ਹਾਏ ਓ ਰੱਬਾ : ਸਾਨੂੰ ਤਾਂ ਆਲੂ-ਗੰਢਿਆਂ ਦੀ ਮਹਿੰਗਾਈ ਮਾਰ ਗਈ!

10/28/2020 6:22:39 PM

ਮਹਿੰਗੀਆਂ ਹੁੰਦੀਆਂ ਸਬਜ਼ੀਆਂ ਤੇ ਵਿਅੰਗਾਤਮਕ ਲੇਖ

ਗੰਢਿਆਂ ਦਾ ਸਬਜ਼ੀਆਂ ਨਾਲ ਉਹ ਰਿਸ਼ਤਾ ਹੈ, ਜੋ ਨਹੂੰ ਨਾਲ ਮਾਸ ਦਾ ਹੁੰਦਾ ਹੈ। ਗੰਢੇ ਜਿਥੇ ਹਰ ਸਬਜ਼ੀ ਦਾ ਜਾਇਕਾ ਬਣਦੇ ਹਨ, ਉਥੇ ਹੀ ਮਹਿੰਗੇ ਹੁੰਦਿਆਂ ਸਾਰ ਖਾਣੇ ਦਾ ਸਾਰਾ ਮਜ਼ਾ ਕਿਰਕਿਰਾ ਵੀ ਕਰ ਦਿੰਦੇ ਹਨ। ਮੈਂ ਸਮਝਦਾ ਹਾਂ ਵਿਕਣ ਵਾਲੇ ਲੀਡਰਾਂ ਤੋਂ ਬਾਅਦ ਗੰਢੇ ਹੀ ਇਕ ਅਜਿਹੀ ਸ਼ੈਅ ਹੈ, ਜੋ ਸਰਕਾਰਾਂ ਨੂੰ ਬਣਾਉਣ ਅਤੇ ਗਿਰਾਉਣ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਉਂਦੇ ਹਨ। 

ਗੰਢਿਆਂ ਦੇ ਮਹਿੰਗਾ ਹੁੰਦੇ ਹੀ ਅਕਸਰ ਗ਼ਰੀਬ ਪਰਿਵਾਰਾਂ ਦੇ ਘਰਾਂ ਦਾ ਬਜਟ ਹੀ ਖ਼ਰਾਬ ਜਾਂਦਾ ਹੈ। ਇਸ ਦੀਆਂ ਕੀਮਤਾਂ ਆਸਮਾਨੀ ਚੜ੍ਹਨ ਨਾਲ ਗ਼ਰੀਬਾਂ ਨੂੰ ਤਾਂ ਜਿਵੇਂ ਖ਼ਾਲੀ ਲਸਣ ਦੇ ਤੜਕੇ ਨਾਲ ਹੀ ਗੁਜ਼ਾਰਾ ਕਰਨਾ ਪੈਂਦਾ ਹੈ। ਜੇਕਰ ਸਬਬ ਨਾਲ ਗੰਢੇ ਦੀ ਚੜ੍ਹਤ-ਫ਼ੜਕ ਦੇ ਦਿਨਾਂ ’ਚ ਕਿਸੇ ਗ਼ਰੀਬ ਪਰਿਵਾਰ ਦੀ ਕੁੜੀ ਦਾ ਵਿਆਹ ਧਰਿਆ ਹੋਵੇ ਤਾਂ ਕੁੜੀ ਦੇ ਮਾਪਿਆਂ ਦੀ ਜੋ ਪਤਲੀ ਹਾਲਤ ਹੁੰਦੀ ਹੈ, ਉਹ ਬਿਆਨ ਤੋਂ ਬਾਹਰ ਹੋ ਜਾਂਦੀ ਹੈ ਅਤੇ ਕਹਿੰਦਾ ਹੈ, ਹਾਏ ਓ ਰੱਬਾ, ਸਾਨੂੰ ਤਾਂ ਆਲੂ-ਗੰਢਿਆਂ ਦੀ ਮਹਿੰਗਾਈ ਮਾਰ ਗਈ! 

