ਝੋਨੇ ਦੀ ਰਹਿੰਦ-ਖੂੰਹਦ ਦਾ ਨਿਪਟਾਰਾ ਕਰਨ ਲਈ 74 ਹਜ਼ਾਰ ਮਸ਼ੀਨਾਂ ’ਤੇ ਨਿਰਭਰ ਹੈ ਸਾਰਾ ‘ਦਾਰੋਮਦਾਰ’

09/11/2020 6:51:58 PM

ਗੁਰਦਾਸਪੁਰ (ਹਰਮਨਪ੍ਰੀਤ) - ਪੰਜਾਬ ਅੰਦਰ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਜਾ ਰਹੀ ਝੋਨੇ ਦੀ ਕਟਾਈ ਦੇ ਮੱਦੇਨਜ਼ਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀਆਂ ਟੀਮਾਂ ਵਲੋਂ ਕਿਸਾਨਾਂ ਨੂੰ ਜਿਥੇ ਫਸਲ ਦੀ ਗੁਣਵੱਤਾ ਅਤੇ ਸਾਂਭ-ਸੰਭਾਲ ਲਈ ਜਾਗਰੂਕ ਕੀਤਾ ਜਾ ਰਿਹਾ ਹੈ, ਉਸਦੇ ਨਾਲ ਹੀ ਖੇਤੀ ਮਾਹਰ ਹੁਣ ਤੋਂ ਹੀ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਸਬੰਧੀ ਸੁਚੇਤ ਕਰਨ ਦੀਆਂ ਕੋਸ਼ਿਸ਼ਾਂ ਵੀ ਕਰ ਰਹੇ ਹਨ। ਪਰ ਦੂਜੇ ਪਾਸੇ ਅਜੇ ਵੀ ਕਈ ਕਿਸਾਨ ਜਥੇਬੰਦੀਆਂ ਅਤੇ ਕਿਸਾਨ ਅੱਗ ਲਗਾਏ ਬਿਨਾਂ ਪਰਾਲੀ ਤੇ ਰਹਿੰਦ-ਖੂੰਹਦ ਦਾ ਨਿਪਟਾਰਾ ਕਰਨ ਸਬੰਧੀ ਆਪਣੇ-ਆਪਣੇ ਢੰਗ ਨਾਲ ਪ੍ਰਤੀਕਰਮ ਕਰ ਰਹੇ ਹਨ। ਇਸ ਮੌਕੇ ਸਭ ਤੋਂ ਅਹਿਮ ਸਵਾਲ ਇਹ ਪੈਦਾ ਹੋ ਰਿਹਾ ਹੈ ਕਿ ਕੀ ਪੰਜਾਬ ਅੰਦਰ ਪੈਦਾ ਹੋਣ ਵਾਲੀ ਕਰੀਬ 20 ਮਿਲੀਅਨ ਟਨ ਪਰਾਲੀ ਨੂੰ ਸੰਭਾਲਣ ਲਈ ਸੂਬੇ ਅੰਦਰ ਮੌਜੂਦ ਮਸ਼ੀਨਾਂ ਕਾਫੀ ਹਨ।

