ਮਲਚਿੰਗ ਤਕਨੀਕ: ਝੋਨੇ ਦੀ ਸਿੱਧੀ ਬਿਜਾਈ ਮਗਰੋਂ ਕਣਕ ਦੀ ਮਲਚਿੰਗ ਰਾਹੀਂ ਬਿਜਾਈ ਲਈ ਰਹੋ ਤਿਆਰ

Sunday, Jun 21, 2020 - 12:13 PM (IST)

ਮਲਚਿੰਗ ਤਕਨੀਕ: ਝੋਨੇ ਦੀ ਸਿੱਧੀ ਬਿਜਾਈ ਮਗਰੋਂ ਕਣਕ ਦੀ ਮਲਚਿੰਗ ਰਾਹੀਂ ਬਿਜਾਈ ਲਈ ਰਹੋ ਤਿਆਰ

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਕਿਸਾਨਾਂ ਲਈ ਸਭ ਤੋਂ ਵੱਡੀ ਸਮੱਸਿਆ ਹੈ, ਕਿਉਂਕਿ ਜੇਕਰ ਕਿਸਾਨ ਅੱਗ ਲਾਉਂਦਾ ਹੈ ਤਾਂ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ। ਜੇਕਰ ਇਸ ਨੂੰ ਮਜ਼ਦੂਰਾਂ ਜਾਂ ਬੇਲਰਾਂ ਰਾਹੀਂ ਇਕੱਠੀ ਕਰਦਾ ਹੈ ਤਾਂ ਉਸ ਉੱਤੇ ਵਾਧੂ ਦਾ ਖਰਚਾ ਹੁੰਦਾ ਹੈ। ਇਸ ਦੇ ਹੱਲ ਲਈ ਖੇਤੀਬਾੜੀ ਵਿਗਿਆਨੀਆਂ ਨੇ ਨਵੀਆਂ ਨਵੀਆਂ ਤਕਨੀਕਾਂ ਦੀਆਂ ਖੋਜਾਂ ਕੀਤੀਆਂ ਹਨ ਪਰ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਜੈਰਾਮਪੁਰ ਦੇ ਕਿਸਾਨ ਸਰਦਾਰ ਗਿਆਨ ਸਿੰਘ ਨੇ ਮਲਚਿੰਗ ਤਕਨੀਕ ਰਾਹੀਂ ਪਰਾਲੀ ਖੇਤ ਵਿੱਚ ਹੀ ਰੱਖ ਕੇ ਕਣਕ ਦੀ ਬਿਜਾਈ ਕੀਤੀ ਅਤੇ ਚੰਗਾ ਝਾੜ ਲਿਆ । 

ਸਰਦਾਰ ਗਿਆਨ ਸਿੰਘ ਹੁਣਾਂ ਨੇ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਤੋਂ ਉਹ ਮਲਚਿੰਗ ਰਾਹੀਂ ਕਣਕ ਦੀ ਬਿਜਾਈ ਕਰ ਰਹੇ ਹਨ। ਪਹਿਲੇ ਸਾਲ ਉਨ੍ਹਾਂ ਨੇ ਇੱਕ ਏਕੜ ਵਿੱਚ ਇਸ ਤਰ੍ਹਾਂ ਬਿਜਾਈ ਕਰਕੇ ਤਜਰਬਾ ਕੀਤਾ ਤੇ 23 ਕੁਇੰਟਲ ਕਣਕ ਦਾ ਝਾੜ ਨਿਕਲਿਆ। ਉਸ ਤੋਂ ਅਗਲੇ ਸਾਲ 15 ਏਕੜ ਅਤੇ ਇਸ ਸਾਲ 30 ਏਕੜ ਵਿੱਚ ਮਲਚਿੰਗ ਤਕਨੀਕ ਰਾਹੀਂ ਕਣਕ ਬੀਜੀ। ਉਨ੍ਹਾਂ ਦੱਸਿਆ ਕਿ ਇਸ ਸਾਲ ਪਿੰਡ ਜੈਰਾਮਪੁਰ ਵਿੱਚ 100 ਏਕੜ ਦੇ ਕਰੀਬ ਮਲਚਿੰਗ ਰਾਹੀਂ ਬਿਜਾਈ ਕੀਤੀ ਗਈ ।

