ਤੇਜ਼ ਰਫਤਾਰ ਟਰੱਕ ਨੇ ਸਕੂਲ ਪੜ੍ਹਨ ਜਾ ਰਹੀ ਲੜਕੀ ਨੂੰ ਕੁਚਲਿਆ
Friday, Feb 28, 2020 - 01:20 AM (IST)

ਮਾਨਾਂਵਾਲਾ,(ਜਗਤਾਰ)- ਥਾਣਾ ਜੰਡਿਆਲਾ ਗੁਰੂ ਅਧੀਨ ਆਉਂਦੇ ਪਿੰਡ ਬੰਡਾਲਾ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੰਡਾਲਾ 'ਚ ਆਪਣੇ ਪਿੰਡ ਨੋਨੇ ਤੋਂ ਸਕੂਲ ਪੜ੍ਹਨ ਲਈ ਆ ਰਹੀ ਅਰਸ਼ਦੀਪ ਕੌਰ (11) ਨੂੰ ਜੰਡਿਆਲਾ ਗੁਰੂ ਵਾਲੇ ਪਾਸੇ ਤੋਂ ਤੇਜ਼ ਰਫਤਾਰ 'ਚ ਆਉਂਦੇ ਟਰੱਕ ਨੇ ਬੁਰੀ ਤਰ੍ਹਾਂ ਕੁਚਲ ਦਿੱਤਾ। ਜਿਸ ਕਾਰਣ ਲੜਕੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਸਬੰਧੀ ਮੌਕੇ 'ਤੇ ਪੁੱਜੇ ਪੁਲਸ ਚੌਕੀ ਦੇ ਇੰਚਾਰਜ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਅਰਸ਼ਦੀਪ ਕੌਰ ਪੁੱਤਰੀ ਕੁਲਦੀਪ ਸਿੰਘ ਵਾਸੀ ਪਿੰਡ ਨੋਨੇ ਜੋ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੰਡਾਲਾ 'ਚ ਛੇਵੀਂ ਕਲਾਸ 'ਚ ਪੜ੍ਹਦੀ ਸੀ। ਜਿਸ ਦੀ ਵੀਰਵਾਰ ਜੰਡਿਆਲਾ ਗੁਰੂ ਤਰਨਤਾਰਨ ਰੋਡ 'ਤੇ ਜੰਡਿਆਲਾ ਗੁਰੂ ਵਾਲੇ ਪਾਸੇ ਤੋਂ ਆਉਂਦੇ ਟਰੱਕ ਹੇਠਾਂ ਆਉਣ ਕਾਰਣ ਮੌਕੇ 'ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਇਹ ਘਟਨਾ ਵਾਪਰਨ ਉਪਰੰਤ ਟਰੱਕ ਚਾਲਕ ਟਰੱਕ ਉਥੇ ਹੀ ਛੱਡ ਕੇ ਮੌਕੇ ਤੋਂ ਭੱਜਣ 'ਚ ਕਾਮਯਾਬ ਹੋ ਗਿਆ ਅਤੇ ਪੁਲਸ ਵੱਲੋਂ ਟਰੱਕ ਡਰਾਈਵਰ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਲੜਕੀ ਦਾ ਪੋਸਟਮਾਰਟਮ ਅੱਜ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ ।