ਕੋੋਰੋਨਾ ਸੰਕਟ ਦੇ ਦਰਮਿਆਨ ਦੇਸ਼ ’ਚ ‘ਫਸਲਾਂ ’ਤੇ ਟਿੱਡੀ ਦਲਾਂ ਦੇ ਹਮਲਿਅਾਂ ਨਾਲ ਤਬਾਹੀ’

05/27/2020 1:51:41 AM

‘ਟਿੱਡੀ’ ਇਕ ਪ੍ਰਵਾਸੀ ਕੀੜਾ ਹੈ, ਜੋ ਝੁੰਡ ਦੇ ਰੂਪ ’ਚ ਖੇਤਾਂ ’ਤੇ ਹਮਲਾ ਕਰ ਕੇ ਖੇਤਾਂ ਨੂੰ ਭਾਰੀ ਨੁਕਸਾਨ ਪਹੁੰਚਾਉਂਦੇ ਹਨ। ਇਨ੍ਹਾਂ ਦੀ ਪੈਦਾਇਸ਼ ਪੂਰਬੀ-ਅਫਰੀਕਾ ਤੋਂ ਹੋਈ ਦੱਸੀ ਜਾਂਦੀ ਹੈ ਅਤੇ ਇਕ ਦਿਨ ’ਚ 150 ਕਿਲੋਮੀਟਰ ਦਾ ਸਫਰ ਤੈਅ ਕਰ ਸਕਦੇ ਹਨ। ਆਮ ਤੌਰ ’ਤੇ ‘ਟਿੱਡੀ ਦਲ’ ਰਾਤ ਨੂੰ ਖੇਤਾਂ ’ਚ ਦਾਖਲ ਹੁੰਦੇ ਹਨ। ਇਨ੍ਹਾਂ ਦਾ ਘੇਰਾ ਲਗਭਗ 20 ਕਿਲੋਮੀਟਰ ਤਕ ਹੁੰਦਾ ਹੈ, ਜਿਸ ’ਚ ਲਗਭਗ 50 ਕਰੋੜ ਤਕ ਟਿੱਡੀਅਾਂ ਹੁੰਦੀਅਾਂ ਹਨ। ਭਾਰਤ ’ਚ 1926-1936 ’ਚ ਟਿੱਡੀਅਾਂ ਦੇ ਹਮਲੇ ਨਾਲ 10 ਕਰੋੜ ਰੁਪਏ ਦੀਅਾਂ ਫਸਲਾਂ ਦਾ ਨੁਕਸਾਨ ਹੋਇਆ ਜੋ 100 ਸਾਲਾਂ ਦੌਰਾਨ ਸਭ ਤੋਂ ਵੱਧ ਹੈ। ਇਸੇ ਤਰ੍ਹਾਂ 1940-46 ਅਤੇ 1949-55 ਦੌਰਾਨ ਦੋ ਵਾਰ ‘ਟਿੱਡੀਅਾਂ’ ਦਾ ਹਮਲਾ ਹੋਇਆ ਅਤੇ ਦੋਵੇਂ ਵਾਰ 2-2 ਕਰੋੜ ਰੁਪਏ ਦਾ ਨੁਕਸਾਨ ਹੋਇਆ । ਇਸ ਦੇ ਬਾਅਦ 1959-62 ਅਤੇ 1978-93 ’ਚ ‘ਟਿੱਡੀਅਾਂ’ ਦੇ ਹਮਲੇ ਨਾਲ ਭਾਰੀ ਨੁਕਸਾਨ ਹੋਇਆ ਅਤੇ ਇਹ ਸਿਲਸਿਲਾ ਅਜੇ ਵੀ ਜਾਰੀ ਹੈ। ਜਿਥੇ ਕਿਤੇ ਵੀ ਇਹ ਦਲ ਰੁਕਦਾ ਹੈ ਉਥੇ ਰਾਤੋ-ਰਾਤ ਫਸਲਾਂ ਨੂੰ ਖਾ ਜਾਂਦਾ ਹੈ। ਖੇਤੀਬਾੜੀ ਵਿਭਾਗ ਦੇ ਅਧਿਕਾਰੀਅਾਂ ਅਨੁਸਾਰ ਟਿੱਡੀਅਾਂ ਦਾ ਇਕ ਵੱਡਾ ਦਲ ਇਕ ਘੰਟੇ ’ਚ ਹੀ ਕਈ ਏਕੜ ਜ਼ਮੀਨ ’ਤੇ ਖੜ੍ਹੀ ਫਸਲ ਨੂੰ ਹਜ਼ਮ ਕਰ ਸਕਦਾ ਹੈ। ਇਸੇ ਕਾਰਨ ਜਿੱਥੇ ਕਿਤੇ ਵੀ ਟਿੱਡੀਅਾਂ ਦਾ ਹਮਲਾ ਹੁੰਦਾ ਹੈ ਉਥੇ ਇਨ੍ਹਾਂ ਨੂੰ ਮਾਰਨ ਲਈ ਅੱਗ ਲਗਾ ਦਿੱਤੀ ਜਾਂਦੀ ਹੈ ਇਸ ਦੇ ਇਲਾਵਾ ਕਿਸਾਨ ਥਾਲੀਅਾਂ ਅਤੇ ਢੋਲ ਵਜਾ ਕੇ ਇਨ੍ਹਾਂ ਨੂੰ ਭਜਾਉਣ ਦੀ ਕੋਸ਼ਿਸ਼ ਕਰਦੇ ਹਨ। ਕਿਤੇ-ਕਿਤੇ ਇਨ੍ਹਾਂ ਨੂੰ ਭਜਾਉਣ ਲਈ ਫਾਲਕਣ ਮਸ਼ੀਨ ਨਾਲ ਕੀਟਨਾਸ਼ਕ ਦਵਾਈਅਾਂ ਦਾ ਛਿੜਕਾਅ ਵੀ ਕੀਤਾ ਜਾਂਦਾ ਹੈ। ਢੁੱਕਵੀਅਾਂ ਹਾਲਤਾਂ ’ਚ ਇਨ੍ਹਾਂ ਦੀ ਗਿਣਤੀ ’ਚ ਤੇਜ਼ੀ ਨਾਲ ਵਧਣ ਕਾਰਨ ਇਹ ਦੇਸ਼ਾਂ ਦੀਅਾਂ ਹੱਦਾਂ ਲੰਘ ਕੇ ਦੂਰ-ਦੂਰ ਤਕ ਫੈਲ ਜਾਂਦੀਅਾਂ ਹਨ। ਭਾਰਤ ’ਚ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਸੂਬਿਅਾਂ ਰਾਜਸਥਾਨ ਦੇ ਇਲਾਵਾ ਹਰਿਆਣਾ, ਬਿਹਾਰ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਮਹਾਰਾਸ਼ਟਰ ਅਤੇ ਗੁਜਰਾਤ ਦੇ 200 ਸਾਲਾਂ ਤੋਂ ਪਾਕਿਸਤਾਨ ਤੋਂ ਆਏ ‘ਟਿੱਡੀਅਾਂ ਦੇ ਦਲ’ ਹਮਲੇ ਕਰਦੇ ਆ ਰਹੇ ਹਨ।

