ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ’ਚ ਟਿੱਡੀ ਦਲ ਦੇ ਹਮਲੇ ਦਾ ਖਤਰਾ, ਕੀਤਾ ਅਲਰਟ ਜਾਰੀ
Tuesday, Aug 04, 2020 - 03:54 PM (IST)
ਲੁਧਿਆਣਾ (ਸਰਬਜੀਤ ਸਿੱਧੂ) - ਪਿਛਲੇ ਕਈ ਸਾਲਾਂ ਦੇ ਮੁਕਾਬਲੇ ਇਸ ਵਾਰ ਭਾਰਤ ਵਿਚ ਟਿੱਡੀ ਦਲ ਦਾ ਹਮਲਾ ਬਹੁਤ ਵੱਡੇ ਪੱਧਰ ’ਤੇ ਹੋ ਰਿਹਾ ਹੈ। ਇਸ ਨੇ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਤਬਾਹ ਕਰ ਦਿੱਤੀ ਹੈ। ਅੰਤਰਰਾਸ਼ਟਰੀ ਪੱਧਰ ਤੇ ਬਣਿਆ ਭੋਜਨ ਅਤੇ ਖੇਤੀਬਾੜੀ ਸੰਗਠਨ (ਐੱਫ. ਏ. ਓ.) ਲਗਾਤਾਰ ਟਿੱਡਿਆਂ ਤੋਂ ਪ੍ਰਭਾਵਤ ਦੇਸ਼ਾਂ ਨੂੰ ਚਿਤਾਵਨੀ ਦਿੰਦਾ ਰਹਿੰਦਾ ਹੈ। ਐੱਫ. ਏ. ਓ. ਦੀ ਤਾਜ਼ਾ ਰਿਪੋਰਟ ਅਨੁਸਾਰ ਭਾਰਤ-ਪਾਕਿਸਤਾਨ ਸਰਹੱਦ ’ਤੇ ਹਵਾ ਦੇ ਰੁਖ ਕਾਰਨ ਪੰਜਾਬ ਦੇ 6 ਜ਼ਿਲ੍ਹਿਆ ਵਿੱਚ ਟਿੱਡੀ ਦਲ ਦੇ ਆਉਣ ਦਾ ਖਦਸ਼ਾ ਹੈ। ਫਿਰੋਜ਼ਪੁਰ ਜ਼ਿਲ੍ਹੇ ਨੂੰ ਟਿੱਡੀ ਦਲ ਦੇ ਖ਼ਤਰੇ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। ਜਲੰਧਰ, ਕਪੂਰਥਲਾ, ਮਾਨਸਾ, ਮੋਗਾ ਅਤੇ ਤਰਨਤਾਰਨ ਨੂੰ ਵੀ ਟਿੱਡੀਆਂ ਦੇ ਹਮਲੇ ਦੀ ਸੂਚੀ ਵਿਚ ਹਨ, ਜਿਸ ਨਾਲ ਸਬਜ਼ੀਆਂ, ਫਸਲਾਂ ਅਤੇ ਦਾਲਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ, ਫਾਜ਼ਿਲਕਾ, ਲੁਧਿਆਣਾ, ਸੰਗਰੂਰ, ਫਰੀਦਕੋਟ, ਬਠਿੰਡਾ ਅਤੇ ਬਰਨਾਲਾ ਵਿਚ ਵੀ ਜ਼ਿਲਾ ਪ੍ਰਸ਼ਾਸਨ ਵਲੋਂ ਅਲਰਟ ਜਾਰੀ ਕਰ ਦੇਣ ਦਾ ਐਲਾਨ ਕੀਤਾ ਗਿਆ ਹੈ।