ਸ਼ੁਰੂਆਤ 

PunjabKesari
ਸਰਦਾਰ ਗਿਆਨ ਸਿੰਘ ਨੇ ਦੱਸਿਆ ਕਿ ਅਸੀਂ 4-5 ਕਿਸਾਨ ਪਹਿਲੇ ਸਾਲ ਮਲਚਿੰਗ ਰਾਹੀਂ ਕਣਕ ਬੀਜਣ ਬਾਰੇ ਸੋਚ ਰਹੇ ਸੀ । ਬਾਕੀਆਂ ਨੇ ਤਾਂ ਨਹੀਂ ਬੀਜੀ ਪਰ ਉਨ੍ਹਾਂ ਨੇ ਇੱਕ ਕਿੱਲੇ ਵਿੱਚ ਬਿਜਾਈ ਕਰ ਦਿੱਤੀ। ਕਈ ਲੋਕ ਇੱਥੋਂ ਤੱਕ ਕੇ ਖੇਤੀਬਾੜੀ ਮਾਹਿਰ ਵੀ ਕਹਿੰਦੇ ਸਨ ਕਿ ਇਸ ਤਰ੍ਹਾਂ ਕਣਕ ਨਹੀਂ ਹੋਣੀ ਪਰ ਘੱਟ ਖਰਚੇ ਵਿੱਚ ਚੰਗਾ ਝਾੜ ਦੇਖਣ ਤੋਂ ਬਾਅਦ ਕਿਸਾਨਾਂ ਨੇ ਇਸ ਨੂੰ ਅਪਣਾਉਣਾ ਸ਼ੁਰੂ ਕਰ ਦਿੱਤਾ ।

ਮਲਚਿੰਗ ਰਾਹੀਂ ਕਣਕ ਦੀ ਬਿਜਾਈ 
ਝੋਨਾ ਵੱਢਣ ਤੋਂ ਬਾਅਦ ਕਟਰ ਉੱਚਾ ਚੱਕ ਕੇ ਪਰਾਲੀ ਨੂੰ ਖਿਲਾਰਨਾ ਹੈ, ਰਸਾਇਣਿਕ ਖੇਤੀ ਵਾਲੇ ਕਣਕ ਅਤੇ ਡੀਏਪੀ ਦਾ ਛਿੱਟਾ ਦੇ ਦੇਣ ਅਤੇ ਜੈਵਿਕ ਖੇਤੀ ਵਾਲਿਆਂ ਨੇ ਲਈ ਕਣਕ ਅਤੇ ਸਰ੍ਹੋਂ ਦੀ ਖਲ ਦਾ ਛਿੱਟਾ ਦੇਣਾ ਹੈ। ਸਿਰਫ 30-35 ਕਿੱਲੋ ਪ੍ਰਤੀ ਏਕੜ ਤੱਕ ਹੀ ਕਣਕ ਦਾ ਬੀਜ ਪਾਉਣਾ ਚਾਹੀਦਾ ਹੈ। ਫਿਰ ਕਟਰ ਨਾਲ ਕਰਚੇ ਵੱਢ ਦੇਣੇ ਹਨ ਅਤੇ ਜੇਕਰ ਕਿਤੇ ਪਰਾਲੀ ਦੀ ਜ਼ਿਆਦਾ ਢੇਰੀ ਹੈ ਉਸ ਨੂੰ ਬਾਕੀ ਪਰਾਲੀ ਦੇ ਬਰਾਬਰ ਕਰ ਦੇਣਾ ਹੈ ਅਤੇ ਉਸ ਤੋਂ ਬਾਅਦ ਪਾਣੀ ਲਾ ਦੇਣਾ ਹੈ । 

ਫਾਇਦੇ 
ਮਲਚਿੰਗ ਰਾਹੀਂ ਕਣਕ ਦੀ ਬਿਜਾਈ ਕਰਨ ਦੇ ਕੁਦਰਤੀ ਅਤੇ ਅਸਿੱਧੇ ਤੌਰ 'ਤੇ ਬਹੁਤ ਫਾਇਦੇ ਹਨ ਪਰ ਉਨ੍ਹਾਂ ਵਿੱਚੋਂ ਪ੍ਰਤੱਖ ਰੂਪ ਵਿੱਚ ਕੁਝ ਇਸ ਪ੍ਰਕਾਰ ਹਨ : 

