ਮੱਤੇਵਾੜਾ ਜੰਗਲ ਦੇ ਕੁਦਰਤੀ ਮਾਹੌਲ ਨੂੰ ਵਿਗਾੜਨ ਦੀ ਚਿੰਤਾ ਨਾਲ ਉਸਰਨ ਜਾ ਰਿਹੈ ‘ਸਨਅਤੀ ਪਾਰਕ’
Monday, Jul 13, 2020 - 12:15 PM (IST)
 
            
            ਹਰਪ੍ਰੀਤ ਸਿੰਘ ਕਾਹਲੋਂ ਅਤੇ ਸਰਬਜੀਤ ਸਿੰਘ ਸਿੱਧੂ ਦੀ ਰਿਪੋਰਟ
ਮੱਤੇਵਾੜਾ ਸਨਅਤੀ ਪਾਰਕ ਲਈ ਮੱਤੇਵਾੜਾ ਜੰਗਲ ਦੇ ਨੇੜਲੀ 1000 ਏਕੜ ਦੇ ਕਰੀਬ ਦੀ ਜ਼ਮੀਨ ਨੂੰ ਪਸ਼ੂ ਪਾਲਣ ਮਹਿਕਮਾ, ਮੁੜ ਵਸੇਵਾ ਮਹਿਕਮੇ ਹੇਠ ਰਕਬਾ, ਜਿੱਥੇ ਆਲੂ ਬੀਜ ਫਾਰਮ ਹੈ। ਸੇਖੋਵਾਲਾ, ਮੱਤੇਵਾੜਾ, ਸਲੇਮਪੁਰ, ਗੜ੍ਹੀਆਂ, ਸੈਲ ਕਲਾਂ ਅਤੇ ਕਾਲੇਵਾਲ ਪਿੰਡਾਂ ਦੀਆਂ ਪੰਚਾਇਤਾਂ ਤੋਂ ਅਕਵਾਇਰ ਕਰਕੇ ਪੰਜਾਬ ਨੂੰ ਸਨਅਤੀ ਵਿਕਾਸ ਦੀਆ ਲੀਹਾਂ ’ਤੇ ਲਿਆਉਣ ਦੀ ਤਿਆਰੀ ਹੈ। ਇਸ ਵਿੱਚੋਂ ਸਭ ਤੋਂ ਜ਼ਿਆਦਾ ਰਕਬਾ 403 ਏਕੜ ਸੇਖੋਵਾਲਾ ਪਿੰਡ ਦਾ ਹੈ ਅਤੇ ਬਾਕੀ ਪਿੰਡਾਂ ਦੀ ਜ਼ਮੀਨ ਦਾ ਰਕਬਾ 100 ਏਕੜ ਤੋਂ ਘੱਟ ਹੈ। ਸੋਸ਼ਲ ਮੀਡੀਆ ’ਤੇ ਪੰਜਾਬ ਵਾਸੀ ਇਸ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਮੁਤਾਬਕ ਇਹ ਮੱਤੇਵਾੜੇ ਦੇ ਜੰਗਲਾਂ ਨੂੰ ਬਰਬਾਦ ਕਰਨ ਵੱਲ ਵਧਾਇਆ ਕਦਮ ਹੈ। ਕਾਨੂੰਨੀ ਤੌਰ ਤੇ ਬੇਸ਼ੱਕ ਸਰਕਾਰ ਨੇ ਇਹ ਜ਼ਮੀਨ ਜੰਗਲਾਤ ਮਹਿਕਮੇ ਤੋਂ ਨਹੀਂ ਲਈ ਪਰ ਮੱਤੇਵਾੜੇ ਦੇ ਜੰਗਲਾਂ ਨਾਲ ਲਗਦੀ ਇਸ ਸਨਅਤ ਦਾ ਅਸਰ ਜੰਗਲ ਦੀ ਕੁਦਰਤੀ ਬਨਸਪਤੀ ’ਤੇ ਪੈਣਾ ਤੈਅ ਹੈ। ਮਾਹਰਾਂ ਮੁਤਾਬਕ ਇਹਦਾ ਅਸਰ ਸਤਲੁਜ ਦਰਿਆ ’ਤੇ ਵੀ ਪਵੇਗਾ।
ਪਿੰਡ ਸੇਖੋਵਾਲਾ ਦੇ ਸਰਪੰਚ ਤੋਂ ਮਿਲੀ ਜਾਣਕਾਰੀ ਅਨੁਸਾਰ 60 ਦੇ ਦਹਾਕੇ ਦੌਰਾਨ ਮੁਰੱਬੇਬੰਦੀ ਸਮੇਂ ਅੰਮ੍ਰਿਤਸਰ ਅਤੇ ਹੋਰ ਜਗਾਵਾਂ ਤੋਂ 20 -21 ਬੰਦੇ ਸੇਖੋਂ ਵਾਲਾ ਆਏ। ਉਨ੍ਹਾਂ ਨੇ ਇਸ ਜਗ੍ਹਾ ਨੂੰ ਪੱਧਰਾ ਕਰਕੇ ਖੇਤੀ ਯੋਗ ਬਣਾਇਆ ਅਤੇ ਪਿੰਡ ਵਸਾਇਆ। ਹੁਣ ਤੋਂ ਲੱਗਭਗ 40 ਕੁ ਸਾਲ ਪਹਿਲਾਂ ਪਿੰਡ ਦੀ ਪੰਚਾਇਤ ਨੇ ਕਾਨੂੰਨੀ ਲੜਾਈ ਲੜਕੇ ਖੇਤੀ ਅਤੇ ਪਿੰਡ ਅਧੀਨ 500 ਏਕੜ ਤੋਂ ਉੱਪਰ ਰਕਬਾ ਪੰਚਾਇਤ ਦੇ ਨਾਮ ਲਵਾਇਆ । ਖੇਤੀ ਯੋਗ ਜ਼ਮੀਨ ਦਾ ਮਾਮਲਾ ਹੁਣ ਤੱਕ ਸਰਕਾਰ ਨੂੰ ਦਿੱਤਾ ਜਾਂਦਾ ਸੀ। ਉਨ੍ਹਾਂ ਦੱਸਿਆ ਕਿ 2 ਮਹੀਨੇ ਪਹਿਲਾਂ ਪਿੰਡ ਦੇ ਵਿੱਚ ਡੀ.ਸੀ. ਅਤੇ ਹੋਰ ਅਧਿਕਾਰੀ ਆਏ, ਜਿਨ੍ਹਾਂ ਨੇ ਮੱਤੇਵਾੜਾ ਦਫ਼ਤਰ ਵਿੱਚ ਸਬੰਧੀ ਪਿੰਡਾਂ ਦੀਆਂ ਪੰਚਾਇਤਾਂ ਨੂੰ ਸੱਦੇ ਭੇਜੇ। ਉਨ੍ਹਾਂ ਕਿਹਾ ਕਿ ਇਸ ਜ਼ਮੀਨ ਦੇ ਬਦਲੇ ਪੰਚਾਇਤ ਨੂੰ ਪੈਸੇ ਦਿੱਤੇ ਜਾਣਗੇ, ਪਿੰਡਾਂ ਦੇ ਲੋਕਾਂ ਨੂੰ ਨੌਕਰੀਆਂ ਮੁਹੱਈਆ ਕਰਵਾਈਆਂ ਜਾਣਗੀਆਂ ।
ਸਿਰਸੇ ਜ਼ਿਲ੍ਹੇ ਵਿੱਚ ਆਇਆ ਟਿੱਡੀ ਦਲ, ਦੇ ਸਕਦਾ ਹੈ ਪੰਜਾਬ ਵਿੱਚ ਦਸਤਕ
ਜ਼ਿਕਰਯੋਗ ਗੱਲ ਇਹ ਹੈ ਕਿ ਪੰਚਾਇਤਾਂ ਨੇ ਇਸ ਉੱਤੇ ਮਤੇ ਪਾਸ ਕਰ ਦਿੱਤੇ ਹਨ। ਜ਼ਮੀਨ ਦਾ ਇੰਤਕਾਲ ਵੀ ਹੋ ਗਿਆ ਹੈ ਪਰ ਪੈਸੇ ਪੰਚਾਇਤ ਦੇ ਖਾਤਿਆਂ ਵਿੱਚ ਆਉਣੇ ਅਜੇ ਬਾਕੀ ਹਨ । ਸੇਖੋਵਾਲ ਪਿੰਡ ਦੀ ਪੰਚਾਇਤ ਨੇ 403 ਏਕੜ ਲਈ ਮਤਾ ਪਾਸ ਕੀਤਾ, ਜਿਸ ਦਾ ਰਕਬਾ ਸਭ ਤੋਂ ਜ਼ਿਆਦਾ ਹੈ। 100 ਏਕੜ ਪਿੰਡ ਨੂੰ ਦੇ ਦਿੱਤਾ ਗਿਆ, ਜਿਸ ਵਿੱਚ 11 ਏਕੜ ਵਿੱਚ ਪਿੰਡ ਅਤੇ ਬਾਕੀ ਪਸ਼ੂਆਂ ਦੇ ਹਰੇ ਚਾਰੇ ਲਈ ਰੱਖਿਆ ਹੈ।
ਜੰਗਲਾਤ ਅਤੇ ਆਬੋ ਹਵਾ ਨਾਲ ਸਬੰਧਤ ਮਾਹਰਾਂ ਦਾ ਨਜ਼ਰੀਆ ਹੈ ਇਹ ਕਿ ਮਸਲਾ ਬੇਸ਼ੱਕ ਜੰਗਲਾਤ ਦੀ ਜ਼ਮੀਨ ਨਾਲ ਨਹੀਂ ਜੁੜਿਆ ਪਰ ਜੰਗਲਾਤ ਦੇ ਨੇੜੇ ਹੋਣ ਕਰਕੇ ਅਣਗੌਲਿਆ ਵੀ ਨਹੀਂ ਕੀਤਾ ਜਾ ਸਕਦਾ। ਮਾਹਿਰਾਂ ਦਾ ਮੰਨਣਾ ਹੈ ਕਿ ਦਰਿਆਵਾਂ ਕੰਢੇ ਖੜ੍ਹੀ ਕੀਤੀ ਇੰਡਸਟਰੀ ਨੇ ਦਰਿਆਵਾਂ ਨੂੰ ਪ੍ਰਦੂਸ਼ਿਤ ਹੀ ਕੀਤਾ ਹੈ। ਤਾਜ਼ਾ ਉਦਾਹਰਨ ਕੀੜੀ ਅਫਗਾਨਾ ਦੀ ਸ਼ੂਗਰ ਮਿੱਲ ਰਹੀ ਹੈ, ਜਿਸ ਕਾਰਨ ਬਿਆਸ ਦਰਿਆ ਦੀਆਂ ਮੱਛੀਆਂ ਮਰ ਗਈਆਂ ਸਨ।
ਹਰੇਕ ਸਾਲ ਹੀ ਬਾਗਬਾਨਾਂ ਨੂੰ ਪੈਂਦੀ ਹੈ ਕਿਸੇ ਨਾ ਕਿਸੇ ‘ਆਫਤ’ ਤੇ ‘ਅਫਵਾਹ’ ਦੀ ਮਾਰ
ਜੰਗਲਾਤ ਮਾਮਲਿਆਂ ਦੇ ਜਾਣਕਾਰ ਵਿਜੈ ਬੰਬੇਲੀ ਦੱਸਦੇ ਹਨ ਕਿ ਪੰਜਾਬ ਵਿੱਚ ਜੰਗਲਾਤ ਰਕਬੇ ਨੂੰ ਲੈ ਕੇ ਸਭ ਤੋਂ ਜ਼ਿਆਦਾ ਅਣਗਹਿਲੀ ਵਰਤੀ ਜਾਂਦੀ ਹੈ। ਮੱਤੇਵਾੜਾ ਦੇ ਮਨਜ਼ੂਰਸ਼ੁਦਾ ਇੰਡਸਟਰੀ ਪਾਰਕ ਨੂੰ ਬਣਾਉਣ ਤੋਂ ਪਹਿਲਾਂ ਕੁੱਝ ਜਵਾਬ ਲੈਣੇ ਜ਼ਰੂਰੀ ਹਨ। ਜੇ ਇਹ ਜੰਗਲਾਤ ਮਹਿਕਮੇ ਦੀ ਜ਼ਮੀਨ ’ਤੇ ਨਹੀਂ ਬਣ ਰਿਹਾ ਹੈ ਤਾਂ ਵੀ ਇਹ ਸਵਾਲਿਆ ਨਿਸ਼ਾਨਾਂ ਦੇ ਘੇਰੇ ਵਿਚ ਹੈ। ਇਸ ਇੰਡਸਟਰੀ ਪਾਰਕ ਦੀ ਜ਼ਮੀਨ ਸਤਲੁਜ ਦਰਿਆ ਦੇ ਕੰਢੇ ’ਤੇ ਹੈ। ਇਹਦੇ ਨੇੜੇ ਮੱਤੇਵਾੜੇ ਦਾ ਉਹ ਜੰਗਲ ਹੈ, ਜਿਸ ਨੂੰ ਸਰਕਾਰ ਨੇ 2016 ਵਿਚ ਕੁਦਰਤੀ ਬਨਸਪਤੀ ਦੀ ਵੰਨ-ਸੁਵੰਨਤਾ ਲਈ ਰਾਖਵਾਂ ਰੱਖਿਆ ਸੀ। ਭਾਰਤ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿੱਚੋਂ ਲੁਧਿਆਣਾ ਇੱਕ ਹੈ। ਇਥੋਂ ਦੀ ਵਸੋਂ ਵੀ ਬਹੁਤ ਸੰਘਣੀ ਹੈ। ਅਜਿਹੇ ਮੱਤੇਵਾੜਾ ਦੇ ਇਸ ਜੰਗਲ ਦੇ ਨੇੜਲੇ ਇਲਾਕੇ ਨੂੰ ਖਾਸ ਮਹੱਤਤਾ ਦੇਣ ਦੀ ਲੋੜ ਹੈ।
ਸਮੇਂ-ਸਮੇਂ ’ਤੇ ਅਜਿਹੀਆਂ ਇੰਡਸਟਰੀਆਂ ਦੇ ਦੋਸ਼ ਲਗਦੇ ਆਏ ਹਨ ਕਿ ਇਹ ਟ੍ਰੀਟਮੈਂਟ ਪਲਾਂਟ ਨਾ ਲਗਾਕੇ ਨੇੜਲੇ ਦਰਿਆਵਾਂ ਨੂੰ ਪ੍ਰਦੂਸ਼ਿਤ ਕਰਦੇ ਹਨ। ਜੰਗਲਾਤ ਮਹਿਕਮੇ ਦੇ ਅਧਿਕਾਰੀਆਂ ਮੁਤਾਬਕ ਇਹ ਵੀ ਸਮਝਣ ਦੀ ਲੋੜ ਹੈ ਕਿ ਪੰਜਾਬ ਵਿੱਚ ਪੰਜਾਬ ਲੈਂਡ ਪ੍ਰਜ਼ਰਵੇਸ਼ਨ ਐਕਟ ਅਧੀਨ ਧਾਰਾ 4 ਅਤੇ 5 ਤਹਿਤ ਰਕਬੇ ਨੂੰ ਵੀ ਮੁੜ ਤੋਂ ਵਿਚਾਰਨ ਦੀ ਲੋੜ ਹੈ। ਪੰਜਾਬੀ ਆਲਮੀ ਸੰਗਤ ਤੋਂ ਗੰਗਵੀਰ ਰਾਠੌਰ ਦੱਸਦੇ ਹਨ ਕਿ ਮੱਤੇਵਾੜੇ ਦੇ ਨੇੜੇ ਲੁਧਿਆਣੇ ਨੂੰ ਜਾਂਦੀ ਇਕਹਿਰੀ ਸੜਕ ਨੂੰ ਪਿਛਲੇ ਸਾਲਾਂ ਵਿਚ ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਸਿਰਫ ਇਸ ਕਰਕੇ ਦੂਹਰੀ ਸੜਕ ਬਣਾਉਣ ਤੋਂ ਰੋਕਿਆ ਸੀ ਤਾਂ ਕਿ ਮੱਤੇਵਾੜੇ ਦੇ ਜੰਗਲ ਦੇ ਨੇੜੇ ਤੇੜੇ ਆਬੋ ਹਵਾ ਬਨਸਪਤੀ ਅਤੇ ਜੀਵ-ਜੰਤੂਆਂ ਨੂੰ ਨੁਕਸਾਨ ਨਾ ਪਹੁੰਚੇ।
ਫੁੱਲਾਂ ਦੀ ਕਾਮਯਾਬ ਕਾਸ਼ਤ ਕਰਕੇ ਕਿਸਾਨ ਗੁਰਵਿੰਦਰ ਸਿੰਘ ਸੋਹੀ ਨੇ ਜ਼ਿੰਦਗੀ ’ਚ ਭਰੀ ਖੁਸ਼ਬੋ
ਪੰਜਾਬ ਵਿੱਚ ਕੁੱਲ 33 ਫੀਸਦੀ ਜੰਗਲ ਵਿੱਚੋਂ ਸਿਰਫ਼ 6 ਫੀਸਦੀ ਜੰਗਲ ਹੀ ਬਚਿਆ ਹੈ। ਜੰਗਲਾਂ ਹੇਠ ਬਚਦੇ ਰਕਬੇ ਉੱਤੇ ਪੂਰੀ ਤਰ੍ਹਾਂ ਸਰਕਾਰ ਦੁਆਰਾ ਵਿਕਾਸ ਦੇ ਨਾਮ ’ਤੇ ਹਿੱਸੇਦਾਰੀ ਰਹੀ ਹੈ। ਫਤਹਿਗੜ੍ਹ ਸਾਹਿਬ ਦੇ ਡੇਰਾ ਬੱਸੀ ਤੋਂ ਲੈ ਕੇ ਪਠਾਨਕੋਟ ਤੱਕ, ਜੋ ਸ਼ਿਵਾਲਕ ਪਹਾੜੀ ਦੀ ਲੜੀ ਭੂਗੋਲਿਕ ਅਤੇ ਆਰਥਿਕ ਬਦਲਾਅ ਨੇ ਇਹ ਪੂਰੀ ਤਰ੍ਹਾਂ ਤਹਿਸ ਨਹਿਸ ਕਰ ਦਿੱਤੀ ਹੈ। ਕੁਦਰਤੀ ਜੰਗਲ ਅਤੇ ਪਹਾੜਾਂ ਨੂੰ ਪੱਧਰ ਕਰ ਦਿੱਤਾ ਗਿਆ। ਜੰਗਲਾਤ ਮਹਿਕਮੇ ਦੀ ਇਸ ਨੂੰ ਸਪੱਸ਼ਟ ਕਰਨ ਸਬੰਧੀ ਕੋਈ ਵੀ ਰਿਪੋਰਟ ਨਹੀਂ ਆਈ ਹੈ ।
