ਪੰਜਾਬ ਪੁਲਸ ਵੱਲੋਂ ਗ੍ਰਿਫ਼ਤਾਰ ਸ਼ੂਟਰ ਨੇ ਕੱਢ ਲਈ SHO ਦੀ ਰਿਵਾਲਵਰ ਤੇ ਫ਼ਿਰ...
Tuesday, Aug 05, 2025 - 04:35 AM (IST)

ਮਾਛੀਵਾੜਾ ਸਾਹਿਬ (ਬਿਪਨ): ਹਲਕਾ ਸਮਰਾਲਾ ਦੇ ਬਲਾਕ ਮਾਛੀਵਾੜਾ ਸਾਹਿਬ ਨੇੜਲੇ ਪਿੰਡ ਚੱਕ ਲੋਹਟ ਵਿਖੇ ਨੌਜਵਾਨ ਜਸਪ੍ਰੀਤ ਸਿੰਘ ਨੂੰ ਗੋਲ਼ੀਆਂ ਮਾਰ ਕੇ ਜ਼ਖ਼ਮੀ ਕਰਨ ਵਾਲੇ ਸੁਪਾਰੀ ਕਿਲਰ ਸ਼ੂਟਰ ਸਲੀਮ ਦਾ ਮਾਛੀਵਾੜਾ ਪੁਲਸ ਨਾਲ ਦੇਰ ਰਾਤ ਕਰੀਬ 10.30 ਵਜੇ ਐਨਕਾਊਂਟਰ ਹੋ ਗਿਆ, ਜਿਸ ਵਿਚ ਉਹ ਜ਼ਖ਼ਮੀ ਹੋ ਗਿਆ। ਐੱਸ.ਪੀ. (ਡੀ) ਪਵਨਜੀਤ ਨੇ ਦੱਸਿਆ ਕਿ ਚੱਕ ਲੋਹਟ ਦੇ ਨੌਜਵਾਨ ਜਸਪ੍ਰੀਤ ਸਿੰਘ ਨੂੰ ਗੋਲ਼ੀਆਂ ਮਾਰ ਕੇ ਜ਼ਖ਼ਮੀ ਕਰਨ ਦੇ ਮਾਮਲੇ ਵਿਚ ਪੁਲਸ ਵੱਲੋਂ ਕੁਝ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ - ਵੱਡਾ ਝਟਕਾ! ਹੁਣ Visa ਲੈਣ ਲਈ ਕਰਨਾ ਪਵੇਗਾ ਲੱਖਾਂ ਰੁਪਏ ਦਾ 'ਵਾਧੂ ਖ਼ਰਚਾ'
ਇਨ੍ਹਾਂ ਗ੍ਰਿਫ਼ਤਾਰ ਮੁਲਜ਼ਮਾਂ ’ਚੋਂ ਇਕ ਮੁਲਜ਼ਮ ਸਲੀਮ ਵਾਸੀ ਰੁੜਕਾ ਨੂੰ ਜਦੋਂ ਬੇਟ ਖੇਤਰ ਦੇ ਪਿੰਡ ਖਾਨਪੁਰ ਦੇ ਜੰਗਲੀ ਖੇਤਰ ਵਿਚ ਹਥਿਆਰਾਂ ਦੀ ਬਰਾਮਦਗੀ ਲਈ ਲਿਆਂਦਾ ਗਿਆ ਤਾਂ ਉੱਥੇ ਇਸ ਨੇ ਜ਼ਮੀਨ ਹੇਠਾਂ ਦੱਬਿਆ ਰਿਵਾਲਵਰ ਤੇ ਕਾਰਤੂਸ ਕੱਢਿਆ ਤਾਂ ਇਸ ਦੌਰਾਨ ਸਲੀਮ ਨੇ ਥਾਣਾ ਮੁਖੀ ਹਰਵਿੰਦਰ ਸਿੰਘ ਦਾ ਰਿਵਾਲਵਰ ਖੋਹ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਥਾਣਾ ਮੁਖੀ ਤੇ ਹੋਰ ਪੁਲਸ ਪਾਰਟੀ ਵੱਲੋਂ ਮੌਕੇ ’ਤੇ ਮੁਸ਼ਤੈਦੀ ਵਰਤਦਿਆਂ ਇਸ ਸ਼ੂਟਰ ਦਾ ਐਨਕਾਊਂਟਰ ਕਰਦਿਆਂ ਉਸ ਦੀ ਲੱਤ ਵਿਚ ਗੋਲ਼ੀ ਮਾਰੀ ਅਤੇ ਉਸ ਨੂੰ ਭੱਜਦਿਆਂ ਗ੍ਰਿਫ਼ਤਾਰ ਕਰ ਲਿਆ। ਐੱਸ.