ਪੰਜਾਬ ਕੇਸਰੀ ਦਾ 59ਵੇਂ ਸਾਲ ’ਚ ਪ੍ਰਵੇਸ਼: ਪਾਠਕਾਂ ਅਤੇ ਸਰਪ੍ਰਸਤਾਂ ਦਾ ਹਾਰਦਿਕ ਸ਼ੁਕਰਾਨਾ
Tuesday, Jun 13, 2023 - 03:58 AM (IST)

13 ਜੂਨ, 1965 ਦੇ ਦਿਨ ਪੂਜਨੀਕ ਪਿਤਾ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਨੇ ਆਜ਼ਾਦ ਅਤੇ ਨਿਰਭੈ ਪੱਤਰਕਾਰੀ ਦੇ ਪ੍ਰਤੀਕ ‘ਪੰਜਾਬ ਕੇਸਰੀ’ ਦਾ ਪ੍ਰਕਾਸ਼ਨ ਸ਼ੁਰੂ ਕੀਤਾ ਸੀ, ਜੋ ਅੱਜ ਆਪਣੀ 58 ਸਾਲਾਂ ਦੀ ਯਾਤਰਾ ਸਫਲਤਾਪੂਰਵਕ ਤੈਅ ਕਰ ਕੇ 59ਵੇਂ ਸਾਲ ’ਚ ਪ੍ਰਵੇਸ਼ ਕਰ ਗਿਆ ਹੈ।
‘ਪੰਜਾਬ ਕੇਸਰੀ’ ਦਾ ਪ੍ਰਕਾਸ਼ਨ 6000 ਕਾਪੀਆਂ ਤੋਂ ਸ਼ੁਰੂ ਹੋਇਆ ਸੀ ਜਿਹੜਾ ਹੁਣ ਲੱਖਾਂ ਦੀ ਗਿਣਤੀ ’ਚ ਛਪ ਰਿਹਾ ਹੈ। ਇਸ ਸਮੇਂ ਇਸ ਦੇ ਸਾਰੇ ਐਡੀਸ਼ਨਾਂ ਦੀ ਛਪਣ ਗਿਣਤੀ ਲੱਗਭਗ ਪੌਣੇ 7 ਲੱਖ ਕਾਪੀਆਂ ਅਤੇ ਔਸਤ ਪਾਠਕ ਗਿਣਤੀ ਆਈ. ਆਰ. ਐੱਸ. ਅਨੁਸਾਰ 1.17 ਕਰੋੜ ਹੈ।
ਜਿਨ੍ਹੀਂ ਦਿਨੀਂ ‘ਪੰਜਾਬ ਕੇਸਰੀ’ ਦਾ ਪ੍ਰਕਾਸ਼ਨ ਆਰੰਭ ਹੋਇਆ, ਕੰਪੋਜ਼ਿੰਗ ਹੱਥ ਨਾਲ ਇਕ-ਇਕ ਅੱਖਰ ਜੋੜ ਕੇ ਹੁੰਦੀ ਸੀ ਪਰ ਹੁਣ ਸਮੁੱਚੇ ਅਖਬਾਰ ਦਾ ਪ੍ਰਕਾਸ਼ਨ ਕੰਪਿਊਟਰਾਈਜ਼ਡ ਹੋ ਗਿਆ ਹੈ।
ਸ਼ੁਰੂਆਤੀ ਦੌਰ ’ਚ ‘ਪੰਜਾਬ ਕੇਸਰੀ’ ਦੇ ਸਫਿਆਂ ਦੀ ਗਿਣਤੀ ਆਮ ਤੌਰ ’ਤੇ 6 ਹੁੰਦੀ ਸੀ ਜੋ ਹੁਣ ਵਧ ਕੇ ਹਰ ਰੋਜ਼ 18-24 ਸਫਿਆਂ ਤਕ ਪਹੁੰਚ ਗਈ ਹੈ ਅਤੇ ਐਤਵਾਰ ਦੇ ਐਡੀਸ਼ਨ ਦੇ ਸਫਿਆਂ ਦੀ ਗਿਣਤੀ 24 ਤੋਂ 32 ਸਫਿਆਂ ਤਕ ਹੁੰਦੀ ਹੈ।
