ਕਿਸਾਨਾਂ ਨੂੰ ਖੇਤੀ ਤਕਨੀਕਾਂ ਅਤੇ ਸਕੀਮਾਂ ਦਾ ਲਾਭ ਪਹੁੰਚਾਇਆ ਜਾਵੇ : ਡਾ.ਸੁਰਿੰਦਰ ਸਿੰਘ

12/14/2021 6:08:00 PM

ਜਲੰਧਰ ਵਿੱਚ ਖੇਤੀ ਹੇਠ ਕੁੱਲ 2.42 ਲੱਖ ਹੈਕਟੈਅਰ ਰਕਬੇ ਵਿੱਚੋ ਇਸ ਸਾਲ ਤਕਰੀਬਨ 1.73 ਲੱਖ ਹੈਕਟੇਅਰ ਰਕਬਾ ਕਣਕ ਦੀ ਫ਼ਸਲ ਹੇਠ ਇਸ ਸਾਲ ਬੀਜਿਆ ਗਿਆ ਹੈ। ਮੁੱਖ ਖੇਤੀਬਾੜੀ ਅਫ਼ਸਰ ਜਲੰਧਰ ਡਾ.ਸੁਰਿੰਦਰ ਸਿੰਘ ਨੇ ਜ਼ਿਲ੍ਹੇ ਅਧੀਨ ਸਮੂਹ ਖੇਤੀਬਾੜੀ ਅਧਿਕਾਰੀਆਂ ਨੂੰ ਮੀਟਿੰਗ ਦੌਰਾਨ ਹਦਾਇਤਾਂ ਕਰਦੇ ਹੋਏ ਕਿਹਾ ਕਿ ਕਿਸਾਨਾਂ ਨੂੰ ਮਿਆਰੀ ਖਾਦਾਂ ਅਤੇ ਦਵਾਈਆਂ ਪਹੁੰਚਾਉਣ ਲਈ ਕਾਨੂੰਨ ਅਨੁਸਾਰ ਉਪਰਾਲੇ ਕਰਨੇ ਯਕੀਨੀ ਬਣਾਏ ਜਾਣ। ਕਿਸਾਨਾਂ ਨੂੰ ਯੂਰੀਆ ਖਾਦ ਵਾਜਿਬ ਰੇਟ ’ਤੇ ਮੁੱਹਇਆ ਕਰਵਾਉਣ ਦੇ ਨਾਲ-ਨਾਲ ਖਾਦ ਡੀਲਰਾਂ ਵੱਲੋਂ ਕਿਸੇ ਹੋਰ ਖਾਦ ਜਾਂ ਦਵਾਈ ਆਦਿ ਦੀ ਯੂਰੀਆ ਖਾਦ ਦੇ ਨਾਲ ਜਬਰੀ ਵਿਕਰੀ ਨਾ ਹੋਣ ਦਿੱਤੀ ਜਾਵੇ। 

ਉਨ੍ਹਾਂ ਨੇ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਿਸ਼ਾ ਅਨੁਸਾਰ ਕਿਸਾਨਾਂ ਨੂੰ ਖਾਦਾਂ ਦੀ ਸੁੱਚਜੀ ਕਰਨ ਅਤੇ ਫ਼ਸਲ ਦੀ ਬਿਜਾਈ ਦੇ 55 ਦਿਨਾਂ ਤੋਂ ਪਹਿਲਾਂ ਪਹਿਲਾਂ ਕਣਕ ਨੂੰ ਯੂਰੀਆ ਖਾਦ ਦੀ ਪੂਰੀ ਸਿਫਾਰਿਸ਼ ਕੀਤੀ ਮਿਕਦਾਰ ਪਾ ਦੇਣੀ ਚਾਹੀਦੀ ਹੈ। ਇਸ ਤੋਂ ਬਾਅਦ ਕਣਕ ਦੀ ਫ਼ਸਲ ’ਤੇ ਯੂਰੀਆਂ ਖਾਦ ਪਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਮੀਟਿੰਗ ਵਿੱਚ ਖੇਤੀ ਅਧਿਕਾਰੀਆਂ ਨੂੰ ਜੋਰ ਦੇ ਕਿ ਕਿਹਾ ਕਿ ਕੈਂਪਾਂ ਦੌਰਾਨ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇ ਕਿ 55 ਦਿਨਾਂ ਤੋਂ ਬਾਅਦ ਵਰਤੋਂ ਕੀਤੀ ਜਾਂਦੀ ਯੂਰੀਆਂ ਖਾਦ ਫ਼ਸਲ ਲਈ ਬੇਲੌੜੀ ਹੈ। ਇਸ ਤਰਾਂ ਨਾਲ ਜਿਥੇ ਖੇਤੀ ਖ਼ਰਚੇ ਵੱਧ ਸਕਦੇ ਹਨ, ਉਥੇ ਫ਼ਸਲ ’ਤੇ ਕੀੜੇ ਅਤੇ ਬੀਮਾਰੀਆਂ ਦਾ ਹਮਲਾ ਵੀ ਵੱਧ ਜਾਂਦਾ ਹੈ।