ਪੰਜਾਬ ਅੰਦਰ ਮੌਜੂਦ ਹਨ ਲਗਭਗ 73 ਹਜ਼ਾਰ ਮਸ਼ੀਨਾਂ
ਪੰਜਾਬ ਦੇ ਖੇਤੀਬਾੜੀ ਵਿਭਾਗ ਮੁਤਾਬਕ ਇਸ ਮੌਕੇ ਸੂਬੇ ਅੰਦਰ ਕਰੀਬ 15 ਹਜ਼ਾਰ ਹੈੱਪੀਸੀਡਰ ਅਤੇ 1 ਹਜ਼ਾਰ ਸੁਪਰ ਸੀਡਰ ਮੌਜੂਦ ਹਨ ਅਤੇ ਇਸ ਮਹੀਨੇ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਕਰੀਬ 5 ਹਜ਼ਾਰ ਹੋਰ ਹੈੱਪੀਸੀਡਰ ਮਿਲਾ ਕੇ ਝੋਨੇ ਦੀ ਕਟਾਈ ਤੋਂ ਪਹਿਲਾਂ ਇਹ ਗਿਣਤੀ ਕਰੀਬ 21 ਹਜ਼ਾਰ ਤੱਕ ਪਹੁੰਚਣ ਦੀ ਸੰਭਾਵਨਾ ਹੈ। ਇਸੇ ਤਰ੍ਹਾਂ ਸੂਬੇ ਅੰਦਰ ਮੌਜੂਦ ਕੁੱਲ 17 ਹਜ਼ਾਰ ਦੇ ਕਰੀਬ ਕੰਬਾਇਨ ਹਾਰਵੈਸਟਰਾਂ ਵਿਚੋਂ 7 ਹਜਾਰ ’ਤੇ ਸੁਪਰ ਐੱਮ. ਐੱਮ. ਐੱਸ. ਲਗਾਉਣ ਦਾ ਕੰਮ ਵੀ ਮੁਕੰਮਲ ਹੋ ਜਾਵੇਗਾ। ਇਨ੍ਹਾਂ ਮਸ਼ੀਨਾਂ ਤੋਂ ਇਲਾਵਾ ਕਰੀਬ 40 ਹਜ਼ਾਰ ਰੋਟਾਵੇਟਰ ਪਲਟਾਵੀਆਂ ਹੱਲਾਂ, ਚੌਪਰ ਤੇ ਮਲਚਰ ਅਤੇ 5 ਹਜ਼ਾਰ ਜੀਰੋ ਟਿਲੇਜ ਡਰਿਲਾਂ ਵੀ ਸੂਬੇ ਅੰਦਰ ਮੌਜੂਦ ਹਨ।

‘ਹਰਿਆਣੇ ’ਚ ਕਿਸਾਨਾਂ ’ਤੇ ਲਾਠੀਚਾਰਜ਼ ਕਰਕੇ ਭਾਜਪਾ ਸਰਕਾਰ ਨੇ ਆਪਣਾ ਕਿਸਾਨ ਵਿਰੋਧੀ ਚਿਹਰਾ ਕੀਤਾ ਨੰਗਾ’

