ਫਗਵਾੜਾ ਤਕਨੀਕ ਨੇ ਦਿੱਤਾ ਚਿੱਟੀ ਮੱਖੀ ਦੇ ''ਡੰਗ'' ਦਾ ਜੁਆਬ (ਤਸਵੀਰਾਂ)

09/23/2016 4:42:10 PM

ਜਲੰਧਰ (ਜੁਗਿੰਦਰ ਸੰਧੂ)— ਪੰਜਾਬ ਦੀ ''ਕਪਾਹ ਪੱਟੀ'' ਨੂੰ ਪਿਛਲੇ ਸਾਲ ਚਿੱਟੀ ਮੱਖੀ ਨੇ ਅਜਿਹਾ ਡੰਗ ਮਾਰਿਆ ਸੀ ਕਿ ਹੁਣ ਤਕ ਉਸ ਦੇ ਜ਼ਖ਼ਮਾਂ ਦੀਆਂ ਚੀਸਾਂ ਉੱਠ ਰਹੀਆਂ ਹਨ। ਇਸ ਡੰਗ ਦਾ ਇਲਾਜ ਨਾ ਕਿਸਾਨਾਂ ਨੂੰ ਲੱਭਾ ਅਤੇ ਨਾ ਪੰਜਾਬ ਦੇ ਖੇਤੀਬਾੜੀ ਵਿਭਾਗ ਨੂੰ ਹੀ ਕੁਝ ਸੁੱਝਿਆ। ਪੰਜਾਬ ਸਰਕਾਰ ਦੇ ਹੱਥ-ਪੈਰ ਤਾਂ ਹੁਣ ਤਕ ਵੀ ਫੁੱਲੇ ਹੋਏ ਹਨ। ਇਹ ਵੱਖਰੀ ਗੱਲ ਹੈ ਕਿ ਇਕ ਪਾਸੇ ਇਸ ਡੰਗ ਦੇ ਮਾਰੇ ਕਿਸਾਨ-ਮਜ਼ਦੂਰ ਚੀਕਦੇ ਰਹੇ ਅਤੇ ਦੂਜੇ ਪਾਸੇ ਪੰਜਾਬ ਸਰਕਾਰ ਦੇ ਕੁਝ ਭ੍ਰਿਸ਼ਟ ਅਨਸਰ ਆਪਣੇ ਹੱਥ ਰੰਗਦੇ ਰਹੇ। 
ਸਰਕਾਰ ਨੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਦਾ ਜਿਹੜਾ ਐਲਾਨ ਕੀਤਾ ਸੀ, ਉਹ ਵੀ ਨਾ-ਮਾਤਰ ਅਤੇ ਬਹੁਤੇ ਕਿਸਾਨਾਂ ਨੂੰ ਹੁਣ ਤਕ ਧੇਲਾ ਵੀ ਨਹੀਂ ਮਿਲਿਆ। ਨਰਮੇ ਦੀ ਚੁਗਾਈ ਕਰਨ ਵਾਲੇ ਮਜ਼ਦੂਰ ਤਾਂ ਹੁਣ ਤਕ ਮੁਜ਼ਾਹਰੇ ਕਰਦੇ ਫਿਰਦੇ ਹਨ ਕਿ ਉਨ੍ਹਾਂ ਨੂੰ ਕੋਈ ਪੈਸਾ ਮਿਲ ਜਾਵੇ। ਇਸ ਤੋਂ ਅਗਲੀ ਗੱਲ ਜੱਗੋਂ ਤੇਰ੍ਹਵੀਂ ਇਹ ਹੋਈ ਕਿ ਬਹੁਤੇ ਕਿਸਾਨਾਂ ਨੇ ਇਸ ਵਾਰ ਚਿੱਟੀ ਮੱਖੀ ਦੇ ਡੰਗ ਤੋਂ ਡਰਦਿਆਂ ਨਰਮਾ ਬੀਜਣ ਤੋਂ ਹੱਥ ਖੜ੍ਹੇ ਕਰ ਦਿੱਤੇ। ਇਸ ਸਾਰੇ ਘਟਨਾਚੱਕਰ ''ਚ ਇਕ ਹੈਰਾਨੀਜਨਕ ਅਤੇ ਹੌਸਲਾ-ਵਧਾਊ ਪਹਿਲੂ ਇਹ ਸਾਹਮਣੇ ਆਇਆ ਕਿ ਫਗਵਾੜਾ ਖੇਤੀ ਤਕਨੀਕ ਨੇ ਚਿੱਟੀ ਮੱਖੀ ਦਾ ਡੰਗ ਭੰਨਣ ਦਾ ਨਾ ਸਿਰਫ ਬੀੜਾ ਚੁੱਕਿਆ, ਸਗੋਂ ਇਸ ਸੰਬੰਧ ''ਚ ਤਲੀ ''ਤੇ ਸਰ੍ਹੋਂ ਜਮਾ ਕੇ ਵੀ ਵਿਖਾ ਦਿੱਤੀ।
''ਫਗਵਾੜਾ ਗੁਡਗਰੋ ਖੇਤੀ ਤਕਨੀਕ'' ਅਨੁਸਾਰ ਬੀਜੀ ਕਪਾਹ ਖੇਤਾਂ ''ਚ ਹੁਲਾਰੇ ਮਾਰ ਰਹੀ ਹੈ ਅਤੇ ਕਪਾਹ ਦੇ ਕਾਸ਼ਤਕਾਰਾਂ ਨੂੰ ਸੁਨੇਹਾ ਵੀ ਦੇ ਰਹੀ ਹੈ ਕਿ ਉਹ ਸਰਕਾਰ ਜਾਂ ਭ੍ਰਿਸ਼ਟ ਅਫਸਰਸ਼ਾਹੀ ਤੋਂ ਕਿਸੇ ਤਰ੍ਹਾਂ ਦੀ ਆਸ ਰੱਖਣ ਦੀ ਬਜਾਏ ਆਪ ਹਿੰਮਤ ਕਰਨ ਅਤੇ ''ਨਿੱਕੀ-ਨਿੱਕੀ ਲੋਗੜੀ ਕੱਤਣ'' ਦਾ ਰਾਹ ਪੱਧਰਾ ਕਰਨ। ਇਸ ਤਕਨੀਕ ਦੇ ਮੋਹਰੀ ਕਿਸਾਨ ਅਵਤਾਰ ਸਿੰਘ ਨੇ ਦੱਸਿਆ ਕਿ ਕਪਾਹ ਦੀ ਕਾਸ਼ਤ ਇਸ ਤਰ੍ਹਾਂ ਕੀਤੀ ਗਈ ਹੈ ਕਿ ਜਿਸ ਨਾਲ ਖਰਚਾ ਬਹੁਤ ਘੱਟ ਆਵੇਗਾ ਅਤੇ ਝਾੜ ਵੀ ਭਰਪੂਰ ਹੋਵੇਗਾ। ਇਸ ਤਕਨੀਕ ਨਾਲ ਕਪਾਹ ਦੀ ਕਾਸ਼ਤ ਵਿਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਆ ਸਕਦੀ।
ਬਹੁ-ਫਸਲੀ ਵਿਧੀ 
