ਦਿੰਦੇ ਹੋਏ ਇਕ ਇੰਟਰਵਿਊ ’ਚ ਕਿਹਾ ਹੈ ਕਿ :

‘‘25 ਸਤੰਬਰ, 1990 ਦੀ ਸਵੇਰ ਰੱਥ ਯਾਤਰਾ ਸ਼ੁਰੂ ਕਰਦੇ ਸਮੇਂ ਸਾਨੂੰ ਇਹ ਪਤਾ ਨਹੀਂ ਸੀ ਕਿ ਪ੍ਰਭੂ ਰਾਮ ਦੀ ਜਿਸ ਆਸਥਾ ਤੋਂ ਪ੍ਰੇਰਿਤ ਹੋ ਕੇ ਇਹ ਯਾਤਰਾ ਸ਼ੁਰੂ ਕੀਤੀ ਜਾ ਰਹੀ ਹੈ, ਉਹ ਦੇਸ਼ ’ਚ ਇਕ ਅੰਦੋਲਨ ਦਾ ਰੂਪ ਲੈ ਲਵੇਗੀ।’’

‘‘ਮੈਂ ਦੇਖਿਆ, ਮੰਦਰ ਲਈ ਜਨ ਹਮਾਇਤ ਵਧਦੀ ਜਾ ਰਹੀ ਸੀ। ‘ਜੈ ਸ਼੍ਰੀ ਰਾਮ’ ਅਤੇ ‘ਸੌਗੰਧ ਰਾਮ ਕੀ ਖਾਤੇ ਹੈਂ, ਮੰਦਰ ਵਹੀਂ ਬਨਾਏਂਗੇ’ ਦਾ ਨਾਅਰਾ ਚਾਰੇ ਪਾਸੇ ਗੂੰਜ ਰਿਹਾ ਸੀ। ਰੱਥ ਦੇਖ ਕੇ ਦੂਰ-ਦੁਰਾਡੇ ਦੇ ਪਿੰਡਾਂ ’ਚੋਂ ਪੇਂਡੂ ਮੇਰੇ ਕੋਲ ਆਉਂਦੇ। ਉਹ ਜਜ਼ਬਾਤੀ ਹੋ ਜਾਂਦੇ। ਮੈਨੂੰ ਵਧਾਈ ਦਿੰਦੇ, ਭਗਵਾਨ ਰਾਮ ਦੇ ਨਾਅਰੇ ਲਾਉਂਦੇ ਅਤੇ ਚਲੇ ਜਾਂਦੇ।’’

‘‘ਰੱਥ ਯਾਤਰਾ ਸ਼ੁਰੂ ਹੋਣ ਦੇ ਕੁਝ ਦਿਨ ਬਾਅਦ ਮੈਨੂੰ ਅਹਿਸਾਸ ਹੋਇਆ ਕਿ ਮੈਂ ਸਿਰਫ ਇਕ ਸਾਰਥੀ ਸੀ। ਕਿਸਮਤ ਨੇ ਤੈਅ ਕਰ ਿਲਆ ਸੀ ਕਿ ਅਯੁੱਧਿਆ ’ਚ ਸ਼੍ਰੀ ਰਾਮ ਦਾ ਮੰਦਰ ਜ਼ਰੂਰ ਬਣੇਗਾ ਅਤੇ ਕਿਸਮਤ ਨੇ ਇਸ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਚੁਣਿਆ। ਰੱਥ ਯਾਤਰਾ ਦਾ ਮੁੱਖ ਸੰਦੇਸ਼ਵਾਹਕ ਰੱਥ ਹੀ ਸੀ ਅਤੇ ਪੂਜਾ ਦੇ ਯੋਗ ਸੀ ਕਿਉਂਕਿ ਉਹ ਮੰਦਰ ਨਿਰਮਾਣ ਦੇ ਪਵਿੱਤਰ ਮਕਸਦ ਨੂੰ ਪੂਰਾ ਕਰਨ ਲਈ ਸ਼੍ਰੀ ਰਾਮ ਦੀ ਜਨਮ ਸਥਲੀ ਅਯੁੱਧਿਆ ਜਾ ਰਿਹਾ ਸੀ।’’

ਰੱਥ ਯਾਤਰਾ ’ਚ ਸ਼੍ਰੀ ਨਰਿੰਦਰ ਮੋਦੀ ਦੀ ਭੂਮਿਕਾ ਦੇ ਵਿਸ਼ੇ ’ਚ ਸ਼੍ਰੀ ਅਡਵਾਨੀ ਨੇ ਕਿਹਾ ਕਿ ਨਰਿੰਦਰ ਮੋਦੀ ਉਸ ਸਮੇਂ ਵੱਧ ਚਰਚਿਤ ਨਹੀਂ ਸਨ। ਉਹ ਲੋਕਾਂ ਦੇ ਸਾਹਮਣੇ ਨਹੀਂ ਆਏ ਸਨ ਅਤੇ ਯਾਤਰਾ ਦੇ ਸਮੇਂ ਉਨ੍ਹਾਂ ਦੇ ਨਾਲ ਸਨ। ਉਨ੍ਹਾਂ ਨੇ ਕਿਹਾ, ‘‘ਜਦ ਨਰਿੰਦਰ ਮੋਦੀ ਮੰਦਰ ਦੀ ਪ੍ਰਾਣ-ਪ੍ਰਤਿੱਸ਼ਠਾ ਕਰਨਗੇ, ਉਸ ਸਮੇਂ ਉਹ ਭਾਰਤ ਦੇ ਹਰ ਨਾਗਰਿਕ ਦੀ ਪ੍ਰਤੀਨਿਧਤਾ ਕਰ ਰਹੇ ਹੋਣਗੇ।’’