ਲੁਧਿਆਣੇ ਵਰਗੇ ਪ੍ਰਦੂਸ਼ਿਤ ਸ਼ਹਿਰ ਵਿੱਚ, ਜਿੱਥੇ ਪਹਿਲਾਂ ਹੀ ਬਹੁਤ ਉਦਯੋਗਿਕ ਵਿਕਾਸ ਦੇ ਨਾਲ ਸੰਘਣੀ ਆਬਾਦੀ ਹੈ। ਇਥੋਂ ਦੀ ਪ੍ਰਦੂਸ਼ਿਤ ਹਵਾ ਵਿੱਚੋਂ ਸਾਹ ਲੈਣ ਵਾਲੇ ਲੋਕਾਂ ਲਈ ਅਜਿਹੇ ਜੰਗਲ ਸਹਾਰਾ ਜ਼ਰੂਰ ਬਣਦੇ ਹਨ। ਜੇਕਰ ਇਹ ਜੰਗਲ ਵੀ ਬਰਬਾਦ ਕਰਕੇ ਉਦਯੋਗੀਕਰਨ ਕਰ ਦਿੱਤਾ ਜਾਵੇਗਾ ਤਾਂ ਕੁਦਰਤ ਨਾਲ ਖਿਲਵਾੜ ਕਰਨ ਦੀ ਸਿਖ਼ਰ ਹੋਵੇਗੀ ।
ਖੇਡ ਰਤਨ ਪੰਜਾਬ ਦੇ : ਫਾਰਵਰਡ ਪੰਕਤੀ ਦਾ ਬਾਜ਼ ‘ਬਲਜੀਤ ਸਿੰਘ ਢਿੱਲੋਂ’
ਮੱਤੇਵਾੜੇ ਦੇ ਇਸ ਸਨਅਤੀ ਪਾਰਕ ਨੇ ਜੰਗਲਾਤ ਮਹਿਕਮੇ ਅਤੇ ਇਸ ਦੇ ਅਧੀਨ ਆਉਣ ਵਾਲੇ ਖੇਤਰਾਂ ਉੱਤੇ ਇੱਕ ਵਾਰ ਫਿਰ ਚਰਚਾ ਛੇੜ ਦਿੱਤੀ ਹੈ। ਕਿਉਂਕਿ ਸ਼ਿਵਾਲਕ ਦੀਆਂ ਪਹਾੜੀਆਂ ਵਿੱਚ ਜੰਗਲਾਤ ਮਹਿਕਮੇ ਦੇ ਹੁੰਦਿਆਂ ਸੁੰਦਿਆਂ ਵੀ ਬੇਲੋੜੇ ਨਿਰਮਾਣ ਵਿੱਚ ਜੰਗਲਾਤ ਮਹਿਕਮੇ ਦੇ ਕਾਨੂੰਨਾਂ ਦੀਆਂ ਕਮਜ਼ੋਰੀਆਂ ਵੀ ਹਨ। ਇਸ ਵਿੱਚ ਲੋਕਾਂ ਦੀ ਚਿੰਤਾ ਇਸ ਕਰਕੇ ਹੈ, ਕਿਉਂਕਿ ਮੱਤੇਵਾੜੇ ਨਾਲ ਲੱਗਦੀ ਜ਼ਮੀਨ ’ਤੇ ਵੀ ਇਹ ਘਾਟਾਂ ਨਜ਼ਰ ਆ ਰਹੀਆਂ ਹਨ ।
ਕੀ ਭਾਰਤ ਵਿੱਚ ਸ਼ੁਰੂ ਹੋ ਚੁੱਕਿਆ ਹੈ ‘ਕਮਿਊਨਿਟੀ ਟਰਾਂਸਮਿਸ਼ਨ’ (ਵੀਡੀਓ)

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            