ਪੀ. (ਡੀ) ਪਵਨਜੀਤ ਨੇ ਦੱਸਿਆ ਕਿ ਮੁਲਜ਼ਮ ਸਲੀਮ ਤੋਂ ਇੱਥੇ ਛੁਪਾ ਕੇ ਰੱਖਿਆ ਰਿਵਾਲਵਰ ਤੇ ਮੈਗਜ਼ੀਨ ਜਿਸ ਨਾਲ ਜਸਪ੍ਰੀਤ ਸਿੰਘ ਨੂੰ ਗੋਲ਼ੀਆਂ ਮਾਰ ਕੇ ਜਖ਼ਮੀ ਕੀਤਾ ਸੀ, ਉਹ ਵੀ ਬਰਾਮਦ ਕਰ ਲਿਆ।
ਇਹ ਖ਼ਬਰ ਵੀ ਪੜ੍ਹੋ - ਮੁੱਖ ਮੰਤਰੀ ਮਾਨ ਦਾ ਵੱਡਾ ਬਿਆਨ! ਪੰਜਾਬ ਕਾਂਗਰਸ ਦੇ 3 ਅਤੇ ਭਾਜਪਾ ਦੇ 2 ਵੱਡੇ ਲੀਡਰ...
ਐੱਸ.ਪੀ. (ਡੀ) ਪਵਨਜੀਤ ਨੇ ਦੱਸਿਆ ਕਿ ਪੁਲਸ ਵੱਲੋਂ ਬੜੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਜਸਪ੍ਰੀਤ ਸਿੰਘ ਦਾ ਵਿਦੇਸ਼ ਤੋਂ ਇਨ੍ਹਾਂ ਸ਼ੂਟਰਾਂ ਨੂੰ ਸੁਪਾਰੀ ਦੇ ਕੇ ਕਤਲ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਦੌਰਾਨ ਉਹ ਜ਼ਖ਼ਮੀ ਹੋ ਗਿਆ ਹੈ ਜੋ ਕਿ ਹਸਪਤਾਲ ਵਿਚ ਇਲਾਜ ਅਧੀਨ ਹੈ। ਐੱਸ.ਪੀ. (ਡੀ) ਨੇ ਦੱਸਿਆ ਕਿ ਜਸਪ੍ਰੀਤ ਸਿੰਘ ਦਾ ਵਿਦੇਸ਼ ਤੋਂ ਸ਼ੂਟਰਾਂ ਨੂੰ ਸੁਪਾਰੀ ਦੇ ਕੇ ਕਤਲ ਕਰਵਾਉਣ ਦੀ ਕੋਸ਼ਿਸ਼ ਕਿਉਂ ਕੀਤੀ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਵੱਡੇ ਮਾਮਲੇ ਨੂੰ ਜਲਦ ਸੁਲਝਾ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸ਼ਾਰਪ ਸ਼ੂਟਰਾਂ ’ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਐਨਕਾਊਂਟਰ ਵਿਚ ਜਖ਼ਮੀ ਹੋਏ ਸਲੀਮ ਨੂੰ ਇਲਾਜ ਲਈ ਸਮਰਾਲਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਇਸ ਮੌਕੇ ਡੀ.ਐੱਸ.ਪੀ. ਸਮਰਾਲਾ ਤਰਲੋਚਨ ਸਿੰਘ ਵੀ ਮੌਜੂਦ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8