PAU ’ਚ ਤੁਪਕਾ ਸਿੰਚਾਈ ਤੇ ਖਾਦ ਸਿੰਚਾਈ ਪ੍ਰਬੰਧਨ ਬਾਰੇ ਆਨਲਾਈਨ ਰਾਸ਼ਟਰੀ ਸਿਖਲਾਈ ਪ੍ਰੋਗਰਾਮ ਜਾਰੀ

Thursday, Jun 25, 2020 - 10:46 AM (IST)

PAU ’ਚ ਤੁਪਕਾ ਸਿੰਚਾਈ ਤੇ ਖਾਦ ਸਿੰਚਾਈ ਪ੍ਰਬੰਧਨ ਬਾਰੇ ਆਨਲਾਈਨ ਰਾਸ਼ਟਰੀ ਸਿਖਲਾਈ ਪ੍ਰੋਗਰਾਮ ਜਾਰੀ

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਭੂਮੀ ਅਤੇ ਪਾਣੀ ਇੰਜਨੀਅਰਿੰਗ ਵਿਭਾਗ ਅਤੇ ਭੂਮੀ ਵਿਗਿਆਨ ਵਿਭਾਗ ਵੱਲੋਂ 'ਤੁਪਕਾ ਸਿੰਚਾਈ ਅਤੇ ਖਾਦ ਸਿੰਚਾਈ ਪ੍ਰਬੰਧਨ' ਬਾਰੇ ਆਨਲਾਈਨ ਰਾਸ਼ਟਰੀ ਸਿਖਲਾਈ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਭੂਮੀ ਵਿਗਿਆਨ ਵਿਭਾਗ ਦੇ ਮੁਖੀ ਡਾ. ਓ ਪੀ ਚੌਧਰੀ ਨੇ ਦੱਸਿਆ ਕਿ ਇਹ ਸਿਖਲਾਈ ਪ੍ਰੋਗਰਾਮ ਵਿਸ਼ਵ ਬੈਂਕ ਦੀ ਸਹਾਇਤਾ ਨਾਲ ਆਈ. ਸੀ.ਏ. ਆਰ. ਐੱਨ.ਏ.ਐੱਚ. ਈ. ਪੀ. ਪ੍ਰੋਗਰਾਮ ਅਧੀਨ ਵਿਕਸਿਤ ਖੇਤੀ ਵਿਗਿਆਨ ਅਤੇ ਤਕਨਾਲੋਜੀ ਕੇਂਦਰ (ਕਾਸਟ) ਵੱਲੋਂ ਕੁਦਰਤੀ ਸਰੋਤ ਪ੍ਰਬੰਧਨ ਨਾਲ ਮਿਲ ਕੇ ਕਰਵਾਇਆ ਜਾ ਰਿਹਾ ਹੈ ।

ਉਨ੍ਹਾਂ ਇਹ ਵੀ ਦੱਸਿਆ ਕਿ ਕਾਸਟ-ਕੁਦਰਤੀ ਸਰੋਤ ਪ੍ਰਬੰਧਨ ਸਕੂਲ ਦਾ ਉਦੇਸ਼ ਪੀ.ਏ.ਯੂ. ਦੇ ਵਿਦਿਆਰਥੀਆਂ ਅਤੇ ਅਮਲੇ ਵਿੱਚ ਨਵੀਆਂ ਸਿੰਚਾਈ ਤਕਨਾਲੋਜੀਆਂ ਬਾਰੇ ਗਿਆਨ ਅਤੇ ਸਮਰੱਥਾ ਦਾ ਵਿਕਾਸ ਕਰਨਾ ਹੈ। ਇਸ ਸੰਬੰਧ ਵਿੱਚ ਤੁਪਕਾ ਸਿੰਚਾਈ ਕੁਦਰਤੀ ਸਰੋਤਾਂ ਦੀ ਸੰਭਾਲ ਕਰਨ ਵਾਲੀ ਤਕਨਾਲੋਜੀ ਹੈ ਅਤੇ ਇਸ ਆਨਲਾਈਨ ਰਾਸ਼ਟਰੀ ਸਿਖਲਾਈ ਪ੍ਰੋਗਰਾਮ ਵਿੱਚ ਤੁਪਕਾ ਸਿੰਚਾਈ ਅਤੇ ਖਾਦ ਸਿੰਚਾਈ ਦੇ ਵੱਖ-ਵੱਖ ਪਹਿਲੂਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾ ਰਹੀ ਹੈ । ਇਹ ਸਿਖਲਾਈ ਪ੍ਰੋਗਰਾਮ 23 ਜੂਨ ਨੂੰ ਸਮਾਪਤ ਹੋਵੇਗਾ ।

ਇਸ ਪ੍ਰੋਗਰਾਮ ਦੀ ਰੂਪਰੇਖਾ ਬਾਰੇ ਡਾ. ਚੌਧਰੀ ਨੇ ਇਹ ਵੀ ਦੱਸਿਆ ਕਿ ਇਸ ਵਿੱਚ ਭਾਗ ਲੈਣ ਲਈ ਪੂਰੇ ਦੇਸ਼ ਵਿੱਚੋਂ 850 ਬਿਨੈਕਾਰਾਂ ਨੇ ਅਰਜ਼ੀਆਂ ਭੇਜੀਆਂ ਸਨ, ਜਿਨ੍ਹਾਂ ਵਿੱਚੋਂ 300 ਬਿਨੈਕਾਰਾਂ ਦੀ ਚੋਣ ਕੀਤੀ ਗਈ ਹੈ। ਇਨ੍ਹਾਂ ਵਿੱਚ ਵੱਖ-ਵੱਖ ਸੰਸਥਾਵਾਂ ਦੇ ਅਧਿਆਪਕ, ਖੋਜ ਵਿਗਿਆਨੀ, ਕੇ.ਵੀ.ਕੇ. ਵਿਗਿਆਨੀ, ਉਦਯੋਗ ਅਤੇ ਸਰਕਾਰੀ ਸੰਸਥਾਵਾਂ ਦੇ ਮਾਹਿਰ, ਅਗਾਂਹਵਧੂ ਕਿਸਾਨ ਅਤੇ ਵਿਦਿਆਰਥੀ ਸ਼ਾਮਿਲ ਹਨ। ਇਸ ਸਿਖਲਾਈ ਪ੍ਰੋਗਰਾਮ ਵਿੱਚ ਮਾਹਿਰ ਭਾਸ਼ਣ ਕਰਤਾਵਾਂ ਵਿੱਚ ਬੀਸਾ ਲੁਧਿਆਣਾ, ਜੈਨ ਇਰੀਗੇਸ਼ਨ ਸਿਸਟਮ ਲਿਮਿਟਡ ਜਲਗਾਓ ਅਤੇ ਪੀ.ਏ.ਯੂ. ਦੇ ਮਾਹਰ ਸ਼ਾਮਲ ਹਨ। ਸਿਖਿਆਰਥੀਆਂ ਨੂੰ ਜ਼ੂਮ ਐਪ ਉੱਪਰ ਹਰ ਰੋਜ਼ ਸਵੇਰੇ 11 ਤੋਂ 12 ਅਤੇ ਸ਼ਾਮ 4 ਤੋਂ 5 ਵਜੇ ਤੱਕ ਦੋ ਲੈਕਚਰ ਦਿੱਤੇ ਹਨ। ਇਸ ਸਿਖਲਾਈ ਪ੍ਰੋਗਰਾਮ ਦਾ ਉਦੇਸ਼ ਤੁਪਕਾ ਸਿੰਚਾਈ, ਖਾਦ ਸਿੰਚਾਈ ਵਿਸ਼ੇਸ਼ ਫ਼ਸਲਾਂ ਲਈ ਵਿਸ਼ੇਸ਼ ਤੁਪਕਾ ਸਿੰਚਾਈ ਤਕਨਾਲੋਜੀ ਅਤੇ ਸੂਖਮ ਸਿੰਚਾਈ ਪ੍ਰਬੰਧਾਂ ਬਾਰੇ ਨਵੀਨ ਅਤੇ ਵਿਕਸਿਤ ਤਕਨੀਕਾਂ ਤੋਂ ਸਿਖਿਆਰਥੀਆਂ ਨੂੰ ਜਾਣੂੰ ਕਰਵਾਉਣਾ ਹੈ।

ਮੁੱਢਲੇ ਸੈਸ਼ਨ ਵਿੱਚ ਆਈ. ਸੀ. ਏ. ਆਰ-ਕਾਸਟ ਦੇ ਰਾਸ਼ਟਰੀ ਸੰਯੋਜਕ ਡਾ. ਪ੍ਰਭਾਤ ਕੁਮਾਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਨ੍ਹਾਂ ਨੇ ਤੁਪਕਾ ਸਿੰਚਾਈ ਨੂੰ ਕੁਦਰਤੀ ਸਰੋਤਾਂ ਦੀ ਸੰਭਾਲ ਕਰਨ ਵਾਲੀ ਬਿਹਤਰੀਨ ਤਕਨੀਕ ਕਿਹਾ। ਪ੍ਰੋਜੈਕਟ ਦੇ ਮੁੱਖ ਨਿਗਰਾਨ ਡਾ. ਓ ਪੀ ਚੌਧਰੀ ਨੇ ਪ੍ਰੋਜੈਕਟ ਦੇ ਕੰਮਾਂ ਉੱਪਰ ਚਾਨਣਾ ਪਾਇਆ। ਸਹਿ ਮੁੱਖ ਨਿਗਰਾਨ ਡਾ. ਕੇ ਜੀ ਸਿੰਘ ਨੇ ਪੀ.ਏ.ਯੂ. ਵੱਲੋਂ ਸੂਖਮ ਸਿੰਚਾਈ ਲਈ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦੀ ਜਾਣਕਾਰੀ ਦਿੱਤੀ । ਸਿਖਲਾਈ ਦੇ ਕੁਆਰਡੀਨੇਟਰ ਡਾ. ਰਾਕੇਸ਼ ਸ਼ਾਰਦਾ ਨੇ ਧੰਨਵਾਦੀ ਸ਼ਬਦ ਕਹਿੰਦਿਆਂ ਕੁਦਰਤੀ ਸਰੋਤਾਂ ਦੀ ਸੰਭਾਲ ਲਈ ਨਵੀਆਂ ਸਿੰਚਾਈ ਤਕਨੀਕਾਂ ਦੀ ਲੋੜ ਉੱਪਰ ਜ਼ੋਰ ਦਿੱਤਾ।


author

rajwinder kaur

Content Editor

Related News