ਕਿਸਾਨੀ ਬਚਾਉਣ ਲਈ ਨੌਜਵਾਨ ਪੀੜ੍ਹੀ ਨੂੰ ਜੋੜਨਾ ਹੋਵੇਗਾ ਦੇਸ਼ ਦੀ ਧਰਤੀ ਨਾਲ

02/07/2017 2:49:14 PM

ਫਗਵਾੜਾ, (ਜਲੋਟਾ)—ਕਿਸਾਨੀ ਨੂੰ ਬਚਾਉਣ ਲਈ ਨੌਜਵਾਨ ਪੀੜ੍ਹੀ ਨੂੰ ਦੇਸ਼ ਦੀ ਧਰਤੀ ਨਾਲ ਦੁਬਾਰਾ ਜੋੜਨਾ ਹੋਵੇਗਾ। ਜੇਕਰ ਅਸੀਂ ਹਾਲਾਤ ਦੀ ਨਜ਼ਾਕਤ ਨੂੰ ਨਹੀਂ ਸਮਝਿਆ ਤਾਂ ਸਾਡੀ ਨੌਜਵਾਨ ਪੀੜ੍ਹੀ ਵਿਦੇਸ਼ਾਂ ਨੂੰ ਪਲਾਇਨ ਕਰ ਜਾਵੇਗੀ ਅਤੇ ਇਸ ਗੰਭੀਰ ਸਥਿਤੀ ਲਈ ਅਸੀਂ ਸਾਰੇ ਜ਼ਿੰਮੇਵਾਰ ਹੋਵਾਂਗੇ।
ਇਹ ਵਿਚਾਰ ਸ਼੍ਰੀ ਵਿਜੇ ਚੋਪੜਾ ਨੇ ਪਿੰਡ ਪੰਡਵਾ ਸਥਿਤ ਨਿਮਰਲ ਕੁਟੀਆ (ਛੰਬਵਾਲੀ) ''ਚ ਮਿਸ਼ਨ ਫੈਪਰੋ   ਵਲੋਂ ਆਯੋਜਿਤ ਖੇਤੀ ਸਤਿਸੰਗ ਦੇ ਮੁੱਖ ਮਹਿਮਾਨ ਦੇ ਰੂਪ ''ਚ ਰਸਮੀ ਤੌਰ ''ਤੇ ਉਦਘਾਟਨ ਕਰਨ ਤੋਂ ਬਾਅਦ ਕਿਸਾਨਾਂ ਤੇ ਉਘੇ ਵਿਅਕਤੀਆਂ ਨੂੰ ਸੰਬੋਧਨ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਜੋ ਕੰਮ ਅੱਜ ਦੇਸ਼ ''ਚ ਵੱਖ-ਵੱਖ ਐੱਨ. ਜੀ. ਓ. ਕਰ ਰਹੇ ਹਨ, ਉਹ ਅਸਲ ''ਚ ਸਾਡੀਆਂ ਸਰਕਾਰਾਂ ਨੂੰ ਕਰਨੇ ਚਾਹੀਦੇ ਪਰ ਤ੍ਰਾਸਦੀ ਹੈ ਕਿ ਸਰਕਾਰ ਦਾਅਵਿਆਂ ਤੋਂ ਇਲਾਵਾ ਕੁਝ ਨਹੀਂ ਕਰ ਰਹੀ ਹੈ। ਵਿਦੇਸ਼ਾਂ ਦੀ ਤਰ੍ਹਾਂ ਸੁਖੀ ਜੀਵਨ ਜਿਊਣ ਦੇ ਸਾਧਨ ਸਾਡੇ ਦੇਸ਼ ''ਚ ਨਹੀਂ ਹਨ ਅਤੇ ਨੌਜਵਾਨ ਪੀੜ੍ਹੀ ਬਿਹਤਰ ਜੀਵਨ ਜਿਊਣ ਦੀ ਚਾਹਤ ''ਚ ਵਿਦੇਸ਼ਾਂ ''ਚ ਸੈਟਲ ਹੋ ਰਹੀ ਹੈ। ਸਾਡੇ ਖੇਤੀ ਪ੍ਰਧਾਨ ਦੇਸ਼ ''ਚ ਕਿਸਾਨਾਂ ਨੂੰ ਅੱਗੇ ਆ ਕੇ ਕਿਸਾਨੀ ਨੂੰ ਬਚਾਉਣ ਲਈ ਕੋਸ਼ਿਸ਼ ਕਰਨੀ ਹੋਵੇਗੀ ਕਿ ਨੌਜਵਾਨ ਪੀੜ੍ਹੀ ਖੇਤੀ ਨੂੰ ਅਪਨਾਏ ਅਤੇ ਇਥੇ ਰਹਿੰਦੇ ਹੋਏ ਬਿਹਤਰੀਨ ਜੀਵਨ ਬਤੀਤ ਕਰੇ।
