ਸੜਕਾਂ ’ਤੇ ਮੰਡਰਾਅ ਰਹੀ ‘ਮੌਤ’, ‘ਆਵਾਰਾ ਅਤੇ ਬੇਸਹਾਰਾ ਪਸ਼ੂ’
Friday, Aug 18, 2023 - 03:40 AM (IST)

ਦੇਸ਼ ’ਚ ਲਗਾਤਾਰ ਵਧ ਰਹੀ ਆਵਾਰਾ ਕੁੱਤਿਆਂ ਦੀ ਗਿਣਤੀ ਤਾਂ ਲੋਕਾਂ ਦੀ ਸੁਰੱਖਿਆ ਲਈ ਪਹਿਲਾਂ ਹੀ ਭਾਰੀ ਖਤਰਾ ਬਣੀ ਹੋਈ ਹੈ, ਕੁਝ ਸਾਲਾਂ ਤੋਂ ਸੜਕਾਂ ’ਤੇ ਘੁੰਮ ਰਹੇ ਹੋਰ ਆਵਾਰਾ ਪਸ਼ੂ, ਖਾਸ ਤੌਰ ’ਤੇ ਛੱਡੇ ਹੋਏ ਗਊਵੰਸ਼ ਵੀ ਲੋਕਾਂ ਦੀ ਸੁਰੱਖਿਆ ਲਈ ਭਾਰੀ ਸਮੱਸਿਆ ਬਣ ਗਏ ਹਨ। ਬੀਤੇ ਸਾਲ ਬੀਮਾ ਕੰਪਨੀ ਦੀ ਇਕ ਰਿਪੋਰਟ ’ਚ ਦੱਸਿਆ ਗਿਆ ਸੀ ਕਿ ਦੇਸ਼ ’ਚ ਸੜਕ ਹਾਦਸਿਆਂ ਦਾ ਦੂਜਾ ਸਭ ਤੋਂ ਵੱਡਾ ਕਾਰਨ ਆਵਾਰਾ ਪਸ਼ੂ ਹਨ।
ਢਿੱਡ ਭਰਨ ਲਈ ਕੂੜੇ ਦੇ ਢੇਰਾਂ ’ਚੋਂ ਲੋਕਾਂ ਵੱਲੋਂ ਸੁੱਟੀਆਂ ਹੋਈਆਂ ਗਲੀਆਂ-ਸੜੀਆਂ ਚੀਜ਼ਾਂ ਅਤੇ ਸਬਜ਼ੀ ਮੰਡੀਆਂ ’ਚ ਮੂੰਹ ਮਾਰਦੇ ਇਹ ਆਵਾਰਾ ਪਸ਼ੂ ਜਿੱਥੇ ਗੰਦਗੀ ਫੈਲਾਉਂਦੇ ਹਨ, ਉੱਥੇ ਹੀ ਖੇਤਾਂ ’ਚ ਜਾ ਕੇ ਫਸਲਾਂ ਵੀ ਨਸ਼ਟ ਕਰਦੇ ਹਨ।
ਕਈ ਥਾਵਾਂ ’ਤੇ ਤਾਂ ਸੜਕਾਂ ’ਤੇ ਕਿਰਿਆਤਮਕ ਤੌਰ ’ਤੇ ਇਨ੍ਹਾਂ ਆਵਾਰਾ ਪਸ਼ੂਆਂ ਦਾ ਜਿਵੇਂ ‘ਕਬਜ਼ਾ’ ਹੀ ਹੋ ਜਾਂਦਾ ਹੈ ਜੋ ਰਸਤਿਆਂ ਵਿਚਾਲੇ ‘ਧਰਨਾ’ ਮਾਰ ਕੇ ਬੈਠ ਜਾਂਦੇ ਹਨ, ਜਿਸ ਨਾਲ ਵਾਹਨਾਂ ਦੀ ਆਵਾਜਾਈ ਤੱਕ ਰੁਕ ਜਾਂਦੀ ਹੈ।
ਪੇਸ਼ ਹਨ ਸਿਰਫ ਲਗਭਗ ਇਕ ਮਹੀਨੇ ’ਚ ਹੋਏ ਚੰਦ ਹਾਦਸਿਆਂ ਦੀਆਂ ਉਦਾਹਰਣਾਂ :
