ਟਰੱਕ ਆਉਣ ਨਾਲ ਛੁੱਟੀ ਆਏ ਫੌਜੀ ਦੀ ਮੌਤ
Saturday, Oct 27, 2018 - 05:32 PM (IST)
ਅੰਮ੍ਰਿਤਸਰ(ਪ੍ਰਿਥੀਪਾਲ)-ਥਾਣਾ ਮਜੀਠਾ ਅਧੀਨ ਆਉਂਦੇ ਪਿੰਡ ਨਾਗ ਨਵੇਂ ਵਿਖੇ ਸਡ਼ਕ ਹਾਦਸੇ ’ਚ ਇਕ ਵਿਅਕਤੀ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਗੁਰਜੀਤ ਸਿੰਘ (38) ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਬਿਜਲੀਵਾਲ ਥਾਣਾ ਕਿਲਾ ਲਾਲ ਸਿੰਘ ਐਕਟਿਵਾ ’ਤੇ ਆਪਣੇ ਪਿੰਡ ਤੋਂ ਅੰਮ੍ਰਿਤਸਰ ਜਾ ਰਿਹਾ ਸੀ ਕਿ ਪਿੰਡ ਨਾਗ ਨਵੇਂ ਦੇ ਪੰਪ ਤੋਂ ਪੈਟਰੋਲ ਪੁਆ ਕੇ ਸਡ਼ਕ ’ਤੇ ਅਜੇ ਚਡ਼੍ਹਨ ਹੀ ਲੱਗਾ ਸੀ ਕਿ ਪਿੱਛੋਂ ਤੇਜ਼ ਰਫਤਾਰ ਲੁੱਕ-ਬੱਜਰੀ ਨਾਲ ਭਰਿਆ ਟਰੱਕ ਨੰ. ਪੀ ਬੀ 07 ਐੱਚ 7688 ਆਇਆ, ਜਿਸ ਨੇ ਗੁਰਜੀਤ ਸਿੰਘ ਨੂੰ ਆਪਣੀ ਲਪੇਟ ਵਿਚ ਲੈ ਲਿਆ, ਜਿਸ ਦੀ ਮੌਕੇ ’ਤੇ ਮੌਤ ਹੋ ਗਈ। ਇਤਲਾਹ ਮਿਲਦਿਅਾਂ ਹੀ ਉਸ ਦਾ ਪਿਤਾ ਜੋਗਿੰਦਰ ਸਿੰਘ, ਪਤਨੀ ਤੇ ਹੋਰ ਰਿਸ਼ਤੇਦਾਰ ਮੌਕੇ ’ਤੇ ਆ ਗਏ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਗੁਰਜੀਤ ਸਿੰਘ ਫੌਜ ’ਚ ਨੌਕਰੀ ਕਰਦਾ ਸੀ ਤੇ ਕੁਝ ਦਿਨ ਪਹਿਲਾਂ ਛੁੱਟੀ ਆਇਆ ਸੀ। ਏ. ਐੱਸ. ਆਈ. ਨਿਸ਼ਾਨ ਸਿੰਘ ਨੇ ਮੌਕੇ ’ਤੇ ਪੁੱਜ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ।