ਇਹ ਪਿੰਡ ਪੰਡਵਾ ''ਚ ਕਿਸਾਨ ਅਵਤਾਰ ਸਿੰਘ, ਡਾ. ਸੀ. ਐੱਲ. ਵਸ਼ਿਸ਼ਟ  ਤੇ ਗੁਰਦਰਸ਼ਨ  ਸਿੰਘ   ਵਲੋਂ ਸਮਾਜ ਸੇਵੀ  ਸੁਖਬੀਰ ਸਿੰਘ ਸੰਧਰ ਦੇ ਸਹਿਯੋਗ ਨਾਲ ਆਰਗੈਨਿਕ ਢੰਗ ਨਾਲ ਵਿਕਸਿਤ ਕੀਤੀ ਗਈ ਖੇਤੀ ਫਿਊਜ਼ਨ ਪੈਦਾਵਾਰ ਤਕਨੀਕ ਦੇਖ ਕੇ ਪ੍ਰਭਾਵਿਤ ਹੋਏ ਹਨ, ਜੋ ਹਰ ਲਿਹਾਜ਼ ਨਾਲ ਲਾਜਵਾਬ ਹੈ ਅਤੇ ਇਸ ਨੂੰ ਅਪਨਾਉਣ ਵਾਲੇ ਕਿਸਾਨਾਂ ਦੀ ਪੈਦਾਵਾਰ ''ਚ ਬਿਨਾਂ ਜ਼ਿਆਦਾ ਖਰਚੇ ਕਈ ਗੁਣਾ ਵਾਧਾ ਹੋਇਆ ਹੈ। ਇਸ ਨਾਲ ਧਰਤੀ ਦੀ ਉਪਜਾਊ ਸ਼ਕਤੀ ਵਧਦੀ ਹੈ ਅਤੇ ਰਸਮੀ ਖੇਤੀ ਦੇ ਨਾਲ-ਨਾਲ ਸਬਜ਼ੀ ਦੀ ਉਪਜ ਵੀ ਹੋ ਰਹੀ ਹੈ। ਰਸਾਇਣਿਕ ਖਾਦਾਂ ''ਤੇ ਰੋਕ ਲੱਗ ਰਹੀ ਹੈ ਅਤੇ ਅਨਾਜ ਤੇ ਸਬਜ਼ੀਆਂ ਦੀ ਪੌਸ਼ਟਿਕਤਾ ਵਧ ਰਹੀ ਹੈ।
ਸ਼੍ਰੀ ਚੋਪੜਾ ਨੇ ਨਿਰਮਲ ਕੁਟੀਆ ਦੇ ਸੰਤ ਗੁਰਚਰਨ ਸਿੰਘ ਪੰਡਵਾ ਦੀਆਂ ਕੋਸ਼ਿਸ਼ਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਸ਼੍ਰੀ ਨੇ ਕਿਸਾਨੀ ਨੂੰ ਉਤਸ਼ਾਹਿਤ ਕੀਤਾ ਹੈ, ਉਸੇ ਤਰ੍ਹਾਂ ਹੋਰ ਸੰਤ ਮਹਾਤਮਾਵਾਂ ਨੂੰ, ਕਿਸਾਨਾਂ ਤੇ ਖੇਤੀ ਨੂੰ ਉਤਸ਼ਾਹਿਤ ਕਰਨਾ ਚਾਹੀਦਾ।
