ਗੁਰੂ ਨਾਨਕ ਦੇਵ ਹਸਪਤਾਲ ਦੇ ਘਟੀਆ ਪ੍ਰਬੰਧਾਂ ਦੀ ‘ਅੱਗ’ ’ਚ ਸੜ ਰਹੇ ਚਮੜੀ ਦੇ ਮਰੀਜ਼
Monday, May 15, 2023 - 11:16 AM (IST)
ਅੰਮ੍ਰਿਤਸਰ (ਦਲਜੀਤ) : ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਦੇ ਬਾਵਜੂਦ ਵੀ ਗੁਰੂ ਨਾਨਕ ਦੇਵ ਹਸਪਤਾਲ ਦੀਆਂ ਸਿਹਤ ਸੇਵਾਵਾਂ ’ਚ ਸੁਧਾਰ ਨਹੀਂ ਹੋਇਆ ਹੈ। ਹਸਪਤਾਲ ’ਚ ਸਥਿਤ ਸਕਿਨ ਵਿਭਾਗ ਦੇ ਵਾਰਡ ਅਧਿਕਾਰੀਆਂ ਦੀ ਲਾਪ੍ਰਵਾਹੀ ਨੂੰ ਸਪੱਸ਼ਟ ਦਰਸਾ ਰਿਹਾ ਹੈ, ਚਮੜੀ ਰੋਗੀਆਂ ਦੇ ਇਲਾਜ ਲਈ ਬਣਾਏ ਗਏ ਇਸ ਵਿਭਾਗ ’ਚ ਚਾਰੋਂ ਪਾਸੇ ਅਵਿਵਸਥਾ ਪਸਰੀ ਹੈ। ਸਟਾਫ਼ ਦੀ ਘਾਟ ਹੈ, ਪਖਾਨਿਆਂ ’ਚ ਗੰਦਗੀ ਫੈਲੀ ਹੈ। ਸਭ ਤੋਂ ਅਹਿਮ ਇਹ ਹੈ ਕਿ ਇਸ ਵਾਰਡ ’ਚ ਡਿਊਟੀ ਅਫ਼ਸਰ ਭਾਵ ਡਾਕਟਰ ਦੇ ਬੈਠਣ ਤਕ ਦਾ ਪ੍ਰਬੰਧ ਨਹੀਂ ਹੈ। ਡਾਕਟਰ ਅਤੇ ਸਟਾਫ਼ ਫੋਲਡਿੰਗ ਬੈੱਡ ’ਤੇ ਬੈਠ ਕੇ ਕੰਮ ਕਰ ਰਹੇ ਹਨ।
ਪਹਿਲਾਂ ਹੀ ਚਮੜੀ ਰੋਗ ਦੀ ਅੱਗ ’ਚ ਮਰੀਜ਼ ਸੜਦਾ ਹੈ, ਦੂਜਾ ਹਸਪਤਾਲ ਪ੍ਰਸ਼ਾਸਨ ਦੀ ਮਾੜੀ ਵਿਵਸਥਾ ਕਾਰਨ ਅਜਿਹੀ ਨਾ ਹੋਣ ਕਾਰਨ ਵਾਰਡ ’ਚ ਮਰੀਜ਼ ਦੀ ਹਾਲਤ ਹੋਰ ਵੀ ਭਿਆਨਕ ਹੋ ਰਹੀ ਹੈ। ਪੱਖਿਆਂ ਦੇ ਸਹਾਰੇ ’ਚ ਮਰੀਜ਼ ਨੂੰ ਠੰਡਕ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੁਲ ਮਿਲਾ ਕੇ ਨੈਸ਼ਨਲ ਮੈਡੀਕਲ ਕੌਂਸਲ ਦੀ ਗਾਈਡਲਾਈਨਸ ਨੂੰ ਅਣਡਿੱਠ ਕਰਦੇ ਹੋਏ ਵਾਰਡ ’ਚ ਮਰੀਜ਼ ਨੂੰ ਦਾਖ਼ਲ ਕੀਤਾ ਜਾ ਰਿਹਾ ਹੈ ਅਤੇ ਮਰੀਜ਼ ਹਸਪਤਾਲ ਪ੍ਰਸ਼ਾਸਨ ਦੀ ਲਾਪ੍ਰਵਾਹੀ ਕਾਰਨ ਮਾੜੀ ਵਿਵਸਥਾ ਦਾ ਸ਼ਿਕਾਰ ਹੋ ਰਹੇ ਹਨ।