ਝੋਨੇ ਦੀ ਸਿੱਧੀ ਬਿਜਾਈ ਨਹੀਂ ਆਈ ਬਹੁਤੇ ਕਿਸਾਨਾਂ ਨੂੰ ਰਾਸ

06/17/2020 9:36:15 AM

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਇਸ ਵਾਰ ਮਜ਼ਦੂਰਾਂ ਦੀ ਕਮੀ ਕਰਕੇ ਖੇਤੀਬਾੜੀ ਮਹਿਕਮਾ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਦੀ ਸਿਫਾਰਿਸ਼ ਕੀਤੀ ਗਈ। ਝੋਨੇ ਦੀ ਸਿੱਧੀ ਬਿਜਾਈ ਨਾਲ ਜਿੱਥੇ ਮਜ਼ਦੂਰੀ ਦੀ ਲਾਗਤ ਬਚਦੀ ਹੈ ਉੱਥੇ ਹੀ ਪਾਣੀ ਦੀ ਬੱਚਤ ਵੀ ਹੁੰਦੀ ਹੈ। ਪਰ ਬਹੁਤੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਰਾਸ ਨਹੀਂ ਆਈ ਅਤੇ ਉਹ ਸਿੱਧੀ ਬਿਜਾਈ ਵਾਲਾ ਝੋਨਾ ਵਾਹ ਕੇ ਕੱਦੂ ਕਰਕੇ ਝੋਨਾ ਲਾਉਣ ਲਈ ਮਜਬੂਰ ਹੋ ਗਏ ।

ਕਿਸਾਨ

PunjabKesari
ਇਸ ਬਾਰੇ ਜਗਬਾਣੀ ਨਾਲ ਗੱਲ ਕਰਦਿਆਂ ਮਾਨਸਾ ਜ਼ਿਲ੍ਹੇ ਦੇ ਪਿੰਡ ਗੁਰਨੇ ਕਲਾਂ ਦੇ ਕਿਸਾਨ ਬਲਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਚਾਰ ਕਿੱਲੇ ਝੋਨਾ ਸਿੱਧੀ ਬਿਜਾਈ ਨਾਲ ਬੀਜਿਆ ਸੀ ਜੋ ਮੀਂਹ ਪੈਣ ਨਾਲ ਕਰੰਡ ਹੋ ਗਿਆ। ਜਿੱਥੇ ਕਿਤੇ ਥੋੜ੍ਹਾ ਬਹੁਤ ਝੋਨਾ ਨਿਕਲਿਆ ਵੀ ਉੱਥੇ ਚੂਹਿਆਂ ਨੇ ਖਰਾਬ ਕਰ ਦਿੱਤਾ। ਇਨ੍ਹਾਂ ਚਾਰ ਕਿੱਲਿਆਂ ਉੱਤੇ ਦਸ ਹਜ਼ਾਰ ਤੋਂ ਉੱਪਰ ਖਰਚਾ ਹੋ ਗਿਆ। ਇਸ ਤੋਂ ਬਾਅਦ ਹੁਣ ਇਹ ਚਾਰ ਕਿੱਲੇ ਵਾਹ ਕੇ ਦੁਬਾਰਾ ਕੱਦੂ ਕਰਕੇ ਝੋਨਾ ਲਾਉਣਾ ਹੈ, ਜਿਸ ਨਾਲ ਝੋਨੇ ਦੀ ਲਾਗਤ ਵਿੱਚ ਹੋਰ ਵਾਧਾ ਹੋਵੇਗਾ ।