ਪੜ੍ਹੋ ਇਹ ਵੀ ਖਬਰ - ਖ਼ੁਸ਼ਖ਼ਬਰੀ : ਕੈਨੇਡਾ ਦੇ ਅਟਲਾਂਟਿਕ ਸੂਬਿਆਂ ‘ਚ ਪੜ੍ਹਾਈ ਤੋਂ ਬਾਅਦ PR ਲਈ ਨਹੀਂ ਤਜਰਬੇ ਦੀ ਲੋੜ

ਗੰਢਿਆਂ ਦੀ ਮਹਿੰਗਾਈ ਤੋਂ ਮੈਨੂੰ ਯਾਦ ਆਇਆ ਕਿ ਪਿਛਲੇ ਦਿਨੀਂ ਪ੍ਰਧਾਨ ਮੰਤਰੀ ਜੀ ਨੇ ਪੜ੍ਹੇ ਲਿਖੇ ਬੇਰੁਜ਼ਗਾਰਾਂ ਨੂੰ ਸਲਾਹ ਦਿੱਤੀ ਸੀ ਕਿ ਜੇ ਨੌਕਰੀ ਨਹੀਂ ਮਿਲਦੀ ਤਾਂ ਮੁੰਡਿਆਂ ਨੂੰ ਪਕੌੜਿਆਂ ਦੀ ਰੇੜ੍ਹੀ ਲਗਾ ਲੈਣੀ ਚਾਹੀਦੀ ਹੈ। ਵੈਸੇ ਵੀ ਜੇ ਇਕ ਪ੍ਰਧਾਨ ਮੰਤਰੀ ਆਪਣੇ ਓਹਦੇ ’ਤੇ ਬਿਰਾਜਮਾਨ ਹੋਣ ਤੋਂ ਪਹਿਲਾਂ ਮੁੱਢਲੇ ਦਿਨਾਂ ’ਚ ਚਾਹ ਵੇਚ ਸਕਦਾ ਹੈ (ਇਹ ਅਲੱਗ ਬਾਤ ਹੈ ਕਿ ਉਨ੍ਹਾਂ ਦੇ ਹੱਥਾਂ ਦੀ ਬਣਾਈ ਚਾਹ ਪੀਣ ਵਾਲਾ ਮਹਾਂਪੁਰਸ਼ ਹਾਲੇ ਤੱਕ ਮਿਲਿਆ ਨਹੀਂ)। ਪਰ ਹਾਂ, ਪ੍ਰਧਾਨ ਮੰਤਰੀ ਅਹੁਦੇ ’ਤੇ ਬਿਰਾਜਮਾਨ ਹੋਣ ਉਪਰੰਤ ਉਨ੍ਹਾਂ ਨੂੰ ਜਿਨਸ਼ਿਨਪਿੰਗ ਨੂੰ ਜ਼ਰੂਰ ਚਾਹ ਪਰੋਸਦਿਆਂ ਵੇਖਿਆ ਸੀ। 

ਪੜ੍ਹੋ ਇਹ ਵੀ ਖਬਰ - ਕਈ ਸਵਾਲੀਆ ਨਿਸ਼ਾਨ ਛੱਡ ਰਹੇ ਹਨ ਕੈਪਟਨ ਸਰਕਾਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪਾਸ ਕੀਤੇ ਬਿੱਲ!

