‘ਕੋਰੋਨਾ’ ਦੇ ਦਹਿਸ਼ਤ ਭਰੇ ਮਾਹੌਲ ਵਿਚ ‘ਸਮਾਜ ਸੇਵਾ ਵਿਚ ਜੁਟੇ ਲੋਕਾਂ ਨੂੰ ਸਲਾਮ’

4/2/2020 2:12:12 AM

ਅੱਜ ਜਦਕਿ ਵਿਸ਼ਵਵਿਆਪੀ ‘ਕੋਰੋਨਾ ਦੀ ਇਨਫੈਕਸ਼ਨ’ ਕਾਰਣ ਲੋਕ ਆਪਣੇ-ਆਪਣੇ ਘਰਾਂ ’ਚ ਕੈਦ ਹੋਣ ਲਈ ਮਜਬੂਰ ਹਨ, ਜ਼ਰੂਰੀ ਸੇਵਾਵਾਂ ਨਾਲ ਜੁੜੇ ਕਰਮਚਾਰੀਆਂ ਦੇ ਨਾਲ-ਨਾਲ ਕੁਝ ਕੁ ਆਮ ਲੋਕ ਵੀ ਆਪਣੀ ਸੇਵਾ ਭਾਵਨਾ ਅਤੇ ਸਮਾਜ ਪ੍ਰਤੀ ਸਰੋਕਾਰ ਦਾ ਸਬੂਤ ਦੇ ਕੇ ਇਕ ਮਿਸਾਲ ਪੈਦਾ ਕਰ ਰਹੇ ਹਨ।

* 25 ਮਾਰਚ ਤੋਂ ਲਾਗੂ 21 ਦਿਨ ਦੇ ਲਾਕਡਾਊਨ ਤੋਂ ਇਕ ਦਿਨ ਪਹਿਲਾਂ 24 ਮਾਰਚ ਨੂੰ ਦੇਸ਼ ਦੀ ਸਭ ਤੋਂ ਵੱਡੀ ਤੇਲ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਚੇਅਰਮੈਨ ਸ਼੍ਰੀ ਸੰਜੀਵ ਸਿੰਘ ਦੇ ਪਿਤਾ ਦਾ ਦਿਹਾਂਤ ਹੋ ਗਿਆ ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਅਗਲੇ ਹੀ ਦਿਨ ਡਿਊਟੀ ’ਤੇ ਆਉਣਾ ਸ਼ੁਰੂ ਕਰ ਦਿੱਤਾ ਤਾਂ ਕਿ ਕੰਪਨੀ ਦਾ ਕੰਮ ਪ੍ਰਭਾਵਿਤ ਨਾ ਹੋਵੇ।

* ਹਿਮਾਚਲ ’ਚ ਬੰਜਾਰ ਦੇ ਰਹਿਣ ਵਾਲੇ ਵਾਤਾਵਰਣ ਮਾਹਿਰ ਗੁਮਾਨ ਸਿੰਘ ਅਤੇ ਉਨ੍ਹਾਂ ਦੀ ਸਮਾਜ ਸੇਵਿਕਾ ਪਤਨੀ ਹਰਾ ਦੇਵੀ ਨੇ ਆਪਣੇ ਪੁੱਤਰ ਦੀ 13ਵੀਂ ’ਤੇ ਭੋਜ ਦਾ ਆਯੋਜਨ ਕਰਨ ਦੀ ਬਜਾਏ ‘ਕੋਰੋਨਾ’ ਤੋਂ ਬਚਾਅ ਲਈ ਲੋਕਾਂ ਨੂੰ 2000 ਮਾਸਕ ਵੰਡੇ।

* ਬੁਲੰਦਸ਼ਹਿਰ ਦੇ ਮੁਹੱਲਾ ‘ਆਨੰਦ ਵਿਹਾਰ ਸਾਠਾ’ ਵਿਚ ਰਵੀਸ਼ੰਕਰ ਨਾਮੀ ਬਜ਼ੁਰਗ ਦਾ ਦਿਹਾਂਤ ਹੋ ਗਿਆ ਤਾਂ ਲਾਕਡਾਊਨ ਕਾਰਣ ਅੰਤਿਮ ਸੰਸਕਾਰ ਲਈ ਉਨ੍ਹਾਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਉੱਥੇ ਨਹੀਂ ਪਹੁੰਚ ਸਕਿਆ।

