ਮਜ਼ਦੂਰਾਂ ਦੀ ਘਾਟ: ਆਪਣੀ ‘ਹਿੰਮਤ’ ਅਤੇ ‘ਜਜ਼ਬੇ’ ਦਾ ਲੋਹਾ ਮਨਵਾਉਣ ’ਚ ਸਫਲ ਰਹੇ ਪੰਜਾਬ ਦੇ ਕਿਸਾਨ

Monday, Jun 29, 2020 - 10:40 AM (IST)

ਮਜ਼ਦੂਰਾਂ ਦੀ ਘਾਟ: ਆਪਣੀ ‘ਹਿੰਮਤ’ ਅਤੇ ‘ਜਜ਼ਬੇ’ ਦਾ ਲੋਹਾ ਮਨਵਾਉਣ ’ਚ ਸਫਲ ਰਹੇ ਪੰਜਾਬ ਦੇ ਕਿਸਾਨ

ਗੁਰਦਾਸਪੁਰ (ਹਰਮਨਪ੍ਰੀਤ) - ਇਸ ਸਾਲ ਸੂਬੇ ਅੰਦਰ ਖੇਤੀ ਮਜ਼ਦੂਰਾਂ ਦੀ ਵੱਡੀ ਘਾਟ ਹੋਣ ਕਾਰਨ ਬੇਸ਼ੱਕ ਜ਼ਿਆਦਾਤਰ ਕਿਸਾਨ ਝੋਨੇ ਦੀ ਲਵਾਈ ਸਮੇਂ ਸਿਰ ਕਰਨ ਦੀ ਵੱਡੀ ਚੁਣੌਤੀ ਕਾਰਣ ਚਿੰਤਤ ਸਨ। ਪਰ ਇਸ ਦੇ ਬਾਵਜੂਦ ਪੰਜਾਬ ਦੇ ਮਿਹਨਤੀ ਕਿਸਾਨਾਂ ਨੇ 10 ਜੂਨ ਤੋਂ ਹੁਣ ਤੱਕ ਦੇ ਕਰੀਬ 18 ਦਿਨਾਂ ਵਿਚ ਪਿਛਲੇ ਸਾਲ ਦੇ ਮੁਕਾਬਲੇ 5 ਤੋਂ 7 ਫੀਸਦੀ ਜ਼ਿਆਦਾ ਲਵਾਈ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ। ਇਸ ਮੌਕੇ ਪੂਰੇ ਸੂਬੇ ਅੰਦਰ ਝੋਨੇ ਦੀ ਲਵਾਈ ਦਾ ਕੰਮ ਔਸਤਨ 90 ਫੀਸਦੀ ਦੇ ਕਰੀਬ ਮੁਕੰਮਲ ਹੋ ਚੁੱਕਾ ਹੈ ਜਦੋਂ ਕਿ ਪਿਛਲੇ ਸਾਲ ਇਹ ਕੰਮ ਬੜੀ ਮੁਸ਼ਕਲ ਨਾਲ 85 ਫੀਸਦੀ ਦੇ ਕਰੀਬ ਹੀ ਮੁਕੰਮਲ ਹੋ ਸਕਿਆ ਸੀ। ਇਸੇ ਤਰਾਂ ਨਰਮੇ, ਮੱਕੀ ਅਤੇ ਹੋਰ ਫਸਲਾਂ ਦੀ ਕਾਸ਼ਤ ਦੇ ਮਾਮਲੇ ਵਿਚ ਕਿਸਾਨ ਲੇਬਰ ਦੀ ਘਾਟ ਨੂੰ ਦਰਕਿਨਾਰ ਕਰਦੇ ਹੋਏ ਆਪਣੀ ਹਿੰਮਤ ਤੇ ਜਜਬੇ ਦਾ ਲੋਹਾ ਮਨਵਾਉਣ ਵਿਚ ਸਫਲ ਰਹੇ ਹਨ।

