ਪਿਆਜ਼ ਘੋਟਾਲੇ ਦੇ ਬਾਰੇ ''ਚ ਝੂਠੇ ਬਿਆਨ ਦੇਣ ਵਾਲੇ ਮੁਲਾਜ਼ਮਾਂ ਵਿਰੁੱਧ ਕਾਰਵਾਈ ਦੀ ਸਿਫਾਰਿਸ਼

12/17/2016 3:26:58 PM

ਅਬੋਹਰ (ਸੁਨੀਲ)—ਪੰਜਾਬ ਐਗਰੋ ਜੂਸ ਲਿਮਿਟਡ ਵਿੱਚ ਸਾਲ 2014-15 ਦੌਰਾਨ ਹੋਏ ਕਥਿਤ ਪਿਆਜ਼ ਘੋਟਾਲੇ ਦੇ ਬਾਰੇ ਵਿੱਚ 2 ਅਫਸਰਾਂ ਵੱਲੋਂ ਝੂਠੇ ਬਿਆਨ ਦਿੱਤੇ ਜਾਣ ਤੇ ਉਪਮੰਡਲ ਅਧਿਕਾਰੀ ਨੇ ਪੁਲਸ ਕਪਤਾਨ ਤੋਂ ਇਨਾਂ ਵਿਰੁੱਧ ਕਾਰਵਾਈ ਦੀ ਸਿਫਾਰਿਸ਼ ਕੀਤੀ ਹੈ।

ਪੰਜਾਬ ਐਗਰੋ ਦੇ ਸਾਬਕਾ ਮੁਲਾਜ਼ਮ ਜਗਦੀਸ਼ ਕੁਮਾਰ ਵੱਲੋ ਦਿੱਤੀ ਗਈ ਸ਼ਿਕਾਇਤ ਦੇ ਤੱਥਾਂ ਤੇ ਆਧਾਰਿਤ ਜਾਂਚ ਦੇ ਹਵਾਲੇ ਤੋਂ ਉਪਮੰਡਲ ਅਧਿਕਾਰੀ ਨੇ ਪੁਲਸ ਕਪਤਾਨ ਨੂੰ ਭੇਜੇ ਪੱਤਰ ਵਿੱਚ ਲਿਖਿਆ ਹੈ ਕਿ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਵਿੱਚ ਕੰਮ ਕਰਦੇ ਲਾਲ ਚੰਦ ਅਤੇ ਪੰਜਾਬ ਐਗਰੋ ਜੂਸ ਲਿਮਿਟਡ ਆਲਮਗੜ੍ਹ ਦੇ ਸਾਬਕਾ ਚੀਫ ਐਗਜੀਕਯੂਟਿਵ ਅਫਸਰ ਸੁਭਾਸ਼ ਰੈਣਾ ਨੇ ਪੁਲਸ ਅਫਸਰਾਂ ਅਤੇ ਫੂਡ ਸਪਲਾਈ ਵਿਭਾਗ ਦੇ ਇੰਸਪੈਕਟਰ ਵੱਲੋਂ ਕੀਤੀ ਗਈ ਜਾਂਚ ਦੌਰਾਨ ਆਪਣਂ ਸਥਾਨਕ ਨਿਯੁਕਤੀ ਤੇ ਮੈਗਾ ਫੂਡ ਪਾਰਕ ਡਬਵਾਲੀ ਕਲਾਂ ਵਿੱਚ ਨਵੀ ਨਿਯੁਕਤੀ ਤੇ ਜਾਣ ਦੇ ਬਾਰੇ ਵਿੱਚ ਸਰਾਸਰ ਝੂਠੇ ਬਿਆਨ ਦਿੱਤੇ ਇਸਲਈ ਪਿਆਜ ਘੋਟਾਲੇ ਵਿੱਚ ਇਨਾਂ ਦੇ ਸ਼ਾਮਲ ਹੋਣ ਦੇ ਸੰਕੇਤ ਮਿਲਣ ਦੇ ਮੱਦੇਨਜਰ ਇਨਾਂ ਵਿਰੁੱਧ ਉਚਿਤ ਕਾਰਵਾਈ ਕੀਤੀ ਜਾਵੇ। ਪੁਲਸ ਕਪਤਾਨ ਨੇ ਸਿਟੀ ਟੂ ਨੂੰ ਇਸ ਮਾਮਲੇ ਦੀ ਜਾਂਚ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ।