ਪ੍ਰਧਾਨ ਮੰਤਰੀ ਦੀ ਪਕੌੜੇ ਬਣਾਉਣ ਦੀ ਸਲਾਹ ’ਤੇ ਕਈ ਪਾੜ੍ਹਿਆਂ ਨੇ ਅਮਲ ਕੀਤਾ। ਜਿਨ੍ਹਾਂ ਵਿੱਚੋਂ ਸਾਡਾ ਇਕ ਦੋਸਤ ਵੀ ਸ਼ਾਮਲ ਹੈ, ਉਹ ਐੱਮ.ਏ, ਬੀ.ਐੱਡ ਹੈ ਪਰ ਬਦਕਿਸਮਤੀ ਨਾਲ ਹਾਲੇ ਤੱਕ ਬੇਰੁਜ਼ਗਾਰ ਹੈ। ਭਾਵੇਂ ਉਸ ਦਾ ਨਾਂ ਅਮੀਰ ਚੰਦ ਹੈ ਪਰ ਉਹ ਦੀ ਮੰਦਹਾਲੀ ਵੇਖਦਿਆਂ ਉਸ ਨੂੰ ਅਮੀਰ ਚੰਦ ਕਹਿੰਦੇ ਹੋਏ ਇੰਝ ਲੱਗਦਾ ਹੈ, ਜਿਵੇਂ ਚੰਨ ਨੂੰ ਗ਼ਰੀਬੀ ਦਾ ਗ੍ਰਹਿਣ ਲੱਗਿਆ ਹੋਵੇ। ਖੈਰ ! ਛੱਡੋ ਮੈਂ ਭਾਵੁਕ ਹੋ ਜਾਵਾਂਗਾ। ਪਿਛਲੇ ਦਿਨੀਂ ਉਸ ਨੇ ਵੀ ਪ੍ਰਧਾਨ ਮੰਤਰੀ ਦੀ ਸਲਾਹ ਮੰਨਦਿਆਂ ਪਕੌੜਿਆਂ ਦੀ ਰੇਹੜੀ ਲਾਅ ਲਈ। ਕੁੱਝ ਦਿਨ ਉਸ ਨੂੰ ਮੁਸ਼ਕਿਲਾਂ ਪੇਸ਼ ਆਈਆਂ ਫਿਰ ਸਭ ਸਹੀ ਹੋ ਗਿਆ ਤੇ ਆਰਾਮ ਨਾਲ ਤਿੰਨ ਤੋਂ ਚਾਰ ਸੌ ਦੀ ਦਿਹਾੜੀ ਪੈਣ ਲੱਗੀ। ਉਸ ਨੂੰ ਲੱਗਿਆ ਕਿ ਹੁਣ ਕੁੱਝ ਦਿਨਾਂ ਵਿੱਚ ਹੀ ਉਸ ਦੇ ਚੰਗੇ ਦਿਨ ਆ ਜਾਣਗੇ ਪਰ ਉਹ ਹਾਲੇ ਚੰਗੇ ਦਿਨਾਂ ਦੇ ਸੁਪਨੇ ਵੇਖ ਰਿਹਾ ਸੀ ਕਿ ਗੰਢਿਆਂ ਦੀਆਂ ਕੀਮਤਾਂ ਇਕ ਵਾਰ ਫਿਰ ਆਸਮਾਨੀ ਚੜ੍ਹ ਗਈਆਂ। ਗੰਢੇ ਵੇਖ ਆਲੂਆਂ ਨੇ ਵੀ ਰੰਗ ਵਿਖਾਉਣੇ ਸ਼ੁਰੂ ਕਰ ਦਿੱਤੇ। ਜਿਵੇਂ ਗੰਢੇ-ਆਲੂਆਂ ਨੇ ਆਪਣੇ ਰੰਗ ਵਿਖਾਏ, ਤਿਵੇਂ ਉਸ ਦੇ ਸਾਰੇ ਸੁਪਨੇ ਇਕ ਇਕ ਕਰਕੇ ਚੂਰ ਹੋ ਗਏ ਭਾਵ "ਦਿਲ ਕੇ ਅਰਮਾਂ ਆਂਸੂਓਂ ਮੇਂ ਬਹਿ ਗਏ..!"

ਪੜ੍ਹੋ ਇਹ ਵੀ ਖਬਰ - ਦਿੱਲੀ : ਪਰਾਲੀ ਸਮੇਤ ਹਵਾ ਪ੍ਰਦੂਸ਼ਣ ‘ਤੇ ਰੋਕ ਲਾਉਣ ਲਈ ਕੇਂਦਰ ਸਰਕਾਰ ਲਿਆ ਰਹੀ ਹੈ ‘ਨਵਾਂ ਕਾਨੂੰਨ’