ਰਹਿੰਦ-ਖੂੰਹਦ ਦੇ ਨਿਪਟਾਰੇ ਲਈ ਮਹੱਤਵਪੂਰਨ ਹੈ ਮਸ਼ੀਨਰੀ ਦਾ ਯੋਗਦਾਨ
ਖੇਤਾਂ ਵਿਚ ਅੱਗ ਲਗਾਏ ਬਗੈਰ ਰਹਿੰਦ-ਖੂੰਹਦ ਦਾ ਨਿਪਟਾਰਾ ਕਰਨ ਲਈ ਖੇਤੀ ਮਸ਼ੀਨਰੀ ਦੀ ਭੂਮਿਕਾ ਬਹੁਤ ਅਹਿਮ ਹੁੰਦੀ ਹੈ। ਮੁੱਖ ਖੇਤੀਬਾੜੀ ਅਫਸਰ ਡਾ. ਰਮਿੰਦਰ ਸਿੰਘ ਧੰਜੂ ਨੇ ਦੱਸਿਆ ਕਿ ਕਿਸਾਨ ਤਿੰਨ ਤਰੀਕਿਆਂ ਨਾਲ ਰਹਿੰਦ-ਖੂੰਹਦ ਦਾ ਖੇਤਾਂ ’ਚ ਨਿਪਟਾਰਾ ਕਰ ਸਕਦੇ ਹਨ। ਇਸ ਤਹਿਤ ਕਿਸਾਨ ਰਹਿੰਦ-ਖੂੰਹਦ ਨੂੰ ਖੇਤਾਂ ’ਚ ਮਿਕਸ ਕਰ ਸਕਦੇ ਹਨ। ਇਸੇ ਤਰ੍ਹਾਂ ਹੈੱਪੀ ਸੀਡਰ ਨਾਲ ਕਣਕ ਦੀ ਬਿਜਾਈ ਕਰਨ ਦੇ ਇਲਾਵਾ ਕਿਸਾਨ ਰਹਿੰਦ-ਖੂੰਹਦ ਨੂੰ ਇਕੱਠੀ ਕਰ ਕੇ ਇਸ ਦੇ ਬੰਡਲ ਬਣਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਤਿੰਨਾਂ ਕੰਮਾਂ ਲਈ ਮਸ਼ੀਨੀਰੀ ਦੀ ਭੂਮਿਕਾ ਬਹੁਤ ਅਹਿਮ ਹੁੰਦੀ ਹੈ। ਖਾਸ ਤੌਰ ’ਤੇ ਸੁਪਰ ਐੱਸ. ਐੱਮ. ਐੱਸ., ਹੈਪੀ ਸੀਡਰ, ਸੁਪਰ ਸੀਡਰ ਦਾ ਯੋਗਦਾਨ ਬਹੁਤ ਜ਼ਿਆਦਾ ਹੈ। ਸੁਪਰ ਐੱਸ. ਐੱਮ. ਐੱਸ. ਵਾਲੀ ਕੰਬਾਇਨ ਫਸਲ ਦੀ ਕਟਾਈ ਮੌਕੇ ਰਹਿੰਦ-ਖੂੰਹਦ ਨੂੰ ਵੀ ਕੱਟ ਕੇ ਖੇਤ ਵਿਚ ਖਿਲਾਰ ਦਿੰਦੀ ਹੈ। ਜਿਸ ਦੇ ਬਾਅਦ ਹੈੱਪੀ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ। ਇਸੇ ਤਰ੍ਹਾਂ ਸੁਪਰ ਸੀਡਰ ਕਣਕ ਦੀ ਬਿਜਾਈ ਲਈ ਇਸ ਤੋਂ ਵੀ ਐਡਵਾਂਸ ਮਸ਼ੀਨ ਹੈ। ਪਰ ਜੇਕਰ ਕਿਸਾਨਾਂ ਨੇ ਕਣਕ ਦੀ ਬਜਾਏ ਸਬਜ਼ੀਆਂ ਤੇ ਆਲੂ ਦੀ ਬਿਜਾਈ ਕਰਨੀ ਹੋਵੇ ਤਾਂ ਕਿਸਾਨਾਂ ਨੂੰ ਆਰ. ਐੱਮ. ਬੀ. ਉਲਟਾਵੀਂ ਹੱਲ ਦੀ ਲੋੜ ਹੁੰਦੀ ਹੈ, ਜਿਸ ਨਾਲ ਕੁਤਰਾ ਕੀਤੀ ਰਹਿੰਦ-ਖੂੰਹਦ ਨੂੰ ਖੇਤ ਵਿਚ ਮਿਲਾਇਆ ਜਾ ਸਕਦਾ ਹੈ। ਬੇਲਰ ਅਤੇ ਰੈਕ ਦੀ ਮਦਦ ਨਾਲ ਰਹਿੰਦ-ਖੂੰਹਦ ਨੂੰ ਇਕੱਤਰ ਕਰਕੇ ਬੇਲ ਬਣਾਏ ਜਾ ਸਕਦੇ ਹਨ ਜਿਨ੍ਹਾਂ ਦੀ ਵਰਤੋਂ ਬਾਇਓ ਮਾਸ ਪਲਾਂਟਸ ਅਤੇ ਹੋਰ ਫੈਕਟਰੀਆਂ ਵਿਚ ਬਾਲਣ ਦੇ ਰੂਪ ਵਿਚ ਕੀਤੀ ਜਾਂਦੀ ਹੈ।