ਸ. ਅਵਤਾਰ ਸਿੰਘ ਨੇ ਦੱਸਿਆ ਕਿ ਕਪਾਹ ਦੀ ਕਾਸ਼ਤ ਦੇ ਸੰਦਰਭ ਵਿਚ ਵੀ ਬਹੁ-ਫਸਲੀ ਵਿਧੀ ਅਪਣਾਈ ਜਾਂਦੀ ਹੈ। ਇਸ ਅਨੁਸਾਰ ਜ਼ਮੀਨ ਵਿਚ 4 ਫੁੱਟ ਗੁਣਾ ਚਾਰ ਫੁੱਟ ਦੇ ਪੂਰਬ-ਪੱਛਮ ਦੀ ਦਿਸ਼ਾ ਵਿਚ ਬੈੱਡ ਬਣਾਏ ਜਾਂਦੇ ਹਨ। ਇਕ ਬੈੱਡ ਦੇ ਖ਼ਾਲੀ ਵਾਲੇ ਪਾਸੇ ਕਪਾਹ ਦੀ ਕਾਸ਼ਤ ਕੀਤੀ ਜਾਂਦੀ ਹੈ, ਜਦਕਿ ਵਿਚਕਾਰਲਾ ਬੈੱਡ ਹੋਰ ਫਸਲਾਂ ਲਈ ਵਿਹਲਾ ਰੱਖਿਆ ਜਾਂਦਾ ਹੈ। 
ਉਨ੍ਹਾਂ ਦੱਸਿਆ ਕਿ ਇਸ ਵਾਰ ਫਰਵਰੀ ''ਚ ਕਪਾਹ ਦੀ ਕਾਸ਼ਤ ਕੀਤੀ ਗਈ ਸੀ। ਪ੍ਰਤੀ ਏਕੜ 1250 ਬੀਜ ਬੀਜੇ ਜਾਂਦੇ ਹਨ। ਬੀਜਾਈ ਤੋਂ ਪਹਿਲਾਂ ਖਾਲ਼ੀਆਂ ''ਚ ਪਾਣੀ ਛੱਡ ਦਿੱਤਾ ਜਾਂਦਾ ਹੈ ਅਤੇ ਬਾਅਦ ਵਿਚ ਫਸਲ ਦੀ ਚੁਗਾਈ ਤਕ ਉਸ ਨੂੰ ਪਾਣੀ ਦੀ ਲੋੜ ਹੀ ਨਹੀਂ ਰਹਿੰਦੀ। ਚਿੱਟੀ ਮੱਖੀ ਜਾਂ ਪੌਦਿਆਂ ਦਾ ਰਸ ਚੂਸਣ ਵਾਲੇ ਹੋਰ ਕੀੜਿਆਂ ਦੀ ਅਲਖ ਮੁਕਾਉਣ ਲਈ ਸਿਰਫ 2 ਸਪਰੇਆਂ ਦੀ ਲੋੜ ਪੈਂਦੀ ਹੈ। ਕਪਾਹ ਦੀ ਫਸਲ ਨੂੰ ਇਸ ਤਕਨੀਕ ਅਨੁਸਾਰ ਖਾਦ ਦੀ ਲੋੜ ਨਹੀਂ ਪੈਂਦੀ। ਇਸ ਤਰ੍ਹਾਂ ਨਾਮਾਤਰ ਖਰਚੇ ਨਾਲ ਕਪਾਹ ਦੀ ਭਰਪੂਰ ਫਸਲ ਹੋ ਜਾਂਦੀ ਹੈ, ਜਿਹੜੀ ਕਿ 15-25 ਕੁਇੰਟਲ ਦਾ ਝਾੜ ਪ੍ਰਤੀ ਕੁਇੰਟਲ ਦੇ ਜਾਂਦੀ ਹੈ। 
18ਵੇਂ ਹਮਲੇ ਨੂੰ ਰੋਕ ਸਕਦੀ ਹੈ ਕਪਾਹ 
ਸ. ਅਵਤਾਰ ਸਿੰਘ ਨੇ ਦੱਸਿਆ ਕਿ ਫਗਵਾੜਾ ਤਕਨੀਕ ਅਨੁਸਾਰ ਬੀਜੀ ਗਈ ਕਪਾਹ ਦੀ ਖੇਤੀ ਨਾ ਸਿਰਫ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦਾ ਨਿੱਗਰ ਹੱਲ ਬਣ ਸਕਦੀ ਹੈ, ਸਗੋਂ ਇਸ ਨਾਲ ਝੋਨੇ ਦੀ ਫਸਲ ਰਾਹੀਂ ਪੰਜਾਬ ''ਤੇ ਕੀਤਾ ਜਾ ਰਿਹਾ 18ਵਾਂ ਹਮਲਾ ਵੀ ਰੋਕਿਆ ਜਾ ਸਕਦਾ ਹੈ। 
ਅਤੀਤ ''ਚ ਵਿਦੇਸ਼ੀ ਹਮਲਾਵਰਾਂ ਨੇ ਪੰਜਾਬ ''ਤੇ 17 ਹਮਲੇ ਕੀਤੇ ਸਨ, ਜਿਨ੍ਹਾਂ ''ਚ ਬਹੁਤ ਵੱਡਾ ਜਾਨੀ-ਮਾਲੀ ਨੁਕਸਾਨ ਹੋਇਆ। ਹੁਣ ਪੰਜਾਬ ''ਤੇ ਝੋਨੇ ਦੀ ਫਸਲ ਦੇ ਰੂਪ ''ਚ 18ਵਾਂ ਹਮਲਾ ਕੀਤਾ ਜਾ ਰਿਹਾ ਹੈ ਅਤੇ ਜੇਕਰ ਇਸ ਹਮਲੇ ਨੂੰ ਰੋਕਿਆ ਨਾ ਗਿਆ ਤਾਂ ਪੰਜਾਬ ਦੀ ਧਰਤੀ ਅਤੇ ਪੌਣ-ਪਾਣੀ ਇੰਨਾ ਜ਼ਹਿਰੀਲਾ ਹੋ ਜਾਵੇਗਾ ਕਿ ਉਸ ਨਾਲ ਮਨੁੱਖਾਂ ਦੀ ਹੋਂਦ ਲਈ ਹੀ ਖ਼ਤਰਾ ਬਣ ਜਾਵੇਗਾ। ਇਸ ਲਈ ਪੰਜਾਬ ਵਿਚ ਪਾਣੀ ਦੀ ਘੱਟ ਖਪਤ ਵਾਲੀਆਂ ਫਸਲਾਂ ਹੀ ਬੀਜੀਆਂ ਜਾਣੀਆਂ ਚਾਹੀਦੀਆਂ ਹਨ ਅਤੇ ਕਪਾਹ ਜਾਂ ਨਰਮਾ ਇਸ ਨਜ਼ਰੀਏ ਤੋਂ ਬਿਹਤਰ ਬਦਲ ਹੈ। 
ਕਪਾਹ ਦੇ ਨਾਲ-ਨਾਲ ਹੋਰ ਫਸਲਾਂ 
ਕਪਾਹ ਦੀਆਂ ਦੋ ਕਤਾਰਾਂ ਵਿਚਕਾਰ ਖਾਲੀ ਪਏ ਬੈੱਡਾਂ ''ਤੇ ਹੋਰ ਫਸਲਾਂ ਦੀ ਕਾਸ਼ਤ  ਕਰ ਕੇ ਕਿਸਾਨ ਆਪਣੀ ਆਮਦਨ ਵਿਚ ਚੋਖਾ ਵਾਧਾ ਕਰ ਸਕਦੇ ਹਨ। ਇਸ ਵਿਧੀ ਅਨੁਸਾਰ ਸਭ ਤੋਂ ਪਹਿਲਾਂ ਖੀਰੇ ਜਾਂ ਹੋਰ ਵੇਲਾਂ ਵਾਲੀਆਂ ਸਬਜ਼ੀਆਂ ਦੀ ਕਾਸ਼ਤ ਕਰ ਕੇ 70-80 ਕੁਇੰਟਲ ਪ੍ਰਤੀ ਏਕੜ ਦਾ ਝਾੜ ਲਿਆ ਜਾ ਸਕਦਾ ਹੈ। ਖੀਰੇ ਤੋਂ ਬਾਅਦ ਅਗਸਤ ਮਹੀਨੇ ''ਚ ਗੰਨਾ ਬੀਜਿਆ ਜਾ ਸਕਦਾ ਹੈ, ਜਿਹੜਾ 450 ਕੁਇੰਟਲ ਪ੍ਰਤੀ ਏਕੜ ਤਕ ਨਿਕਲਦਾ ਹੈ। 