ਇਸ ਸਾਲ ਭਾਰਤ ’ਚ ਇਨ੍ਹਾਂ ਦਾ ਦਾਖਲਾ ਅਪ੍ਰੈਲ ’ਚ ਸ਼ੁਰੂ ਹੋਣ ਦੇ ਬਾਅਦ ਤੋਂ ਹੁਣ ਤਕ ਇਹ ਅਨੇਕ ਸੂਬਿਅਾਂ ਨੂੰ ਨਿਸ਼ਾਨਾ ਬਣਾ ਚੁੱਕੇ ਹਨ। ਇਸ ਸਮੇਂ ਰਾਜਸਥਾਨ ਦੇ 18 ਅਤੇ ਮੱਧ ਪ੍ਰਦੇਸ਼ ਦੇ ਇਕ ਦਰਜਨ ਤੋਂ ਵੱਧ ਜ਼ਿਲੇ ਇਨ੍ਹਾਂ ਦੀ ਲਪੇਟ ’ਚ ਆਏ ਹੋਏ ਹਨ ਜਦਕਿ ਉੱਤਰ ਪ੍ਰਦੇਸ਼ ਦੇ 17 ਜ਼ਿਲਿਅਾਂ ਦੇ ਇਨ੍ਹਾਂ ਤੋਂ ਪ੍ਰਭਾਵਿਤ ਹੋਣ ਦਾ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ। ਝਾਂਸੀ ਅਤੇ ਆਗਰਾ ’ਚ ‘ਟਿੱਡੀ ਦਲ’ ਦੇਖੇ ਗਏ ਹਨ ਅਤੇ ਭੋਜਨ ਦੀ ਭਾਲ ’ਚ ਤੇਜ਼ੀ ਨਾਲ ਅੱਗੇ ਵੱਧ ਰਹੇ ‘ਟਿੱਡੀ ਦਲਾਂ’ ਦੇ ਰਾਜਧਾਨੀ ਦਿੱਲੀ ਤਕ ਆ ਪਹੁੰਚਣ ਦਾ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ। ਰਾਜਸਥਾਨ, ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ’ਚ ਫਸਲਾਂ ਤਬਾਹ ਕਰਨ ਦੇ ਬਾਅਦ ‘ਟਿੱਡੀ ਦਲ’ ਪਾਕਿਸਤਾਨ ਸਰਹੱਦ ਤੋਂ 700 ਕਿਲੋਮੀਟਰ ਦੂਰ ਰਾਜਸਥਾਨ ’ਚ ਜੈਪੁਰ ਅਤੇ ਦੌਸਾ ਦੇ ਰਿਹਾਇਸ਼ੀ ਇਲਾਕਿਅਾਂ ਦੇ ਇਲਾਵਾ ਮੱਧ ਪ੍ਰਦੇਸ਼ ਦੇ ਪੰਨਾ ਅਤੇ ਸਤਨਾ ਜ਼ਿਲੇ ’ਚ ਸ਼ਹਿਰ ਦੇ ਰਿਹਾਇਸ਼ੀ ਇਲਾਕਿਅਾਂ ’ਚ ਵੀ ਪਹੁੰਚ ਗਏ ਹਨ। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਟਿੱਡੀ ਦਲਾਂ ਦੇ ਹਮਲੇ ਦਾ ਪਤਾ ਲਗਾਉਣ ਅਤੇ ਰੋਕਣ ਲਈ ‘ਲੋਕਸਟ ਵਾਰਨਿੰਗ ਆਰਗੇਨਾਈਜ਼ੇਸ਼ਨ’ ਬਣਾਈ ਹੈ ਪਰ ਇਸ ਦੇ ਬਾਵਜੂਦ ਫਸਲਾਂ ਅਤੇ ਵਨਸਪਤੀਅਾਂ ’ਤੇ ਹਮਲਾ ਕਰਕੇ ‘ਟਿੱਡੀ ਦਲ’ ਕਾਫੀ ਨੁਕਸਾਨ ਪਹੁੰਚਾਉਂਦੇ ਆ ਰਹੇ ਹਨ। ਸੰਯੁਕਤ ਰਾਸ਼ਟਰ ਦੇ ਖੁਰਾਕ ਅਤੇ ਖੇਤੀਬਾੜੀ ਸੰਗਠਨ ਨੇ ਇਸ ਸਾਲ ਵੱਡੇ ਪੱਧਰ ’ਤੇ ਟਿੱਡੀਅਾਂ ਦੇ ਹਮਲੇ ਦਾ ਖਦਸ਼ਾ ਪ੍ਰਗਟਾਉਂਦੇ ਹੋਏ ਪਿਛਲੇ ਸਾਲਾਂ ਦੀ ਤੁਲਨਾ ’ਚ ਦੋ ਤੋਂ ਤਿੰਨ ਗੁਣਾ ਵੱਧ ਨੁਕਸਾਨ ਹੋਣ ਦੀ ਚਿਤਾਵਨੀ ਵੀ ਦਿੱਤੀ ਹੈ। ਜਿਥੇ ਇਸ ਨਾਲ ਨਜਿੱਠਣ ਲਈ ਉੱਤਰ ਪ੍ਰਦੇਸ਼ ਸਰਕਾਰ ਨੇ ਸੂਬਾ ਪੱਧਰੀ ਅਲਰਟ ਐਲਾਨ ਕਰ ਦਿੱਤਾ ਹੈ ਅਤੇ ਟਿੱਡੀ ਦਲਾਂ ਨੂੰ ਭਜਾਉਣ ਲਈ ਕੈਮੀਕਲ ਸਪਰੇਅ ਨਾਲ ਲੈਸ 204 ਟਰੈਕਟਰ ਤਾਇਨਾਤ ਕੀਤੇ ਹਨ, ਉਥੇ ਰਾਜਸਥਾਨ ’ਚ ਫੌਜ ਦੇ 5 ਹੈਲੀਕਾਪਟਰਾਂ ਦੁਆਰਾ ਕੀਟਨਾਸ਼ਕਾਂ ਦੇ ਛਿੜਕਾਅ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ। ਰਾਜਧਾਨੀ ਦਿੱਲੀ ’ਚ ਇਨ੍ਹਾਂ ਨਾਲ ਨਜਿੱਠਣ ਲਈ ਹਾਈ ਅਲਰਟ ਐਲਾਨਦੇ ਹੋਏ ‘ਡਰੋਨ’ ਦੇ ਰਾਹੀਂ ਕੈਮੀਕਲ ਦਾ ਛਿੜਕਾਅ ਕੀਤਾ ਜਾ ਰਿਹਾ ਹੈ ਪਰ ਪੰਜਾਬ ਅਤੇ ਹੋਰ ਸੰਬੰਧਤ ਸੂਬਾ ਸਰਕਾਰਾਂ ਵਲੋਂ ਇਸ ਦਿਸ਼ਾ ’ਚ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ। ਬੇਮੌਸਮੇ ਮੀਂਹ ਆਦਿ ਨਾਲ ਫਸਲਾਂ ਨੂੰ ਪਹੁੰਚੇ ਭਾਰੀ ਨੁਕਸਾਨ ਅਤੇ ਸਿਰ ’ਤੇ ਪਹਿਲਾਂ ਹੀ ਚੜ੍ਹੇ ਭਾਰੀ ਕਰਜ਼ੇ ਦੇ ਕਾਰਨ ਉੱਤਰ ਭਾਰਤ ਖਾਸ ਤੌਰ ’ਤੇ ਪੰਜਾਬ ਦੇ ਕਿਸਾਨ ਤਾਂ ਪਹਿਲਾਂ ਹੀ ਮੁਸ਼ਕਲ ’ਚ ਹਨ ਅਤੇ ਖੁਦਕੁਸ਼ੀਅਾਂ ਕਰ ਰਹੇ ਹਨ। ਇਸ ਲਈ ‘ਟਿੱਡੀ ਦਲ’ ਦੇ ਹਮਲੇ ਦੇ ਕਾਰਨ ਫਸਲਾਂ ਨੂੰ ਹੋਣ ਵਾਲੇ ਸੰਭਾਵਿਤ ਨੁਕਸਾਨ ਨੂੰ ਰੋਕਣ ਲਈ ਪੰਜਾਬ ਨੂੰ ਪਹਿਲਾਂ ਹੀ ਬਚਾਅ ਵਾਲੇ ਪ੍ਰਬੰਧ ਤੇਜ਼ੀ ਨਾਲ ਕਰਨ ਦੇ ਇਲਾਵਾ ਫਸਲਾਂ ਦਾ ਬੀਮਾ ਕਰਨ ਦੀ ਵੀ ਲੋੜ ਹੈ।

–ਵਿਜੇ ਕੁਮਾਰ


Bharat Thapa

Content Editor

Related News