ਸਬੰਧਤ ਵਿਭਾਗ ਦੇ ਅਧਿਕਾਰੀ ਵਲੋਂ ਸਮੱਸਿਆਵਾਂ ਦੇ ਸਬੰਧ ’ਚ ਕਈ ਵਾਰ ਮੈਡੀਕਲ ਸੁਪਰਡੈਂਟ ਨੂੰ ਵੀ ਇਸ ਬਾਰੇ ’ਚ ਜਾਣਕਾਰੀ ਦਿੱਤੀ ਗਈ ਹੈ ਪਰ ਸੁਪਰਡੈਂਟ ਵਲੋਂ ਅਜੇ ਤਕ ਮਰੀਜ਼ਾਂ ਨੂੰ ਹੋ ਰਹੀਆਂ ਸਮੱਸਿਆਵਾਂ ਦੇ ਸਬੰਧ ’ਚ ਹੱਲ ਨਹੀਂ ਕੱਢਿਆ ਹੈ।
ਜਾਣਕਾਰੀ ਮੁਤਾਬਕ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਵਲੋਂ ਦਾਅਵਾ ਕੀਤਾ ਜਾਂਦਾ ਹੈ ਕਿ ਪੰਜਾਬ ’ਚ ਸਰਕਾਰੀ ਗੁਰੂ ਨਾਨਕ ਦੇਵ ਹਸਪਤਾਲ ’ਚ ਮਰੀਜ਼ਾਂ ਨੂੰ ਬਿਹਤਰੀਨ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ ਅਤੇ ਇਹ ਹਸਪਤਾਲ ਨੈਸ਼ਨਲ ਮੈਡੀਕਲ ਕੌਂਸਲ ਦੀਆਂ ਗਾਈਡਲਾਈਨਸ ਦੀ ਪਾਲਣਾ ਕਰਦਾ ਹੈ, ਜਦੋਂ ਵੀ ਕੌਂਸਲ ਦੀ ਟੀਮ ਵਲੋਂ ਨਿਰੀਖਣ ਕਰਨਾ ਹੁੰਦਾ ਹੈ ਤਾਂ ਅਧਿਕਾਰੀ ਉਹ ਹੀ ਟੀਮ ਨੂੰ ਦਿਖਾਉਂਦੇ ਹਨ ਜੋ ਉਨ੍ਹਾਂ ਨੂੰ ਦਿਖਾਉਣਾ ਹੁੰਦਾ ਹੈ ਜੋ ਸਮੱਸਿਆਵਾਂ ਅਤੇ ਮਾੜੀ ਵਿਵਸਥਾ ਹੈ ਉਸ ਦੇ ਸਬੰਧ ’ਚ ਕਦੇ ਵੀ ਕੌਂਸਲ ਦੀ ਟੀਮ ਨੂੰ ਜਾਣੂ ਨਹੀਂ ਕਰਵਾਇਆ ਜਾਂਦਾ। ਫ਼ਿਲਹਾਲ ਚਮੜੀ ਵਿਭਾਗ ਦੇ ਸਕਿਨ ਵਾਰਡ ’ਚ ਮਰੀਜ਼ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ।
