ਅਕਾਲੀ ਦਲ ਬਾਦਲ ਦੇ ਇਸ਼ਾਰੇ ''ਤੇ ਖੜ੍ਹਾਂ ਹੋਇਆ ਨਵਾਂ ਵਿਵਾਦ

04/20/2022 6:36:21 PM

ਅੰਮ੍ਰਿਤਸਰ - ਅਕਾਲੀ ਦਲ ਬਾਦਲ ਦੀਆਂ ਗਲਤ ਨੀਤੀਆਂ ਕਾਰਨ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਅੱਜ ਵਿਵਾਦਤ ਨਿਘਾਰ ਵਾਲੀ ਸਥਿਤੀ ’ਚ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਨੂੰ ਸ਼ਰਮਸਾਰ ਕਰਨ ਦੀਆਂ ਬਾਦਲ ਪਰਿਵਾਰ ਦੀਆਂ ਹਰਕਤਾਂ ਹਾਲੇ ਵੀ ਜਾਰੀ ਹਨ। ਇਸ ਦੀ ਉਦਾਹਰਣ ਬਾਦਲ ਪਰਿਵਾਰ ਦੇ ਇਸ਼ਾਰੇ 'ਤੇ ਸ੍ਰੀ ਦਰਬਾਰ ਸਾਹਿਬ ਵਿਖੇ 18 ਅਪ੍ਰੈਲ ਸੋਮਵਾਰ ਨੂੰ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਗੁਰਬਾਣੀ ਕਥਾ ਕਰਨ ਆਏ ਗਿਆਨੀ ਅਮਰੀਕ ਸਿੰਘ ਲਤੀਫਪੁਰ ਤੋਂ ਮਿਲਦੀ ਹੈ।

ਸੂਤਰਾਂ ਅਨੁਸਾਰ ਅਮਰੀਕ ਸਿੰਘ ਲਤੀਵਪੁਰ ਨੇ ਗੁਰਬਾਣੀ ਕਥਾ ਦੌਰਾਨ ਇਹ ਕਹਿੰਦਿਆਂ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਦੇ ਭੋਗ ਦੌਰਾਨ ਮੱਧ ਦੀ ਅਰਦਾਸ ਗਲਤ ਹੈ। ਸ੍ਰੀ ਅਖੰਡ ਪਾਠ ਸਾਹਿਬ ਦੌਰਾਨ ਮੱਧ ਦੀ ਅਰਦਾਸ ਕਰਨ ਦੀ ਕੋਈ ਪ੍ਰੰਪਰਾ ਨਹੀਂ। ਆਪਣੀਆਂ ਗਲਤ ਗੱਲਾਂ ਨੂੰ ਠੀਕ ਠਹਿਰਾਉਣ ਲਈ ਇਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਿਆਂ ਅਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਮੱਧ ਦੇ 705 ਪੰਨੇ 'ਤੇ ਦਰਜ ਸ਼ਲੋਕ ਦੀ ਵੀ ਵਿਵਾਦਤ ਵਿਆਖਿਆ ਕਰ ਦਿੱਤੀ ਅਤੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੁੱਲ 1430 ਪੰਨੇ ਹਨ ਅਤੇ 05 ਪੰਨੇ 'ਤੇ ਮੱਧ ਦੀ ਅਰਦਾਸ ਕਰਨੀ ਗਲਤ ਹੈ। 