ਉਧਰ ਆਲੂ-ਗੰਢਿਆਂ ਦੀ ਚੜ੍ਹਾਈ ਵੇਖ ਲਾਲ ਟਮਾਟਰ ਗੁੱਸੇ ’ਚ ਹੋਰ ਲਾਲ ਹੋਣੇ ਸ਼ੁਰੂ ਹੋ ਗਏ । ਟਮਾਟਰਾਂ ਨੂੰ ਵੇਖ ਕਰੇਲੇ ਦੀਆਂ ਕੀਮਤਾਂ ਵੀ ਨਿੰਮ ਜਾ ਚੜ੍ਹੀਆਂ। ਗ਼ੋਭੀ ਤੇ ਭਿੰਡੀਆਂ ਨੇ ਸੋਚਿਆ ਕਿ ਅਸੀਂ ਕਿਹੜਾ ਕਿਸੇ ਦੀ ਨੂੰਹ ਧੀ ਨਾਲੋਂ ਘੱਟ ਹਾਂ, ਸੋ ਵੇਖਦੇ ਹੀ ਵੇਖਦਿਆਂ ਉਨ੍ਹਾਂ ਦੀਆਂ ਕੀਮਤਾਂ ਵੀ ਪਹੁੰਚ ਤੋਂ ਬਾਹਰ ਹੋ ਗਈਆਂ। ਵੇਖਦੇ ਹੀ ਵੇਖਦੇ ਗ਼ਰੀਬ ਆਦਮੀ ਦਾ ਸਬਜ਼ੀ ਨਾਲ ਰੋਟੀ ਖਾਣ ਦਾ ਸੁਫ਼ਨਾ ਵੀ ਕਾਫ਼ੂਰ ਹੋ ਗਿਆ । 

ਅੱਜ ਹਾਲਾਤ ਇਹ ਹਨ ਕਿ ਜਦੋਂ ਕੋਈ ਭਰਾ ਆਪਣੀ ਭੈਣ ਨੂੰ ਹੁਣ ਦੀਵਾਲੀ ਦਾ ਸੰਧਾਰਾ ਦੇਣ ਲਈ ਮਿਲਣ ਜਾਣ ਬਾਰੇ ਸੋਚਦਾ ਹੈ ਤਾਂ ਅਗੋਂ ਭੈਣ ਦਾ ਪਹਿਲਾਂ ਹੀ ਫ਼ੋਨ ਆ ਜਾਂਦਾ ਹੈ ਕਿ "ਵੀਰੇ ਸ਼ੂਗਰ ਦੇ ਚਲਦਿਆਂ ਮਿਠਾਈ, ਫਰੂਟ ਲਿਆਉਣ ਦੀ ਖੇਚਲ ਨਾ ਕਰੀਂ ਬਸ ਦੋ ਕਿਲੋ ਗੰਢੇ ਹੀ ਲਿਆਈਂ ਅਤੇ ਪੰਸੇਰੀ ਆਲੂ ਲੈ ਆਵੀਂ, ਜਦੋਂ ਦੇ ਆਲੂ ਤੇ ਗੰਢੇ ਮਹਿੰਗੇ ਹੋਏ ਨੇ ਤੇਰਾ ਜੀਜਾ ਜਿਵੇਂ ਸਬਜ਼ੀ ਮੰਡੀ ਦਾ ਰਸਤਾ ਭੁੱਲ ਗਿਆ। 

ਪੜ੍ਹੋ ਇਹ ਵੀ ਖਬਰ - ਸਿਹਤ ਲਈ ਫਾਇਦੇਮੰਦ ਹੁੰਦੈ ‘ਮੱਖਣ’, ਥਾਈਰਾਈਡ ਦੇ ਨਾਲ-ਨਾਲ ਇਨ੍ਹਾਂ ਰੋਗਾਂ ਦਾ ਵੀ ਜੜ੍ਹ ਤੋਂ ਕਰਦੈ ਇਲਾਜ਼

ਇਸੇ ਤਰ੍ਹਾਂ ਅੱਜ ਵਧੇਰੇ ਦਫ਼ਤਰੀ ਬਾਬੂਆਂ ਤੋਂ ਕੰਮ ਕਢਵਾਉਣ ਵਾਲੇ ਆਦਮੀ ਵੀ ਕੈਸ਼ ਦੀ ਥਾਂ ਬਾਬੂਆਂ ਦੇ ਰੁਤਬੇ ਮੁਤਾਬਕ ਪੰਸੇਰੀ ਦੋ ਪੰਸੇਰੀ ਆਲੂ-ਗੰਢੇ ਦੇਣ ’ਚ ਹੀ ਭਲਾਈ ਸਮਝਦੇ ਹਨ। ਨਾਲੇ ਆਲੂ-ਗੰਢੇ ਲੈਣ-ਦੇਣ ਨਾਲ ਕਿਸੇ ਅਫਸਰ ਤੇ ਰਿਸ਼ਵਤ ਦਾ ਕੇਸ ਵੀ ਨਹੀਂ ਬਣਦਾ ਤੇ ਕਰਮਚਾਰੀ ਨੂੰ ਰੰਗੇ ਹੱਥੀਂ ਫੜੇ ਜਾਣ ਦਾ ਡਰ ਵੀ ਨਹੀਂ ਸਤਾਉਂਦਾ । 