ਅਵਤਾਰ ਸਿੰਘ ਤੇ ਡਾ. ਸੀ. ਐੱਲ. ਵਸ਼ਿਸ਼ਟ ਨੇ ਦੱਸਿਆ ਕਿ ਉਨ੍ਹਾਂ ਵਲੋਂ ਕਿਸਾਨਾਂ ਦੇ ਹਿੱਤ ''ਚ ਵਿਕਸਿਤ ਕੀਤੀ ਗਈ ਨਵੀਂ ਤਕਨੀਕ ਦੇ ਨਾਲ ਸਬਜ਼ੀ ਤੇ ਰਸਮੀ ਫਸਲ ਬੋਈ ਜਾ ਸਕਦੀ ਹੈ, ਜਿਵੇਂ ਗੰਨੇ ਦੇ ਨਾਲ ਟਮਾਟਰ ਤੇ ਮਟਰ, ਗੰਨੇ ਨਾਲ ਬੰਦਗੋਭੀ ਤੇ ਮਟਰ ਤੇ ਗੰਨੇ ਨਾਲ ਵੈਂਗਣ ਤੇ ਮਟਰ ਤੇ ਕਪਾਹ ਦੇ ਨਾਲ ਗੰਨਾ ਤੇ ਮਟਰ।
ਇਸ ਨਾਲ ਬੀਜ, ਪਾਣੀ ਤੇ ਬਿਜਲੀ ਦੀ ਬੱਚਤ ਹੁੰਦੀ ਹੈ।
ਹਰਿਆਣਾ ਤੋਂ ਆਏ ਕਿਸਾਨ ਰਾਜਿੰਦਰ ਚਾਹਲ ਨੇ ਕਿਹਾ ਕਿ ਇਕ ਜ਼ਮਾਨਾ ਸੀ, ਜਦੋਂ ਕਿਸਾਨ ਸੰਪੰਨ ਹੁੰਦਾ ਸੀ ਪਰ ਹੁਣ ਹਾਲਾਤ ਬਦਲ ਗਏ ਹਨ। ਕਿਸਾਨੀ ਬਦਹਾਲ ਹੈ ਅਤੇ ਸਰਕਾਰਾਂ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਕਿਸਾਨ ਦੀ ਤਾਕਤ ਘੱਟ ਹੋ ਗਈ ਹੈ। ਕਿਸਾਨ ਨੂੰ ਖੁਦ ਅੱਗੇ ਆ ਕੇ ਆਪਣੀ ਲੜਾਈ ਲੜਨੀ ਹੋਵੇਗੀ ਅਤੇ ਇਸ ਦਿਸ਼ਾ ''ਚ ਫਗਵਾੜਾ ਦੇ ਕਿਸਾਨ ਅਵਤਾਰ ਸਿੰਘ ਤੇ ਡਾ. ਸੀ. ਐੱਲ. ਵਸ਼ਿਸ਼ਟ (ਰਿਟਾਇਰਡ ਏ. ਡੀ. ਓ.) ਦੀ ਵਿਕਸਿਤ ਤਕਨੀਕ ਕ੍ਰਾਂਤੀਕਾਰੀ ਤੇ ਲਾਜਵਾਬ ਹੈ।
ਉਹ ਪਹਿਲਾਂ ਡੇਅਰੀ ਅਤੇ ਛੋਟੇ ਪੱਧਰ ''ਤੇ ਦੁਕਾਨਦਾਰੀ ਕਰਦੇ ਸਨ ਪਰ ਹੁਣ ਉਕਤ ਨਵੀਂ ਤਕਨੀਕ ਅਪਨਾ ਕੇ 44 ਏਕੜ ਜ਼ਮੀਨ ''ਚ ਭਰਪੂਰ ਮੁਨਾਫੇ ਨਾਲ ਖੇਤੀ ਕਰ ਰਹੇ ਹਨ ਅਤੇ ਖੁਸ਼ਹਾਲ ਹਨ। ਉਨ੍ਹਾਂ ਨੇ ਸ਼੍ਰੀ ਵਿਜੇ ਚੋਪੜਾ ਦੇ ਖੇਤੀ ਸਤਿਸੰਗ ''ਚ ਆ ਕੇ ਕਿਸਾਨੀ ਤੇ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਦੀ ਕਾਫੀ ਪ੍ਰਸ਼ੰਸਾ ਕੀਤੀ।