ਚੋਣਾਂ ਮੌਕੇ ਸਿਆਸੀ ਦਲਾਂ ਦੇ ਖਰਚਿਆਂ ਦਾ ਲੇਖਾ-ਜੋਖਾ, ਕਰੋੜਾਂ 'ਚ ਹੁੰਦੇ ਨੇ ਖਰਚੇ (ਵੀਡੀਓ)

ਕੀ 27.50 ਲੱਖ ਹੈਕਟੇਅਰ ਰਕਬੇ ਲਈ ਕਾਫੀ ਹੈ ਮੌਜੂਦਾ ਮਸ਼ੀਨਰੀ?
ਕਿਸਾਨ ਗੁਰਬਿੰਦਰ ਸਿੰਘ, ਪਲਵਿੰਦਰ ਸਿੰਘ ਅਤੇ ਅਵਤਾਰ ਸਿੰਘ ਨੇ ਕਿਹਾ ਕਿ ਝੋਨੇ ਦੀ ਕਟਾਈ ਦੇ ਬਾਅਦ ਕਣਕ ਦੀ ਸਮੇਂ ਸਿਰ ਬਿਜਾਈ ਲਈ ਕਿਸਾਨਾਂ ਕੋਲ ਬੜੀ ਮੁਸ਼ਕਲ ਨਾਲ ਇਕ ਮਹੀਨੇ ਦਾ ਸਮਾਂ ਹੀ ਹੁੰਦਾ ਹੈ। ਇਸ ਸਮੇਂ ਦੌਰਾਨ ਕਿਸਾਨਾਂ ਲਈ ਸਾਰੇ ਕੰਮ ਨੂੰ ਨਿਪਟਾਉਣਾ ਵੱਡੀ ਚੁਣੌਤੀ ਹੁੰਦੀ ਹੈ। ਜੇਕਰ ਪੰਜਾਬ ਅੰਦਰ ਮੌਜੂਦ ਕਰੀਬ 21 ਹਜ਼ਾਰ ਹੈੱਪੀਸੀਡਰ ਤੇ ਸੁਪਰ ਹੈੱਪੀਸੀਡਰਾਂ ਦੀ ਗਿਣਤੀ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਇਨ੍ਹਾਂ ਮਸ਼ੀਨਾਂ ਨਾਲ ਝੋਨੇ ਦੇ ਬਾਸਮਤੀ ਹੇਠਲਾ ਕਰੀਬ 27.50 ਲੱਖ ਹੈਕਟੇਅਰ ਰਕਬੇ ਵਿਚ ਰਹਿੰਦ-ਖੂੰਹਦ ਦਾ ਨਿਪਟਾਰਾ ਕਰ ਕੇ ਕਣਕ ਦੀ ਬਿਜਾਈ ਸਮੇਂ ਸਿਰ ਕਰਨੀ ਪੂਰੀ ਤਰ੍ਹਾਂ ਸੰਭਵ ਨਹੀਂ ਲੱਗਦੀ। ਮਾਹਰਾਂ ਅਨੁਸਾਰ ਇਕ ਹੈੱਪੀਸੀਡਰ ਇਕ ਦਿਨ ਵਿਚ ਕਰੀਬ 8 ਏਕੜ ਵਿਚ ਕਣਕ ਦੀ ਬਿਜਾਈ ਕਰਦਾ ਹੈ, ਜਿਸ ਤਹਿਤ ਕਰੀਬ 30 ਦਿਨਾਂ ਵਿਚ ਪੰਜਾਬ ਅੰਦਰ ਮੌਜੂਦਾ ਮਸ਼ੀਨਰੀ ਨਾਲ ਕਰੀਬ 20 ਲੱਖ ਹੈਕਟੇਅਰ ਰਕਬੇ ’ਚ ਅੱਗ ਲਗਾਏ ਬਿਨਾਂ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ। ਪਰ ਦੂਜੇ ਪਾਸੇ ਖੇਤੀ ਮਾਹਰਾਂ ਦਾ ਦਾਅਵਾ ਹੈ ਕਿ ਕਿਸਾਨ ਬਾਕੀ ਦੇ ਰਕਬੇ ਵਿਚ ਰੋਟਾਵੇਟਰ, ਜੀਰੋ ਟਿਲੇਜ ਡਰਿਲਾਂ ਅਤੇ ਹੋਰ ਮਸ਼ੀਨਰੀ ਦੀ ਮਦਦ ਲੈ ਕੇ ਕਣਕ ਦੀ ਸਮੇਂ ਸਿਰ ਆਸਾਨੀ ਨਾਲ ਬਿਜਾਈ ਕਰ ਸਕਦੇ ਹਨ।