PunjabKesari

ਇਸ ਸਬੰਧੀ ਗੱਲ ਕਰਦਿਆਂ ਬਠਿੰਡੇ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਚੱਕ ਬਖਤੂ ਦੇ ਕਿਸਾਨ ਬੇਅੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਗਿਆਰਾਂ ਕਿੱਲੇ ਝੋਨਾ ਸਿੱਧੀ ਬਿਜਾਈ ਨਾਲ ਬੀਜਿਆ ਜਿਸ ਵਿੱਚੋਂ ਚਾਰ ਕਿੱਲੇ ਵਾਹ ਕੇ ਦੁਬਾਰਾ ਕੱਦੂ ਕਰਕੇ ਲਾਉਣਾ ਪੈਣਾ ਹੈ । ਕਿਉਂਕਿ ਉਨ੍ਹਾਂ ਨੇ ਇਨ੍ਹਾਂ ਚਾਰ ਕਿੱਲਿਆਂ ਵਿੱਚ ਬਿਜਾਈ ਹੈਪੀ ਸੀਡਰ ਨਾਲ ਕੀਤੀ ਸੀ। ਚੂਹੇ ਵੀ ਸਿੱਧੀ ਬਿਜਾਈ ਨਾਲ ਬੀਜੇ ਝੋਨੇ ਨੂੰ ਬਹੁਤ ਖ਼ਰਾਬ ਕਰ ਰਹੇ ਹਨ । ਇਸ ਵਾਰ ਚੂਹਿਆਂ ਦੀ ਤਾਦਾਦ ਬਹੁਤ ਜ਼ਿਆਦਾ ਹੈ ਜਦੋਂ ਬੀਜ ਪੁੰਗਰਨ ਤੋਂ ਬਾਅਦ ਬਾਹਰ ਨਿਕਲਦਾ ਹੈ ਤਾਂ ਉਸ ਦੀ ਖੁਸ਼ਬੂ ਚੂਹਿਆਂ ਨੂੰ ਖਿੱਚ ਲੈਂਦੀ ਹੈ ਅਤੇ ਉਹ ਬੂਟਿਆਂ ਨੂੰ ਪੁੱਟ ਦਿੰਦੇ ਹਨ ਜਾਂ ਕੁਤਰ ਦਿੰਦੇ ਹਨ । ਚੂਹਿਆਂ ਦੀ ਰੋਕਥਾਮ ਲਈ ਉਨ੍ਹਾਂ ਦੀਆਂ ਖੁੱਡਾਂ ਵਿੱਚ ਦਵਾਈ ਰੱਖੀ ਪਰ ਉਨ੍ਹਾਂ ਨੇ ਉਹ ਵੀ ਬਾਹਰ ਕੱਢ ਕੇ ਰੱਖ ਦਿੱਤੀ ਅਤੇ ਨਹੀਂ ਖਾਦੀ ।  

ਖੇਤੀਬਾੜੀ ਵਿਗਿਆਨੀ

PunjabKesari
ਇਸ ਬਾਰੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਖੇਤੀਬਾੜੀ ਵਿਗਿਆਨੀ ਡਾ ਮੱਖਣ ਸਿੰਘ ਭੁੱਲਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਰੁੱਤ ਵਿੱਚ ਚੂਹੇ ਲੱਗਭਗ ਹਰ ਫਸਲ ਨੂੰ ਖਰਾਬ ਕਰਦੇ ਹਨ ਜਿਵੇਂ ਕਿ ਮੂੰਗੀ, ਮੱਕੀ, ਬਾਜਰਾ ਆਦਿ । ਇਸ ਦਾ ਹੱਲ ਸਿਰਫ ਚੂਹੇ ਮਾਰ ਦਵਾਈਆਂ ਹੀ ਹਨ । ਉਨ੍ਹਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਵਿੱਚ ਖਾਸ ਕਰਕੇ ਕਰੰਡ ਹੋਣ ਦੀ ਸਮੱਸਿਆ ਜ਼ਰੂਰ ਹੈ । ਜਿਸ ਕਿਸਾਨ ਨੇ 1.5 ਇੰਚ ਤੋਂ ਡੂੰਘੀ ਬਿਜਾਈ ਕੀਤੀ ਹੈ ਉਸਨੂੰ ਥੋੜ੍ਹੇ ਮੀਂਹ ਨਾਲ ਤਾਂ ਕੋਈ ਨੁਕਸਾਨ ਨਹੀਂ ਹੁੰਦਾ ਪਰ ਜ਼ਿਆਦਾ ਮੀਂਹ ਸਿਆੜ ਭਰ ਦਿੰਦਾ ਹੈ ਅਤੇ ਪੇਪੜੀ ਬਣ ਜਾਂਦੀ ਹੈ । ਜੋ ਬੂਟੇ ਨੂੰ ਬਾਹਰ ਨਹੀਂ ਨਿਕਲਣ ਦਿੰਦਾ । ਇਸ ਨੂੰ ਹੱਲ ਕਰਨ ਦਾ ਤਰੀਕਾ ਇਹ ਵੀ ਹੈ ਕਿ ਪਾਣੀ ਲਾ ਕੇ ਸਤ੍ਹਾ ਨੂੰ ਨਰਮ ਕੀਤਾ ਜਾਵੇ ਪਰ ਪਾਣੀ ਉਦੋਂ ਹੀ ਲਾਉਣਾ ਚਾਹੀਦਾ ਹੈ ਜਦੋਂ ਬੂਟਾ ਬਾਹਰ ਨਿਕਲਣ 'ਤੇ ਹੋਵੇ । ਕਰੰਡੀ ਚਲਾ ਕੇ ਵੀ ਕਰੰਡ ਤੋੜੀ ਜਾ ਸਕਦੀ ਹੈ ਜਾਂ ਜਿਹੜੀ ਮਸ਼ੀਨ ਨਾਲ ਬਿਜਾਈ ਕੀਤੀ ਹੈ ਉਹੀ ਮਸ਼ੀਨ ਸਿਆੜਾਂ ਚ ਪਾ ਕੇ ਅੱਧੇ ਇੰਚ ਤੱਕ ਮਿੱਟੀ ਚੱਕੀ ਜਾਵੇ । ਜਿਸ ਜਗ੍ਹਾ ਥੋੜ੍ਹਾ ਝੋਨਾ ਕਰੰਡ ਹੋ ਗਿਆ ਅਤੇ ਬਾਕੀ ਨਿਕਲ ਆਇਆ ਉੱਥੇ ਹੱਥ ਵਾਲੀ ਕਰੰਡੀ ਤੋਂ ਕੰਮ ਲਿਆ ਜਾ ਸਕਦਾ ਹੈ । 