ਜ਼ਿਕਰਯੋਗ ਹੈ ਕਿ ਜਗਦੀਸ਼ ਕੁਮਾਰ ਨੇ ਆਪਣੀ ਸ਼ਿਕਾਇਤ ਵਿੱਚ ਲਿਖਿਆ ਸੀ ਕਿ ਐਗਰੋ ਜੂਸ ਨੇ 2014-15 ਵਿੱਚ 2 ਕਰੋੜ 97 ਲੱਖ 51504 ਰੁਪਏ ਕੀਮਤ ਦੇ ਪਿਆਜ 12 ਰੁਪਏ ਪ੍ਰਤੀ ਕਿਲੋ ਦੇ ਭਾਅ ਨਾਲ ਖਰੀਦੇ ਅਤੇ ਇਸਦੀ ਵਿਕਰੀ  ਵਿੱਚ ਕਥਿਤ ਰੂਪ ਤੋਂ ਭਾਰੀ ਹੇਰਾ ਫੇਰੀ ਹੋਈ। ਸੂਚਨਾ ਦੇ ਅਧਿਕਾਰ ਹੇਠ ਸ਼ਿਕਾਇਤ ਕਰਤਾ ਨੂੰ ਪ੍ਰਾਪਤ ਜਾਣਕਾਰੀ ਵਿੱਚ ਕਿਹਾ ਗਿਆ ਕਿ ਸਾਲ 2014-15 ਦੌਰਾਨ ਐਗਰੋ ਜੂਸ ਨੇ 12 ਰੁਪਏ ਦੇ ਭਾਅ ਪਿੰਪਲ ਪਿੰਡ ਨਾਸਿਕ ਤੋਂ ਖੁੱਲੀ ਬੋਲੀ ਰਾਹੀ 1680 ਮਿਟ੍ਰਿਕ ਟਨ ਪਿਆਜ ਖਰੀਦੀਆ ਜਿਹੜਾ 12 ਰੁਪਏ ਤੋਂ 34 ਰੁਪਏ 50 ਪੈਸੇ ਦੇ ਭਾਅ ਨਾਲ ਵੇਚਿਆ ਗਿਆ। ਇਹ ਖਰੀਦ ਕੇਂਦਰ ਅਤੇ ਸੂਬਾ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਕੀਤੀ ਗਈ ਸੀ। ਖਰੀਦਿਆ ਗਿਆ ਪਿਆਜ ਕਿੰਨੂ ਸੈਂਟਰ ਕੰਗਮਈ, ਛਾਓਣੀ ਕਲਾਂ, ਟਾਹਲੀ ਵਾਲਾ ਜਟਾਂ, ਬੱਲੂਆਣਾ ਅਤੇ ਪੰਜਾਬ ਐਗਰੋ ਜੂਸ ਲਿਮਿਟਡ ਆਲਮਗੜ੍ਹ ਦੇ ਇਲਾਵਾ ਪੈਗਰੋ ਫੂਡਜ਼ ਲਿਮਿਟਡ ਸਰਹਿੰਦ ਵਿੱਚ ਸਟੋਰ ਕੀਤਾ ਗਿਆ। ਪੈਗਰੋ ਫੂਡਜ਼ ਨੂੰ ਇਸਦੇ ਏਵਜ ਵਿੱਚ ਸਵਾ 9 ਲੱਖ ਰੁਪਏ ਕਿਰਾਏ ਦੇ ਰੂਪ ਵਿੱਚ ਅਦਾ ਕੀਤੇ ਗਏ। ਪੰਜਾਬ ਐਗਰੋ ਨੇ ਸੂਚਨਾ ਦੇ ਅਧਿਕਾਰ ਹੇਠ ਇਹ ਤਾਂ ਕਿਹਾ ਕਿ ਵਿਕਰੀ ਦੀ ਰਾਸ਼ੀ ਓਰੀਅੰਟਲ  ਬੈਂਕ ਆਫ ਕਾਮਰਸ ਵਿੱਚ ਜਮਾਂ ਕਰਵਾਈ ਗਈ ਪਰ ਰਾਸ਼ੀ ਕਿੰਨੀ ਸੀ ਇਸਦੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ।


Related News