ਸੈਮੀਨਾਰ ਨੂੰ ਹਰਿਆਣਾ ਤੋਂ ਆਏ ਡਾ. ਰਾਮਪਾਲ (ਸੀ. ਡੀ. ਓ.), ਅਮਰੀਕਾ ਦੀ ਬਰਾਊਨ ਯੂਨੀਵਰਸਿਟੀ ਤੋਂ ਆਈ ਪ੍ਰੋ. ਜਯੋਤੀ ਸ਼ਰਮਾ ਤੇ ਕ੍ਰਿਪਾਲ ਸਿੰਘ ਸਮੇਤ ਨਿਰਮਲ ਕੁਟੀਆ ਪਿੰਡ ਪੰਡਵਾ ਦੇ ਮੁੱਖ ਸੰਤ ਗੁਰਚਰਨ ਸਿੰਘ ਤੇ ਕਈ ਹੋਰ ਮਾਣਯੋਗ ਸ਼ਖਸੀਅਤਾਂ  ਨੇ ਪ੍ਰਭਾਵਸ਼ਾਲੀ ਢੰਗ ਨਾਲ ਖੇਤੀ ਕਰਨ ਨੂੰ ਉਤਸ਼ਾਹਿਤ ਕੀਤਾ।
ਸਮਾਰੋਹ ਦੇ ਅੰਤ ''ਚ ਨਿਰਮਲ ਕੁਟੀਆ (ਛੰਬਵਾਲੀ) ਦੇ ਸੰਤ ਗੁਰਚਰਨ ਸਿੰਘ ਪੰਡਵਾ, ਡਾ. ਸੀ. ਐੱਲ. ਵਸ਼ਿਸ਼ਟ, ਅਵਤਾਰ ਸਿੰਘ ਤੇ ਹੋਰਨਾਂ ਵਲੋਂ ਸ਼੍ਰੀ ਵਿਜੇ ਚੋਪੜਾ ਜੀ ਨੂੰ ਦੋਸ਼ਾਲਾ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਸ਼੍ਰੀ ਚੋਪੜਾ ਨੇ ਤਪ ਅਸਥਾਨ  ਨਿਰਮਲ ਕੁਟੀਆ ''ਚ ਨਤਮਸਤਕ ਹੋ ਕੇ ਸੰਤ ਗੁਰਚਰਨ ਸਿੰਘ ਪੰਡਵਾ ਤੋਂ  ਆਸ਼ੀਰਵਾਦ ਲਿਆ ਤੇ ਸੰਗਤ ਨਾਲ ਬੈਠ ਕੇ ਲੰਗਰ ਛਕਿਆ। ਉਨ੍ਹਾਂ ਨੇ ਨਿਰਮਲ ਕੁਟੀਆ ਦਾ ਦੌਰਾ ਕਰਦੇ ਹੋਏ  ਇਸ ਦੇ ਰਖ-ਰਖਾਅ ਅਤੇ ਸਵੱਛਤਾ ਦੇ ਬਿਹਤਰੀਨ ਪ੍ਰਬੰਧਾਂ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ''ਤੇ ਵਾਹਿਦ ਸੰਧਰ ਸ਼ੂਗਰ ਮਿੱਲ ਦੇ ਮੁੱਖ ਪ੍ਰਬੰਧਕ ਤੇ ਸਮਾਜ ਸੇਵੀ ਸੁਖਬੀਰ ਸਿੰਘ ਸੰਧਰ ਤੇ ਗੁਰਦਰਸ਼ਨ ਸਿੰਘ ਸਮੇਤ ਵਿਦੇਸ਼ਾਂ ਤੋਂ ਆਈਆਂ ਕਈ ਮਾਣਯੋਗ ਸ਼ਖਸੀਅਤਾਂ ਤੇ ਕਿਸਾਨ ਭਾਰੀ ਗਿਣਤੀ ''ਚ ਮੌਜੂਦ ਸਨ।

Related News