ਗੰਢੇ ਇਕ ਅਜਿਹੀ ਸ਼ੈਅ ਹੈ, ਜੋ ਹਕੂਮਤਾਂ ਦੇ ਤਖਤ ਪਲਟਣ ਦੀ ਤਾਕਤ ਰੱਖਦੀ ਹੈ। ਮੈਨੂੰ ਯਾਦ ਹੈ ਕਿ ਇਕ ਵਾਰ ਦਿੱਲੀ ਵਿਚ 90 ਦੇ ਦਹਾਕਿਆਂ ਵਿੱਚ ਜਿਸ ਪਾਰਟੀ ਦੀ ਸਰਕਾਰ ਸੀ, ਇਤਫਾਕਨ ਉਸ ਸਮੇਂ ਗੰਢੇ ਦੀ ਕਿੱਲਤ ਦੇ ਚਲਦਿਆਂ ਕੀਮਤਾਂ ਅੱਜ ਵਾਂਗ ਆਸਮਾਨੀ ਚੜ੍ਹ ਗਈਆਂ। ਇਸੇ ਵਿਚਕਾਰ ਵੋਟਾਂ ਆ ਗਈਆਂ, ਬਸ ਫ਼ੇਰ ਕੀ ਸੀ ਗੰਢੇ ਦੀਆਂ ਕੀਮਤਾਂ ਦਾ ਸਾਰਾ ਗੁੱਸਾ ਲੋਕਾਂ ਨੇ ਸੱਤਾ ਪਾਰਟੀ ਨੂੰ ਅਰਸ਼ ਤੋਂ ਫਰਸ਼ ’ਤੇ ਲਿਆ ਕੇ ਕੱਢਿਆ। 

ਪੜ੍ਹੋ ਇਹ ਵੀ ਖਬਰ - 40 ਦਿਨਾਂ ਦੀ ਇਸ ਪੂਜਾ ਨਾਲ ਬਣੇਗਾ ਹਰੇਕ ਵਿਗੜਿਆ ਕੰਮ, ਘਰ ’ਚ ਆਵੇਗਾ ਧਨ

ਸਚਾਈ ਤਾਂ ਇਹ ਹੈ ਕਿ ਗੰਢੇ ਆਪਣੇ ਛਿਲਣ ਵਾਲਿਆਂ ਨੂੰ ਜਿੱਥੇ ਪਾਣੀ ਦੇ ਹੰਝੂ ਰੁਲਾਉਂਦੇ ਹਨ, ਉਥੇ ਹੀ ਆਪਣੇ ਉਗਾਉਣ ਵਾਲੇ ਕਿਸਾਨਾਂ ਨੂੰ ਖੂਨ ਦੇ ਹੰਝੂ ਰੁਲਾਉਂਦੇ ਹਨ। ਜਦੋਂਕਿ ਸਟੋਰ ਕਰਨ ਵਾਲੇ ਕਾਰਪੋਰੇਟ ਘਰਾਣਿਆਂ ਨੂੰ ਇਹ ਰਾਤੋ-ਰਾਤ ਪਤੀ ਤੋਂ ਲੱਖ਼ ਪਤੀ ਅਤੇ ਲੱਖ਼ ਪਤੀ ਤੋਂ ਅਰਬਪਤੀ ਬਣਾ ਦਿੰਦੇ ਹਨ..! 

ਅੱਬਾਸ ਧਾਲੀਵਾਲ 
ਮਲੇਰਕੋਟਲਾ ।
ਸੰਪਰਕ ਨੰਬਰ : 9855259650 
Abbasdhaliwal72@gmail.com 


rajwinder kaur

Content Editor

Related News