ਨੀਮ ਸੁਰੱਖਿਆ ਫੋਰਸਾਂ ਦੇ 50,151 ਮੈਂਬਰ 5 ਸਾਲਾਂ ’ਚ ਛੱਡ ਗਏ ਨੌਕਰੀ

03/28/2023 1:04:36 AM

ਇਸ ਸਮੇਂ ਜਿੱਥੇ ‘ਨੀਮ ਸੁਰੱਖਿਆ ਫੋਰਸਾਂ’ ਵਿਚ ਵੱਡੀ ਗਿਣਤੀ ’ਚ ਅਹੁਦੇ ਖਾਲੀ ਪਏ ਹਨ, ਉਥੇ ਇਨ੍ਹਾਂ ਫੋਰਸਾਂ ’ਚ ਅਸਤੀਫੇ ਦੇ ਕੇ ਜਾਣ ਦੇ ਵਧ ਰਹੇ ਰੁਝਾਨ ਕਾਰਨ 2018 ਤੋਂ 2022 ਤੱਕ 5 ਸਾਲਾਂ ’ਚ ਇਨ੍ਹਾਂ ਦੇ 50,151 ਮੈਂਬਰ ਨੌਕਰੀ ਛੱਡ ਕੇ ਚਲੇ ਗਏ ਹਨ।

ਇਹੀ ਨਹੀਂ, ਅੰਕੜਿਆਂ ’ਚ ਇਹ ਵੀ ਦੱਸਿਆ ਗਿਆ ਹੈ ਕਿ 2018 ਤੋਂ 2022 ਦਰਮਿਆਨ ਉਕਤ ਵਿਭਾਗਾਂ ਦੇ 654 ਮੈਂਬਰਾਂ ਨੇ ਆਤਮਹੱਤਿਆਵਾਂ ਵੀ ਕੀਤੀਆਂ, ਜਿਨ੍ਹਾਂ ’ਚ ਸੀ. ਆਰ. ਪੀ. ਐੱਫ. ਦੇ 230, ਬੀ. ਐੱਸ. ਐੱਫ. ਦੇ 174 ਅਤੇ ਆਸਾਮ ਰਾਈਫਲਜ਼ ਦੇ 43 ਮੈਂਬਰ ਸ਼ਾਮਲ ਹਨ।

ਸੀ. ਆਰ. ਪੀ. ਐੱਫ. ਦੇ ਇਕ ਅਧਿਕਾਰੀ ਮੁਤਾਬਕ ਸਭ ਤੋਂ ਵੱਧ ਆਤਮਹੱਤਿਆਵਾਂ ਛੱਤੀਸਗੜ੍ਹ ’ਚ ਹੋਈਆਂ ਜਿਥੇ ਇਹ ਨਕਸਲ ਵਿਰੋਧੀ ਮੁਹਿੰਮ ’ਚ ਸ਼ਾਮਲ ਹਨ।

ਇਸ ਸਥਿਤੀ ਨੂੰ ਗੰਭੀਰ ਘਟਨਾਚੱਕਰ ਕਰਾਰ ਦਿੰਦੇ ਹੋਏ ਕੇਂਦਰੀ ਗ੍ਰਹਿ ਮੰਤਰਾਲਾ ਨੇ ‘ਕੇਂਦਰੀ ਹੱਥਿਆਰਬੰਦ ਪੁਲਸ ਫੋਰਸ’ (ਸੀ. ਆਈ. ਐੱਸ. ਐੱਫ.) ਦੇ ਅਧਿਕਾਰੀਆਂ ਨੂੰ ਆਪਣੇ ਵਿਭਾਗਾਂ ’ਚ ਸਟਾਫ ਦੇ ਕੰਮਕਾਜ ਦੇ ਹਾਲਾਤ ਨੂੰ ਸੁਧਾਰਨ ਅਤੇ ਉਨ੍ਹਾਂ ਨੂੰ ਨੌਕਰੀ ਛੱਡ ਕੇ ਨਾ ਜਾਣ ਲਈ ਸਟਾਫ ਨੂੰ ਪ੍ਰੇਰਿਤ ਕਰਨ ਲਈ ਕਿਹਾ ਹੈ।