1. ਬਿਜਾਈ ਦੀ ਲਾਗਤ ਵੀ ਵਿੱਚ ਕਮੀ ।
2. ਪਰਾਲੀ ਨੂੰ ਅੱਗ ਨਾ ਲਾਉਣ ਦੀ ਸਮੱਸਿਆ ਦਾ 100 ਫੀਸਦੀ ਹੱਲ ।
3. ਇਸ ਤਕਨੀਕ ਰਾਹੀਂ ਨਦੀਨ ਵੀ ਬਹੁਤ ਘੱਟ ਹੁੰਦੇ ਹਨ। 
4. ਕਣਕ ਦੀ ਜੜ੍ਹ ਵਾਹ ਕੇ ਬੀਜਣ ਦੇ ਮੁਕਾਬਲੇ ਡੂੰਘੀ ਹੁੰਦੀ ਹੈ, ਜਿਸ ਨਾਲ ਕਣਕ ਟਿਕਦੀ ਨਹੀਂ ।
5. ਝੋਨੇ ਦੀ ਪਰਾਲੀ ਖੇਤ ਵਿੱਚ ਹੀ ਗਲ਼ ਕੇ ਖਾਦ ਦਾ ਕੰਮ ਕਰਦੀ ਹੈ ।
6. ਪਰਾਲੀ ਉੱਪਰ ਹੋਣ ਕਰਕੇ ਸਿੱਲ ਬਣੀ ਰਹਿੰਦੀ ਹੈ ਇਸ ਲਈ ਪਾਣੀ ਵੀ ਘੱਟ ਲੱਗਦੇ ਹਨ । 

ਮਲਚਿੰਗ ਤਕਨੀਕ ਵਿੱਚ ਵਾਧਾ 

PunjabKesari
ਉਨ੍ਹਾਂ ਨੇ ਕੁਦਰਤੀ ਤਜਰਬਿਆਂ ਚੋਂ ਉਪਜੀ ਇੱਕ ਹੋਰ ਖੋਜ ਦੱਸੀ ਕਿ ਇਸ ਵਾਰ ਜੈਰਾਮਪੁਰ ਪਿੰਡ ਦੇ ਹੀ ਇੱਕ ਕਿਸਾਨ ਨੇ ਮਲਚਿੰਗ ਰਾਹੀਂ ਬਿਜਾਈ ਕੀਤੀ। ਕਣਕ ਦੇ ਬੀਜ ਅਤੇ ਖਾਦ ਦਾ ਛਿੱਟਾ ਦੇਣ ਮਗਰੋਂ ਕੁਝ ਕਾਰਨਾਂ ਕਰਕੇ ਪਾਣੀ ਦੇਣ ਵਿੱਚ ਦੋ ਦਿਨਾਂ ਦੀ ਦੇਰੀ ਹੋ ਗਈ ਅਤੇ ਮੀਂਹ ਆ ਗਿਆ । ਇਸ ਨਾਲ ਉਸ ਕਿਸਾਨ ਦੀ ਕਣਕ ਹੋਰ ਵੀ ਚੰਗੀ ਨਿਕਲੀ। ਸਰਦਾਰ ਗਿਆਨ ਸਿੰਘ ਨੇ ਕਿਹਾ ਕਿ ਅੱਗੇ ਤੋਂ ਪਹਿਲਾਂ ਪਾਣੀ ਫੁਹਾਰੇ ਨਾਲ ਲਾਵਾਂਗੇ ਜਿਸ ਨਾਲ ਬੀਜ ਤੱਕ ਲੋੜ ਮੁਤਾਬਕ ਪਾਣੀ ਪਹੁੰਚੇਗਾ ਅਤੇ ਪਾਣੀ ਦੀ ਬੱਚਤ ਵੀ ਹੋਵੇਗੀ । 

ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਵਾਲੇ ਖੇਤੀਬਾੜੀ ਕਾਰਕੁਨ ਗੁਰਪ੍ਰੀਤ ਸਿੰਘ ਦਬੜੀਖਾਨਾ ਨੇ ਦੱਸਿਆ ਕਿ ਪੂਰੀ ਦੁਨੀਆਂ ਦੇ ਕਿਸਾਨ ਇਸ ਤਕਨੀਕ ਨਾਲ ਬਿਜਾਈ ਕਰ ਸਕਦੇ ਹਨ ਕਿਉਂਕਿ ਇਹ ਤਕਨੀਕ ਕਿਸਾਨ ਪੱਖੀ, ਕੁਦਰਤ ਪੱਖੀ ਅਤੇ ਸਮਾਜ ਪੱਖੀ ਹੈ । ਇਸ ਨਾਲ ਕਿਸਾਨ ਦੀ ਕਣਕ ਨੂੰ ਬੀਜਣ ਵਿੱਚ ਜੋ ਲਾਗਤ ਲੱਗਦੀ ਹੈ ਉਹ 2500 ਤੋਂ 3000 ਰੁਪਏ ਪ੍ਰਤੀ ਏਕੜ ਤੋਂ ਘੱਟ ਕੇ ਲਗਭਗ ਨਿੱਲ  ਹੀ ਹੋ ਜਾਂਦੀ ਹੈ । 

ਉਨ੍ਹਾਂ ਕਿਹਾ ਕਿ ਜੇਕਰ ਇੱਕ ਪਿੰਡ ਵਿੱਚ ਦੋ ਆਈਸ਼ਰ ਟਰੈਕਟਰ ਅਤੇ ਦੋ ਕਟਰ ਹਨ ਤਾਂ ਇੱਕ ਮਹੀਨੇ ਵਿੱਚ ਇਸ ਤਕਨੀਕ ਰਾਹੀਂ ਸਾਰੇ ਪਿੰਡ ਦੀ ਕਣਕ ਬੀਜੀ ਜਾ ਸਕਦੀ ਹੈ । ਇਸ ਲਈ ਨਾਂ ਹੈਪੀ ਸੀਟਰ , ਬੇਲਰ , ਰੋਟਾਵੇਟਰ ਅਤੇ ਵੱਡੇ ਟਰੈਕਟਰ ਦੀ ਲੋੜ ਹੈ । ਉਨ੍ਹਾਂ ਕਿਹਾ ਕਿ ਮਸ਼ੀਨਾਂ ਤੇ ਸਬਸਿਡੀ ਵਾਲੀ ਖੇਡ ਵਿੱਚ ਸੰਤਰੀ ਤੋਂ ਲੈ ਕੇ ਮੰਤਰੀ ਤੱਕ ਪੈਸੇ ਚੜ੍ਹਦੇ ਹਨ ਇਸੇ ਕਰਕੇ ਪੰਜਾਬ ਦੀ ਖੇਤੀ ਨੂੰ ਮਸ਼ੀਨਾਂ ਦੇ ਕੁਚੱਕਰ ਚ ਉਲਝਾਅ ਕੇ ਰੱਖਿਆ ਹੋਇਆ ਹੈ । ਇਸ ਮਲਚਿੰਗ ਤਕਨੀਕ ਨਾਲ ਝੋਨੇ ਦੀ ਪਰਾਲੀ ਦੀ ਅੱਗ ਦਾ ਮੁੱਦਾ ਚੁਟਕੀ ਵਿੱਚ ਨਿੱਬੜ ਗਿਆ ਜੋ ਸੈਂਕੜੇ ਕਿਸਾਨਾਂ ਨੇ ਹਜ਼ਾਰਾਂ ਏਕੜ ਵਿੱਚੋਂ ਇਸ ਤਕਨੀਕ ਰਾਹੀਂ ਕਣਕ ਦੀ ਬਿਜਾਈ ਕੀਤੀ ਅਤੇ 22 ਤੋਂ 26 ਕੁਇੰਟਲ ਤੱਕ ਝਾੜ ਆਇਆ । 