ਨਵੀਂ ਪ੍ਰਣਾਲੀ ਨੂੰ ਪਹਿਲਾਂ ਟੈਸਟ ਕਰਕੇ ਲਾਉਣਾ ਚਾਹੀਦਾ ਹੈ ਪਰ ਇਸ ਵਾਰ ਕਿਸਾਨਾਂ ਨੇ ਮਜ਼ਦੂਰਾਂ ਦੀ ਕਮੀ ਕਰਕੇ ਇਸ ਨੂੰ ਅਪਣਾ ਹੀ ਲਿਆ ਹੈ । ਜਿਨ੍ਹਾਂ ਕਿਸਾਨਾਂ ਨੇ ਪਹਿਲੀ ਵਾਰ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ ਉਨ੍ਹਾਂ ਨੂੰ ਔਖਾ ਜ਼ਰੂਰ ਹੋਵੇਗਾ ਕਿਉਂਕਿ ਬਿਜਾਈ ਵਾਲੀ ਮਸ਼ੀਨ ਦਾ ਪੂਰੀ ਤਰ੍ਹਾਂ ਗਿਆਨ ਨਾ ਹੋਣਾ ਝੋਨੇ ਨੂੰ ਡੂੰਘਾ ਜਾਂ ਹੋਸ਼ਾਂ ਬੀਜ ਸਕਦਾ ਹੈ । ਇਹ ਵੀ ਜ਼ਰੂਰੀ ਹੈ ਕਿ ਇਸ ਸਾਲ ਬਹੁਤੇ ਪਿੰਡਾਂ ਵਿੱਚ ਜੇਕਰ 20 ਕਿਸਾਨਾਂ ਨੇ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ ਤਾਂ 10 ਬਿਲਕੁਲ ਸੰਤੁਸ਼ਟ ਹਨ ।

ਉਨ੍ਹਾਂ ਕਿਹਾ ਕਿ ਕਰੰਡ ਦੇ ਪੱਕੇ ਹੱਲ ਲਈ ਯੂਨੀਵਰਸਿਟੀ ਕੰਮ ਕਰ ਰਹੀ ਹੈ ਕਿਉਂਕਿ ਬਹੁਤ ਜਗ੍ਹਾ ਕਰੰਡ ਕਰਕੇ ਕਿਸਾਨਾਂ ਨੇ ਖੇਤ ਵਾਹ ਦਿੱਤੇ ਹਨ । ਯੂਨੀਵਰਸਿਟੀ ਦੇ ਬਰੀਡਰਾਂ ਨਾਲ ਮਿਲ ਕੇ ਐਸਾ ਬੀਜ ਤਿਆਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਜੋ ਕਰੰਡ ਹੋਣ ਤੇ ਵੀ ਝੋਨਾ ਬਾਹਰ ਨਿਕਲ ਆਵੇ ਅਤੇ ਝਾੜ ਵੀ ਚੰਗਾ ਹੋਵੇ । 


rajwinder kaur

Content Editor

Related News