ਪੜ੍ਹੋ ਇਹ ਵੀ ਖਬਰ - 2 ਸਾਲਾਂ ’ਚ ਝੋਨੇ ਹੇਠੋਂ 12.35 ਲੱਖ ਏਕੜ ਰਕਬਾ ਘਟਾ ਕਿਸਾਨਾਂ ਨੇ ਬਚਾਇਆ 7143 ਬਿਲੀਅਨ ਲਿਟਰ ਪਾਣੀ
ਦੱਸ ਦੇਈਏ ਕਿ ਇਸ ਸਾਲ ਸਭ ਤੋਂ ਪਹਿਲਾ ਹਮਲਾ ਜਨਵਰੀ ਅਤੇ ਫ਼ਰਵਰੀ ਮਹੀਨੇ ਵਿਚ ਹੋਇਆ ਸੀ। ਇਸ ਤੋਂ ਬਾਅਦ 11 ਅਪ੍ਰੈਲ ਤੋਂ ਹੁਣ ਤੱਕ ਲਗਾਤਾਰ ਟਿੱਡੀਆਂ ਦੇ ਝੁੰਡ ਭਾਰਤ ਦੇ ਵੱਖ-ਵੱਖ ਸੂਬਿਆਂ ਵਿਚ ਮੰਡਰਾ ਰਹੇ ਹਨ। ਹਾਲਾਂਕਿ ਸਰਕਾਰ ਵਲੋਂ ਟਿੱਡੀ ਦਲ ’ਤੇ ਕਾਬੂ ਪਾਉਣ ਲਈ ਕਈ ਤਰ੍ਹਾਂ ਦੇ ਹੱਥ-ਕੰਡੇ ਅਪਣਾਏ ਜਾ ਰਹੇ ਹਨ, ਜਿਵੇਂ ਕਿ ਟਰੈਕਟਰਾਂ ਅਤੇ ਟੈਂਕੀਆਂ ਰਾਹੀਂ ਸਪਰੇਅ, ਇਸ ਤੋਂ ਇਲਾਵਾ ਡਰੋਨ ਅਤੇ ਹੁਣ ਹੈਲੀਕਾਪਟਰ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਇਸ ਦੇ ਬਾਵਜੂਦ ਵੀ ਰਾਜਸਥਾਨ ਦੇ ਕਈ ਇਲਾਕਿਆਂ ਵਿਚ ਟਿੱਡੀਆਂ ਦੇ ਝੂੰਡ ਅੰਡੇ ਦੇ ਰਹੇ ਹਨ।
ਪੜ੍ਹੋ ਇਹ ਵੀ ਖਬਰ - ਖੇਡ ਰਤਨ ਪੰਜਾਬ ਦੇ : ਮਣਾਂ ਮੂੰਹੀ ਮੈਡਲ ਜਿੱਤਣ ਵਾਲਾ ‘ਮਹਿੰਦਰ ਸਿੰਘ ਗਿੱਲ’
ਐੱਫ. ਏ. ਓ. ਦੀ ਰਿਪੋਰਟ ਮੁਤਾਬਕ ਦੱਖਣ-ਪੱਛਮੀ ਏਸ਼ੀਆ ਵਿਚ ਭਾਰਤ-ਪਾਕਿ ਸਰਹੱਦ ਦੇ ਦੋਹਾਂ ਪਾਸਿਆਂ ’ਤੇ ਟਿੱਡੀਆਂ ਦੇ ਸਮੂਹਾਂ ਵਿਚ ਗਰਮੀ ਦਾ ਪ੍ਰਜਨਣ ਜਾਰੀ ਹੈ। ਇਹ ਸਮੂਹ ਵੱਡੇ ਖੇਤਰ ਨੂੰ ਪ੍ਰਭਾਵਤ ਕਰ ਸਕਦੇ ਹਨ। ਭਾਰਤ ਵਿਚ ਜੋਧਪੁਰ ਅਤੇ ਚੁਰੂ ਦੇ ਵਿਚਕਾਰ ਰਾਜਸਥਾਨ ਦੇ ਇਕ ਵਿਸ਼ਾਲ ਖੇਤਰ ਵਿਚ ਬਹੁਤ ਸਾਰੇ ਬਾਲਗ ਸਮੂਹਾਂ ਅਤੇ ਝੁੰਡਾਂ ਨੇ ਆਂਡੇ ਦਿੱਤੇ ਹੋਏ ਹਨ। ਪਾਕਿਸਤਾਨ ਦੇ ਦੱਖਣ ਪੂਰਬੀ ਸਿੰਧ ਵਿਚ ਥਾਰਪਾਰਕਰ ਦੇ ਨਗਰਪਾਰਕਰ ਖੇਤਰ ਵਿਚ ਟਿੱਡੀਆਂ ਦੇ ਵੱਡੇ ਸਮੂਹ ਮੌਜੂਦ ਹਨ। ਬਾਲਗ ਸਮੂਹ ਚੋਲਿਸਤਾਨ ਅਤੇ ਥਾਰਪਾਰਕਰ ਦੇ ਹੋਰ ਹਿੱਸਿਆਂ ਵਿਚ ਫ਼ੈਲ ਗਏ ਹਨ, ਜਿਹੜੀ ਛੇਤੀ ਹੀ ਹੋਰ ਅੰਡੇ ਦੇਣਗੇ।
ਪੜ੍ਹੋ ਇਹ ਵੀ ਖਬਰ - ‘ਰੁਖਾਂ ਨੂੰ ਵੀਰਾਂ ਵਾਂਗੂ ਮੁਹੱਬਤ ਦੇ ਧਾਗੇ ਨਾਲ ਬੰਨ੍ਹੋਗੇ ਤਾਂ ਉਹ ਵੀ ਤੁਹਾਡੀ ਹਿਫ਼ਾਜ਼ਤ ਕਰਨਗੇ’
ਪੰਜਾਬ ਦੇ ਫਾਜ਼ਿਲਕਾ ਜ਼ਿਲੇ ’ਚ ਤਾਇਨਾਤ ਨੋਡਲ ਅਫ਼ਸਰ ਡਾ. ਭੁਪਿੰਦਰ ਕੁਮਾਰ ਨੇ ਦੱਸਿਆ ਕਿ ਰਾਜਸਥਾਨ ਵਿਚ ਲਗਾਤਾਰ ਟਿੱਡਿਆਂ ਦੇ ਹਮਲੇ ਹੋ ਰਹੇ ਹਨ। ਪੰਜਾਬ ਸਰਹੱਦ ਤੋਂ ਲਗਭਗ 80 ਕਿਲੋਮੀਟਰ ਦੂਰ ਸੂਰਤਗੜ੍ਹ ਵਿਚ ਤਾਜ਼ਾ ਹਮਲਾ ਹੋਇਆ ਹੈ। ਫਿਲਹਾਲ ਪੰਜਾਬ ਵਿਚ ਇਸ ਦਾ ਹਮਲਾ ਹੋਣ ’ਤੇ ਬਹੁਤ ਘੱਟ ਅਸਾਰ ਹਨ। ਜੇਕਰ ਕੋਈ ਅਜਿਹੀ ਸਥਿਤੀ ਪੈਦਾ ਵੀ ਹੁੰਦੀ ਹੈ ਤਾਂ ਤੁਰੰਤ ਕਾਰਵਾਈ ਕੀਤੀ ਜਾਵੇਗੀ।
ਪੜ੍ਹੋ ਇਹ ਵੀ ਖਬਰ - ਕੀ ਤੁਹਾਨੂੰ ਵੀ ਅਚਾਨਕ ਆਉਣੇ ਸ਼ੁਰੂ ਹੋ ਜਾਂਦੇ ਹਨ ‘ਚੱਕਰ’, ਤਾਂ ਜ਼ਰੂਰ ਪੜ੍ਹੋ ਇਹ ਖਬਰ
ਖੇਤੀਬਾੜੀ ਦੀਆਂ ਹੋਰ ਖਬਰਾਂ ਪੜ੍ਹਨ ਅਤੇ ਖੇਤੀਬਾੜੀ ਨਾਲ ਸਬੰਧਿਤ ਵੀਡੀਓ ਦੇਖਣ ਲਈ ਤੁਸੀਂ ਜਗਬਾਣੀ ਖੇਤੀਬਾੜੀ ਫੇਸਬੁੱਕ ਪੇਜ ’ਤੇ ਵੀ ਸਾਡੇ ਨਾਲ ਜੁੜ ਸਕਦੇ ਹੋ..., ਜਿਸ ਦੇ ਲਈ ਤੁਸੀਂ ਇਸ ਲਿੰਕ ’ਤੇ ਕਲਿੱਕ ਕਰੋ ‘ਜਗਬਾਣੀ ਖੇਤੀਬਾੜੀ’