ਇਸ ਦਰਮਿਆਨ 6 ਅਗਸਤ, 2013 ਨੂੰ ਨਵੀਂ ਦਿੱਲੀ ਤੋਂ ‘ਨਵੋਦਿਆ ਟਾਈਮਜ਼’ ਦਾ ਪ੍ਰਕਾਸ਼ਨ ਆਰੰਭ ਕੀਤਾ ਗਿਆ। ਇਸ ਦੀ ਸ਼ੁਰੂਆਤ 3700 ਕਾਪੀਆਂ ਨਾਲ ਕੀਤੀ ਗਈ ਸੀ ਜੋ ਇਸ ਸਮੇਂ ਵਧ ਕੇ ਏ. ਬੀ. ਸੀ. ਅਨੁਸਾਰ ਸਵਾ ਲੱਖ ਕਾਪੀਆਂ ਦੇ ਲੱਗਭਗ ਹੋ ਗਈ ਹੈ ਅਤੇ ਇਸ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ।
ਇਸ ਦੌਰਾਨ ਸਾਡੇ ਪੱਤਰ ਸਮੂਹ ’ਤੇ ਅਨੇਕਾਂ ਹਮਲੇ ਵੀ ਹੋਏ ਅਤੇ ਸਾਨੂੰ ਅਨੇਕਾਂ ਔਕੜਾਂ ਦਾ ਸਾਹਮਣਾ ਵੀ ਕਰਨਾ ਪਿਆ। ਪੰਜਾਬ ’ਚ ਅੱਤਵਾਦ ਦੇ ਸਿਖਰ ਕਾਲ ’ਚ 9 ਸਤੰਬਰ, 1981 ਨੂੰ ਪੂਜਨੀਕ ਪਿਤਾ ਜੀ ਅਤੇ ਫਿਰ 12 ਮਈ, 1984 ਨੂੰ ਵੱਡੇ ਭਰਾ ਸ਼੍ਰੀ ਰਮੇਸ਼ ਚੰਦਰ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ।
ਇਨ੍ਹਾਂ ਤੋਂ ਇਲਾਵਾ ਉਸ ਕਾਲੇ ਦੌਰ ’ਚ ਅਸੀਂ 2 ਸਮਾਚਾਰ ਸੰਪਾਦਕ ਅਤੇ ਉਪ ਸੰਪਾਦਕ ਤੇ 60 ਹੋਰ ਪੱਤਰਕਾਰ, ਫੋਟੋਗ੍ਰਾਫਰ, ਡਰਾਈਵਰ, ਏਜੰਟ ਅਤੇ ਹਾਕਰ ਵੀ ਗੁਆਏ।
ਇਸ ਸਭ ਦੇ ਬਾਵਜੂਦ ਪ੍ਰਭੂ ਦੀ ਕਿਰਪਾ ਨਾਲ ਤੁਹਾਡਾ ਇਹ ਪਿਆਰਾ ਅਖਬਾਰ ਸਭ ਔਕੜਾਂ ਪਾਰ ਕਰਦਾ ਹੋਇਆ ਅੱਗੇ ਵਧਦਾ ਰਿਹਾ, ਜਿਸ ਵਿਚ ਤੁਹਾਡੇ ਸਭ ਦੇ ਸਹਿਯੋਗ ਅਤੇ ਸਾਡੇ ਕਰਮਸ਼ੀਲ ਅਤੇ ਮਿਹਨਤੀ ਸਟਾਫ ਦਾ ਵੀ ਵੱਡਾ ਹੱਥ ਹੈ।
ਅੱਜ ਆਪਣੇ 59ਵੇਂ ਸਾਲ ’ਚ ਪ੍ਰਵੇਸ਼ ਕਰਦੇ ਹੋਏ ਅਸੀਂ ਨਿਰਭੈ ਅਤੇ ਆਜ਼ਾਦ ਪੱਤਰਕਾਰੀ ਦੀ ਕਸੌਟੀ ’ਤੇ ਖਰਾ ਉਤਰਨ ਦਾ ਸੰਕਲਪ ਦੁਹਰਾਉਂਦੇ ਹੋਏ, ਆਪਣੀ ਇਸ ਸਫਲਤਾ-ਯਾਤਰਾ ’ਚ ਸਾਂਝੀਦਾਰ ਬਣਨ ਲਈ ਆਪਣੇ ਸਾਰੇ ਪਾਠਕਾਂ ਅਤੇ ਸਰਪ੍ਰਸਤਾਂ ਦਾ ਦਿਲੀ ਸ਼ੁਕਰਾਨਾ ਕਰਦੇ ਹਾਂ। ਸਾਨੂੰ ਵਿਸ਼ਵਾਸ ਹੈ ਕਿ ਭਵਿੱਖ ਵਿਚ ਵੀ ‘ਪੰਜਾਬ ਕੇਸਰੀ’ ਨੂੰ ਤੁਹਾਡਾ ਸਹਿਯੋਗ ਪਹਿਲਾਂ ਵਾਂਗ ਹੀ ਮਿਲਦਾ ਰਹੇਗਾ।
-ਵਿਜੇ ਕੁਮਾਰ