ਆਸ-ਪਾਸ ਦੇ ਮੁਸਲਮਾਨਾਂ ਨੂੰ ਜਦੋਂ ਇਸ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਉੱਥੇ ਪਹੁੰਚ ਕੇ ਨਾ ਸਿਰਫ ‘ਰਾਮ ਨਾਮ ਸੱਤਯ ਹੈ’ ਬੋਲਦੇ ਹੋਏ ਅਰਥੀ ਨੂੰ ਮੋਢਾ ਦੇ ਕੇ ਸ਼ਮਸ਼ਾਨਘਾਟ ਪਹੁੰਚਾਇਆ ਸਗੋਂ ਪੂਰੀਆਂ ਰਸਮਾਂ ਦੇ ਨਾਲ ਬਜ਼ੁਰਗ ਦਾ ਅੰਤਿਮ ਸੰਸਕਾਰ ਵੀ ਕਰਵਾਇਆ।

* ਜੰਮੂ ਦੀ ਰਹਿਣ ਵਾਲੀ 87 ਸਾਲਾ ਬਜ਼ੁਰਗ ਮੁਸਲਿਮ ਔਰਤ ਖਾਲਿਦਾ ਬੇਗਮ ਨੇ ‘ਹੱਜ’ ਯਾਤਰਾ ਲਈ ਜੋੜੀ ਹੋਈ 5 ਲੱਖ ਦੀ ਰਕਮ ਜੰਮੂ ਅਤੇ ਨੇੜੇ- ਤੇੜੇ ਦੇ ਇਲਾਕਿਆਂ ਵਿਚ ਲਾਕਡਾਊਨ ਨਾਲ ਪ੍ਰਭਾਵਿਤ ਜ਼ਰੂਰਤਮੰਦ ਲੋਕਾਂ ਦੀ ਸਹਾਇਤਾ ਕਰ ਰਹੇ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸੰਗਠਨ ‘ਸੇਵਾ ਭਾਰਤੀ’ ਨੂੰ ਦਾਨ ਕਰ ਦਿੱਤੀ।

* ਕੇਰਲ ’ਚ ਕੰਨੂਰ ਸਥਿਤ ‘ਪਰਿਯਾਰਮ ਮੈਡੀਕਲ ਕਾਲਜ ਅਤੇ ਹਸਪਤਾਲ’ ਵਿਚ ਤਾਇਨਾਤ ਡਾਕਟਰ ਸ਼ਿਫਾ ਐੱਮ. ਮੁਹੰਮਦ ਨੇ 29 ਮਾਰਚ ਨੂੰ ਹੋਣ ਵਾਲਾ ਆਪਣਾ ਵਿਆਹ ਹਾਲਾਤ ਆਮ ਵਰਗੇ ਹੋਣ ਤਕ ਲਈ ਮੁਲਤਵੀ ਕਰ ਦਿੱਤਾ ਤਾਂ ਕਿ ਹਸਪਤਾਲ ਵਿਚ ‘ਕੋਰੋਨਾ’ ਇਨਫੈਕਟਿਡਾਂ ਦੇ ਆਈਸੋਲੇਸ਼ਨ ਵਾਰਡ ’ਚ ਲੱਗੀ ਆਪਣੀ ਡਿਊਟੀ ਪਹਿਲਾਂ ਵਾਂਗ ਹੀ ਨਿਭਾਉਂਦੀ ਰਹੇ।

ਡਾ. ਸ਼ਿਫਾ ਦਾ ਕਹਿਣਾ ਹੈ ਕਿ ‘‘ਵਿਆਹ ਦੀ ਉਡੀਕ ਤਾਂ ਕਰ ਸਕਦੀ ਹਾਂ ਪਰ ਹਸਪਤਾਲ ’ਚ ਦਾਖਲ ਜ਼ਿੰਦਗੀ ਅਤੇ ਮੌਤ ਦੇ ਵਿਚਾਲੇ ਝੂਲ ਰਹੇ ਮੇਰੇ ਇਲਾਜ ਅਧੀਨ ਰੋਗੀ ਉਡੀਕ ਨਹੀਂ ਕਰ ਸਕਦੇ।’’ ਦੁਬਈ ਤੋਂ ਵਿਆਹ ਲਈ ਆਏ ਉਸ ਦੇ ਮੰਗੇਤਰ ਅਤੇ ਉਸ ਦੇ ਪਰਿਵਾਰ ਵਾਲਿਆਂ ਨੇ ਵੀ ਡਾ. ਸ਼ਿਫਾ ਦੇ ਫੈਸਲੇ ਨੂੰ ਖੁਸ਼ੀ-ਖੁਸ਼ੀ ਪ੍ਰਵਾਨ ਕਰ ਲਿਆ।

