ਨਾਨਕ ਨਾਮਲੇਵਾ ਕੀ ਕਰੇ?

09/24/2019 9:54:58 AM

ਨਾਨਕ ਨਾਮਲੇਵਾ ਕੀ ਕਰੇ?

ਨਾਨਕ ਨਾਮਲੇਵਾ ਬਾਣੀ ਦੀ ਰੌਸ਼ਨੀ ’ਚ ਅੱਖਾਂ ਖੋਲ੍ਹ ਕੇ ਤੁਰੇ ਅਤੇ ਅੱਖਾਂ ਮੁੰਦ ਕੇ ਤੋਰਨ ਵਾਲੀਆਂ ਧਰਮ ਦੇ ਨਾਮ ’ਤੇ ਦਿੱਤੀਆਂ ਜਾ ਰਹੀਆਂ ਸਹੂਲਤਾਂ ਅਪਣਾਉਣ ਤੋਂ ਪਹਿਲਾਂ ਇਹ ਸਮਝਣ ਦੀ ਕੋਸ਼ਿਸ਼ ਕਰੇ ਕਿ ਧਰਮ ਨੂੰ ਦੁਕਾਨਦਾਰੀ ਵਾਂਗ ਵਰਤਣ ਵਾਲੇ ਲੋਕ ਹਰ ਧਰਮ ਨਾਲ ਅੰਦਰੋਂ ਅਤੇ ਬਾਹਰੋਂ ਜੁੜ ਜਾਂਦੇ ਹਨ। ਇਨ੍ਹਾਂ ਨੂੰ ਕੋਮਲ ਆਸਥਾ ਦੀ ਹੀ ਲੋੜ ਹੁੰਦੀ ਹੈ। ਇਸ ਪੱਖੋਂ ਸਿੱਖ ਧਰਮ ਨੂੰ ਮੁਕਤ ਨਹੀਂ ਮੰਨਣਾ ਚਾਹੀਦਾ। ਰੱਬ ਦੇ ਬੰਦਿਆਂ ਵਿਚ ਸੋਝੀ, ਗਿਆਨ ਅਤੇ ਸਿਆਣਪ ਨੂੰ ਲੈ ਕੇ ਫਰਕ ਹੋ ਸਕਦੇ ਹਨ ਕਿਉਂਕਿ ਇਨ੍ਹਾਂ ਤਿੰਨਾਂ ਦਾ ਸਬੰਧ ਮਿਲੇ ਹੋਏ ਮੌਕਿਆਂ ਅਤੇ ਕੀਤੇ ਜਾ ਰਹੇ ਕਰਮਾਂ ਨਾਲ ਵੀ ਹੁੰਦਾ ਹੈ। ਬੰਦਿਆਂ ਵਿਚਕਾਰ ਪੈਦਾਇਸ਼ੀ ਸਾਂਝ ਤਾਂ ਇਹੀ ਹੈ ਕਿ ਸਾਰਿਆਂ ਵਿਚ ਇਕੋ ਪਰਮਾਤਮਾ ਦੀ ਜੋਤਿ ਹੈ। ਇਸ ਨੂੰ ਸੁਰਤ ਰਾਹੀਂ ਇਸ ਤਰ੍ਹਾਂ ਦੱਸਿਆ ਹੋਇਆ ਹੈ :

ਏਕਾ ਸੁਰਤਿ ਜੇਤੇ ਹੈ ਜੀਆ ਸੁਰਤਿ ਵਿਹੂਣ ਕੋਇ ਨ ਕੀਆ।।੨੪-੨੫।।