ਸਾਲ 2019 'ਚ 1.39 ਲੱਖ ਭਾਰਤੀਆਂ ਨੇ ਕੀਤੀ ਖ਼ੁਦਕੁਸ਼ੀ : NCRB (ਵੀਡੀਓ)

ਕੀ ਕਹਿਣਾ ਹੈ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਦਾ?
ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਤ ਮੁੱਖ ਖੇਤੀਬਾੜੀ ਅਫਸਰ ਡਾ. ਰਮਿੰਦਰ ਸਿੰਘ ਧੰਜੂ ਨੇ ਕਿਹਾ ਕਿ ਵਿਭਾਗ ਵਲੋਂ ਵੱਖ-ਵੱਖ ਯੋਜਨਾਵਾਂ ਤਹਿਤ ਕਿਸਾਨਾਂ ਨੂੰ ਸਬਸਿਡੀ ’ਤੇ ਮਸ਼ੀਨਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਇਸ ਮੌਕੇ ਪੰਜਾਬ ਅੰਦਰ ਕਰੀਬ 73 ਹਜ਼ਾਰ ਮਸ਼ੀਨਾਂ ਮੁਹੱਈਆ ਹਨ। ਉਨ੍ਹਾਂ ਕਿਹਾ ਕਿ ਮਸ਼ੀਨਾਂ ਦੀ ਗਿਣਤੀ ’ਚ ਹਰੇਕ ਸਾਲ ਵਾਧਾ ਹੋ ਰਿਹਾ ਹੈ ਅਤੇ ਵਿਭਾਗ ਦਾ ਫੀਲਡ ਸਟਾਫ ਕਿਸਾਨਾਂ ਨੂੰ ਜਾਗਰੂਕ ਅਤੇ ਸਿੱਖਿਅਤ ਕਰਨ ਲਈ ਵੀ ਲਗਾਤਾਰ ਕਾਰਜਸ਼ੀਲ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਕੋਲੋਂ ਅੱਗ ਲਗਾਏ ਬਗੈਰ ਪਰਾਲੀ ਤੇ ਹੋਰ ਰਹਿੰਦ-ਖੂੰਹਦ ਦਾ ਨਿਪਟਾਰਾ ਕਰਨ ਲਈ ਬਹੁਤ ਸਾਰੇ ਬਦਲ ਮੌਜੂਦ ਹਨ। ਇਸ ਲਈ ਉਨ੍ਹਾਂ ਨੂੰ ਪੂਰੀ ਆਸ ਹੈ ਕਿ ਇਸ ਸਾਲ ਪੰਜਾਬ ਦੇ ਸੂਝਵਾਨ ਕਿਸਾਨ ਖੇਤਾਂ ’ਚ ਅੱਗ ਲਗਾਏ ਬਗੈਰ ਮਸ਼ੀਨਰੀ ਅਤੇ ਖੇਤੀ ਤਕਨੀਕਾਂ ਦਾ ਇਸਤੇਮਾਲ ਕਰ ਕੇ ਕਣਕ ਦੀ ਬਿਜਾਈ ਕਰਨਗੇ।

ਭਾਰਤ ਨੂੰ ਨਵੇਂ ਰਾਹ ''ਤੇ ਲੈ ਕੇ ਜਾ ਸਕਦਾ ਹੈ ਖਿਡੌਣਿਆਂ ਦਾ ਉਤਪਾਦਨ (ਵੀਡੀਓ)


rajwinder kaur

Content Editor

Related News