ਦੋ ਸਾਲਾਂ ਦੀ ਮੰਦੀ ਤੋਂ ਬਾਅਦ ਮੁੜ ਰਾਹਤ ਮਹਿਸੂਸ ਕਰਨ ਲੱਗੇ ਬਾਸਮਤੀ ਦੇ ‘ਐਕਸਪੋਰਟਰ’ ਤੇ ‘ਉਤਪਾਦਕ’

ਪੰਜਾਬ ਅੰਦਰ ਵੱਖ-ਵੱਖ ਫਸਲਾਂ ਹੇਠ ਰਕਬੇ ਦੀ ਸਥਿਤੀ
ਪੰਜਾਬ ਅੰਦਰ 41 ਲੱਖ ਹੈਕਟੇਅਰ ਦੇ ਕਰੀਬ ਕੁੱਲ ਖੇਤੀਯੋਗ ਰਕਬੇ ਵਿਚੋਂ ਕਰੀਬ 36 ਲੱਖ ਹੈਕਟੇਅਰ ਰਕਬੇ ਵਿਚ ਸਾਉਣੀ ਦੀਆਂ ਫਸਲਾਂ ਦੀ ਕਾਸ਼ਤ ਕੀਤੀ ਜਾਂਦੀ ਹੈ, ਜਿਨ੍ਹਾਂ ਵਿਚੋਂ ਇਸ ਸਾਲ ਕਰੀਬ 20 ਲੱਖ ਹੈਕਟੇਅਰ ਦੇ ਆਸ-ਪਾਸ ਰਕਬਾ ਝੋਨੇ ਹੇਠ ਅਤੇ 7 ਲੱਖ ਹੈਕਟੇਅਰ ਰਕਬਾ ਬਾਸਮਤੀ ਹੇਠ ਆਉਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਨਰਮੇ ਹੇਠ ਕਰੀਬ 5 ਲੱਖ ਅਤੇ ਗੰਨੇ ਹੇਠ 1 ਲੱਖ ਹੈਕਟੇਅਰ ਰਕਬੇ ਦੇ ਇਲਾਵਾ ਬਾਕੀ ਦੇ ਰਕਬੇ ਵਿਚ ਮੱਕੀ, ਦਾਲਾਂ ਆਦਿ ਫਸਲਾਂ ਦੀ ਕਾਸ਼ਤ ਹੋਣੀ ਹੈ।

ਇਨਸਾਨੀ ਜ਼ਿੰਦਗੀ ਅੰਦਰ 70 ਫੀਸਦੀ ਰੋਗ ਜਾਨਵਰਾਂ ਤੋਂ ਹੀ ਆਏ ਹਨ (ਵੀਡੀਓ)