ਡਾ.ਸੁਰਿੰਦਰ ਸਿੰਘ ਨੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਇਸ ਗੱਲ ’ਤੇ ਜੋਰ ਦਿੱਤਾ ਕਿ ਮੌਜੂਦਾ ਕਣਕ ਦੀ ਫ਼ਸਲ ’ਤੇ ਨਦੀਨਾਸ਼ਕਾਂ ਫੰਫੂਦੀਨਾਸ਼ਕਾਂ ਅਤੇ ਕੀਟਨਾਸ਼ਕ ਦਵਾਈਆਂ ਦਾ ਇਸਤੇਮਾਲ ਕਿਸਾਨਾਂ ਵੱਲੋਂ ਕੀਤਾ ਜਾਣਾ ਹੈ। ਇਸ ਸੰਦਰਭ ਵਿੱਚ ਸਮੁੱਚੇ ਜ਼ਿਲ੍ਹੇ ਵਿੱਚ ਪੂਰੀ ਚੌਕਸੀ ਰੱਖਦੇ ਹੋਏ ਜਿੱਥੇ ਐਕਟ ਅਨੁਸਾਰ ਢੁੱਕਵੀਂ ਕਾਰਵਾਈ ਕੀਤੀ ਜਾਵੇ, ਉੱਥੇ ਕਿਸਾਨਾਂ ਨੂੰ ਇਨ੍ਹਾਂ ਵਸਤਾਂ ਦੀ ਸ਼ਿਫਾਰਿਸ਼ਾਂ ਅਨੁਸਾਰ ਵਰਤੋਂ ਕਰਨ ਦੇ ਨਾਲ ਇਨ੍ਹਾਂ ਦੀ ਖਰੀਦ ਬਕਾਇਦਾ ਬਿੱਲ ਰਾਹੀਂ ਕਰਨ ਲਈ ਕਿਹਾ ਜਾਵੇ। ਡਾ.ਸਿੰਘ ਨੇ ਕਰਾਪ ਡਾਇਵਰਸੀਫਿਕੇਸ਼ਨ ਪ੍ਰੋਗਰਾਮ, ਕਰਾਪ ਰੈਜੀਡਿਊ ਮੈਨਜਮੈਂਟ ਸਕੀਮ ਦਾ ਜਾਇਜ਼ਾ ਲੈਂਦੇ ਹੋਏ ਹਦਾਇਤ ਕੀਤੀ ਕਿ ਇਨ੍ਹਾਂ ਸਕੀਮਾਂ ਅਧੀਨ ਮਿਥੇ ਟੀਚੇ ਪੂਰੇ ਕੀਤੇ ਜਾਣ। 