* 14 ਅਗਸਤ ਨੂੰ ਅਲਹਾਗੰਜ (ਉੱਤਰ ਪ੍ਰਦੇਸ਼) ’ਚ ਸੜਕ ਵਿਚਾਲੇ ਖੜ੍ਹੇ ਆਵਾਰਾ ਪਸ਼ੂ ਨਾਲ ਟਕਰਾ ਕੇ ਇਕ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ।
* 14 ਅਗਸਤ ਨੂੰ ਹੀ ਪਠਾਨਕੋਟ (ਪੰਜਾਬ) ’ਚ ਲਾਵਾਰਿਸ ਪਸ਼ੂ ਨਾਲ ਮੋਟਰਸਾਈਕਲ ਟਕਰਾਉਣ ਕਾਰਨ 27 ਸਾਲਾ ਨੌਜਵਾਨ ਦੀ ਮੌਤ ਹੋ ਗਈ।
* 13 ਅਗਸਤ ਨੂੰ ਬਿਲਾਸਪੁਰ (ਉੱਤਰ ਪ੍ਰਦੇਸ਼) ’ਚ ਇਕ ਗਊਵੰਸ਼ ਨਾਲ ਟਕਰਾਅ ਜਾਣ ਕਾਰਨ ਇਕ ਮੋਟਰਸਾਈਕਲ ਸਵਾਰ ਨੌਜਵਾਨ ਦੀ ਜਾਨ ਚਲੀ ਗਈ।
* 11 ਅਗਸਤ ਨੂੰ ਬਹਿਰਾਈਚ (ਉੱਤਰ ਪ੍ਰਦੇਸ਼) ’ਚ ਸੜਕ ’ਤੇ ਘੁੰਮ ਰਹੇ ਆਵਾਰਾ ਪਸ਼ੂ ਨੂੰ ਬਚਾਉਂਦਿਆਂ-ਬਚਾਉਂਦਿਆਂ ਇਕ ਕਾਰ ਬੇਕਾਬੂ ਹੋ ਕੇ ਪਲਟ ਜਾਣ ਨਾਲ ਉਸ ’ਚ ਸਵਾਰ ਇਕ ਨੌਜਵਾਨ ਦੀ ਮੌਤ ਅਤੇ ਇਕ ਹੋਰ ਜ਼ਖਮੀ ਹੋ ਗਿਆ।
* 10 ਅਗਸਤ ਨੂੰ ਅਬੋਹਰ (ਪੰਜਾਬ) ’ਚ ਸੜਕ ’ਤੇ ਘੁੰਮ ਰਹੇ ਆਵਾਰਾ ਕੁੱਤੇ ਨੂੰ ਬਚਾਉਣ ਦੀ ਕੋਸ਼ਿਸ਼ ’ਚ ਇਕ ਸਕੂਲ ਵੈਨ ਬੇਕਾਬੂ ਹੋ ਕੇ ਪਲਟ ਜਾਣ ਕਾਰਨ ਇਕ ਬੱਚੇ ਦੀ ਮੌਤ ਹੋ ਗਈ ਅਤੇ 3 ਹੋਰ ਜ਼ਖਮੀ ਹੋ ਗਏ।