'ਜਗ ਬਾਣੀ' ਦੀ ਟੀਮ ਵਲੋਂ ਜਦੋਂ ਇਸ ਵਾਰਡ ਦਾ ਨਿਰੀਖਣ ਕੀਤਾ ਗਿਆ ਤਾਂ ਦੇਖਿਆ ਗਿਆ ਕਿ ਵਾਰਡ ਦੀ ਹਾਲਤ ਕਾਫ਼ੀ ਬਦਤਰ ਸੀ, ਨਿਯਮ ਅਨੁਸਾਰ ਬਰਨ ਯੂਨਿਟ ਦੇ ਵਾਰਡ ਅਤੇ ਆਈ. ਸੀ. ਯੂ. ’ਚ ਲੱਗੇ ਏਅਰ ਕੰਡੀਸ਼ਨ ਅਤੇ ਏਅਰ ਫਿਲਟਰ ਸਟੈਂਡਰਡ ਅਨੁਸਾਰ ਬੈਕਟੀਰੀਆ ਰਹਿਤ ਹੋਣੇ ਚਾਹੀਦੇ ਹਨ। ਇਕ ਬਿਸਤਰ ਤੋਂ ਦੂਜੇ ਬਿਸਤਰ ਵਿਚ ਤਕਰੀਬਨ 9 ਫੁੱਟ ਦਾ ਵਕਫਾ ਹੋਣਾ ਚਾਹੀਦਾ। ਯੂਨਿਟ ’ਚ ਆਪ੍ਰੇਸ਼ਨ ਥੀਏਟਰ ਨਾਲ ਡ੍ਰੇਸਿੰਗ ਦੀ ਵਿਵਸਥਾ ਜ਼ਰੂਰੀ ਹੈ। ਮਰੀਜ਼ਾਂ ਨੂੰ ਸਰੀਰ ਦੀ ਜਲਣ ਤੋਂ ਬਚਾਉਣ ਲਈ ਏਅਰ ਕੰਡੀਸ਼ਨ ਚਲਦੇ ਰਹਿਣਾ ਚਾਹੀਦਾ। ਬਰਨ ਯੂਨਿਟ ’ਚ ਨਰਸਿੰਗ ਬੈਰੀਅਰ ਹੋਣਾ ਚਾਹੀਦਾ ਤਾਂ ਕਿ ਕੋਈ ਵੀ ਬਾਹਰੀ ਵਿਅਕਤੀ ਯੂਨਿਟ ’ਚ ਦਾਖ਼ਲ ਨਾ ਕਰ ਸਕੇ। ਮੱਛਰ-ਮੱਖੀਆਂ ਤੋਂ ਬਚਾਉਣ ਲਈ ਝੁਲਸੇ ਮਰੀਜ਼ ਦਾ ਬਿਸਤਰ ਬੈਕਟੀਰੀਆ ਰਹਿਤ ਨੈੱਟ ਨਾਲ ਕਵਰ ਕਰਨਾ ਚਾਹੀਦਾ। ਅਫ਼ਸੋਸਜਨਕ ਪੱਖ ਇਹ ਹੈ ਕਿ ਇਸ ਯੂਨਿਟ ’ਚ ਅਜਿਹਾ ਕੁਝ ਨਹੀਂ। ਪੂਰਾ ਯੂਨਿਟ ਹੀ ਇਨਫੈਕਸ਼ਨ ਗ੍ਰਸਤ ਹੈ। ਸੁਰੱਖਿਆ ਵਿਵਸਥਾ ਨਾ ਹੋਣ ਦੀ ਵਜ੍ਹਾ ਨਾਲ ਕੋਈ ਵੀ ਬਾਹਰੀ ਵਿਅਕਤੀ ਆਸਾਨੀ ਨਾਲ ਅੰਦਰ ਆ ਸਕਦਾ ਹੈ। ਇਥੋਂ ਤਕ ਕਿ ਵਾਰਡ ਦੇ ਆਲੇ ਦੁਆਲੇ ਅਵਾਰਾ ਕੁੱਤਿਆਂ ਦੀ ਭਰਮਾਰ ਹੈ। ਹਮੇਸ਼ਾ ਹੀ ਗਰਮੀ ਤੋਂ ਨਿਜ਼ਾਤ ਪਾਉਣ ਲਈ ਪੱਖੇ ਦੇ ਹੇਠਾਂ ਆ ਕੇ ਕੁੱਤੇ ਇਥੇ ਆਰਾਮ ਫਰਮਾਉਂਦੇ ਰਹਿੰਦੇ ਹਨ।
ਦਵਾਈ ਦੇ ਲੇਪ ਤੋਂ ਸਿਵਾਏ ਮਰੀਜ਼ਾਂ ਨੂੰ ਨਹੀਂ ਮਿਲਦੀ ਏਅਰ ਕੰਡੀਸ਼ਨ ਦੀ ਠੰਡੀ ਹਵਾ