ਸੂਤਰਾਂ ਅਨੁਸਾਰ ਸਮੁੱਚੇ ਸਿੱਖ ਪੰਥ ਵਿੱਚ ਇਸ ਵਿਵਾਦ ਦੀ ਜ਼ੋਰਦਾਰ ਨਿੰਦਾ ਕੀਤੀ ਜਾ ਰਹੀ ਹੈ। ਸਿੱਖ ਪੰਥ ਦੀਆਂ ਅਨੇਕਾਂ ਜੱਥੇਬੰਦੀਆਂ ਅਤੇ ਦਮਦਮੀ ਟਕਸਾਲ, ਨਿਹੰਗ ਸਿੰਘ ਜੱਥੇਬੰਦੀਆਂ, ਨਿਰਮਲ ਮਹਾਂਪੁਰਸ਼, ਵੇਂਦਾਤੀ ਸੰਪਰਦਾਵਾਂ ਅਤੇ ਦੁਨੀਆ ਦੀਆਂ ਸਿੱਖ ਸੰਗਤਾਂ ਗੁਰੂ ਕਾਲ ਤੋਂ ਲੈ ਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਮੱਧ ਦੀ ਅਰਦਾਸ ਦੀ ਮਰਿਯਾਦਾ ਨੂੰ ਨਿਭਾਉਂਦੀਆਂ ਆ ਰਹੀਆਂ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਬੰਧਿਤ ਸਾਰੇ ਗੁਰਦੁਆਰਾ ਸਾਹਿਬਾਨ ਅਤੇ ਇਤਿਹਾਸਿਕ ਗੁਰਦੁਆਰਾ ਸਾਹਿਬਾਨ ਵਿੱਚ ਇਹ ਮਰਿਯਾਦਾ ਨਿਭਾਈ ਜਾ ਰਹੀ ਹੈ। 

ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜੱਥੇਦਾਰ, ਇੰਟਰਨੈਸ਼ਨਲ ਪੰਥਕ ਦਲ ਦੇ ਸਰਪ੍ਰਸਤ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਖਾਲਸਾ, ਦਮਦਮੀ ਟਕਸਾਲ ਦੇ ਬੁਲਾਰੇ ਸ਼੍ਰੋਮਣੀ ਕਮੇਟੀ ਮੈਂਬਰ, ਇੰਟਰਨੈਸ਼ਨਲ ਪੰਥਕ ਦਲ ਦੇ ਪੈਨਲ ਮੈਂਬਰ ਸੰਤ ਬਾਬਾ ਚਰਨਜੀਤ ਸਿੰਘ ਜੱਸੋਵਾਲ, ਸੰਤ ਬਾਬਾ ਸਵਰਨਜੀਤ ਸਿੰਘ ਮੁਖੀ ਤਰਨਾ ਦਲ ਸ਼ਹੀਦਾ ਦੋਆਬਾ ਆਦਿ ਸਿੱਖ ਸਖਸ਼ੀਅਤਾਂ ਨੇ ਕਿਹਾ ਹੈ ਕਿ ਅਮਰੀਕ ਸਿੰਘ ਲਤੀਫਪੁਰ ਨੇ ਮੱਧ ਦੀ ਅਰਦਾਸ ਸਬੰਧੀ ਟਿੱਪਣੀਆਂ ਕਰਕੇ ਉਨ੍ਹਾਂ ਸਿੱਖ ਦੁਸ਼ਮਣ ਲੋਕਾਂ ਨੂੰ ਖੁਸ਼ ਕੀਤਾ ਹੈ, ਜੋ ਹਮੇਸ਼ਾ ਹੀ ਸਿੱਖ ਪੰਥ ਵਿਚਾਲੇ ਕਲੇਸ਼ ਪਾਈ ਰੱਖਣਾ ਚਾਹੁੰਦੇ ਹਨ। ਆਗੂਆਂ ਨੇ ਕਿਹਾ ਕਿ ਅਕਾਲੀ ਦਲ ਬਾਦਲ ਨੂੰ ਕੰਪਨੀ ਵਾਂਗ ਚਲਾ ਰਹੇ ਦੋ ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਭੱਠਾ ਬਿਠਾ ਦਿੱਤਾ ਹੈ ਅਤੇ ਹੁਣ ਉਹ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਦਾ ਮਾਣ- ਇੱਜ਼ਤ ਮਿੱਟੀ ਵਿੱਚ ਮਿਲਾਉਣ ਲਈ ਸਾਜ਼ਿਸ਼ਾਂ ਕਰ ਰਹੇ ਹਨ।  


rajwinder kaur

Content Editor

Related News