ਸ਼੍ਰੀ ਲਾਲ ਕ੍ਰਿਸ਼ਨ ਅਡਵਾਨੀ ਅਨੁਸਾਰ ਉਹ ਇਸ ਗੱਲ ਦੇ ਪ੍ਰਤੀ ਆਸਵੰਦ ਹੋ ਗਏ ਸਨ ਕਿ ਹਜ਼ਾਰਾਂ ਲੋਕ ਅਯੁੱਧਿਆ ’ਚ ਰਾਮ ਮੰਦਰ ਦਾ ਸੁਫਨਾ ਦੇਖਦੇ ਹਨ ਪਰ ਉਹ ਆਪਣੀ ਆਸਥਾ ਲੁਕਾ ਕੇ ਜੀਅ ਰਹੇ ਸਨ। ਅਖੀਰ 22 ਜਨਵਰੀ, 2024 ਨੂੰ ਅਣਗਿਣਤ ਲੋਕਾਂ ਦੇ ਸੁਫਨੇ ਸੱਚਾਈ ਦਾ ਰੂਪ ਲੈਣਗੇ।

ਇਸ ਇੰਟਰਵਿਊ ’ਚ ਉਨ੍ਹਾਂ ਨੇ ਸਾਬਕਾ ਪ੍ਰਧਾਨ ਮੰਤਰੀ ਸਵ. ਅਟਲ ਬਿਹਾਰੀ ਵਾਜਪਾਈ ਜਿਨ੍ਹਾਂ ਦੀ 16 ਅਗਸਤ, 2018 ਨੂੰ ਮੌਤ ਹੋ ਗਈ ਸੀ ਅਤੇ ਆਪਣੀ ਪਤਨੀ ਸਵ. ਸ਼੍ਰੀਮਤੀ ਕਮਲਾ ਅਡਵਾਨੀ ਨੂੰ ਵੀ ਯਾਦ ਕੀਤਾ ਅਤੇ ਕਿਹਾ, ‘‘ਵਾਜਪਾਈ ਜੀ ਮੇਰੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਰਹੇ ਹਨ ਜਿਨ੍ਹਾਂ ਨਾਲ ਮੇਰਾ ਗੂੜ੍ਹਾ ਸਬੰਧ ਸੀ। ਅਯੁੱਧਿਆ ’ਚ ਸ਼ਾਨਦਾਰ ਪ੍ਰਾਣ-ਪ੍ਰਤਿੱਸ਼ਠਾ ਦੇ ਵਿਸ਼ਾਲ ਪ੍ਰੋਗਰਾਮ ’ਚ ਉਨ੍ਹਾਂ ਦੀ ਕਮੀ ਮਹਿਸੂਸ ਹੋ ਰਹੀ ਹੈ।’’

ਇਸੇ ਤਰ੍ਹਾਂ ਆਪਣੀ ਧਰਮਪਤਨੀ ਸਵ. ਸ਼੍ਰੀਮਤੀ ਕਮਲਾ ਅਡਵਾਨੀ ਜਿਨ੍ਹਾਂ ਦੀ 6 ਅਪ੍ਰੈਲ, 2016 ਨੂੰ ਮੌਤ ਹੋ ਗਈ ਸੀ, ਦੇ ਵਿਸ਼ੇ ’ਚ ਉਨ੍ਹਾਂ ਨੇ ਕਿਹਾ ਕਿ, ‘‘ਕਮਲਾ ਮੇਰੇ ਲਈ ਸ਼ਕਤੀ ਦਾ ਸਰੋਤ ਬਣੀ ਰਹੀ ਅਤੇ ਮੇਰੀ ਜ਼ਿੰਦਗੀ ’ਚ ਸਥਿਰਤਾ ਦਾ ਮੁੱਖ ਆਧਾਰ ਸੀ।’’

ਸ਼੍ਰੀ ਅਡਵਾਨੀ ਦੀ ਬਿਰਧ ਹਾਲਤ ਨੂੰ ਦੇਖਦੇ ਹੋਏ ਮੰਦਰ ਟਰੱਸਟ ਵੱਲੋਂ ਉਨ੍ਹਾਂ ਦੀ ਸਿਹਤ ਅਤੇ ਸੁਰੱਖਿਆ ਦਾ ਧਿਆਨ ਰੱਖਣ ਦਾ ਭਰੋਸਾ ਦਿੱਤਾ ਿਗਆ ਹੈ। ਆਸ ਹੈ ਕਿ 22 ਜਨਵਰੀ ਦੇ ਦਿਨ ਸਮਾਗਮ ’ਚ ਸ਼੍ਰੀ ਅਡਵਾਨੀ ਦੀ ਹਾਜ਼ਰੀ ਇਸ ਆਯੋਜਨ ਨੂੰ ਸਾਰਥਕ ਕਰੇਗੀ। - ਵਿਜੇ ਕੁਮਾਰ


Anmol Tagra

Content Editor

Related News