ਗੁਰੂ ਨਾਨਕ ਦੇਵ ਹਸਪਤਾਲ ਵਿਚ ਜ਼ਿਲ੍ਹੇ ਦਾ ਇਕਲੌਤਾ ਸਰਕਾਰੀ ਬਰਨ ਯੂਨਿਟ ਹੈ। ਦੀਵਾਲੀ ਦੇ ਸਮੇਂ ਜਦੋਂ ਹਾਦਸੇ ਹੁੰਦੇ ਹਨ ਤਾਂ ਗੰਭੀਰ ਅਵਸਥਾ ’ਚ ਝੁਲਸੇ ਅਣਗਿਣਤ ਮਰੀਜ਼ਾਂ ਨੂੰ ਇਥੇ ਲਿਆਂਦਾ ਜਾਂਦਾ ਹੈ। ਬਰਨ ਯੂਨਿਟ ’ਚ ਦਵਾਈਆਂ ਦੇ ਲੇਪ ਤੋਂ ਇਲਾਵਾ ਮਰੀਜ਼ ਨੂੰ ਕੁਝ ਨਹੀਂ ਮਿਲਦਾ।
ਬਰਨ ਯੂਨਿਟ ’ਚ ਏਅਰਕੰਡੀਸ਼ਨਰ ਦੀ ਸਭ ਤੋਂ ਵੱਧ ਲੋੜ ਹੈ, ਝੁਲਸੇ ਮਰੀਜ਼ ਨੂੰ ਠੰਡੀ ਹਵਾ ਚਾਹੀਦੀ ਹੁੰਦੀ ਹੈ। ਅਜਿਹਾ ਨਹੀਂ ਹੈ ਕਿ ਇਥੇ ਏਅਰ ਕੰਡੀਸ਼ਨਰ ਲਗਾਏ ਨਹੀਂ ਗਏ ਪਰ ਕੁਝ ਸਾਲ ਪਹਿਲੇ ਇਹ ਖ਼ਰਾਬ ਹੋ ਗਏ। ਇਨ੍ਹਾਂ ਦੀ ਮੁਰੰਮਤ ਨਹੀਂ ਕਰਵਾਈ ਗਈ। ਮਰੀਜ਼ ਪਹਿਲਾਂ ਹੀ ਚਮੜੀ ਅਤੇ ਰੋਗਾਂ ਕਾਰਨ ਅੰਦਰੋਂ ਸੜ ਰਿਹਾ ਹੁੰਦਾ ਹੈ, ਉਪਰੋਂ 40 ਡਿਗਰੀ ਦੀ ਗਰਮੀ ’ਚ ਏ. ਸੀ. ਦੀ ਠੰਡੀ ਹਵਾ ਨਾ ਮਿਲਣ ਕਾਰਨ ਮਰੀਜ਼ ਦੀ ਜਾਨ ਹੋਰ ਵੀ ਜ਼ੋਖਮ ਵਿਚ ਪੈ ਜਾਂਦੀ ਹੈ। ਟੀਮ ਵਲੋਂ ਜਦੋਂ ਨਿਰੀਖਣ ਕੀਤਾ ਗਿਆ ਤਾਂ ਕਿਤੇ ਮਰੀਜ਼ ਜਲਣ ਕਾਰਨ ਚੀਕ ਰਹੇ ਸਨ ਅਤੇ ਠੰਡੀ ਹਵਾ ਨਾ ਮਿਲਣ ਕਾਰਨ ਉਹ ਰੋ ਰਹੇ ਹਨ ਅਤੇ ਮਾਪੇ ਪੱਖੇ ਦੀ ਗਰਮ ਹਵਾ ਦੇ ਨਾਲ-ਨਾਲ ਉਨ੍ਹਾਂ ਨੂੰ ਪੱਖੇ ਦੀ ਹਵਾ ਦਾ ਝੋਕਾ ਦੇ ਰਹੇ ਸਨ।
ਨੈਸ਼ਨਲ ਮੈਡੀਕਲ ਕੌਂਸਲ ਦੇ ਦਿਸ਼ਾ ਨਿਰਦੇਸ਼ਾਂ ਨੂੰ ਕੀਤਾ ਜਾ ਰਿਹੈ ਅਣਡਿੱਠ
ਬਾਇਓ ਮੈਡੀਕਲ ਵੇਸਟ ਦੇ ਨਿਪਟਾਰੇ ਲਈ ਕੋਈ ਥਾਂ ਨਹੀਂ ਹੈ। ਡਸਟਬਿਨ ਬਾਹਰ ਖੁੱਲ੍ਹੇ ਵਿਚ ਰੱਖੇ ਹੋਏ ਹਨ। ਇਹ ਇਨਫੈਕਸ਼ਨ ਦਾ ਕੇਂਦਰ ਵੀ ਬਣ ਸਕਦਾ ਹੈ। ਬਰਨ ਯੂਨਿਟ ਵਿਚ ਸਫ਼ਾਈ ਦਾ ਪ੍ਰਬੰਧ ਵੀ ਠੀਕ ਨਹੀਂ ਹੈ। ਦਵਾਈਆਂ ਦੀ ਸਪਲਾਈ ਵੀ ਸਹੀ ਨਹੀਂ। ਕੁਝ ਇਕ ਦਵਾਈਆਂ ਮੁਹੱਈਆ ਹਨ। ਬਾਕੀ ਮਰੀਜ਼ਾਂ ਤੋਂ ਮੰਗਵਾਈਆਂ ਜਾਂਦੀਆਂ ਹਨ। ਸਿਰਫ਼ ਮਰੀਜ਼ ਹੀ ਨਹੀਂ, ਸਟਾਫ਼ ਵੀ ਇਸ ਮਾੜੀ ਵਿਵਸਥਾ ਤੋਂ ਪ੍ਰੇਸ਼ਾਨ ਹੈ। ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਇਹ ਉਮੀਦ ਬੰਨ੍ਹੀ ਸੀ ਕਿ ਸਿਹਤ ਸੇਵਾਵਾਂ ’ਚ ਲੋੜੀਂਦੇ ਸੁਧਾਰ ਹੋਣਗੇ ਪਰ ਅਫ਼ਸੋਸਜਨਕ ਪੱਖ ਇਹ ਹੈ ਕਿ ਸਰਕਾਰ ਨੇ ਮੁਹੱਲਾ ਕਲੀਨਿਕ ਖੋਲ੍ਹ ਕੇ ਆਪਣੀ ਪਿੱਠ ਥਪਥਪਾਈ ਹੈ, ਸਰਕਾਰੀ ਹਸਪਤਾਲਾਂ ’ਚ ਵਿਵਥਤਾਗ੍ਰਸਤ ਕਮੀਆਂ ਦੂਰ ਨਹੀਂ ਕੀਤੀਆਂ ਜਾ ਰਹੀਆਂ।
ਏਅਰ ਕੰਡੀਸ਼ਨਰ ਦੀ ਹੈ ਸਖ਼ਤ ਲੋੜ : ਵਿਭਾਗ ਇੰਚਾਰਜ
ਵਿਭਾਗ ਦੀ ਇੰਚਾਰਜ ਡਾ. ਤੇਜਿੰਦਰ ਕੌਰ ਨੇ ਮੰਨਿਆ ਕਿ ਏਅਰ ਕੰਡੀਸ਼ਨਰ ਦੀ ਲੋੜ ਹੈ। ਬਰਨ ਯੂਨਿਟ ’ਚ ਆਉਣ ਵਾਲੇ ਝੁਲਸੇ ਮਰੀਜ ਗਰਮੀ ਨਾਲ ਪ੍ਰੇਸ਼ਾਨ ਹੁੰਦੇ ਹਨ। ਉਨ੍ਹਾਂ ਦੱਿਸਆ ਕਿ ਨਿਯਮਾਂ ਅਨੁਸਾਰ 30 ਬੈੱਡ ਦੀ ਵਾਰਡ ਹੋਣੀ ਚਾਹੀਦੀ ਪਰ ਵਾਰਡ ’ਚ ਸਿਰਫ਼ 20 ਹੀ ਬੈੱਡ ਹਨ। ਮਰੀਜ਼ਾਂ ਨੂੰ ਆਯੁਸ਼ਮਾਨ ਭਾਰਤ ਯੋਜਨਾ ਤਹਿਤ ਕਾਫ਼ੀ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ ਪਰ ਉਨ੍ਹਾਂ ਨੂੰ ਹੋਰ ਦਵਾਈਆਂ ਦੀ ਲੋੜ ਹੈ ਜੋ ਉਨ੍ਹਾਂ ਨੂੰ ਮੁਹੱਈਆ ਕਰਵਾਉਣੀਆਂ ਚਾਹੀਦੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਸਬੰਧ ’ਚ ਸਬੰਧਿਤ ਅਧਿਕਾਰੀਆਂ ਨੂੰ ਪੱਤਰ ਲਿਖਿਆ ਗਿਆ ਹੈ ਪਰ ਹੁਣ ਤਕ ਸਮੱਸਿਆ ਦਾ ਹੱਲ ਨਹੀਂ ਹੋਇਆ ਹੈ ਕੁਝ ਦਿਨ ਪਹਿਲੇ ਹੀ ਰਿਮਾਈਂਡਰ ਭੇਜਿਆ ਗਿਆ ਹੈ।