ਮੰਤਰਾਲਾ ਨੇ ਕਿਹਾ ਹੈ ਕਿ ਇੰਨੇ ਵੱਡੇ ਪੱਧਰ ’ਤੇ ਅਸਤੀਫਿਆਂ ਨਾਲ ਸੰਬੰਧਤ ਵਿਭਾਗਾਂ ਦੇ ਕੰਮਕਾਜ ’ਤੇ ਅਸਰ ਪੈ ਸਕਦਾ ਹੈ। ਕਿਸੇ ਨੂੰ ਦੇਖਦੇ ਹੋਏ ਗ੍ਰਹਿ ਮੰਤਰਾਲਾ ਨੇ ਸੰਸਦ ’ਚ ਇਕ ਸਵਾਲ ਦੇ ਜਵਾਬ ’ਚ ਦੱਸਿਆ ਕਿ ਇਸ ਸਮੱਸਿਆ ਨੂੰ ਰੋਕਣ ਲਈ ਇਲਾਜ ਵਾਲੇ ਕਦਮਾਂ ਦਾ ਸੁਝਾਅ ਦੇਣ ਲਈ ਇਕ ਸੰਸਦੀ ਕਮੇਟੀ ਗਠਿਤ ਕੀਤੀ ਗਈ ਹੈ।

ਇਹ ਜਾਣਨ ਲਈ ਕਿ ਕੋਈ ਮੈਂਬਰ ਨੌਕਰੀ ਕਿਉਂ ਛੱਡ ਰਿਹਾ ਹੈ, ‘ਕੇਂਦਰੀ ਹਥਿਆਰਬੰਦ ਪੁਲਸ ਫੋਰਸ’ ਦੇ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਅਸਤੀਫੇ ਦੇ ਕੇ ਜਾਣ ਵਾਲੇ ਸਟਾਫ ਦੀ ‘ਐਗਜ਼ਿਟ ਇੰਟਰਵਿਊ’ ਲੈ ਕੇ ਉਨ੍ਹਾਂ ਦੀਆਂ ਸ਼ਿਕਾਇਤਾਂ ਪੁੱਛਣ।

ਇਕ ਪਾਸੇ ਦੇਸ਼ ’ਚ ਬੇਰੋਜ਼ਗਾਰੀ ਬਹੁਤ ਵੱਧ ਹੈ ਅਤੇ ਦੂਜੇ ਪਾਸੇ ਸੁਰੱਖਿਆ ਫੋਰਸਾਂ ਦੇ ਮੈਂਬਰ ਨੌਕਰੀਆਂ ਛੱਡ ਕੇ ਜਾ ਰਹੇ ਹਨ। ਇਸ ਲਈ ਇਸ ਦੇ ਕਾਰਨਾਂ ਦੀ ਡੂੰਘਾਈ ’ਚ ਜਾ ਕੇ ਉਨ੍ਹਾਂ ਨੂੰ ਦੂਰ ਕਰਨ ਦੀ ਲੋੜ ਹੈ ਤਾਂ ਜੋ ਉਨ੍ਹਾਂ ਨੂੰ ਨੌਕਰੀਆਂ ਛੱਡ ਕੇ ਜਾਣ ਤੋਂ ਰੋਕਿਆ ਜਾ ਸਕੇ ਅਤੇ ਦੇਸ਼ ਦੀ ਸੁਰੱਖਿਆ ਪ੍ਰਭਾਵਿਤ ਨਾ ਹੋਵੇ।

–ਵਿਜੇ ਕੁਮਾਰ


Anmol Tagra

Content Editor

Related News