* ਜੀਂਦ ਦੇ ਸਿਵਲ ਹਸਪਤਾਲ ’ਚ ਤਾਇਨਾਤ ਡਾ. ਸ਼ਿਵਾਨੀ ਦੀ ਡਿਊਟੀ ਜਦੋਂ ਹਸਪਤਾਲ ’ਚ ਬਣਾਏ ਗਏ ਆਈਸੋਲੇਸ਼ਨ ਵਾਰਡ ’ਚ ਲਾ ਦਿੱਤੀ ਗਈ ਤਾਂ ਉਸ ਨੇ ਆਪਣੀ 10 ਸਾਲਾ ਧੀ ਨੂੰ ਉਸ ਦੇ ਨਾਨਕੇ ਭੇਜ ਦਿੱਤਾ ਤਾਂ ਕਿ ਡਿਊਟੀ ਨਿਭਾਉਣ ’ਚ ਕੋਈ ਅੜਿੱਕਾ ਨਾ ਆਵੇ।

* ਮੱਧ ਪ੍ਰਦੇਸ਼ ਦਾ ਇਕ ਪੁਲਸ ਕਾਂਸਟੇਬਲ ਦਿਗਵਿਜੇ ਸ਼ਰਮਾ ਲਾਕਡਾਊਨ ’ਚ ਆਵਾਜਾਈ ਦੇ ਸਾਧਨ ਬੰਦ ਹੋਣ ਕਾਰਣ ਮੱਧ ਪ੍ਰਦੇਸ਼ ’ਚ ਰਾਜਗੜ੍ਹ ਜ਼ਿਲੇ ਦੇ ਪਚੌਰ ਪੁਲਸ ਥਾਣੇ ’ਚ ਆਪਣੀ ਡਿਊਟੀ ਜੁਆਇਨ ਕਰਨ ਲਈ ਉੱਤਰ ਪ੍ਰਦੇਸ਼ ’ਚ ਇਟਾਵਾ ਤੋਂ 450 ਕਿ. ਮੀ. ਦਾ ਸਫਰ ਪੈਦਲ ਤਹਿ ਕਰ ਕੇ ਉੱਥੇ ਪਹੁੰਚਿਆ।

* ਸੋਸ਼ਲ ਮੀਡੀਆ ’ਚ ਮੁੰਬਈ ਦੇ ਇਕ ਪੁਲਸ ਕਰਮਚਾਰੀ ਦਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿਚ ਉਸ ਦਾ ਪੁੱਤਰ ਰੋ-ਰੋ ਕੇ ਉਸ ਦਾ ਹੱਥ ਫੜ ਕੇ ਉਸ ਨੂੰ ਡਿਊਟੀ ’ਤੇ ਨਾ ਜਾਣ ਲਈ ਕਹਿ ਰਿਹਾ ਹੈ ਪਰ ਪੁਲਸ ਮੁਲਾਜ਼ਮ ਉਸ ਨੂੰ ਬੜਾ ਪੁਚਕਾਰ ਕੇ ਇਹ ਕਹਿੰਦੇ ਹੋਏ ਚਲਾ ਗਿਆ ਕਿ ਲੋਕਾਂ ਦੀ ਸੁਰੱਖਿਆ ਲਈ ਡਿਊਟੀ ’ਤੇ ਪਹੁੰਚਣਾ ਜ਼ਰੂਰੀ ਹੈ।