ਇਸ ਮੂਲ ਸੱਚ ਨਾਲ ਜੋ ਕੁਝ ਵੀ ਜੁੜਿਆ ਹੋਇਆ ਹੈ, ਉਸੇ ਨੂੰ ਅਮਲ ਦੇ ਸੁੱਚੇ ਵਰਤਾਰਿਆਂ ਵਿਚ ਪਰਿਵਰਤਿਤ ਕਰਨ ਨੂੰ ਬਾਬਾ ਨਾਨਕ ਨੇ ਧਰਮ ਕਿਹਾ ਹੋਇਆ ਹੈ। ਇਸੇ ਮੂਲ ਨੂੰ ਜੋਤਿ ਵੀ ਕਿਹਾ ਹੋਇਆ ਹੈ ਅਤੇ ਇਸੇ ਨੂੰ ਪ੍ਰਕਾਸ਼ ਰੂਪ ਵਿਚ ਵਿਵਹਾਰਿਕਤਾ ਬਣਾਏ ਜਾਣ ਦੀ ਲੋੜ ਹੈ। ਇਹੀ ਹੁਕਮ ਤੋਂ ਰਜਾਈ ਤੱਕ ਦਾ ਪੈਂਡਾ ਹੈ। ਇਸ ਦਾ ਅਰਥ ਇਹ ਹੈ ਕਿ ਜੋ ਕੁਝ ਬਿਨਾਂ ਮੰਗਿਆ ਮਿਲਿਆ ਹੋਇਆ ਹੈ, ਉਸ ਨਾਲ ਨਿਭਣ ਦੀ ਜੁਗਤਿ ਹੀ ਧਰਮ ਹੈ। ਇਹੀ ਕੁਦਰਤ ਅਤੇ ਦੁਨੀਆ ਵਿਚਕਾਰ ਤਾਲਮੇਲ ਵਾਂਗ ਪ੍ਰਗਟ ਹੋਣਾ ਚਾਹੀਦਾ ਹੈ। ਇਸ ਵਾਸਤੇ ਵੱਖ-ਵੱਖ ਧਰਮਾਂ ਨੇ ਵੱਖ-ਵੱਖ ਵਿਧੀਆਂ ਸਾਹਮਣੇ ਲਿਆਂਦੀਆਂ ਹੋਈਆਂ ਹਨ। ਇਨ੍ਹਾਂ ਵਿਧੀਆਂ ਤੇ ਸਭਿਆਚਾਰਕ ਸਥਾਨਕਤਾ ਦਾ ਪ੍ਰਭਾਵ ਵੀ ਪੈਂਦਾ ਰਹਿੰਦਾ ਹੈ। ਬਾਬਾ ਨਾਲ ਕਿਉਂਕਿ ਪ੍ਰਾਪਤ ਨੂੰ ਨਾਲ ਲੈ ਕੇ ਤੁਰਨ ਦੇ ਮੁਦਈ ਹਨ, ਇਸ ਕਰ ਕੇ ਪ੍ਰਾਪਤ ਮੁਹਾਵਰੇ ਨੂੰ ਨਵੇਂ ਅਰਥਾਂ ਵਿਚ ਵਰਤਦੇ ਹਨ। ਇਸ ਤਰ੍ਹਾਂ ਉਹ ਆਮ ਬੰਦੇ ਨੂੰ ਓਸੇ ਦੀ ਬੋਲੀ ਵਿਚ ਸਮਝਾਉਂਦੇ ਹਨ ਕਿ ਜਿਸ ਨੂੰ ਉਹ ਬਾਹਰ ਲੱਭਦਾ ਫਿਰਦਾ ਹੈ। ਇਹੀ ਜਦੋਂ ਉਹ ਹਿਰਨ ਦੀ ਕਸਤੂਰੀ ਦੀ ਮਿਸਾਲ ਲੈ ਕੇ ਸਮਝਾਉਂਦੇ ਹਨ ਤਾਂ ਜਗਿਆਸੂ ਨੂੰ ਗੂੜ੍ਹ ਵੀ ਸੌਖ ਵਾਂਗ ਸਮਝ ਆਉਣ ਲੱਗ ਪੈਂਦੀ ਹੈ। ਸੁਣਾਉਣ ਤੋਂ ਮਨਾਉਣ ਤੱਕ ਦਾ ਸਫਰ ਉਹ ਜਗਿਆਸੂ ਦੇ ਅੰਗ ਸੰਗ ਰਹਿ ਕੇ ਸਮਝਾਉਂਦੇ ਹਨ। ਇਸ ਨਾਲ ਉਹ ਧਾਰਮਿਕ ਰਹਿਤ ਨਾਲੋਂ ਧਾਰਮਿਕ ਸ੍ਰੋਤ ਅਰਥਾਤ ਬਾਣੀ ਨਾਲ ਜੁੜਨ ਦਾ ਬੀਜ ਜਗਿਆਸਾ ਵਿਚ ਬੀਜ ਦਿੰਦੇ ਹਨ ਅਤੇ ਇਸ ਬੀਜ ਨੂੰ ਪੁੰਗਰਨ ਤੇ ਪਲ੍ਹਰਨ ਵਾਸਤੇ ਲੋੜੀਂਦੇ ਵਾਤਾਵਰਣ ਨੂੰ ਗੁਰਮਤਿ ਵਜੋਂ ਸਬੰਧਤ ਜਗਿਆਸਾ ਵਿਚ ਟਿਕਾ ਦਿੰਦੇ ਹਨ। ਇਸ ਤਰ੍ਹਾਂ ਬਾਬਾ ਜੀ ਮਾਨਸਿਕਤਾ ਵਿਚ ਟਿਕਾਉਣ ਦੀ ਗੁਰਮਤਿ ਵਿਧੀ ਦਾ ਪ੍ਰਾਪਤ ਧਰਮਾਂ ਨਾਲੋਂ ਇਹ ਫਰਕ ਸਾਹਮਣੇ ਲਿਆ ਦਿੰਦੇ ਹਨ ਕਿ ਰਹਿਤਵਾਨ ਆਸਥਾ ਬਾਹਰੋਂ ਅੰਦਰ ਵੱਲ ਦੀ ਯਾਤਰਾ ਹੈ ਅਤੇ ਇਸ ਵਾਸਤੇ ਆਸਥਾ ਪ੍ਰਬੰਧਨ ਦੀ ਲੋੜ ਪੈਂਦੀ ਹੈ। ਆਸਥਾ ਪ੍ਰਬੰਧਨ ਸੰਸਥਾਈ ਧਰਮ ਨਾਲ ਸੰਤੁਸ਼ਟ ਹੋ ਜਾਂਦਾ ਹੈ ਅਤੇ ਭਾਈਚਾਰਕ ਪ੍ਰਾਪਤੀਆਂ ਵੱਲ ਤੁਰਿਆ ਰਹਿੰਦਾ ਹੈ। ਇਸ ਨੂੰ ਧਰਮ ਦੀ ਸਿਆਸਤ ਵਾਂਗ ਸੌਖਿਆਂ ਸਮਝਿਆ ਜਾ ਸਕਦਾ ਹੈ। ਬਾਹਰੋਂ ਅੰਦਰ ਵੱਲ ਦੀ ਯਾਤਰਾ ਵਿਚ ਨਿੱਜੀ ਇਕਾਂਤਕਤਾ ਪ੍ਰਧਾਨ ਹੋ ਜਾਂਦੀ ਹੈ। ਇਸੇ ਨਾਲ ਧਾਰਮਿਕ ਸ਼੍ਰੇਣੀ ਮੂਰਤੀ ਪੂਜਾ ਤੱਕ ਮਹਿਦੂਦ ਧਾਰਮਿਕਤਾ ਨਾਲ ਨਿਭਣਾ ਸ਼ੁਰੂ ਕਰ ਦਿੰਦੀ ਹੈ। ਇਹ ਮਨ ਵੱਲੋਂ ਭੱਜ ਕੇ ਆਤਮਾ ਦੀ ਸ਼ਰਨ ਵਿਚ ਚਲੇ ਜਾਣ ਵਾਂਗ ਹੈ। ਅਕਰਮਕਤਾ ਇਸ ਦਾ ਹਾਸਲ ਹੋ ਜਾਂਦੀ ਹੈ। ਇਸ ਨਾਲ ਗੁਰੂ ਨਾਨਕ ਸਹਿਮਤ ਨਹੀਂ ਸਨ ਅਤੇ ਇਸੇ ਨਾਲ ਜੁੜੀਆਂ ਹੋਈਆਂ ਹਨ ਉਨ੍ਹਾਂ ਦੀਆਂ ਲੰਬੀਆਂ ਬਾਣੀਆਂ ‘ਸਿਧ ਗੋਸ਼ਟਿ’ ਅਤੇ ‘ਓਅੰਕਾਰੁ’। ਇਸ ਤਰ੍ਹਾਂ ਸਥਾਪਤ ਹੋ ਰਹੀ ਗੁਰਮਤਿ ਦੀ ਵਿਧੀ ਅੰਦਰੋਂ ਬਾਹਰ ਵੱਲ ਸਫਰ ਹੈ। ਬੰਦੇ ਨੂੰ ਮਿਲੀ ਹੋਈ ਜੋਤਿ ਨਿਹਿਤ ਦਾਤ ਵਾਂਗ ਆਤਮਾ ਦੀ ਲਖਾਇਕ ਹੈ। ਆਤਮਾ ਦੁਆਰਾ ਮਨ ਨਾਲ ਨਿਭਣ ਦਾ ਮਾਰਗ ਹੀ ਗੁਰਮਤਿ ਹੈ। ਆਤਮਾ ਜਿਵੇਂ ਅਧਿਆਤਮਿਕਤਾ ਦੀ ਪ੍ਰਤੀਨਿਧ ਹੈ, ਮਨ ਉਸੇ ਤਰ੍ਹਾਂ ਧਰਮ ਦਾ ਪ੍ਰਤੀਨਿਧ ਹੈ। ਆਤਮਾ ਦਾ ਮਾਧਿਅਮ ਸਿਮਰਨ ਹੈ ਅਤੇ ਧਰਮ ਦਾ ਮਾਧਿਅਮ ਰਹਿਤ ਹੈ। ਧਰਮ ਇਸ ਤਰ੍ਹਾਂ ਮੰਜ਼ਲ ਨਹੀਂ ਮਾਧਿਅਮ ਹੈ। ਭਾਈਚਾਰੇ ਦੀ ਧੁਰੋਹਰ ਧਰਮ ਨਾਲੋਂ ਵੱਧ ਸਭਿਆਚਾਰ ਹੁੰਦਾ ਹੈ ਕਿਉਂਕਿ ਬੰਦੇ ਦਾ ਜਨਮ ਧਰਮ ਵਿਚ ਨਹੀਂ ਸਭਿਆਚਾਰ ਵਿਚ ਹੁੰਦਾ ਹੈ। ਸਭਿਆਚਾਰ, ਭਾਈਚਾਰੇ ਦੇ ਰੂਪ ਵਿਚ ਬਿਨਾਂ ਮੰਗਿਆਂ ਮਿਲਿਆ ਰਹਿੰਦਾ ਹੈ ਪਰ ਧਰਮ ਤਾਂ ਧਾਰਨ ਕਰਨਾ ਪੈਂਦਾ ਹੈ। ਗੁਰੂ ਨਾਨਕ ਤੋਂ ਪਹਿਲਾਂ ਸਭਿਆਚਾਰ ਨੂੰ ਨਾਲ ਲੈ ਕੇ ਤੁਰਨ ਦੀ ਲੋੜ ਹੀ ਨਹੀਂ ਸਮਝੀ ਜਾਂਦੀ ਸੀ। ਬਾਬਾ ਜੀ ਨੇ ਸਭਿਆਚਾਰ ਅਤੇ ਧਰਮ ਦੀ ਕਰਿੰਘੜੀ ਪੁਆਈ ਸੀ। ਪੰਜਾਬ, ਉਸ ਸੁਰ ਵਿਚ ਹੀ ਗੁਰੂ ਦੇ ਨਾਮ ’ਤੇ ਜਿਊਣ ਵਾਲਾ ਪੰਜਾਬ ਸੀ ਤੇ ਹੈ, ਜਿਸ ਸੁਰ ਵਿਚ ਪੰਜਾਬੀ ਸਭਿਆਚਾਰ, ਸਿੱਖ ਸਭਿਆਚਾਰ ਅਤੇ ਸਿੱਖ ਧਰਮ ਇਕ-ਦੂਜੇ ਨਾਲ ਨਿਭ ਸਕਣਗੇ।