* 7 ਅਗਸਤ ਨੂੰ ਜੁਗਿਆਲ (ਪੰਜਾਬ) ਸਥਿਤ ‘ਰਣਜੀਤ ਸਾਗਰ ਡੈਮ ਪ੍ਰਾਜੈਕਟ’ ਦੀ ਰਿਹਾਇਸ਼ੀ ਕਾਲੋਨੀ, ਸ਼ਾਹਪੁਰਕੰਡੀ ’ਚ ਵਿਜੀਲੈਂਸ ਅਤੇ ਕੁਆਲਿਟੀ ਇੰਸ਼ੋਰੈਂਸ ਮਕੈਨੀਕਲ ਦਫਤਰ ਦੇ ਇਕ ਮੁਲਾਜ਼ਮ ’ਤੇ ਦਫਤਰ ਤੋਂ ਬਾਹਰ ਨਿਕਲਦੇ ਹੀ ਉੱਥੇ ਘੁੰਮ ਰਹੇ ਸਾਨ੍ਹ ਨੇ ਹਮਲਾ ਕਰ ਕੇ ਉਸ ਨੂੰ ਗੰਭੀਰ ਤੌਰ ’ਤੇ ਜ਼ਖਮੀ ਕਰ ਦਿੱਤਾ।
* 7 ਅਗਸਤ ਨੂੰ ਹੀ ਪਠਾਨਕੋਟ (ਪੰਜਾਬ) ’ਚ ਰੇਲਵੇ ਕਾਲੋਨੀ ਕੰਪਲੈਕਸ ’ਚ ਖੇਡ ਰਹੇ ਬੱਚੇ ਦੇ ਪਿੱਛੇ ਇਕ ਕੁੱਤਾ ਪੈ ਗਿਆ ਤਾਂ ਉਸ ਤੋਂ ਬਚਣ ਲਈ ਲੋਹੇ ਦੇ ਗੇਟ ’ਤੇ ਚੜ੍ਹਨ ਦੀ ਕੋਸ਼ਿਸ਼ ’ਚ ਡਿੱਗ ਕੇ ਗੰਭੀਰ ਤੌਰ ’ਤੇ ਜ਼ਖਮੀ ਹੋ ਜਾਣ ਕਾਰਨ ਉਸ ਦੀ ਜਾਨ ਚਲੀ ਗਈ।
* 6 ਅਗਸਤ ਨੂੰ ਸ਼੍ਰਾਵਸਤੀ (ਉੱਤਰ ਪ੍ਰਦੇਸ਼) ’ਚ ਆਵਾਰਾ ਪਸ਼ੂਆਂ ਨੂੰ ਬਚਾਉਣ ਦੇ ਯਤਨ ’ਚ ਇਕ ਕਾਰ ਬੇਕਾਬੂ ਹੋ ਕੇ ਰੁੱਖ ਨਾਲ ਜਾ ਟਕਰਾਈ ਜਿਸ ਨਾਲ 5 ਲੋਕਾਂ ਦੀ ਮੌਤ ਹੋ ਗਈ।
* 6 ਅਗਸਤ ਨੂੰ ਹੀ ਹਿਸਾਰ (ਹਰਿਆਣਾ) ’ਚ ਸਕੂਟੀ ’ਤੇ ਜਾ ਰਹੇ 2 ਭਰਾਵਾਂ ਨੂੰ ਬੇਸਹਾਰਾ ਗਾਂ ਨੇ ਟੱਕਰ ਮਾਰ ਦਿੱਤੀ ਜਿਸ ਨਾਲ ਦੋਵੇਂ ਭਰਾ ਜ਼ਖਮੀ ਹੋ ਗਏ ਅਤੇ ਇਨ੍ਹਾਂ ’ਚੋਂ ਇਕ ਦੀ ਨੱਕ ਦੀ ਹੱਡੀ ਟੁੱਟ ਗਈ।
* 4 ਅਗਸਤ ਨੂੰ ਧੌਲਪੁਰ (ਰਾਜਸਥਾਨ) ਜ਼ਿਲੇ ਦੇ ‘ਦਿਹੋਲੀ’ ਪਿੰਡ ’ਚ 2 ਨੌਜਵਾਨਾਂ ਦਾ ਮੋਟਰਸਾਈਕਲ ਇਕ ਆਵਾਰਾ ਪਸ਼ੂ ਨਾਲ ਟਕਰਾ ਜਾਣ ਦੇ ਸਿੱਟੇ ਵਜੋਂ ਇਕ ਨੌਜਵਾਨ ਦੀ ਮੌਤ ਅਤੇ ਦੂਜਾ ਗੰਭੀਰ ਤੌਰ ’ਤੇ ਜ਼ਖਮੀ ਹੋ ਗਿਆ।