* ਜਲੰਧਰ ’ਚ ਡਿਊਟੀ ’ਤੇ ਤਾਇਨਾਤ ਏ. ਐੱਸ. ਆਈ. ਸੁਰਿੰਦਰਪਾਲ ਨੂੰ ਜਦੋਂ ਇਹ ਸੂਚਨਾ ਮਿਲੀ ਕਿ ਨਿੱਜੀ ਹਸਪਤਾਲ ’ਚ ਦਾਖਲ ਔਰਤ ਦੀ ਜਾਨ ਬਚਾਉਣ ਲਈ ਉਨ੍ਹਾਂ ਦੇ ਗਰੁੱਪ ਦੇ ਖੂਨ ਦੀ ਤੁਰੰਤ ਲੋੜ ਹੈ ਤਾਂ ਉਸ ਨੇ ਤੁਰੰਤ ਹਸਪਤਾਲ ਪਹੁੰਚ ਕੇ ਔਰਤ ਲਈ ਖੂਨ ਦਾਨ ਕੀਤਾ ਅਤੇ ਬਾਅਦ ’ਚ ਡਿਊਟੀ ’ਤੇ ਹਾਜ਼ਰ ਹੋ ਗਿਆ।

* ਬਠਿੰਡਾ ਦੇ ਇਕ ਲੈਂਡਲਾਰਡ ਨੇ ਆਪਣੀਆਂ 24 ਦੁਕਾਨਾਂ ਦੇ ਕਿਰਾਏਦਾਰਾਂ ਦਾ ਮਾਸਿਕ ਕਿਰਾਇਆ ਸਥਿਤੀ ਆਮ ਵਰਗੀ ਹੋਣ ਤਕ ਨਾ ਲੈਣ ਦਾ ਐਲਾਨ ਕੀਤਾ ਹੈ।

* ਮੁੰਬਈ ’ਚ ਅਭਿਨੇਤਰੀ ਸ਼ਿਖਾ ਮਲਹੋਤਰਾ ਨਰਸ ਦੇ ਰੂਪ ਵਿਚ ਮੁੰਬਈ ਦੇ ਹਸਪਤਾਲ ਵਿਚ ‘ਕੋਰੋਨਾ’ ਦੇ ਸ਼ੱਕੀਆਂ ਦੀ ਦੇਖਭਾਲ ਕਰ ਰਹੀ ਹੈ। ਨਰਸਿੰਗ ’ਚ ਟ੍ਰੇਂਡ ਸ਼ਿਖਾ ਦਾ ਕਹਿਣਾ ਹੈ ਕਿ ਉਸ ਨੇ ਇਹ ਮਹਿਸੂਸ ਕੀਤਾ ਹੈ ਕਿ ਅੱਜ ਦੇਸ਼ ਨੂੰ ਉਸ ਦੀ ਜ਼ਿਆਦਾ ਲੋੜ ਹੈ।

* ਇਹੀ ਨਹੀਂ, ਦੇਸ਼ ’ਚ ਕੁਝ ਥਾਵਾਂ ’ਤੇ ਸਫਾਈ ਕਰਮਚਾਰੀ ਵੀ ਆਪਣੀ ਜਾਨ ਜੋਖਿਮ ’ਚ ਪਾ ਕੇ ਸਫਾਈ ਦਾ ਬਹੁਤ ਹੀ ਮਹੱਤਵਪੂਰਨ ਕਾਰਜ ਰਹੇ ਹਨ ਤਾਂ ਕਿ ਸਾਡੇ ਸ਼ਹਿਰ ਸਾਫ ਰਹਿਣ।

ਜੇਕਰ ਸਰਕਾਰ ਦੇ ਨਿਰਦੇਸ਼ਾਂ ਦਾ ਪਾਲਣ ਅਤੇ ਫਰਜ਼ਾਂ ਦੀ ਪੂਰਤੀ ਦੀ ਅਜਿਹੀ ਹੀ ਭਾਵਨਾ ਦੇਸ਼ ਦੇ ਸਾਰੇ ਲੋਕਾਂ ’ਚ ਆ ਜਾਵੇ ਤਾਂ ਵੱਡੇ ਤੋਂ ਵੱਡਾ ਸੰਕਟ ਵੀ ਟਿਕ ਨਹੀਂ ਸਕੇਗਾ ਅਤੇ ਅਸੀਂ ਪਹਿਲਾਂ ਵਾਂਗ ਆਮ ਜ਼ਿੰਦਗੀ ਬਤੀਤ ਕਰ ਸਕਾਂਗੇ।

-ਵਿਜੇ ਕੁਮਾਰ\\\ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Bharat Thapa

Edited By Bharat Thapa