ਇਸ ਵੇਲੇ ਬਹੁਤ ਸਾਰੇ ਕਾਰਣਾਂ ਕਰ ਕੇ ਇਹ ਤਿੰਨੇ (ਪੰਜਾਬੀ ਸਭਿਆਚਾਰ, ਸਿੱਖ ਸਭਿਆਚਾਰ ਅਤੇ ਸਿੱਖ ਧਰਮ) ਇਕ ਦੂਜੇ ਦੀ ਪੂਰਕਤਾ ਵਿਚੋਂ ਨਿਕਲ ਕੇ ਜਿਸ ਤਰ੍ਹਾਂ ਇਕ-ਦੂਜੇ ਦੇ ਵਿਰੋਧ ਵਿਚ ਭੁਗਤਣੇ ਸ਼ੁਰੂ ਹੋ ਗਏ ਹਨ, ਉਸ ਦੀ ਅਕਾਦਮਿਕਤਾ ਸਥਾਪਤ ਕੀਤੇ ਜਾਣ ਦੀ ਲੋੜ ਹੈ। ਇਸ ਵਾਸਤੇ 550ਵੇਂ ਗੁਰਪੁਰਬ ਵਰਗੇ ਮਿਲੇ ਮੌਕਿਆਂ ਨੂੰ ਵਰਤ ਲੈਣਾ ਚਾਹੀਦਾ ਹੈ। ਇਸ ਪਾਸੇ ਸੋਚਾਂਗੇ ਤਾਂ ਸਮਝ ਸਕਾਂਗੇ ਕਿ ਬਹੁ-ਸਭਿਆਚਾਰਕ ਵਰਤਾਰਿਆਂ ਵਿਚ ਵਿਚਰਦੇ ਨਾਨਕ ਨਾਮਲੇਵਿਆਂ ਨੂੰ ਪ੍ਰਾਪਤ ਸੰਚਾਰ ਸਾਧਨਾ ਨੂੰ ਵਰਤ ਕੇ ਹੀ ‘ਜਗਤ ਗੁਰ ਬਾਬਾ’ ਵਾਲਾ ਬਿੰਬ ਉਭਾਰਿਆ ਜਾ ਸਕਦਾ ਹੈ। ਇਸ ਦੀ ਸ਼ੁਰੂਆਤ ਪੁਸਤਕ ਸੱਭਿਆਚਾਰ ਨਾਲ ਹੀ ਕੀਤੀ ਜਾ ਸਕਦੀ ਹੈ। ਬਾਣੀ ਵਿਚ ਪ੍ਰਾਪਤ ਸਿਆਣਪ ਦੀਆਂ ਰਮਜ਼ਾਂ, ਸਿੱਖ ਸਾਹਿਤ ਦੇ ਰੂਪ ਵਿਚ ਪ੍ਰਾਪਤ ਵੀ ਹਨ ਅਤੇ ਕਿਸੇ ਹੱਦ ਤੱਕ ਵੱਖ-ਵੱਖ ਥਾਈਂ ਸੰਭਾਲੀਆਂ ਹੋਈਆਂ ਵੀ ਹਨ। ਮੈਨੂੰ ਇਹ ਪਤਾ ਹੈ ਕਿ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਜਿਨ੍ਹਾਂ ਕੁਝ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਚ ਪਿਆ ਹੈ, ਜੇ ਉਸ ਨੂੰ ਈ-ਲਾਇਬ੍ਰੇਰੀ ਦੇ ਰੂਪ ਵਿਚ ਸਾਂਭ ਲਿਆ ਜਾਵੇ ਤਾਂ ਉਸ ਨੂੰ ਲੋੜਵੰਦਾਂ ਦੀ ਭਾਸ਼ਾ ਵਿਚ ਉਲਥਾਕੇ ‘ਜਗਤ ਗੁਰ ਬਾਬੇ’ ਦੇ ਸੁਜੱਗ ਵਾਰਸ ਹੋਣ ਦੀ ਭੂਮਿਕਾ ਨਿਭਾਈ ਜਾ ਸਕਦੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਬਹੁਤ ਸਾਰੇ ਕਾਰਣਾਂ ਕਰ ਕੇ ਇਹ ਰੀਝ ਭਾਰਤ ਵਿਚਲੇ ਪੰਜਾਬ ਕੋਲੋਂ ਪੂਰੀ ਨਹੀਂ ਹੋ ਸਕਣੀ। ਪਰ ਇਸ ਨੂੰ ਆਲਮੀ ਪੰਜਾਬ ਹੋ ਗਏ ਨਾਨਕ ਨਾਮਲੇਵਾ ਪੂਰੀ ਕਰ ਸਕਦੇ ਹਨ। ਇਸ ਬਾਰੇ ਸਿਰ ਜੋੜ ਕੇ ਸੋਚਾਂਗੇ ਤਾਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਨਾਲ ਜੁੜੀ ਹੋਈ ਵੱਡੀ ਪ੍ਰਾਪਤੀ ਹੋਵੇਗੀ। ਇਸ ਵੇਲੇ ਦੀ ਲੋੜ ਵਿਦੇਸ਼ਾਂ ਵਿਚ ਪੈਦਾ ਹੋ ਰਹੀ ਨਵੀਂ ਪੀੜ੍ਹੀ ਦੀ ਚੇਤਨਾ ਨੂੰ ਬਾਣੀ ਨਾਲ ਜੋੜਨ ਦੀ ਹੈ, ਕਿਉਂਕਿ ਪ੍ਰੋ. ਪੂਰਨ ਸਿੰਘ ਦੇ ਸ਼ਬਦਾਂ ਵਿਚ ‘ਕਵੀ ਚਿਤ ਜਦ ਤਲਵਾਰ ਚੁੱਕਦਾ ਹੈ ਤਾਂ ਜੰਗ ਨਹੀਂ ਕਰ ਰਿਹਾ ਹੁੰਦਾ, ਕਰਮ ਖੇਤਰ ਵਿਚੋਂ ਰੱਬ ਚੁਣ ਰਿਹਾ ਹੁੰਦਾ ਹੈ’। ਸਿੱਖੀ ਦੀ ਇਸ ਪ੍ਰਚੰਡਤਾ ਦੀ ਕਿਸ ਨੂੰ ਲੋੜ ਨਹੀਂ ਹੈ। ਨਾਨਕ ਨਾਮਲੇਵਿਆਂ ਨੂੰ ਇਸ ਪਾਸੇ ਸੋਚਣਾ ਸ਼ੁਰੂ ਜ਼ਰੂਰ ਕਰ ਦੇਣਾ ਚਾਹੀਦਾ ਹੈ।

-ਬਲਕਾਰ ਸਿੰਘ ਪ੍ਰੋਫੈਸਰ

9316301328


Related News