ਕਿਸਾਨਾਂ ਨੂੰ ਮੰਡੀਆਂ ''ਚ ਖੱਜਲ-ਖੁਆਰ ਨਹੀਂ ਹੋਣ ਦਿੱਤਾ ਜਾਵੇਗਾ : ਸਕੱਤਰ

10/23/2016 3:53:10 PM

ਮਾਨਸਾ/ਭੀਖੀ/ਬੁਢਲਾਡਾ (ਜੱਸਲ, ਤਾਇਲ, ਬਾਂਸਲ, ਮਨਜੀਤ, ਮਨਚੰਦਾ)- ਪੰਜਾਬ ਸਰਕਾਰ ਮੰਡੀਆਂ ''ਚੋਂ ਕਿਸਾਨਾਂ ਦੀ ਮਿਹਨਤ ਨਾਲ ਤਿਆਰ ਕੀਤੀ ਗਈ ਫਸਲ ਦਾ ਇਕ-ਇਕ ਦਾਣਾ ਖ੍ਰੀਦਣ ਲਈ ਵਚਨਬੱਧ ਹੈ ਤੇ ਕਿਸਾਨਾਂ ਨੂੰ ਮੰਡੀਆਂ ਵਿਚ ਖੱਜਲ-ਖੁਆਰ ਨਹੀਂ ਹੋਣ ਦਿੱਤਾ ਜਾਵੇਗਾ। ਇਹ ਪ੍ਰਗਟਾਵਾ ਸਕੱਤਰ ਸਥਾਨਕ ਸਰਕਾਰਾਂ ਜੇ. ਐੱਮ. ਬਾਲਾਮੁਰਗਮ ਨੇ ਮਾਨਸਾ ਦੀਆਂ ਵੱਖ-ਵੱਖ ਮੰਡੀਆਂ ਦੇ ਦੌਰੇ ਦੌਰਾਨ ਕੀਤਾ। ਇਸ ਮੌਕੇ ਉਨ੍ਹਾਂ ਕਿਸਾਨਾਂ ਨਾਲ ਵੀ ਗੱਲਬਾਤ ਕਰ ਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ।
ਬਾਲਾਮੁਰਗਮ ਨੇ ਜਿਥੇ ਸੰਬੰਧਤ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਕਿ ਸੁੱਕੇ ਝੋਨੇ ਦੀ ਬੋਲੀ ਕਰਵਾਉਣ ਵਿਚ ਦੇਰੀ ਨਾ ਹੋਵੇ ਤੇ ਝੋਨੇ ਦੀ ਲਿਫਟਿੰਗ ਵੀ ਨਾਲੋ-ਨਾਲ ਕਰਵਾਈ ਜਾਵੇ, ਉਥੇ ਹੀ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀ ਫਸਲ ਪੂਰੀ ਤਰ੍ਹਾਂ ਸੁਕਾ ਕੇ ਅਤੇ ਸਾਫ਼-ਸੁਥਰੀ ਹੀ ਮੰਡੀਆਂ ਵਿਚ ਲਿਆਉਣ ਤਾਂ ਜੋ ਤੁਰੰਤ ਉਨ੍ਹਾਂ ਦੀ ਫਸਲ ਦੀ ਬੋਲੀ ਕਰਵਾਈ ਜਾ ਸਕੇ। 
ਡਿਪਟੀ ਕਮਿਸ਼ਨਰ ਸ਼ਰਮਾ ਨੇ ਦੱਸਿਆ ਕਿ ਬੀਤੀ ਸ਼ਾਮ ਤੱਕ ਜ਼ਿਲੇ ''ਚ 1,74,616 ਮੀਟ੍ਰਿਕ ਟਨ ਝੋਨੇ ਦੀ ਆਮਦ ਹੋ ਚੁੱਕੀ ਹੈ, ਜਿਸ ਵਿਚੋਂ 1,58,019 ਮੀਟ੍ਰਿਕ ਟਨ ਝੋਨੇ ਦੀ ਖ੍ਰੀਦ ਏਜੰਸੀਆਂ ਵੱਲੋਂ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਝੋਨੇ ਦੀ ਖ੍ਰੀਦੋ-ਫਰੋਖ਼ਤ ਬਹੁਤ ਹੀ ਵਧੀਆ ਢੰਗ ਨਾਲ ਚੱਲ ਰਹੀ ਹੈ। ਕਿਸੇ ਵੀ ਵਰਗ ਨੂੰ ਕੋਈ ਦਿੱਕਤ ਪੇਸ਼ ਨਾ ਆਵੇ, ਇਸ ਸੰਬੰਧੀ ਪਹਿਲਾਂ ਤੋਂ ਹੀ ਸਾਰੇ ਪੁਖ਼ਤਾ ਪ੍ਰਬੰਧ ਪੂਰੇ ਕਰ ਲਏ ਗਏ ਸਨ।

Related News