PunjabKesari

ਹਰੇਕ ਫਸਲ ਦੀ ਬਿਜਾਈ ’ਚ ਕਿਸਾਨਾਂ ਨੇ ਦਿਖਾਈ ਤੇਜੀ
ਝੋਨੇ ਦੀ ਲਵਾਈ ਦੇ ਮਾਮਲੇ ਵਿਚ ਕਿਸਾਨਾਂ ਇਸ ਸਾਲ ਏਨੀ ਤੇਜ਼ੀ ਦਿਖਾਈ ਹੈ ਕਿ ਪਿਛਲੇ ਸਾਲ ਬੇਸ਼ੱਕ ਲਵਾਈ ਦਾ ਕੰਮ 13 ਜੂਨ ਨੂੰ ਸ਼ੁਰੂ ਹੋਇਆ ਸੀ ਪਰ ਫਿਰ ਵੀ ਕਿਸਾਨ 22 ਜੂਨ ਤੱਕ 17.90 ਹੈਕਟੇਅਰ ਰਕਬੇ ਵਿਚ ਹੀ ਝੋਨਾ ਲਗਾ ਸਕੇ ਸਨ। ਇਸ ਸਾਲ ਕਿਸਾਨਾਂ ਨੇ ਇਸ ਮਿਤੀ ਤੱਕ 19.72 ਲੱਖ ਹੈਕਟੇਅਰ ਰਕਬੇ ਵਿਚ ਲਵਾਈ ਦਾ ਕੰਮ ਮੁਕੰਮਲ ਕਰ ਲਿਆ ਸੀ। ਇਸੇ ਤਰ੍ਹਾਂ ਕਿਸਾਨਾਂ ਵੱਲੋਂ ਮੱਕੀ ਦੀ ਬਿਜਾਈ ਦੇ ਮਾਮਲੇ ਵਿਚ ਕਾਫੀ ਫੁਰਤੀ ਦਿਖਾਈ ਜਾ ਰਹੀ ਹੈ, ਕਿਉਂਕਿ ਪਿਛਲੇ ਸਾਲ ਕਿਸਾਨਾਂ ਨੇ ਉਪਰੋਕਤ ਦਿਨ ਤੱਕ 92 ਹਜ਼ਾਰ ਹੈਕਟੇਅਰ ਰਕਬੇ ਵਿਚ ਮੱਕੀ ਦੀ ਬਿਜਾਈ ਕੀਤੀ ਸੀ, ਜਦੋਂ ਕਿ ਇਸ ਸਾਲ ਬਿਜਾਈ ਹੇਠਲਾ ਰਕਬਾ 1 ਲੱਖ 29 ਹਜ਼ਾਰ ਹੈਕਟੇਅਰ ਨੂੰ ਵੀ ਪਾਰ ਕਰ ਗਿਆ ਹੈ। ਇਸ ਮਾਮਲੇ ਵਿਚ ਮੱਕੀ ਦੀ ਬਿਜਾਈ ਕਰਨ ਵਾਲੇ ਜ਼ਿਲ੍ਹੇ ਹੁਸ਼ਿਆਰਪੁਰ, ਰੋਪੜ ਕਾਫੀ ਅੱਗੇ ਹਨ। ਨਰਮੇ ਦੇ ਮਾਮਲੇ ਵਿਚ ਕਿਸਾਨਾਂ ਨੇ ਸਖ਼ਤ ਮਿਹਨਤ ਕੀਤੀ ਹੈ, ਜਿਸ ਦੇ ਚਲਦਿਆਂ ਕਿਸਾਨਾਂ ਨੇ ਪਿਛਲੇ ਸਾਲ, ਜਿਥੇ 3.92 ਲੱਖ ਹੈਕਟੇਅਰ ਰਕਬੇ ਵਿਚ ਬਿਜਾਈ ਕੀਤੀ ਸੀ, ਉਥੇ ਇਸ ਸਾਲ ਇਹ ਰਕਬਾ 5.01 ਲੱਖ ਹੈਕਟੇਅਰ ਨੂੰ ਪਾਰ ਕਰ ਗਿਆ ਹੈ। ਇਹੀ ਹਾਲ ਦਾਲਾਂ ਤੇ ਹੋਰ ਫਸਲਾਂ ਦਾ ਵੀ ਹੈ।

ਖੇਡ ਰਤਨ ਪੰਜਾਬ ਦੇ : ਕੁਸ਼ਤੀ 'ਚ ਕਮਾਲਾਂ ਕਰਦਾ ‘ਕਰਤਾਰ ਸਿੰਘ’

ਕਿਸਾਨਾਂ ਨੇ ਕੀਤੀ ਸੀ ਅਗੇਤੀ ਤਿਆਰੀ
ਖੇਤੀਬਾੜੀ ਮਾਹਿਰ ਇਹ ਦਾਅਵਾ ਕਰ ਰਹੇ ਹਨ ਕਿ ਬੇਸ਼ੱਕ ਲੇਬਰ ਦੀ ਵੱਡੀ ਘਾਟ ਸੀ ਪਰ ਇਸ ਸਾਲ ਕਿਸਾਨਾਂ ਨੇ ਹੱਥੀਂ ਮਿਹਨਤ ਕਰਨ ਦੇ ਨਾਲ-ਨਾਲ ਪਿੰਡਾਂ ਵਿਚ ਲੋਕਲ ਲੇਬਰ ਨਾਲ ਵੀ ਸੰਪਰਕ ਬਣਾਇਆ ਸੀ। ਇਸ ਦੇ ਨਾਲ ਹੀ ਝੋਨੇ ਦੀ ਸਿੱਧੀ ਬਿਜਾਈ ਸਮੇਤ ਹੋਰ ਫਸਲਾਂ ਦੀ ਕਾਸ਼ਤ ਲਈ ਆਧੁਨਿਕ ਕਿਸਮ ਦੇ ਖੇਤੀ ਸੰਦ ਅਤੇ ਮਸ਼ੀਨਰੀ ਦੀ ਹੋਂਦ ਵੀ ਕਿਸਾਨਾਂ ਦੇ ਇਸ ਕੰਮ ਨੂੰ ਆਸਾਨ ਤੇ ਤੇਜ਼ ਬਣਾ ਰਹੀ ਹੈ। ਖਾਸ ਤੌਰ ’ਤੇ ਝੋਨੇ ਦੀ ਸਿੱਧੀ ਬਿਜਾਈ ਹੇਠ ਰਕਬੇ ਵਿਚ ਹੋਏ ਬੇਮਿਸਾਲ ਵਾਧੇ ਨੇ ਵੀ ਲਵਾਈ ਦੇ ਕੰਮ ਨੂੰ ਕਾਫੀ ਤੇਜ ਕੀਤਾ ਹੈ।

ਗੁਣਾਂ ਨਾਲ ਭਰਪੂਰ ਹੁੰਦੇ ਹਨ ‘ਅੰਬ ਦੇ ਪੱਤੇ’, ਰੋਗਾਂ ਤੋਂ ਮੁਕਤ ਹੋਣ ਲਈ ਇੰਝ ਕਰੋ ਵਰਤੋਂ

PunjabKesari

ਮੌਸਮ ਨੇ ਵੀ ਦਿੱਤਾ ਸਾਥ
ਇਸ ਵਾਰ ਇਕ ਇਹ ਅਹਿਮ ਗੱਲ ਵੀ ਸਾਹਮਣੇ ਆਈ ਹੈ ਕਿ ਮੌਸਮ ਨੇ ਵੀ ਸਾਉਣੀ ਦੀਆਂ ਫਸਲਾਂ ਦੀ ਬਿਜਾਈ ਲਈ ਪੂਰਾ ਸਾਥ ਦਿੱਤਾ ਹੈ। ਪੰਜਾਬ ਵਿਚ ਇਸ ਸਾਲ ਮਾਨਸੂਨ ਆਉਣ ਤੋਂ ਪਹਿਲਾਂ ਕਰੀਬ 22 ਫੀਸਦੀ ਜਿਆਦਾ ਬਾਰਿਸ਼ ਹੋਈ ਹੈ। ਪੰਜਾਬ ਦੇ ਸਿਰਫ ਮੁਕਤਸਰ, ਬਠਿੰਡਾ, ਫਰੀਦਕੋਟ, ਮਾਨਸਾ, ਫਿਰੋਜ਼ਪੁਰ ਅਤੇ ਤਰਨਤਾਰਨ ਅਜਿਹੇ 6 ਜ਼ਿਲੇ ਹਨ, ਜਿਨ੍ਹਾਂ ਵਿਚ ਆਮ ਨਾਲੋਂ ਘੱਟ ਬਾਰਿਸ਼ ਹੋਈ ਹੈ ਜਦੋਂ ਕਿ ਫਤਹਿਗੜ੍ਹ ਸਾਹਿਬ ਕਪੂਰਥਲਾ ਤੇ ਮੋਗਾ ਵਰਗੇ ਜ਼ਿਲਿਆਂ ਵਿਚ ਸਰਪਲੱਸ ਬਾਰਿਸ਼ ਹੋਣ ਕਾਰਣ ਕਿਸਾਨਾਂ ਨੂੰ ਕਾਫੀ ਰਾਹਤ ਮਿਲੀ ਹੈ।

11 ਅਪ੍ਰੈਲ ਤੋਂ ਹੁਣ ਤੱਕ 1,27,225 ਹੈਕਟੇਅਰ ਰਕਬੇ ‘ਤੇ ਟਿੱਡੀ ਦਲ ਕਾਬੂ


author

rajwinder kaur

Content Editor

Related News