* 29 ਜੁਲਾਈ ਰਾਤ ਨੂੰ ਪਾਤੜਾਂ (ਪੰਜਾਬ) ’ਚ ਸੜਕ ’ਤੇ ਖੜ੍ਹੇ ਗਊਵੰਸ਼ ਨਾਲ ਟਕਰਾਉਣ ਦੇ ਨਤੀਜੇ ਵਜੋਂ ਇਕ ਮੋਟਰਸਾਈਕਲ ਸਵਾਰ ਨੌਜਵਾਨ ਦੀ ਜਾਨ ਚਲੀ ਗਈ।
* 17 ਜੁਲਾਈ ਨੂੰ ਅਲੀਗੜ੍ਹ (ਉੱਤਰ ਪ੍ਰਦੇਸ਼) ’ਚ ਬੇਸਹਾਰਾ ਗਊਵੰਸ਼ ਨਾਲ 2 ਮੋਟਰਸਾਈਕਲਾਂ ਦੀ ਟੱਕਰ ਦੇ ਨਤੀਜੇ ਵਜੋਂ 3 ਲੋਕਾਂ ਦੀ ਮੌਤ ਹੋ ਗਈ।
ਸਬੰਧਤ ਪ੍ਰਸ਼ਾਸਨ ਵੱਲੋਂ ਆਵਾਰਾ ਪਸ਼ੂਆਂ ਤੋਂ ਮੁਕਤੀ ਦਿਵਾਉਣ ’ਚ ਅਸਫਲ ਰਹਿਣ ਨਾਲ ਲੋਕਾਂ ’ਚ ਰੋਸ ਵਧ ਿਰਹਾ ਹੈ। ਲਿਹਾਜ਼ਾ ਸਬੰਧਤ ਵਿਭਾਗਾਂ ਵੱਲੋਂ ਆਵਾਰਾ ਪਸ਼ੂਆਂ ਦੀ ਸਮੱਸਿਆ ਤੋਂ ਲੋਕਾਂ ਨੂੰ ਮੁਕਤੀ ਦਿਵਾਉਣ ਲਈ ਜਿੰਨੀ ਜਲਦੀ ਹੋ ਸਕੇ ਯਤਨ ਕਰਨ ਦੀ ਲੋੜ ਹੈ ਤਾਂ ਕਿ ਲੋਕਾਂ ਨੂੰ ਇਸ ‘ਬਿਨ ਬੁਲਾਈ ਮੌਤ’ ਤੋਂ ਮੁਕਤੀ ਮਿਲ ਸਕੇ।
ਇਸ ਸਮੱਸਿਆ ਨਾਲ ਨਜਿੱਠਣ ਲਈ ਆਵਾਰਾ ਪਸ਼ੂਆਂ ਦੀ ਆਬਾਦੀ ਵਧਣ ਤੋਂ ਰੋਕਣ ਦੇ ਯਤਨ ਅਤੇ ਇਨ੍ਹਾਂ ਨੂੰ ਬੇਸਹਾਰਾ ਛੱਡ ਦੇਣ ਵਾਲੇ ਲੋਕਾਂ ’ਤੇ ਕਾਰਵਾਈ ਦੇ ਇਲਾਵਾ ਇਨ੍ਹਾਂ ਦੇ ਮੁੜ-ਵਸੇਬੇ ਲਈ ਕੋਈ ਤਸੱਲੀਬਖਸ਼ ਵਿਵਸਥਾ ਕਰਨ ਦੀ ਵੀ ਲੋੜ ਹੈ।
ਸੜਕਾਂ ’ਤੇ ਘੁੰਮਣ ਵਾਲੇ ਬੇਸਹਾਰਾ ਗਊਵੰਸ਼ ਦੇ ਸਿੰਗਾਂ ’ਤੇ ਰਿਫਲੈਕਟਰ ਲਾਉਣ ਨਾਲ ਵੀ ਰਾਤ ਦੇ ਸਮੇਂ ਇਨ੍ਹਾਂ ਕਾਰਨ ਹੋਣ ਵਾਲੇ ਹਾਦਸਿਆਂ ਨੂੰ ਰੋਕਣ ’ਚ ਕੁਝ ਸਹਾਇਤਾ ਮਿਲ ਸਕਦੀ ਹੈ।
-ਵਿਜੇ ਕੁਮਾਰ