ਖਾਲਸਾ ਕਾਲਜ ਪਬਲਿਕ ਸਕੂਲ ’ਚ ਸਾਲਾਨਾ ਸੱਭਿਆਚਾਰਕ ਸਮਾਗਮ ਕਰਵਾਇਆ
Thursday, Dec 20, 2018 - 03:46 PM (IST)

ਅੰਮ੍ਰਿਤਸਰ (ਜ.ਬ) - ਖਾਲਸਾ ਕਾਲਜ ਪਬਲਿਕ ਸਕੂਲ ਵਿਖੇ ਅੱਜ ‘ਇਮਪ੍ਰਿੰਟਸ‐ਦਿ ਰਿਫ਼ਲਿਕਸ਼ਨ ਆਫ਼ ਇਨਕ੍ਰੈਡੀਬਲ ਇੰਡੀਆ’ ਵਿਸ਼ੇ ’ਤੇ ਸਾਲਾਨਾ ਸੱਭਿਆਚਾਰਕ ਤੇ ਇਨਾਮ ਵੰਡ ਸਮਾਗਮ ਆਯੋਜਿਤ ਕੀਤਾ ਗਿਆ, ਜਿਸ ਵਿਚ ਸ਼੍ਰੀਮਤੀ ਤੇਜਿੰਦਰ ਕੌਰ ਛੀਨਾ ਡਾਇਰੈਕਟਰ ਪ੍ਰਿੰਸੀਪਲ ਲਿਟਲ ਫ਼ਲਾਵਰ ਸਕੂਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਕੂਲ ਪ੍ਰਿੰਸੀਪਲ ਅਮਰਜੀਤ ਸਿੰਘ ਗਿੱਲ ਦੀ ਦੇਖ‐ਰੇਖ ’ਚ ਆਯੋਜਿਤ ਸਮਾਰੋਹ ਮੌਕੇ ਵਿਦਿਆਰਥੀਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੱਕ ਤੇ ਸੱਚ ਦੀ ਕਿਰਤ‐ਕਮਾਈ ’ਤੇ ਦਯਾ ਭਰਪੂਰ ਭਾਵਨਾਵਾਂ ਵਾਲੇ ਧਾਰਮਿਕ ਗੀਤਾਂ ਰਾਹੀਂ ਨਾਟਕ ਵੀ ਪੇਸ਼ ਕੀਤਾ, ਜਿਸ ਨੇ ਹਾਜ਼ਰੀਨ ਨੂੰ ਭਾਵੁਕ ਕਰ ਦਿੱਤਾ। ਇਸ ਤੋਂ ਇਲਾਵਾ ਨੰਨ੍ਹੇ‐ਮੁੰਨੇ ਵਿਦਿਆਰਥੀਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ। ®ਇਸ ਮੌਕੇ ਸ਼੍ਰੀਮਤੀ ਛੀਨਾ ਨੇ ਕਿਹਾ ਕਿ ਅਜੋਕੀ ਪੀਡ਼੍ਹੀ ਆਪਣੇ ਮਾਰਗ ਤੋਂ ਭਟਕਦੀ ਜਾ ਰਹੀ ਹੈ, ਇਸ ਲਈ ਸਕੂਲਾਂ, ਕਾਲਜਾਂ ’ਚ ਕਰਵਾਏ ਜਾਂਦੇ ਅਜਿਹੇ ਪ੍ਰੋਗਰਾਮ ਜਿਥੇ ਬੱਚਿਆਂ ਨੂੰ ਸ਼ਾਨਦਾਰ ਪਲੇਟਫ਼ਾਰਮ ਪ੍ਰਦਾਨ ਕਰਦਾ ਹੈ, ਉਥੇ ਹੁਨਰ ਨੂੰ ਨਿਖਾਰਨ ’ਚ ਉਤਸ਼ਾਹਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਖਾਲਸਾ ਕਾਲਜ ਇਕ ਅਜਿਹੀ ਵਿੱਦਿਅਕ ਸੰਸਥਾ ਹੈ, ਜਿਸ ਨੇ ਆਪਣੇ ਦ੍ਰਿਡ਼੍ਹ ਇਰਾਦੇ ਤੇ ਸਖਤ ਮਿਹਨਤ ਨਾਲ ਪੂਰੇ ਪ੍ਰਾਂਤ ’ਚ ਹੀ ਨਹੀਂ ਬਲਕਿ ਦੇਸ਼-ਵਿਦੇਸ਼ ’ਚ ਆਪਣੀ ਇਕ ਵੱਖਰੀ ਪਛਾਣ ਬਣਾਈ ਹੋਈ ਹੈ। ਇਸ ਮੌਕੇ ਕੌਂਸਲ ਦੇ ਮੈਂਬਰ ਗੁਰਮਹਿੰਦਰ ਸਿੰਘ, ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਪ੍ਰਿੰਸੀਪਲ ਡਾ. ਨੀਲਮ ਹੰਸ, ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐਵੀਨਿਊ ਦੇ ਪ੍ਰਿੰ. ਗੁਰਜੀਤ ਸਿੰਘ ਸੇਠੀ, ਖਾਲਸਾ ਕਾਲਜ ਪਬਲਿਕ ਸਕੂਲ ਹੇਰ ਦੇ ਪ੍ਰਿੰ. ਗੁਰਿੰਦਰਜੀਤ ਕੌਰ ਕੰਬੋਜ ਤੇ ਸਕੂਲ ਸਟਾਫ਼ ਤੋਂ ਇਲਾਵਾ ਵੱਡੀ ਗਿਣਤੀ ’ਚ ਵਿਦਿਆਰਥੀ ਤੇ ਉਨ੍ਹਾਂ ਦੇ ਮਾਤਾ-ਪਿਤਾ ਮੌਜੂਦ ਸਨ।