ਡਾਕਰ ਜ਼ਮੀਨ ਵਿੱਚ ਕਣਕ ਦੀ ਬਿਜਾਈ 

PunjabKesari
ਪਟਿਆਲੇ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਔਝਾਂ ਦੇ ਕਿਸਾਨ ਹਰਭਜਨ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਦਸ ਸਾਲਾਂ ਤੋਂ ਬਿਨਾਂ ਵਾਹੇ ਛਿੱਟੇ ਨਾਲ ਕਣਕ ਉਗਾਉਂਦੇ ਹਨ। ਉਨ੍ਹਾਂ ਕਿਹਾ ਕਿ ਵਾਹ ਕੇ ਬੀਜਣ ਨਾਲ 10 ਕੁਇੰਟਲ ਪ੍ਰਤੀ ਏਕੜ ਤੋਂ ਜ਼ਿਆਦਾ ਝਾੜ ਨਹੀਂ ਸੀ ਨਿਕਲਦਾ ਪਰ ਪਿਛਲੇ 10 ਸਾਲਾਂ ਤੋਂ ਇਸ ਤਕਨੀਕ ਨਾਲ ਉਹ 20 ਕੁਇੰਟਲ ਪ੍ਰਤੀ ਏਕੜ ਤੋਂ ਜ਼ਿਆਦਾ ਝਾੜ ਲੈ ਰਹੇ ਹਨ । 2010 ਤੋਂ ਬਾਅਦ ਉਹ ਸਾਲ ਵਿੱਚ ਸਿਰਫ਼ ਇੱਕ ਵਾਰੀ ਝੋਨੇ ਤੋਂ ਪਹਿਲਾਂ ਹੀ ਖੇਤ ਵਾਹੁੰਦੇ ਹਨ। ਸਰਦਾਰ ਹਰਭਜਨ ਸਿੰਘ ਮੁਤਾਬਕ ਉਨ੍ਹਾਂ ਦੇ ਇਲਾਕੇ ਦੀ ਡਾਕਰ ਜ਼ਮੀਨ ਵਿਚ ਬਹੁਤ ਸਾਰੇ ਕਿਸਾਨ ਬਰਸੀਮ ਵੀ ਇਸੇ ਤਕਨੀਕ ਨਾਲ ਹੀ ਬੀਜਦੇ ਹਨ ।

ਬਿਜਾਈ ਦਾ ਤਰੀਕਾ 
ਡਾਕਰ ਜ਼ਮੀਨ ਵਿੱਚ ਬਾਸਮਤੀ ਦੀ ਕਟਾਈ ਤੋਂ 15-20 ਦਿਨ ਪਹਿਲਾਂ ਕਣਕ ਦੇ ਬੀਜ ਦਾ ਛਿੱਟਾ ਦੇਣ ਉਪਰੰਤ ਕਟਾਈ ਦੇ ਸਮੇਂ ਤੱਕ ਕਣਕ ਉੱਗ ਆਉਂਦੀ ਹੈ। ਬਾਸਮਤੀ ਦੀ ਹੱਥੀਂ ਕਟਾਈ ਤੋਂ ਕਰਕੇ ਜ਼ਮੀਨ ਵਿੱਚ ਖਾਦ ਪਾ ਦੇਣੀ ਹੈ । ਇਸ ਤੋਂ ਬਾਅਦ ਲੋੜ ਅਨੁਸਾਰ ਪਾਣੀ ਲਾਉਣਾ ਹੈ ।

ਡਾਕਰ ਜ਼ਮੀਨ ਵਿੱਚ ਛਿੱਟੇ ਨਾਲ ਕਣਕ ਦੀ ਬਿਜਾਈ ਦੇ ਫ਼ਾਇਦੇ ਮਲਚਿੰਗ ਤਕਨੀਕ ਨਾਲ ਬੀਜੀ ਗਈ ਕਣਕ ਦੇ ਬਰਾਬਰ ਹੀ ਹਨ ਪਰ ਖਾਸ ਫਾਇਦਾ ਇਹ ਹੈ ਕਿ ਇਸ ਮਿੱਟੀ ਵਿੱਚ ਵਾਹ ਕੇ ਬੀਜਣ ਦੇ ਮੁਕਾਬਲੇ ਇਸ ਦਾ ਝਾੜ ਦੁੱਗਣਾ ਹੁੰਦਾ ਹੈ।  

PunjabKesari


author

rajwinder kaur

Content Editor

Related News