ਮੀਟਿੰਗ ਵਿੱਚ ਇਹ ਸਪੱਸ਼ਟ ਤੌਰ ’ਤੇ ਹਦਾਇਤ ਕੀਤੀ ਗਈ ਕਿ ਕਣਕ ਦਾ ਬੀਜ ਅਤੇ ਬੀਜ ਸਬਸਿਡੀ ਲਈ ਸੈਂਕਸ਼ਨ ਪ੍ਰਾਪਤ ਕਰ ਚੁੱਕੇ ਕਿਸਾਨਾਂ ਨੂੰ ਸਬਸਿਡੀ ਰੀਲੀਜ਼ ਕਰਨ ਵਾਸਤੇ ਬਿੱਲ ਸਮੇਤ ਟੈਗ ਨਿਰਧਾਰਿਤ ਵੈਬਸਾਇਟ ਤੇ ਅਪਲੋਡ ਕਰਵਾਏ ਜਾਣ। ਖੇਤੀ ਮਸ਼ੀਨਰੀ ਦੀ ਕੀਤੀ ਗਈ ਵੈਰੀਫਿਕੇਸ਼ਨ ਅਨੁਸਾਰ ਖ੍ਰੀਦ ਬਿੱਲਾਂ ਦੀ ਅਪਲੋਡਿੰਗ ਯਕੀਨੀ ਬਣਾਈ ਜਾਵੇ ਤਾਂ ਜੋ ਕਿਸਾਨਾਂ ਨੂੰ ਸਬਸਿਡੀ ਦੀ ਰਾਸ਼ੀ ਸਰਕਾਰੀ ਨਿਯਮਾਂ ਅਨੁਸਾਰ ਰੀਲੀਜ਼ ਹੋ ਸਕੇ। ਮੀਟਿੰਗ ਵਿੱਚ ਜ਼ਿਲ੍ਹਾ ਕਿਸਾਨ ਸਿਖਲਾਈ ਅਫ਼ਸਰ ਡਾ.ਸਤਨਾਮ ਸਿੰਘ ਨੇ ਜ਼ਿਲ੍ਹੇ ਵਿੱਚ ਟ੍ਰੈਨਿੰਗ ਵਿੰਗ ਅਧੀਨ ਲਗਾਏ ਜਾ ਰਹੇ ਕੈਂਪਾਂ ਦਾ ਵੇਰਵਾ ਦਿੱਤਾ। ਭਵਿੱਖ ਵਿੱਚ ਲਗਾਏ ਜਾਣ ਵਾਲੇ ਕੈਂਪਾਂ ਦੀ ਰੂਪ ਰੇਖਾ ਵੀ ਬਣਾਈ। 

ਵੱਖ-ਵੱਖ ਖੇਤੀਬਾੜੀ ਅਫਸਰ ਡਾ.ਅਰੁਣ ਕੋਹਲੀ ਏ.ਓ. ਜਲੰਧਰ ਪੱਛਮੀ, ਡਾ.ਜਸਵਿੰਦਰ ਸਿੰਘ ਏ.ਓ. ਹੈਡ ਕੁ, ਡਾ.ਗੁਰਪ੍ਰੀਤ ਸਿੰਘ ਏ. ਐੱਮ.ਓ, ਡਾ. ਰਮਨ ਕੁਮਾਰ ਏ.ਓ. ਸ਼ਾਹਕੋਟ, ਡਾ. ਭੁਪਿੰਦਰ ਸਿੰਘ ਏ.ਓ. ਨਕੋਦਰ, ਡਾ. ਪ੍ਰਵੀਨ ਕੁਮਾਰੀ ਏ.ਓ. ਭੋਗਪੁਰ, ਡਾ. ਬਲਕਾਰ ਚੰਦ ਏ.ਓ. ਜਲੰਧਰ ਪੂਰਬੀ, ਡਾ ਹਰਪ੍ਰੀਤ ਸਿੰਘ ਏ.ਓ. ਲੋਹੀਆਂ ਖਾਸ, ਡਾ. ਗੁਰਮੀਤ ਸਿੰਘ ਰਿਆੜ ਏ. ਓ. ਫਿਲੌਰ ਵੱਲੋਂ ਆਪਣੇ-ਆਪਣੇ ਬਲਾਕਾਂ ਦੀ ਪ੍ਰਗਤੀ ਪੇਸ਼ ਕੀਤੀ ਗਈ। ਡਾ. ਗੁਰਿੰਦਰਜੀਤ ਸਿੰਘ ਸਹਾਇਕ ਗੰਨਾ ਵਿਕਾਸ ਅਫ਼ਸਰ ਜਲੰਧਰ ਨੇ ਜਾਣਕਾਰੀ ਦਿੱਤੀ ਕਿ ਜ਼ਿਲ੍ਹੇ ਅਧੀਨ ਚੱਲ ਰਹੇ ਗੁੜ ਬਣਾਉਣ ਵਾਲੇ ਯੂਨਿਟਾਂ ਨੂੰ ਸਫਾਈ ਦੇ ਮਾਪਦੰਡਾਂ ਨੂੰ ਅਪਣਾਉਂਦੇ ਹੋਏ ਗੁੜ ਤਿਆਰ ਕਰਨ ਲਈ ਕਿਹਾ ਜਾ ਰਿਹਾ ਹੈ। 

ਇਸ ਤੋਂ ਇਲਾਵਾ ਇੰਜ:ਨਵਦੀਪ ਸਿੰਘ ਸਹਾਇਕ ਖੇਤੀਬਾੜੀ ਇੰਜ ਜਲੰਧਰ, ਡਾ.ਮਿਨਾਕਸ਼ੀ ਕੌਸ਼ਲ, ਡਾ.ਮਨਦੀਪ ਸਿੰਘ, ਡਾ.ਅਮਰੀਕ ਸਿੰਘ, ਡਾ ਕੰਚਨ ਯਾਦਵ ਖੇਤੀਬਾੜੀ ਵਿਕਾਸ ਅਫ਼ਸਰਾਂ ਵੱਲੋਂ ਜਿੱਥੇ ਵੱਖ-ਵੱਖ ਸਕੀਮਾਂ ਦੀ ਪ੍ਰਗਤੀ ਰਿਪੋਰਟ ਬਾਰੇ ਦੱਸਿਆ ਗਿਆ, ਉੱਥੇ ਪਰਾਲੀ ਲਈ ਡੀ-ਕੰਮਪੋਜਰ ਦੇ ਪ੍ਰਦਰਸ਼ਨੀ ਪਲਾਟ ਅਤੇ ਸੁਪਰਸੀਡਰ, ਹੈਪੀਸੀਡਰ ਰਾਹੀਂ ਕਣਕ ਦੀ ਬਿਜਾਈ ਦੀ ਪ੍ਰਗਤੀ ਬਾਰੇ ਮੀਟਿੰਗ ਵਿੱਚ ਜਾਣਕਾਰੀ ਦਿੱਤੀ। ਮੀਟਿੰਗ ਵਿੱਚ ਅੰਕੜਾਂ ਸ਼ੈਕਸਨ ਤੋਂ ਮੈਡਮ ਅੰਜੂ ਬਾਲਾ ਅਤੇ ਆਤਮਾ ਸਕੀਮ ਦੇ ਡਿਪਟੀ.ਪੀ.ਡੀ (ਆਤਮਾ) ਮੈਡਮ ਰਮਨਦੀਪ ਕੌਰ ਨੇ ਆਪਣੀ ਸਕੀਮ ਦੀ ਪ੍ਰਗਤੀ ਰਿਪੋਰਟ ਮੀਟਿੰਗ ਵਿੱਚ ਪੇਸ਼ ਕੀਤੀ। ਵੱਖ-ਵੱਖ ਬਲਾਕਾਂ ਤੋਂ ਆਏ ਖੇਤੀ ਮਾਹਿਰ ਡਾ.ਲਖਬੀਰ ਸਿੰਘ, ਡਾ.ਜਸਬੀਰ ਸਿੰਘ, ਡਾ.ਰਮਨਦੀਪ, ਸ਼੍ਰੀ ਗੁਰਭਗਤ ਸਿੰਘ ਸ਼੍ਰੀ ਸੁਖਜਿੰਦਰ ਸਿੰਘ ਅਤੇ ਸ਼੍ਰੀ ਮਹਿੰਦਰ ਸਿੰਘ ਤੋਂ ਇਲਾਵਾ ਹੋਰ ਖੇਤੀ ਅਧਿਕਾਰੀ ਮੀਟਿੰਗ ਵਿੱਚ ਹਾਜ਼ਰ ਸਨ।

ਡਾ. ਨਰੇਸ਼ ਕੁਮਾਰ ਗੁਲਾਟੀ 
ਖੇਤੀਬਾੜੀ ਅਫ਼ਸਰ ਕਮ ਸੰਪਰਕ ਅਫ਼ਸਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਜਲੰਧਰ।


rajwinder kaur

Content Editor

Related News