ਨਵੰਬਰ-ਦਸੰਬਰ ''ਚ ਕਪਾਹ ਦੀ ਫਸਲ ਸੰਪੂਰਨ ਹੋ ਜਾਣ ਪਿੱਛੋਂ ਉਸ ਦੀ ਜਗ੍ਹਾ ਟਮਾਟਰ ਬੀਜਿਆ ਜਾ ਸਕਦਾ ਹੈ, ਜੋ ਕਿ ਪ੍ਰਤੀ ਏਕੜ 150 ਕੁਇੰਟਲ ਤਕ ਝਾੜ ਦਿੰਦਾ ਹੈ। ਟਮਾਟਰ ਤੋਂ ਬਾਅਦ ''ਚ ਉਸ ਦੀ ਜਗ੍ਹਾ ਹਲਦੀ ਬੀਜੀ ਜਾ ਸਕਦੀ ਹੈ। ਇਸ ਤਰ੍ਹਾਂ ਇਕ ਏਕੜ ਜ਼ਮੀਨ ਵਿਚ ਸਾਰੇ ਖਰਚੇ ਕੱਢ ਕਿਸਾਨ ਨੂੰ ਢਾਈ-ਤਿੰਨ ਲੱਖ ਰੁਪਿਆ ਬਚ ਜਾਂਦਾ ਹੈ। ਜੇਕਰ ਪੂਰੇ ਪੰਜਾਬ ਦੇ ਕਿਸਾਨ ਇਸ ਤਕਨੀਕ ਅਨੁਸਾਰ ਫਸਲਾਂ ਦੀ ਕਾਸ਼ਤ ਕਰਨ ਤਾਂ ਉਨ੍ਹਾਂ ਦੀਆਂ ਬਹੁਤੀਆਂ ਮੁਸ਼ਕਿਲਾਂ ਹੱਲ ਹੋ ਸਕਦੀਆਂ ਹਨ। 
ਕਪਾਹ ਨੇ ਵਧਾਏ ਹੌਸਲੇ 
ਸ. ਅਵਤਾਰ ਸਿੰਘ ਨੇ ਦੱਸਿਆ ਕਿ ਇਸ ਸੀਜ਼ਨ ਵਿਚ ਬੀਜੀ ਗਈ ਕਪਾਹ ਦੀ ਫਸਲ ਨੇ ਇੰਨੇ ਹੌਸਲੇ ਵਧਾਏ ਹਨ ਕਿ ਅਗਲੇ ਸਾਲ ਬਹੁਤ ਜ਼ਿਆਦਾ ਰਕਬੇ ਵਿਚ ਇਸ ਦੀ ਬੀਜਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਖ਼ੁਦ ਅਗਲੇ ਸਾਲ ਆਪਣੀ 20 ਏਕੜ ਜ਼ਮੀਨ ''ਚ ਕਪਾਹ ਦੀ ਬੀਜਾਈ ਜਨਵਰੀ-2017 ''ਚ ਕਰ ਦੇਣਗੇ। 
ਜੇਕਰ ਫਸਲਾਂ ਦੇ ਸੰਬੰਧ ''ਚ ਇਹ ਤਕਨੀਕ ਕਾਮਯਾਬ ਹੁੰਦੀ ਹੈ ਤਾਂ ਇਸ ਨਾਲ ਪੰਜਾਬ ਦੀ ਕਿਰਸਾਨੀ ਨੂੰ ਇਕ ਨਵੀਂ ਦਿਸ਼ਾ ਮਿਲ ਸਕਦੀ ਹੈ ਅਤੇ ਕਿਸਾਨਾਂ ਦਾ ਵੀ ਕਾਇਆ-ਕਲਪ ਹੋ ਸਕਦਾ ਹੈ।

Related News